
ਸੁਰਿੰਦਰ ਗੀਤ : ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ 24 ਅਕਤੂਬਰ 2026 ਨੂੰ ਕੈਲਗਰੀ ਦੇ ਕੋਸੋ ਹਾਲ ਵਿੱਚ ਬਾਦ ਦੁਪਹਿਰ ਦੋ ਵਜੇ ਜਰਨੈਲ ਸਿੰਘ ਤੱਗੜ ਦੀ ਪ੍ਰਧਾਨਗੀ ਵਿੱਚ ਹੋਈ । ਮੰਚ ਸੰਚਾਲਨ ਗੁਰਦਿਆਲ ਸਿੰਘ ਖਹਿਰਾ ਨੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ । ਸ਼ੁਰੂਆਤੀ ਭਾਸ਼ਣ ਵਿੱਚ ਉਹਨਾਂ ਨੇ ਸਭ ਨੂੰ ਜੀਅ ਆਇਆਂ ਕਿਹਾ ਤੇ ਕੁਝ ਪ੍ਰਭਾਵਸ਼ਾਲੀ ਤੇ ਸੁੰਦਰ ਕਾਵਿਕ ਟੋਟਕੇ ਸਰੋਤਿਆਂ ਨਾਲ ਸਾਂਝੇ ਕੀਤੇ ।
ਇਸ ਇਕੱਤਰਤਾ ਵਿੱਚ ਸਭਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬਰਾੜ ਨੂੰ ਉਹਨਾਂ ਦੀਆਂ ਪੰਜਾਬੀ ਸਾਹਿਤ ਸਭਾ ਪ੍ਰਤੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਅਤੇ ਨਿਰੰਤਰ ਸੇਵਾਵਾਂ ਲਈ ਸ਼ੁਕਰਾਨੇ ਵਜੋਂ, ਸਨਮਾਨ ਚਿੰਨ੍ਹ ਭੇਟਾ ਨਾਲ ਸਨਮਾਨਿਤ ਕੀਤਾ ਗਿਆ । ਮਨਜੀਤ ਸਿੰਘ ਬਰਾੜ ਦਾ ਪਰਿਵਾਰ ਲੰਮੇ ਸਮੇਂ ਤੋਂ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਵਿੱਚ ਚਾਹਪਾਣੀ ਦੀ ਸੇਵਾ ਨਿਭਾ ਰਹੇ ਹਨ ਹਨ । ਵਰਨਣ ਯੋਗ ਹੈ ਕਿ ਮਨਜੀਤ ਬਰਾੜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਵਿੱਚ ਸਿਰ ਤੋਂ ਪੈਰਾਂ ਤਕ ਰੰਗਿਆ ਨੌਜਵਾਨ ਹੈ । ਉਹ ਆਪਣੇ ਢੰਗ ਨਾਲ ਪੰਜਾਬੀ ਗੀਤ ਲਿਖਦਾ ਹੈ ਅਤੇ ਆਪਣੇ ਨਿਵੇਕਲੇ ਢੰਗ ਨਾਲ ਗਾਉਂਦਾ ਹੈ ।

ਸਭ ਤੋਂ ਪਹਿਲਾਂ ਜਸਵੰਤ ਸਿੰਘ ਕਪੂਰ ਨੇ ਆਪਣੇ ਅਧਿਆਤਮਿਕ ਵਿਚਾਰ ਪ੍ਰਗਟ ਕੀਤੇ ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗੁਰਦੀਪ ਸਿੰਘ ਧਾਲੀਵਾਲ ਨੇ ਆਪਣੀ ਇਕ ਕਵਿਤਾ ਸੁਣਾਈ । ਬੋਲ ਸਨ:
‘ਜਿੱਦਾਂ ਠਹਿਰੇ ਪਾਣੀ ਵਿੱਚੋਂ ਬਦਬੂ ਆਵੇ
ਏਦਾਂ ਹੀ ਜੀਵਨ ਵਿੱਚ ਰੁਕਣਾ ਮੌਤ ਜਿਹਾ ਬਣ ਜਾਵੇ’।
ਲਖਵਿੰਦਰ ਸਿੰਘ ਸਿੱਧੂ ਦੀ ਰਚਨਾ ‘ ਜਿੱਥੇ ਅਹਿਸਾਸ ਖ਼ਤਮ ਹੋ ਜਾਣ, ਓਥੇ ਲਫ਼ਜ਼ ਮਰ ਜਾਂਦੇ ਨੇ’ ਦਾ ਸਰੋਤਿਆਂ ਨੇ ਡੂੰਘਾ ਪ੍ਰਭਾਵ ਕਬੂਲਿਆ । ਸ. ਮਨਮੋਹਨ ਸਿੰਘ ਬਾਠ ਨੇ ਸੁਰਿੰਦਰ ਗੀਤ ਦੀ ਲਿਖੀ ਗ਼ਜ਼ਲ ਤਰੰਨਮ ਵਿੱਚ ਸੁਣਾਈ ।
ਸ਼ਰਾਰਤ ਪੌਣ ਨੇ ਕੀਤੀ, ਮਿਲੀ ਪੱਤਿਆਂ ਨੂੰ ਰੁਸਵਾਈ ।
ਸ਼ਰਾਫ਼ਤ ਰੁੱਖ ਦੀ ਓਦੋਂ ਕਿਸੇ ਵੀ ਕੰਮ ਨਾ ਆਈ ।
ਜਸਵੀਰ ਸਹੋਤਾ ਨੇ ਗੁਰੂ ਰਾਮਦਾਸ ਜੀ ਦੀਆਂ ਉਚਾਰੀਆਂ ਚਾਰ ਲਾਵਾਂ ਦਾ ਕਾਵਿਕ ਵਿਸ਼ਲੇਸ਼ਣ ਕੀਤਾ ।
ਗਿੱਲ ਸੁਖਮੰਦਰ ਨੇ ਆਪਣੀ ਨਵੀਂ ਨਿਕੋਰ ਪੁਸਤਕ ‘ਫ਼ੱਕਰਾਂ ਦਾ ਸਿਰਨਾਵਾਂ’ ਵਿੱਚੋਂ ਇਕ ਕਵਿਤਾ ਸਾਜ਼, ਸੁਰਾਂ ਤੇ ਆਵਾਜ਼ ਦੇ ਸੁਚੱਜੇ ਸੰਜੋਗ ਵਿੱਚ ਸੁਣਾਈ । ਬੋਲ ਇਸ ਪ੍ਰਕਾਰ ਸਨ-
ਇਕ ਤਾਂਘ ਹਮੇਸ਼ਾ ਰਹਿੰਦੀ ਐ
ਇਹ ਦਿਲ ਦੀ ਧੜਕਣ ਕਹਿੰਦੀ ਐ
ਅਸਾਂ ਇਕ ਦਿਨ ਓਧਰ ਜਾਣਾ ਜੀ
ਓਸ ਪਾਰ ਵਸੇ ਨਨਕਾਣਾ ਜੀ ।
ਦੀਪ ਬਰਾੜ ਨੇ ਬਰਾੜ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਜ਼ਫ਼ਰਨਾਮੇ ਵਿੱਚ ਬਰਾੜਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਗਿਆ ਹੈ । ਇਤਿਹਾਸਕ ਪੱਖ ਤੋਂ ਦਿੱਤੀ ਜਾਣਕਾਰੀ ਨੂੰ ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ।
ਜਨਾਬ ਮੁਨੱਵਰ ਅਹਿਮਦ ਜੀ ਨੇ ਆਪਣੀ ਅਤਿ ਸੁਰੀਲੀ ਆਵਾਜ਼ ’ਚ ਬਾਬਾ ਬੁੱਲ੍ਹੇ ਸ਼ਾਹ ਦੀ ਰਚਨਾ ਸੁਣਾਈ । ਬੋਲ ਸਨ:
ਅਲਫ਼ ਅਸਾਂ ਲੱਗੀ ਵਿੱਚ ਸੀਨੇ
ਸੀਨਾ ਤਪ ਕੇ ਵਾਂਗ ਤੰਦੂਰ ਹੋਇਆ
ਕੁਝ ਲੋਕਾਂ ਦੇ ਤਾਹਨਿਆਂ ਮਾਰ ਦਿੱਤਾ
ਕੁਝ ਸੱਜਣ ਅੱਖਾਂ ਤੋਂ ਦੂਰ ਹੋਇਆ ।
ਯਾਦ ਰਹੇ ਕਿ ਮੁਨੱਵਰ ਅਹਿਮਦ ਜੀ ਲਹਿੰਦੇ ਪੰਜਾਬ ਤੋਂ ਹਨ । ਉਹਨਾਂ ਨੇ ਡਾ. ਸੁਰਜੀਤ ਪਾਤਰ ਦੀ ਰਚਨਾ ਤੋਂ ਪ੍ਰਭਾਵਿਤ ਹੋਕੇ ਪੰਜਾਬੀ ਪੜ੍ਹਨੀ ਸਿੱਖੀ ਹੈ । ਉਹ ਵਧੀਆਂ ਪੰਜਾਬੀ ਬੋਲਦੇ, ਗਾਉਂਦੇ ਅਤੇ ਪੜ੍ਹਦੇ ਹਨ । ਉਹਨਾਂ ਦੀ ਆਵਾਜ਼ ’ਚ ਗਾਇਆ ਸੂਫ਼ੀ ਕਲਾਮ ਅਤੇ ਡਾ. ਪਾਤਰ ਦੀਆਂ ਰਚਨਾਵਾਂ ਮਹਿਫ਼ਲਾਂ ਦਾ ਸ਼ਿੰਗਾਰ ਬਣਦੀਆਂ ਹਨ ।
ਜਰਨੈਲ ਸਿੰਘ ਤੱਗੜ ਹੋਰਾਂ ਨੇ ਇਕ ਰਚਨਾ ਨਾਲ ਸਾਂਝ ਪਾਈ ।
ਨਿਗਲ ਲੈਣਾ ਪੌਂਡਾਂ ਡਾਲਰਾਂ ਨੇ
ਤੇਰਾ ਅੰਬੀ ਵਾਲਾ ਖੂਹ ਨੀ ਮਾਏ ।
ਅੰਤ ਵਿੱਚ ਸੁਰਿੰਦਰ ਗੀਤ ਨੇ ਆਪਣੀ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ ।
ਜਿਵੇਂ ਦਿਸ ਰਿਹਾ ਤਿਵੇਂ ਹੈ ਨਹੀਂ, ਇਹ ਯਕੀਨ ਹੁਣ ਬੇ ਯਕੀਨ ਹੈ
ਮੇਰੀ ਹੋਂਦ ਨੂੰ ਨਾ ਕਬੂਲਦੀ, ਮੇਰੀ ਆਪਣੀ ਹੀ ਜ਼ਮੀਨ ਹੈ ।
ਜੀਤ ਸਿੰਘ ਬਰਾੜ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਗਿੱਲ, ਮਨਜੀਤ ਕੌਰ ਖਹਿਰਾ ਅਤੇ ਅਵਤਾਰ ਤੱਗੜ ਅਤੇ ਹੋਰਨਾਂ ਨੇ ਹਾਜ਼ਰੀ ਲਗਵਾ ਕੇ ਰੌਣਕ ਵਧਾਈ ।
ਗੁਲਾਲ ਸਿੰਘ ਮਾਣੂੰ ਕੇ ਜੋ ਪਹਿਲੀ ਵਾਰ ਸਭਾ ’ਚ ਆਏ ਸਨ, ਸਭਾ ਵੱਲੋਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ । ਗੁਰਲਾਲ ਹੋਰਾਂ ਆਪਣੀ ਅਤੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ । ਉਹਨਾਂ ਦਾ ਪਰਿਵਾਰ ਕੈਲਗਰੀ ਦਾ ਵਧੀਆ ਸਮਾਜ ਸੇਵੀ ਪਰਿਵਾਰ ਹੈ । ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਸ. ਮੇਹਰ ਸਿੰਘ ਵੀ ਹਾਜ਼ਰ ਸਨ
ਅੰਤ ਵਿੱਚ ਜਗਦੇਵ ਸਿੱਧੂ ਹੋਰਾਂ ਨੇ ਸਭਾ ਦੀ ਸਮੁੱਚੀ ਕਾਰਵਾਈ ਅਤੇ ਰਚਨਾਵਾਂ ਦਾ ਆਪਣੇ ਅੰਦਾਜ਼ ਵਿੱਚ ਸਾਹਿਤਕ ਵਿਸ਼ਲੇਸ਼ਣ ਕੀਤਾ ।
ਸਭਾ ਦੀ ਅਗਲੀ ਇਕੱਤਰਤਾ 28 ਨਵੰਬਰ 2026 ਨੂੰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਹੋਵੇਗੀ ।
ਹੋਰ ਜਾਣਕਾਰੀ ਲਈ ਸੁਰਿੰਦਰ ਗੀਤ (403) 403-605 -3734 ਜਾਂ ਗੁਰਦਿਆਲ ਸਿੰਘ ਖਹਿਰਾ ਨੂੰ 403 968-2880 ਤੇ ਸੰਪਰਕ ਕੀਤਾ ਜਾ ਸਕਦਾ ਹੈ ।