
ਹਰਚਰਨ ਪਰਹਾਰ ਕੈਲਗਰੀ: ਗੁਰਮੋਹ ਗਿੱਲ ਨਾਮ ਦਾ 3 ਸਾਲਾ ਬੱਚਾ ਇੱਕ ਅਜਿਹੀ ਲਾ-ਇਲਾਜ ਬੀਮਾਰੀ ਨਾਲ਼ ਜੂਝ ਰਿਹਾ ਹੈ।ਜਿਸਦਾ ਕਨੇਡਾ ਵਿੱਚ ਕੋਈ ਇਲਾਜ ਨਹੀਂ ਹੈ।ਇਸਦੇ ਇਲਾਜ ਅਤੇ ਰਿਸਰਚ ਵਾਸਤੇ 60-80 ਲੱਖ ਡਾਲਰ ਦਾ ਖਰਚਾ ਆਉਣ ਦੀ ਸੰਭਾਵਨਾ ਹੈ।ਪਰ ਇਸਦੀ ਰਿਸਰਚ ਸ਼ੁਰੂ ਕਰਨ ਲਈ 27 ਲੱਖ ਦਾ ਖਰਚਾ ਹੈ, ਜੋ ਕਿ ਅਕਸਰ ਅਜਿਹੀਆਂ ਖੋਜਾਂ ਲਈ ਚੈਰਿਟੀ ਸੰਸਥਾਵਾਂ ਲੋਕਾਂ ਦੇ ਸਹਿਯੋਗ ਨਾਲ਼ ਇਕੱਠਾ ਕਰਦੀਆਂ ਹਨ।ਇਸੇ ਗੱਲ ਨੂੰ ਮੁੱਖ ਰੱਖ ਕੇ ਬੱਚੇ ਦੇ ਮਾਪਿਆਂ ਵਲੋਂ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ਼ ਹੁਣ ਤੱਕ 15 ਲੱਖ ਤੋਂ ਵੱਧ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ।

ਇਸ ਸਬੰਧੀ ਪਿਛਲ਼ੇ ਦੋ ਕੁ ਮਹੀਨਿਆਂ ਤੋਂ ਗੁਰਦੁਆਰਿਆਂ, ਨਗਰ ਕੀਰਤਨਾਂ, ਗੋ ਫੰਡ, ਪਬਲਿਕ ਵਾਕ, ਮੀਡੀਆ ਅਦਾਰਿਆਂ ਆਦਿ ਰਾਹੀਂ ਸਭ ਲੋਕ ਇਸ ਫੰਡ ਵਿੱਚ ਹਿੱਸਾ ਪਾ ਰਹੇ ਹਨ। ਇਸੇ ਸੰਦਰਭ ਵਿੱਚ ਬੀਤੇ ਕੱਲ੍ਹ ਬੁੱਧਵਾਰ ਜੂਨ 3 ਨੂੰ ਕੈਲਗਰੀ ਡਾਊਨ ਟਾਊਨ ਦੇ ਪਬਲਿਕ ਪਾਰਕ ‘ਡੈਲਟਾ ਗਾਰਡਨ’ ਵਿੱਖੇ ਇੱਕ ਵਾਕ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਅਨੇਕਾਂ ਪਰਿਵਾਰਾਂ ਨੇ ਹਿੱਸਾ ਲਿਆ ਅਤੇ ਗੁਰਮੋਹ ਦੇ ਪਰਿਵਾਰ ਨਾਲ਼ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਪ੍ਰਣ ਲਿਆ ਗਿਆ।

ਇਸ ਵਾਕ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੀਡੀਆ ਨਾਲ਼ ਗੱਲ ਕਰਦਿਆਂ ਆਪਣੇ ਵਿਚਾਰ ਰੱਖੇ, ਜਿਨ੍ਹਾਂ ਵਿੱਚ ਮਾਸਟਰ ਭਜਨ ਸਿੰਘ, ਪਰਮਵੀਰ ਬਾਠ, ਕਮਲਪ੍ਰੀਤ ਪੰਧੇਰ, ਅਮਰਬੀਰ ਕੌਰ, ਹਰਕੇਸ਼ ਚੌਧਰੀ, ਗੁਰਲੀਨ ਕੌਰ ਆਦਿ ਸ਼ਾਮਿਲ ਸਨ।ਬੁਲਾਰਿਆਂ ਨੇ ਜਿੱਥੇ ਬੱਚੇ ਅਤੇ ਪਰਿਵਾਰ ਨਾਲ਼ ਹਮਦਰਦੀ ਪ੍ਰਗਟ ਕੀਤੀ, ਉਥੇ ਕਨੇਡੀਅਨ ਹੈਲਥ ਸਿਸਟਮ ‘ਤੇ ਵੀ ਸਵਾਲ ਉਠਾਏ ਕਿ ਇੱਕ ਵਿਕਸਤ ਦੇਸ਼ ਲਈ 6-8 ਮਿਲੀਅਨ ਡਾਲਰ ਮਾਮੂਲੀ ਰਕਮ ਹੈ ਤਾਂ ਸਰਕਾਰ ਫੰਡ ਦੇ ਕੇ ਰਿਸਰਚ ਅਤੇ ਇਲਾਜ ਲਈ ਪ੍ਰਬੰਧ ਕਿਉਂ ਨਹੀਂ ਕਰ ਰਹੀ।

ਗੁਰਮੋਹ ਕੋਈ ਇਕੱਲਾ ਬੱਚਾ ਨਹੀਂ, ਇਸ ਤਰ੍ਹਾਂ ਦੇ ਹੋਰ ਅਨੇਕਾਂ ਲੋਕ ਹੋ ਸਕਦੇ ਹਨ, ਜਿਨ੍ਹਾਂ ਨੂੰ ਲਾ-ਇਲਾਜ ਬੀਮਾਰੀਆਂ ਲਈ ਇਲਾਜ ਦੀ ਲੋੜ ਹੋ ਸਕਦੀ ਹੈ।ਜਦੋਂ ਸਾਰੇ ਕਨੇਡੀਅਨ ਟੈਕਸ ਪੇਅ ਕਰਦੇ ਹਨ ਤਾਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਆਪਣੀ ਜਿੰਮੇਵਾਰੀ ਤੋਂ ਕਿਉਂ ਭੱਜ ਰਹੀਆਂ ਹਨ? ਬੁਲਾਰਿਆਂ ਨੇ ਪਬਲਿਕ ਤੇ ਮੀਡੀਆ ਨੂੰ ਸਰਕਾਰਾਂ ਅਤੇ ਆਪਣੇ ਲੋਕਲ ਲੀਡਰਾਂ ਤੱਕ ਇਹ ਆਵਜ ਪਹੁੰਚਾਉਣ ਦੀ ਅਪੀਲ ਕੀਤੀ।

ਇਸ ਮੌਕੇ ‘ਤੇ ਪ੍ਰਾਈਮ ਏਸ਼ੀਆ ਟੀ ਵੀ, ਬੀ ਟੀ ਵੀ, ਜੱਲੋਵਾਲ਼ੀਆ ਟਾਈਮਜ਼, ਬੋਲਡ ਪੋਸਟ ਆਦਿ ਮੀਡੀਆ ਅਦਾਰੇ ਕਵਰੇਜ ਲਈ ਪਹੁੰਚੇ ਹੋਏ ਸਨ।ਇਸ ਤੋਂ ਇਲਾਵਾ ਇਸ ਵਾਕ ਨੂੰ ਕਾਮਯਾਬ ਕਰਨ ਲਈ ਪ੍ਰੌਗਰੈਸਿਵ ਕਲਚਰਲ ਅੇਸੋਸੀਏਸ਼ ਕੈਲਗਰੀ ਅਤੇ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਾਰਕੁੰਨ ਤੇ ਵਲੰਟੀਅਰ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੋਏ।