Get Adobe Flash player

ਗੁਰਚਰਨ ਕੌਰ ਥਿੰਦ-

ਕੈਲਗਰੀ ਲੇਖਕ ਸਭਾ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਵਿੱਚ ਲੇਖਿਕਾ ਸੰਦੀਪ ਰੂਹਵ ਦੇ ਦੋ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਿਹ ‘ਇੱਕ ਲੱਪ ਮੁਹੱਬਤਤ’ ਅਤੇ ‘ਚੁੱਪ! ਬੱਸ ਕੁਝ ਨਾ ਬੋਲੀਂ’ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਲੋਕ ਅਰਪਣ ਕੀਤੇ ਗਏ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਅਤੇ ਲੇਖਿਕਾ ਸੰਦੀਪ ਕੌਰ ਰੂਹਵ ਦੇ ਪ੍ਰਧਾਨਗੀ ਮੰਡਲ ਵਿੱਚ ਸ਼ੋਸ਼ਭਿਤ ਹੋਣ ਉਪਰੰਤ ਸਕੱਤਰ ਗੁਰਚਰਨ ਥਿੰਦ ਨੇ ਸਭ ਨੂੰ ਜੀ ਆਇਆਂ ਆਖ ਅੱਜ ਦੀ ਮੀਟਿੰਗ ਦਾ ਏਜੰਡਾ ਸਾਂਝਾ ਕਰਦੇ ਦੱਸਿਆ ਕਿ ਸੰਦੀਪ ਰੂਹਵ ਦੀਆਂ ਕਿਤਾਬਾਂ ਲੋਕ ਅਰਪਣ ਕਰਨ ਉਪਰੰਤ ਅਪ੍ਰੈਲ ਮਹੀਨੇ ਆਉਣ ਵਾਲੇ ‘ਖਾਲਸਾ ਸਾਜਨਾ ਦਿਵਸ’ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।

ਸਮਾਗਮ ਦੀ ਸ਼ੁਰੂਆਤ ਸੰਦੀਪ ਰੂਹਵ ਦੇ ਕਹਾਣੀ ਸੰਗ੍ਰਿਹਾਂ ਉਪਰ ਚਰਨਦੀਪ ਕੌਰ ਜੀ ਦੁਆਰਾ ਆਪਣਾ ਪੇਪਰ ਪੇਸ਼ ਕਰਨ ਨਾਲ ਹੋਈ। ਉਨ੍ਹਾਂ ਨੇ ਲੇਖਕਾ ਦੇ ਪਲੇਠੇ ਕਾਵਿ-ਸੰਗ੍ਰਿਹ ‘ਇੱਕ ਲੱਪ ਮੁਹੱਬਤ’ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਮੁਹੱਬਤ ਇੱਕ ਅਪ੍ਰਵਾਨਿਤ ਵਿਸ਼ਾ ਹੈ, ਪਰ ਇਹ ਨਾਂ ਹਰੇਕ ਨੂੰ ਉਸ ਖੇੜੇ ਵਿੱਚ ਲੈ ਜਾਂਦਾ ਹੈ ਜਿਥੇ ਕਿਤੇ ਹਰੇਕ ਨੇ ਜਵਾਨੀ ਵੇਲੇ ਉਡਾਰੀ ਮਾਰੀ ਹੋਣੀ ਹੈ। ‘ਚੁੱਪ! ਬੱਸ ਕੁਝ ਬੋਲੀਂ ਨਾਂ’ ਬਾਰੇ ਉਨ੍ਹਾਂ ਦਾ ਵਿਚਾਰ ਹੈ ਕਿ ਲੇਖਿਕਾ ਨੇ ਆਪਣੀਆਂ ਮਿੰਨੀ ਤੇ ਛੋਟੀਆਂ ਕਹਾਣੀਆਂ ਵਿੱਚ ਉਨ੍ਹਾਂ ਪਹਿਲੂਆਂ ਨੂੰ ਛੋਹਿਆ ਹੈ, ਜਿਨ੍ਹਾਂ ਬਾਰੇ ਅਸੀਂ ਗੱਲ ਕਰਨ ਤੋਂ ਕਤਰਾਉਂਦੇ ਹਾਂ। ਲੇਖਿਕਾ ਇਨ੍ਹਾਂ ਕਹਾਣੀਆਂ ਵਿੱਚ ਮਨੁੱਖੀ ਮਨ ਦਾ ਵਿਖਆਨ ਕਰਦੀ ਸਫ਼ਲ ਤੇ ਸਾਰਥਿਕ ਸਾਬਤ ਹੁੰਦੀ ਹੈ। ਦੂਜਾ ਪਰਚਾ ਗੁਰਚਰਨ ਥਿੰਦ ਨੇ ਪੜ੍ਹਿਆ। ਉਨ੍ਹਾਂ ‘ਇੱਕ ਲੱਪ ਮੁਹੱਬਤ’ ਕਰਨ ਵਾਲੇ ਜਾਂ ਇਸ ਦੀ ਚਾਹਤ ਰੱਖਣ ਵਾਲੇ ਚੜ੍ਹਦੀ ਉਮਰ ਦੇ ਨੌਜੁਆਨ ਮੁੰਡੇ ਕੁੜੀਆਂ ਦੇ ਮਾਸੂਮ ਜਜ਼ਬਾਤਾਂ ਦਾ ਉਲੇਖ ਕਰਦੀਆਂ ਕਹਾਣੀਆਂ ਨੂੰ ਪਿਆਰ ਪਰੁੰਨੇ ਦਿਲਾਂ ਲਈ ਸਮਾਜ ਰੂਪੀ ਝਨਾਂ ਪਾਰ ਕਰਨ ਦੀਆਂ ਚੁਨੌਤੀਆਂ ਅਤੇ ਆਪਣਿਆਂ ਦੇ ਮਾਰੂਥਲ ਵਰਗੇ ਰਵੱਈਏ ਨੂੰ ਮੋਹ ਨਾਲ ਬਦਲਣ ਦਾ ਔਖਾ ਕਾਰਜ ਕਰਦੀਆਂ ਦਰਸਾਇਆ। ਕਵਿੱਤਰੀ ਰੂਹਵ ਵਲੋਂ ਆਪਣੀਆਂ ਲਿਖੀਆਂ ਕਹਾਣੀਆਂ ਨੂੰ ਕਾਵਿ -ਟੋਟਿਆਂ ਨਾਲ ਸ਼ਿੰਗਾਰਨਾ ਉਹਦੀ ਕਾਵਿਕ ਪ੍ਰਤਿਭਾ ਦਰਸਾਉਂਦਾ ਹੈ। ਦੂਸਰੇ ਕਹਾਣੀ ਸੰਗ੍ਰਿਹ ਦੇ ‘ਚੁੱਪ’ ਸ਼ਬਦ ਨੂੰ ਉਨ੍ਹਾਂ ਕੁੱਝ ਨਾ ਬੋਲ ਸਕਣ ਦੀ ਹਿੰਮਤ, ਖ਼ੌਫ਼, ਅੰਤਰ-ਦਵੰਧ ਜਾਂ ਕੋਈ ਬਾਹਰੀ ਦਬਾਅ ਦਰਸਾਉਂਦੇ ਕਿਹਾ ਕਿ ਚੁੱਪ ਅਸਲ ਵਿੱਚ ਧੁਰ ਅੰਦਰ ਤੱਕ ਚੀਕ ਬਣ ਕੁਲਬੁਲਾਉਂਦੇ ਸ਼ਬਦ ਹੁੰਦੇ ਹਨ ਜੋ ਮੂੰਹੋਂ ਬਾਹਰ ਨਹੀਂ ਨਿਕਲਦੇ। ਇਹ ਬਾਹਰੀ ਸਮਾਜਿਕ ਕਾਰਨਾਂ ਦਾ ਨਤੀਜਾ ਤਾਂ ਹੁੰਦਾ ਹੀ ਹੈ ਪਰ ਵਿਅਕਤੀ ਦੀ ਆਪਣੀ ਅਸਮਰਥਾ ਵੀ ਜ਼ਾਹਿਰ ਕਰਦਾ ਹੈ। ਕਹਾਣੀਆਂ ਵਿੱਚ ਪੇਂਡੂ ਰਹਿਤਲ ਦਾ ਵਰਨਣ ਅਤੇ ਖਾਸ ਤੌਰ ਤੇ ਵਿਸਰ ਰਹੇ ਸ਼ਬਦਾਂ ਦੀ ਵਰਤੋਂ ਕਹਾਣੀਆਂ ਨੂੰ ਖੂਬਸੂਰਤ ਤੇ ਰੌਚਕ ਬਣਾਉਂਦੀ ਹੈ। ਨਵੇਂ ਪਾਠਕਾਂ ਲਈ ਮਿੰਨੀ ਤੇ ਛੋਟੀਆਂ ਕਹਾਣੀਆਂ ਦੇ ਸੰਗ੍ਰਿਹ ਪੜ੍ਹਨ ਦੀ ਖਾਸ ਤੌਰ ਤੇ ਸਿਫ਼ਾਰਸ਼ ਕੀਤੀ ਜਾਂਦੀ ਹੈ। ਸੰਦੀਪ ਰੂਹਵ ਨੇ ਆਪਣੀਆਂ ਕਹਾਣੀਆਂ ਦੇ ਸਿਰਜਨਾਤਮਕ ਪਲਾਂ ਨੂੰ ਆਪਣੇ ਆਪ ਦਾ ਅਧਿਐਨ ਕਰਨ ਅਤੇ ਆਪਣੇ ਆਪ ਨਾਲ ਗੱਲਾਂ ਕਰਨ ਦਾ ਸਮਾਂ ਦਰਸਾਇਆ। ਲੇਖਕਾਂ ਨੂੰ ਕਿਤਾਬਾਂ ਛਪਵਾਉਣ ਦਾ ਆਰਥਿਕ ਬੋਝ ਬਰਦਾਸ਼ਤ ਕਰਨ ਲਈ ਆਪਣੇ ਪੈਰਾਂ ਤੇ ਖੜਾ ਹੋਣਾ ਜ਼ਰੂਰੀ ਆਖ ਲੇਖਿਕਾ ਨੇ ਕਿਤਾਬਾਂ ਦੀ ਛਪਾਈ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਵੀ ਕੀਤਾ। ਪ੍ਰਧਾਨ ਜਸਵੀਰ ਸਿੰਘ ਸਿਹੋਤਾ ਜੀ ਨੇ ਲੇਖਿਕਾ ਦੀਆਂ ਕਹਾਣੀਆਂ ਨੂੰ ਸਮਾਜ ਦਾ ਸ਼ੀਸ਼ਾ ਆਖ ਵਡਿਆਇਆ ਅਤੇ ਵਧਾਈ ਦਿੱਤੀ। ਉਪਰੰਤ ਸਭਾ ਦੇ ਐਗਜ਼ੈਕਟਿਵ ਮੈਂਬਰਾਂ ਵਲੋਂ ਕਿਤਾਬਾਂ ਰੀਲੀਜ਼ ਕੀਤੀਆਂ ਗਈਆਂ।

ਵੰਦਨਾ ਸ਼ਰਮਾ ਜੀ ਨੇ ਆਪਣੀ ਬਜ਼ੁਰਗਾਂ ਦੀ ਸੇਵਾ ਲਈ ਖੋਲ੍ਹੀ ਗਈ ਕੰਪਨੀ ‘ਗੋਲਡਨ ਹੋਮ ਕੇਅਰ’ ਬਾਰੇ ਦੱਸਿਆ ਕਿ ਉਹ ਘਰ ਵਿੱਚ ਹੀ ਬਜ਼ੁਰਗਾਂ ਤੇ ਲੋੜਵੰਦਾਂ ਨੂੰ ਉਨ੍ਹਾਂ ਦੀ ਆਪਣੀ ਬੋਲੀ ਤੇ ਕਲਚਰ ਵਿੱਚ ਹੀ ਸੇਵਾ ਪ੍ਰਦਾਨ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਕੁੱਝ ਵੀ ਪੇਅ ਨਹੀਂ ਕਰਨਾ ਪੈਂਦਾ। ਇਹ ਅਲਬਰਟਾ ਹੈਲਥ ਸਰਵਿਸਜ਼ ਵਲੋਂ ਨਿਯੰਤ੍ਰਤ ਹੁੰਦਾ ਹੈ।

ਚਾਹ ਦੀ ਬਰੇਕ ਤੋਂ ਬਾਦ ਦਰਸ਼ਨ ਸਿੰਘ ਮਹਿਰੋਕ ਜੀ ਵਲੋਂ ਅੰਮ੍ਰਿਤ ਦੀ ਖੋਜ ਦੇ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਨ੍ਹਾਂ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿੱਖੀ ਦੇ ਸਫ਼ਰ ਤੇ ਚਾਨਣਾ ਪਾ ਖਾਲਸਾ ਪੰਥ ਦੀ ਸਿਰਜਨਾ  ਦਾ ਮਹੱਤਵ ਬਿਆਨਿਆ। ਗੁਰਦੀਸ਼ ਗਰੇਵਾਲ, ਚਰਨਦੀਪ ਕੌਰ, ਹਰਮੰਦਰ ਪਾਲ ਸਿੰਘ, ਪਰਮਜੀਤ ਭੰਗੂ, ਤੇ ਅਮਰੀਕ ਸਿੰਘ ਨੇ ਗੀਤਾਂ, ਕਵਿਤਾਵਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ। ਬਲਦੇਵ ਸਿੰਘ ਦੁੱਲਟ ਨੇ ਸਿੱਖ ਹੈਰੀਟੇਜ ਮਹੀਨੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਗੁਰਚਰਨ ਸਿੰਘ ਹੇਹਰ, ਮਨਿੰਦਰ ਕੌਰ, ਗੁਰਬਾਣੀ ਕੌਰ, ਸੋਹਣ ਸਿੰਘ ਭੁੱਚੋ ਦਰਸ਼ਨ ਸਿੰਘ ਬਰਾੜ, ਮਨਮੋਹਣ ਸਿੰਘ ਬਾਠ ਸਰਬਜੀਤ ਕੌਰ ਉੱਪਲ ਹੁਰਾਂ ਵੀ ਆਪਣੇ ਗਾਏ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲੁਆਈ। ਸਭਾ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਢਿਲੋਂ ਜੀ ਨੇ ਰੂਹਵ ਨੂੰ ਵਧਾਈ ਦੇਂਦੇ ਉਹਦੀ ਲਿਖਤ ਵਿੱਚ ਪੰਜਾਬੀ ਦੇ ਠੇਠ ਅੱਖਰਾਂ ਦੀ ਹੋਂਦ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਹਾਜ਼ਰੀਨ ਦਾ ਧੰਨਵਾਦ ਕਰ ਮੀਟਿੰਗ ਦੀ ਸਮਾਪਤੀ ਕਰ ਦਿੱਤੀ।

ਗੁਰਚਰਨ ਕੌਰ ਥਿੰਦ

ਫੋਨ: 403-402-9635