Get Adobe Flash player

ਕੈਲਗਰੀ ਵੱਸਦੇ ਇਨਕਲਾਬੀ ਲੇਖਕ ਇਕਬਾਲ ਖਾਨ ਜੀ ਪਿਛਲੇ ਦਿਨੀ 29 ਫਰਵਰੀ 2024 ਨੂੰ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਪਿਛਲਾ ਪਿੰਡ ਖਾਨਖਾਨਾ (ਬੰਗਾ ਬਲਾਕ, ਪੰਜਾਬ) ਸੀ। ਬਹੁਤੇ ਲੋਕ ਤੇ ਪਹਿਲਾ-ਪਹਿਲ ਜਦੋਂ ਸਾਲ 2001 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਨਾਲ ਜੁੜਿਆ ਤਾਂ ਮੈਂ ਵੀ ਉਹਨਾਂ ਦੇ ਖਾਨ ਤਖੱਲਸ ਨੂੰ ਗੋਤ ਸਮਝਕੇ ਮੁਸਲਮਾਨ ਭਾਈਚਾਰੇ ਵਿਚੋਂ ਸਮਝਦਾ ਸੀ। ਪਰ ਉਹ ਦੱਸਦੇ ਹੁੰਦੇ ਸਨ ਕਿ ਅਸੀਂ ਇਕੋ ਕਲਾਸ ਵਿਚ ਤਿੰਨ ਇਕਬਾਲ ਪੜਦੇ ਸਾਂ। ਮਾਸਟਰ ਜੀ ਨੇ ਕਹਿਣਾ ਉਏ ਤੂੰ ਖਾਨਖਾਨੇ ਪਿੰਡ ਵਾਲਾ ਇਕਬਾਲ ਹੈ ਤਾਂ ਇਸੇ ਤੋਂ ਉਹਨਾਂ ਦੇ ਨਾਮ ਨਾਲ ਖਾਨਖਾਨਾ ਜੁੜ ਗਿਆ ਜੋ ਬਾਅਦ ਵਿਚ ਖਾਨ ਬਣ ਗਿਆ। ਉਹਨਾਂ ਦਾ ਅਸਲ ਨਾਮ ਇਕਬਾਲ ਸਿੰਘ ਕਾਲੀਰਾਏ ਜਾਂ ਕਈ ਵਾਰ ਉਹ ਇਕਬਾਲ ਸਿੰਘ ਖਾਨਖਾਨਾ ਵੀ ਲਿਖਦੇ ਰਹੇ ਹਨ। ਇਕਬਾਲ ਖਾਨ ਜੀ 1968 ਵਿਚ ਪੰਜਾਬ ਸਟੂਡੈ਼ਟ ਯੂਨੀਅਨ ਰਾਹੀ ਨਕਸਲਾਈਟ ਮੂਵਮੈਂਟ ਨਾਲ ਜੁੜ ਗਏ ਸਨ।

ਇਕਬਾਲ ਖਾਨ

                                     ਪੰਜਾਬ ਦੇ ਪਾਣੀਆਂ ਵਿਚ ਹੀ ਹੱਕ ਖਾਣੇ ਹਾਕਮ ਅਤੇ ਜ਼ਲਮ ਵਿਰੋਧੀ ਬਗਾਵਤ ਹੈ। ਬਹੁਤੇ ਸਰਕਾਰਾਂ ਅਤੇ ਅੱਤਿਆਚਾਰ ਵਿਰੋਧੀ ਸੰਘਰਸ਼ ਪੰਜਾਬ ਤੋਂ ਹੀ ਜੰਮਦੇ ਜਾਂ ਵੱਡੇ ਹੁੰਦੇ ਹਨ। ਜਿਵੇਂ ਨਕਸਲਾਈਟ, ਖਾਲਿਸਤਾਨੀ ਲਹਿਰ, ਕਿਸਾਨੀ ਸੰਘਰਸ਼। ਜਿਵੇਂ ਖਾਲਿਸਤਾਨ ਲਹਿਰ ਵੇਲੇ ਝੂਠੇ ਪੁਲਿਸ ਮੁਕਾਬਲਿਆਂ ਦੇ ਸਤਾਏ ਨੌਜਵਾਨ ਬਾਹਲੇ ਦੇਸ਼ਾਂ ਨੂੰ ਚਲ ਆਏ ਹਨ। ਇਸੇ ਤਰ੍ਹਾਂ ਪੰਜਾਬ ਦੀ ਜਵਾਨੀ ਨਾਲ ਇਹ ਝੂਠੇ ਪੁਲਿਸ ਮੁਕਾਬਲਿਆਂ ਦੀ ਖੇਡ ਖਾਲਿਸਤਾਨ ਲਹਿਰ ਤੋਂ ਪਹਿਲਾ ਨਕਲਸੲਾਈਟ ਲਹਿਰ ਵੇਲੇ ਵੀ ਹੋਈ ਸੀ। ਚਾਹੇ ਨਕਸਲਾਈਟ ਅਤੇ ਖਾਲਿਸਤਾਨੀ ਲਹਿਰ ਵਿਚ ਵਿਚਾਰਧਾਰਾ ਦਾ ਫ਼ਰਕ ਹੈ ਪਰ ਪੰਜਾਬੀ ਜੁਝਰੂਆਂ ਦਾ ਜ਼ਜਬਾ ਦੋਵਾਂ ਲਹਿਰਾਂ ਵਿਚ ਇਕੋ ਜਿਹਾ ਹੈ। ਮੈਂ ਤਾਂ ਹੁਣ ਤੱਕ ਜੋ ਸਮਝਿਆ ਹੈ ਇਹੀ ਮਹਿਸੂਸ ਕੀਤਾ ਹੈ ਕਿ ਸਮਝਦਾਰ ਖਾਲਿਸਤਾਨੀ ਅਤੇ ਨਕਸਲਾਈਟ-ਕਾਮਰੇਡ ਵਿਚਾਰਧਾਰਾ ਵਾਲੇ ਕਦੇ ਇਕ ਦੂਸਰੇ ਦੇ ਵਿਰੁੱਧ ਨਹੀਂ ਭੁਗਤੇ ਬੱਸ ਹਾਕਮ ਜਮਾਤ ਨੇ ਕੱਚੀ-ਬੁੱਧੀ ਵਿਚ ਹਥਿਆਰ ਚੁੱਕਣ ਵਾਲਿਆਂ ਨੂੰ ਸ਼ੱਕੀ ਮਹੋਲ ਸਿਰਜ ਕੇ ਇਕ ਦੂਸਰੇ ਦੇ ਵਿਰੁੱਧ ਕਰ ਦਿੱਤਾ ਕਿ ਪੰਜਾਬ ਵਿਚ ਪੰਜਾਬ ਦੇ ਸਿੱਖ ਨੌਜਵਾਨ ਇੱਕ ਦੂਸਰੇ ਨੂੰ ਮਰਨ-ਮਰਨ ਲਈ ਸਿੱਧੇ ਹੋਏ। ਪੁਲਿਸ ਵਿਚ ਵੀ ਸਿੱਖ, ਖਾਲਿਸਤਾਨੀ ਵੀ ਸਿੱਖ ਅਤੇ ਨਕਸਲਾਈਟ-ਕਾਮਰੇਡ ਵੀ ਸਿੱਖ। ਨਕਸਲਾਈਟ ਮੂਵਮੈਂਟ ਫੇਲ ਹੋਈ ਤਾਂ ਉਸ ਤੋਂ ਨਿਰਾਸ਼ ਜੋ ਬਾਹਰਲੇ ਦੇਸ਼ਾਂ ਨੂੰ ਨਹੀਂ ਨਿਕਲ ਸਕੇ ਜਾਂ ਪੁਲਿਸ ਮੁਕਾਬਲੇ ਤੋਂ ਬਚ ਗਏ ਉਹਨਾਂ ਵਿਚੋਂ ਕੁਝ ਮੇਰੇ ਉੱਪਰ ਲਿਖੇ ਵਾਂਗ ਬਗਾਵਤੀ ਰੋਹ ਹੋਣ ਕਰਕੇ ਖਾਲਿਸਤਾਨੀ ਲਹਿਰ ਦਾ ਵੀ ਹਿੱਸਾ ਬਣੇ। ਸ਼ਾਇਦ ਆਉਣ ਵਾਲੇ ਸਮੇਂ ਵਿਚ ਨੌਜਵਾਨੀ ਸੰਜੀਦਾ ਹੋਵੇ ਤੇ ਬੁੱਕਲ ਦੇ ਚੋਰ ਨੂੰ ਸਮਝੇ।

                               ਇਕਬਾਲ ਖਾਨ ਉਰਫ ਇਕਬਾਲ ਸਿੰਘ ਕਾਲੀਰਾਏ ਵੀ 1970ਵਿਆਂ ਵਿਚ ਕਿਸੇ ਵੇਲੇ ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜਿਆ ਰਿਹਾ ਸੀ। ਹੋਰਨਾਂ ਵਾਂਗ ਜੁਲਮ ਦਾ ਸਤਾਇਆ ਉਹ ਵੀ 29 ਮਾਰਚ 1976 ਨੂੰ ਭਾਰਤ ਤੋਂ ਬਾਹਰ ਗਿਆ। ਬਹੁਤ ਸਾਰਾ ਮੁਸ਼ਕੱਤਾ ਭਰਿਆ ਜੀਵਨ ਕੱਟਿਦਆ ਆਪਣੇ ਪਹਿਲਾ ਆਏ ਸਾਥੀਆਂ ਦੀ ਮਦਦ ਨਾਲ ਸੰਭਲਿਆ (ਜਿਹਨਾਂ ਵਿਚ ਉਹ ਨਾਮ ਲੈਂਦਾ ਹੁੰਦਾ ਸੀ-ਗੁਰਦੇਵ ਲਾਲੀ, ਤਰਲੋਚਨ ਮਹਿਲ, ਧੀਦੋ, ਸੁਰਿੰਦਰ ਧੰਜਲ, ਹਰਕੰਵਲਜੀਤ ਸਾਹਿਲ, ਜੁਗਿੰਦਰ ਰੰਧਾਵਾ ਆਦਿ) ਅਤੇ ਉਹ 1994 ਵਿਚ ਕੈਲੋਫੋਰਨੀਆਂ ਤੋਂ ਕੈਲਗਰੀ ਆ ਕੇ ਵਸ ਗਿਆ। ੳਹਨਾਂ ਦੇ ਇਨਕਾਲਬੀ ਜੀਵਨ ਬਾਰੇ ਤਾਂ ਨਾਲ ਦੇ ਪੁਰਾਣੇ ਸਾਥੀ ਸਹੀ ਦੱਸ ਸਕਦੇ ਹਨ ਕਿਉਂਕਿ ਉਹਨਾਂ ਦਾ ਦੋਸਤੀਆਂ ਦਾ ਘੇਰਾ ਵਿਸ਼ਾਲ ਤੇ ਫੈਲਿਆ ਹੋਇਆ ਹੈ। ਮੈਂ ਤਾਂ ਇੰਨਾ ਹੀ ਜਾਣਦਾ ਹਾਂ ਕਿ ਉਹ ਕਈ ਵਾਰ ਦੱਸਦੇ ਹੁੰਦੇ ਸਨ ਕਿ ਅਸੀਂ ਨਕਸਬਾੜੀ ਲਹਿਰ ਵੇਲੇ ਪੁਲਿਸ ਤੋਂ ਲੁਕਦੇ ਜਦੋਂ ਦੁਆਬੇ ਤੋਂ ਤੁਹਾਡੇ ਪਿੰਡਾਂ ਵੱਲ ਮਾਲਵੇ ਵਿਚ ਜਾਂਦੇ ਤਾਂ ਮਲਵਈ ਸਾਥੀਆਂ ਦੀਆਂ ਮਾਵਾਂ ਮਾਲਵੇ ਵਿਚ ਉਸ ਸਮੇਂ ਚਾਹ ਜਾਅਦੇ ਪੀਂਦੇ ਹੋਣ ਕਰਕੇ ਬਾਟੀ ਤੇ ਨਾਲ ਚਾਹ ਦੀ ਗੜਵੀ ਦੇ ਦਿੰਦੀਆਂ ਸਨ। ਅਸੀਂ ਦੁਆਬੇ ਵਾਲੇ ਚਾਹ ਦਾ ਇਕ ਨਿੱਕਾ ਗਲਾਸ ਜਾਂ ਸਿਰਫ਼ ਇਕ ਪਿਆਲੀ ਪੀਂਣ ਵਾਲੇ ਸਾਂ ਤੇ ਮੈਂ ਆਸਾ-ਪਾਸਾ ਦੇਖ ਕੇ ਤੁਹਾਡੇ ਮਾਲਵੇ ਦੇ ਵੱਡੇ-ਵੱਡੇ ਵਿਹੜਿਆਂ ਵਿਚ ਮੰਜੇ ਤੇ ਬੈਠਿਆਂ ਚਾਹ ਦੀ ਗੜਵੀ ਜਦੋਂ ਦੇਖਣਾ ਕਿ ਬੇਬੇ ਦੂਰ ਚਲੀ ਗਈ ਹੈ ਅੱਧੀ ਕੁ ਡੋਹਲ ਦੇਣੀ ਬਾਕੀ ਚਾਹ ਪੀ ਕੇ ਮਸਾ ਸੁੱਖ ਦਾ ਸਾਹ ਲੈਣਾ ਤੇ ਬੇਬੇ ਨੇ ਘਰ ਦਾ ਕੰਮ ਕਰਦੀ-ਕਰਦੀ ਨੇ ਆ ਕੇ ਕਹਿਣਾ ਲੈ ਤੂੰ ਤਾਂ ਮੁਕਾ ਵੀ ਲਈ ਚਾਹ, ਲਿਆ ਫੜਾ ਗੜਵੀ ਹੋਰ ਲਿਆਕੇ ਦੇਵਾ। ਇਹ ਗੱਲ ਸੁਣਾਕੇ ਉਹ ਥੋੜਾ ਹੱਸਦੇ ਵੀ। ਇਹ ਗਲ ਉਹਨਾਂ ਦੀ ਹੈ ਵੀ ਸੱਚ, ਮੈਂ ਆਵਦੇ ਦਾਦੇ ਸਮੇਂ ਦੇ ਬਹੁਤ ਬਜ਼ੁਰਗ ਪਿੰਡਾਂ ਵਿਚ ਮੰਜੇ ਤੇ ਬੈਠੇ ਚਾਹ ਪੀਂਦੇ ਦੇਖੇ ਹਨ, ਜੋ ਚਾਹ ਗੜਵੀ ਵਿਚੋਂ ਪਿੱਤਲ ਦੀ ਬਾਟੀ ਵਿਚ ਪਾ ਕੇ ਹੌਲੀ-ਹੌਲੀ ਪੀਂਦੇ ਰਹਿੰਦੇ ਜਿਵੇਂ ਚਾਹ ਪੀਣਾ ਵੀ ਇਕ ਕੰਮ ਹੋਵੇ। ਪਰ ਹੁਣ ਸਭ ਨਵੀਂ ਦੁਨੀਆਂ ਹੋਣ ਕਰਕੇ ਹਰ ਪਾਸੇ ਲੱਗਭੱਗ ਇਕੋ ਜਿਹਾ ਹੈ।

                                                     ਸਾਹਿਤਕ ਜੀਵਨ ਵਿਚ ਉਹਨਾਂ ਦੀ ਸੰਪਾਦਿਤ ਕੀਤੀ ਕਿਤਾਬ ‘ਰੱਤੜੇ ਫੁੱਲ’1977,‘ਕਾਫ਼ਲੇ’ ਕਾਵਿ ਸੰਗ੍ਰਹਿ 1992, ‘ਨਾਗ ਦੀ ਮੌਤ ਤੱਕ’ ਕਾਵਿ ਸੰਗ੍ਰਹਿ 2007 ਵਿਚ ਪ੍ਰਕਾਸਿ਼ਤ ਹੋਏ। ਉਹਨਾਂ ਦੀ ਸਾਹਿਤਕ ਲਗਨ ਅਤੇ ਪੜ੍ਹਨ ਦੀ ਰੁਚੀ ਬਹੁਤ ਸੀ ਪਰ ਲਿਖਣ ਪੱਖੋ ਮੇਰੀ ੳਹਨਾਂ ਨਾਲ ਜਦੋਂ ਵੀ ਕਿਸੇ ਸਮੇਂ ਮੁਲਕਾਤ ਹੋਣੀ ਤਾਂ ਮੈਂ ਕਹਿਣਾ ਖਾਨ ਸਾਹਬ ਤੁਹਾਡੀ ਲਿਖਤ ਵਿਚ ਖੜੋਤ ਵਾਲੀ ਸਥਿਤੀ ਹੈ। ਉਹਨਾਂ ਨੇ ਇੱਕ ਹੋਰ ਕਿਤਾਬ ਛਪਵਾਈ ਸੀ ਲੱਗਭੱਗ ਚਾਰ-ਪੰਜ ਸਾਲ ਪਹਿਲਾ ਜਿਸ ਬਾਰੇ ਮੈਂ ਜਦੋਂ ਕਿਤਾਬ ਮੰਗੀ ਤਾਂ ਕਹਿੰਦੇ ਬੱਸ ਜਲਦੀ ਵਿਚ ਛਪੀ ਹੈ ਪਰ ਦੇਵਾਗਾਂ ਤੈਨੂੰ। ਪਰ ਉਹਨਾਂ ਦੀ ਕਿਤਾਬ ‘ਨਾਗ ਦੀ ਮੌਤ ਤੱਕ’ ਸਾਡੇ ਘਰ ਦੀ ਲਾਇਬਰੇਰੀ ਦਾ ਹਿੱਸਾ ਹੈ। ਉਹਨਾਂ ਦੀ ਕਵਿਤਾ ਵਿਚ ਬਗਾਵਤ ਦੀ ਸੁਰ ਅਤੇ ਅਗਾਂਹਵਧੂ ਮਾਦਾ ਹੈ। ਪਰ ਉਹਨਾਂ ਦੀ ਕਵਿਤਾ ਬਾਰੇ ਲਿਖਣਾ ਮੇਰਾ ਮਕਸਦ ਨਹੀਂ ਹੈ।

ਬਲਜਿੰਦਰ ਸੰਘਾ

                          ਕੈਲਗਰੀ ਦੇ ਸਾਹਿਤਕ ਅਤੇ ਸਮਾਜ ਸੇਵਾ ਖੇਤਰ ਵਿਚ ਉਹਨਾਂ ਦਾ ਬਹੁਤ ਯੋਗਦਾਨ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਉਹ ਪ੍ਰਧਾਨ ਵੀ ਰਹੇ। ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਪਹਿਲੀ ਕਿਤਾਬ ਕਵਿਤਾ ਮੈਂਨੂੰ ਮੁਆਫ਼ ਕਰੀ-2008 ਬਾਰੇ ਉਹਨਾਂ ਨੇ ਪੂਰੇ ਉਤਸ਼ਾਹ ਨਾਲ ਪੇਪਰ ਲਿਖਿਆ, ਬਹੁਤ ਸੁਝਾਅ ਵੀ ਦਿੱਤੇ। ਚਾਹੇ ਇਕਬਾਲ ਖਾਨ ਜਹਾਨੋਂ ਅੱਗੇ ਲੰਘ ਗਿਆ ਹੈ ਪਰ ਦਰਿਆ ਆਪਣੇ ਨਿਸ਼ਾਨ ਛੱਡ ਜਾਂਦੇ ਹਨ ਜੋ ਸਦਾ ਰਹਿੰਦੇ ਹਨ।

                                                                           ਬਲਜਿੰਦਰ ਸੰਘਾ

                                                                          ਫੋਨ 403-680-3212