Get Adobe Flash player

ਭਾਵੇਂ ਬੁਲ੍ਹਾਂ ਤੇ ਤਾਲਾ ਏ,ਗੀਤ ਮੇਰੇ ਬੋਲ ਜਾਂਦੇ ਨੇ

ਬਲਦੇ ਅੰਬਰੀਂ ਪੰਛੀ ਜਿਵੇਂ,ਪਰ ਤੋਲ ਜਾਂਦੇ ਨੇ । —ਸਬਦੀਸ਼

ਸੁਰਿੰਦਰ ਗੀਤ :ਪੰਜਾਬੀ ਸਾਹਿਤ ਸਭਾ ਕੇਲਗਰੀ ਦੀ ਮਾਸਿਕ ਇਕੱਤਰਤਾ 14 ਮਾਰਚ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜ਼ੂਮ ਰਾਹੀਂ ਕੀਤੀ ਗਈ। ਪ੍ਰਧਾਨਗੀ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੈ ਕੀਤੀ ਤੇ ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ

sahit sabha,meeting photo1,3,21ਆਰੰਭ ਵਿੱਚ ਗਇਕ ਜਗਜੀਤ ਜ਼ੀਰਵੀ ਤੇ ਸਰਦੂਲ ਸਿਕੰਦਰ ਦੇ ਆਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਉਹਨਾਂ ਦੇ ਜਾਣ ਨਾਲ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਦੀ ਆਵਾਜ਼ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਸਦਾ ਗੂੰਜ਼ਦੀ ਰਹੇਗੀ । ਇਸਤੋਂ ਇਲਾਵਾ ਕੈਲਗਰੀ ਸ਼ਹਿਰ ਦੇ ਬੇਹੱਦ ਸੁਹਿਰਦ , ਸੁਚੱਜੇ ਅਤੇ ਲੋੜ ਪੈਣ ਤੇ ਹਰ ਇਕ ਦੀ ਮੱਦਦ ਕਰਨ ਵਾਲੇ ਸ. ਹਰਜੀਤ ਸਿੰਘ ਰਾਏ ਵਾਹਿਗੁਰੂ ਵਲੋਂ ਮਿਲੀ ਸਾਹਾਂ ਦੀ ਪੂੰਜੀ ਸਮਾਪਤ ਕਰਕੇ ਗੁਰੂ ਚਰਨਾਂ ਵਿੱਚ ਜਾ ਨਿਵਾਜ਼ੇ ਹਨ । ਵਰਨਣ ਯੋਗ ਹੈ ਕਿ ਸ. ਹਰਜੀਤ ਸਿੰਘ ਰਾਏ ਕੈਲਗਰੀ ਨਿਵਾਸੀ ਪ੍ਰੀਤਮ ਸਿੰਘ ਅਤੇ ਸੁਰੀਤਮ ਸਿੰਘ ਰਾਏ ਦੇ ਪਿਤਾ ਜੀ ਸਨ । ਪੰਜਾਬੀ ਸਾਹਿਤ ਸਭਾ ਨੇ ਉਹਨਾਂ ਦੇ ਆਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੀ ਆਤਮਿਕ ਸਾਂਤੀ ਲਈ  ਅਰਦਾਸ ਕੀਤੀ ।

ਪਿੱਛਲੇ ਦਿਨੀਂ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਸ ਵਰ੍ਹਾ ਦਾ ਸਨਮਾਨ ਪ੍ਰਸਿੱਧ ਕਹਾਣੀਕਾਰ ਸ. ਗੁਰਦੇਵ ਸਿੰਘ ਰੁਪਾਣਾ ( ਪੁਸਤਕ ਆਸ -ਪਾਸ ) ਅਤੇ ਯੁਵਾ ਭਾਰਤੀ ਸਾਹਿਤ ਅਕਾਦਮੀ ਐਵਾਰਡ ਨੌਜਵਾਨ ਸ਼ਾਇਰ ਦੀਪਕ ਧਲੇਹਾਂ ਨੂੰ ਮਿਲਣ ਤੇ ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਸਹੀ ਚੋਣ ਤੇ ਭਾਰਤੀ ਸਾਹਿਤ ਅਕਾਦਮੀ ਵੀ ਵਧਾਈ ਦੀ ਹੱਕਦਾਰ ਹੈ।  

ਇਸ ਇੱਕਤਰਤਾ ਦੌਰਾਨ ਗੱਲ-ਬਾਤ ਦਾ ਵਿਸ਼ਾ ਪਿੱਛਲੇ ਦਿਨੀਂ ਮਾਨਏ ਗਏ ਔਰਤ ਦਿਵਸ ਨੂੰ ਧਿਆਨ ਵਿੱਚ ਰੱਖਦਿਆ ਜਿਆਦਾਤਰ ਔਰਤ ਦੀ ਅਜੋਕੀ ਸਮਾਜਿਕ ਦਿਸ਼ਾ ਤੇ ਕੇਂਦਰਿਤ ਰਿਹਾ। ਔਰਤ ਨਾਲ ਹੋ ਰਹੀ ਸਮਾਜਿਕ ਤੇ ਰਾਜਨੀਤਕ ਧੱਕੇਸ਼ਾਹੀ ਤੇ ਖੁਲ੍ਹ ਕੇ ਚਰਚਾ ਕੀਤੀ ਗਈ ।

ਸਰਬਜੀਤ ਕੌਰ ਉੱਪਲ ਨੇ ਸੁਖਦੀਪ ਸਿੰਘ ਚਾਹਿਲ ਦੀ ਲਿਖੀ ਨਜ਼ਮ ਸਾਂਝੀ ਕੀਤੀ

ਔਰਤ ਦਿਨ ਅੱਜ ਫੇਰ ਹੈ ਆਇਆ

ਸਾਰੀ ਦੁਨੀਆਂ ਬੜਾ ਮਨਾਇਆ

ਮਰਦਾਂ ਲੰਬੇ ਭਾਸ਼ਨ ਦਿੱਤੇ

ਮੈਂ ਵੀ ਸੋਚਾਂ ਬੈਠੀ ਵਿੱਚੇ

ਕੀ ਮੈਨੂੰ ਸਾਰੇ ਹੱਕ ਮਿਲਗੇ?

ਗੁਰਵਿੰਦਰ ਨੀਟਾ ਨੇ ਬੜੇ ਲੰਬੇ ਸਮੇਂ ਬਾਦ ਸਭਾ ਵਿੱਚ ਹਾਜਰੀ ਭਰਦਿਆਂ ਸਬਦੀਸ਼ ਦੀ ਲਿਖੀ ਰਚਨਾ ਗਾਈ । ਯਾਦ ਰਹੇ ਗੁਰਵਿੰਦਰ ਨੀਟਾ ਬਹੁਤ ਵਧੀਆ ਗਾਇਕ ਹਨ ਜਿਹਨਾਂ ਨੇ ਰੰਗ ਮੰਚ ਤੇ ਕੰਮ ਕਰਦਿਆਂ ਅਨੇਕਾਂ ਹੀ ਨਾਟਕਾਂ ਵਿੱਚ ਪਲੇਅ ਬੈਕ ਸਿੰਗਰ ਦੇ ਤੌਰ ਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ । 

ਸਭਾ ਦੇ ਸਾਬਕਾ ਜਨਰਲ ਸਕੱਤਰ ਰਾਜ ਕੈਲਗਰੀ ਨੇ ਕਿਸਾਨ ਸੰਘਰਸ਼ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਅਲਬਰਟਾ ਫੈਡਰੇਸ਼ਨ ਆਫ ਲੇਬਰ ਦੀ ਪੋਲੀਟੀਕਲ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ , ਜਦੋਂ ਉਹਨਾਂ ਨੂੰ ਭਾਰਤੀ ਕਿਸਾਨ ਸੰਘਰਸ਼ ਬਾਰੇ ਆਪਣੀ ਰਿਪੋਰਟ ਦੇਣ ਲਈ ਕਿਹਾ ਤਾਂ ਉਹਨਾਂ ਨੇ ਯੂਨੀਅਨ ਆਗੂ ਨੋਦੀਪ ਕੌਰ ਤੇ ਹੋਏ ਜ਼ੁਲਮ , ਜਿਨਸੀ ਹਮਲੇ ਦਾ ਜ਼ਿਕਰ ਕੀਤਾ। ਇਹ ਸਭ ਸੁਣ ਕੇ ਫੈਡਰੇਸ਼ਨ ਦੇ ਪ੍ਰਧਾਨ ਗਿਲ ਮੱਗੀਵਨ ਨੇ ਕਿਹਾ ਕਿ ਮੇਰਾ ਖੂਨ ਖੌਲਦਾ ਹੈ, ਅਸੀਂ ਨਿਖੇਧੀ ਦੀ ਸਟੇਟਮੈਂਟ ਦਿਆਗੇ । ਇਸ ਤੋਂ ਇਲਾਵਾ 50,000 ਮੈਂਬਰਾਂ ਦੀ ਨਰਸਾਂ ਦੀ ਯੂਨੀਅਨ ਦੀ ਪ੍ਰਧਾਨ ਹੈਦਰ ਸਮਿੱਥ ਦੀਆਂ ਅੱਖਾਂ ਵਿੱਚ ਰੋਹ ਅਤੇ ਹਮਦਰਦੀ ਦੇ ਅੱਥਰੂ ਆ ਗਏ।

ਰਾਜ ਕੈਲਗਰੀ ਨੇ ਅੱਗੇ ਜਾਕੇ ਕਿਹਾ ਕਿ ਦੁਨੀਆਂ ਭਰ ਦੇ ਕਾਰਪੋਰੇਟ ਇਕੱਠੇ ਹਨ ਅਤੇ ਅਸੀਂ ਵਰਕਰ ਵੀ ਦੇਸ਼ਾਂ ਦੀਆਂ ਹੱਦਬੰਦੀਆਂ ਦੇ ਬਾਵਜੂਦ ਇਕੱਠੇ ਹਾਂ । ਸਾਡੇ ਲਈ ਇਹ ਹੱਦਬੰਦੀਆਂ ਨਹੀਂ ਹਨ । ਰਾਜ ਕੈਲਗਰੀ ਦਾ ਕਹਿਣਾ ਹੈ ਕਿ ਕਾਰਲ ਮਾਰਕਸ ਦੇ ਸ਼ਬਦ ‘ਦੁਨੀਆਂ ਭਰ ਦੇ ਕਾਮਿਓ ਇਕੱਠੇ ਹੋ ਜਾਵੋ ’ ਮੁੜ ਸੁਰਜੀਤ ਹੋ ਰਹੇ ਹਨ ।

ਡਾ. ਰਾਜਵੰਤ ਕੌਰ ਮਾਨ , ਸ੍ਰੀ ਪਰਸ਼ੋਤਮ ਭਰਦਵਾਜ਼ , ਸ. ਜਗਦੇਵ ਸਿੰਘ ਸਿੱਧੂ, ਜਸਵੀਰ ਸਿੰਘ ਸਿਹੋਤਾ ਨੇ ਬਹੁਤ ਹੀ ਭਾਵਪੂਰਤ ਨਜ਼ਮਾਂ ਕਹਿ ਕੇ ਹਾਜਰੀ ਲਗਵਾਈ । ਜਗਦੇਵ ਸਿੰਘ ਸਿੱਧੂ ਦੀ ਨਜ਼ਮ ‘ਪੁੰਨਿਆ’ ਦਾ ਵਰਨਣ ਕਰਨਾ ਬਣਦਾ ਹੈ । ਇਸ ਕਵਿਤਾ ਵਿੱਚ ਔਰਤ ਦੀ ਮਾਨਸਿਕ ਸਥਿੱਤੀ ਦਾ ਵਰਨਣ ਇਸ ਪ੍ਰਕਾਰ ਕੀਤਾ ਗਿਆ ਹੈ –

ਮੈਂ ਹਾਂ ਵੇ ਪੁੰਨਿਆ

ਚਾਨਣੀ

ਮੇਰੇ ਨੈਣਾਂ ਦਾ ਪਾਣੀ

ਸਾਰਾ ਈ ਵੇ ਜੱਗ

ਨਾਤ੍ਹੜਾ

ਕਿਸੇ ਪੀੜ ਨਾ ਜਾਣੀ ।

ਸ. ਗੁਰਦਿਆਲ ਸਿੰਘ ਖਹਿਰਾ ਨੇ ਇਕ ਮਿੰਨੀ ਕਹਾਣੀ ਸਾਂਝੀ ਕੀਤੀ । ਇਸ ਤੋਂ ਇਲਾਵਾ ਸ. ਜਰਨੈਲ ਸਿੰਘ ਤੱਗੜ, ਪੈਰੀ ਮਾਹਲ, ਸ .ਸੁਰਿੰਦਰ ਢਿੱਲੋਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਕਿਸਾਨ ਅੰਦੋਲਨ ਤੇ ਔਰਤ ਦਿਵਸ ਤੇ ਸਭ ਦੇ ਵਿਚਾਰ ਬਹੁਤ ਹੀ ਵਡਮੁੱਲੇ ਤੇ ਅਸਰਦਾਇਕ ਸਨ।

ਸ. ਸੁਖਵਿੰਦਰ ਸਿੰਘ ਤੂਰ ਹੋਰਾਂ ਆਪਣੀ ਸੁਰੀਲੀ ਤੇ ਸੋਹਣੇ ਅੰਦਾਜ਼ ਵਿੱਚ ਸੁਖਵਿੰਦਰ ਅੰਮ੍ਰਿਤ ਦਾ ਲਿਖਿਆ ਗੀਤ ‘ਜੋਗਿਆ’ ਤਰੰਨਮ ਵਿੱਚ ਗਾਇਆ ।

ਸੁਰਿੰਦਰ ਗੀਤ ਨੇ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ ।

ਅਪਰੈਲ ਮਹੀਨੇ ਦੀ ਇਕੱਤਰਤਾ 11 ਅਪਰੈਲ ਨੂੰ ਦਿਨ ਐਤਵਾਰ ਬਦਾ ਦੁਪਹਿਰ ਤਿੰਨ ਵਜੇ ਜ਼ੂਮ ਰਾਹੀਂ ਕੀਤੀ ਜਾਵੇਗੀ ।

ਹੋਰ ਜਾਣਕਾਰੀ ਲਈ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੂੰ 403 – 968 – 2880 ਤੇ ਸੰਪਰਕ ਕੀਤਾ ਜਾ ਸਕਦਾ ਹੈ।