Get Adobe Flash player

ਜੋਰਾਵਰ ਬਾਂਸਲ:–ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਕਾਰਜਕਾਰੀ ਮੈਂਬਰਾਂ ਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ ਅਗਸਤ ਮਹੀਨੇ ਦੀ ਮੀਟਿੰਗ ਨੂੰ ਵੀ ਸਿਹਤ ਤੇ ਸਰਕਾਰੀ ਹਿਦਾਇਤਾਂ ਅਨੁਸਾਰ ਮਾਸਕ , ਸੈਨੀਟਾਈਜਰ ਤੇ ਦੋ ਮੀਟਰ ਦੀ ਦੂਰੀ ਬਣਾ ਕੇ ਆਪਣੀ ਆਪਣੀ ਕੁਰਸੀ ਤੇ ਬੈਠ ਤੇ ਕਿਸੇ ਵੀ ਹੋਰ ਬਾਹਰੀ ਬੁਲਾਰੇ ਤੇ ਚਾਹ ਪਾਣੀ ਆਦਿ ਦਾ ਪ੍ਰਹੇਜ ਕਰਦਿਆਂ ਸਿਰੇ ਚਾੜ੍ਹਿਆ। ਸਭਾ ਦੀ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਨੂੰ ਜੀ ਆਇਆ ਆਖਿਆ। ਕੁਝ ਤਾਜ਼ਾ ਜਾਣਕਾਰੀ ਦੇ ਬਾਅਦ ਸ਼ੋਕ ਮਤੇ ਪੜ੍ਹੇ ਗਏ। ਪਹਿਲਾਂ ਜ਼ਿਕਰ ਹੋਣਹਾਰ ਕਵਿਤਰੀ ਗੁਰਪ੍ਰੀਤ ਗੀਤ ਜੋ ਆਦਮਪੁਰ ਦੇ ਹਸਪਤਾਲ ਵਿੱਚ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨਾਲ ਜੂਝਦੇ ਸਦੀਵੀ ਵਿਛੋੜਾ ਦੇ ਗਏ। ਜਿਹਨਾਂ ਦੀ ਪਹਿਲੀ ਪੁਸਤਕ ‘ਸੁਪਨਿਆਂ ਦੇ ਦਸਤਖਤ’ ਛੱਪ ਕੇ ਰਿਲੀਜ਼ ਲਈ ਤਿਆਰ ਸੀ। ਗੁਰਪ੍ਰੀਤ ਗੀਤ ਡੂੰਘੇ ਅਰਥਾਂ ਦੀ ਕਵਿਤਾ ਲਿਖਦੀ ਸੀ। ਕਿਰਤੀਆਂ ਦੇ ਕਥਾਕਾਰ ਵਜੋਂ ਜਾਣੇ ਜਾਂਦੇ ਕਹਾਣੀਕਾਰ ਭੂਰਾ ਸਿੰਘ ਕਲੇਰ ਜਿਹਨਾਂ ‘ਪੰਛੀਆਂ ਦੇ ਆਲ੍ਹਣੇ’ ‘ਟੁੱਟੇ ਪੱਤੇ’ ‘ਬੇਗਮ ਫਾਤਿਮਾ’ ਤੇ ‘ਤ੍ਰਿਹਾਇਆਂ ਰੁੱਖ’ ਨਾਮ ਦੀਆਂ ਚਾਰ ਮਹੱਤਵਪੂਰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਰਦੂ ਦੇ ਨਾਮਵਾਰ ਸ਼ਾਇਰ ਰਾਹਤ ਇੰਦੌਰੀ ਵੀ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਲਿਖਾਰੀ ਸਭਾ ਨੇ ਇਹਨਾਂ ਸਾਹਿਤਕ ਹਸਤੀਆਂ ਨੂੰ ਸ਼ਰਧਾਜਲੀ ਦਿੱਤੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਹਰੀਪਾਲ ਨੇ ਇਨਸਾਨੀ ਹੱਕਾਂ ਦੀ ਗੱਲ ਕਰਦਿਆਂ ਮਨੁੱਖੀ ਹੱਕਾਂ ਦੀ ਕਾਰਕੁੰਨ ਇਸਰਾਂ-ਉਲ-ਘੁਮਾਮ ਦੇ ਸਿਰ ਕਲਮ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਤੇ ਲੇਖਕ , ਪੱਤਰਕਾਰ,ਅਲੋਚਕ ਵਾਰਾਵਾਰਾ ਰਾਓ ਦੇ ਕਾਰੋਨਾ ਪੀੜਤ ਹੋਣ ਤੇ ਉਹਨਾਂ ਨਾਲ ਕੀਤੇ ਜਾਂਦੇ ਵਰਤਾਰੇ ਦੀ ਨਿਖੇਧੀ ਕੀਤੀ। ਪਰਵਾਰਿਕ ਵਿਸ਼ੇ ਤੇ ਉਹਨਾਂ ਕਿਹਾ ਕਿ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਨਾ ਕਿ ਦੌਲਤ ਦੇ ਢੇਰ ਲਾਉਣੇ ਚਾਹੀਦੇ ਹਨ। ਮੰਗਲ ਚੱਠਾ ਨੇ ਰਿਸ਼ਤਿਆਂ ਵਿੱਚ ਆਈ ਗਿਰਾਵਟ ਦੇ ਵਿਸ਼ੇ ਤੇ ਆਪਣੀ ਪ੍ਰਭਾਵਸ਼ਾਲੀ ਰਚਨਾ ‘ਪ੍ਰਛਾਵੇਂ ਲੱਗਦੇ ਧੁੱਪ ਵਰਗੇ’ , ਬਲਵੀਰ ਗੋਰਾ ਨੇ ਨਸ਼ਿਆ ਦੀ ਅਲਾਮਤ ਤੇ ਵਿੰਅਗਮਈ ਗੀਤ ‘ਯਾਰਾਨਾ ਚਿੱਟੇ ਨਾਲ ਲਾ ਲਿਆ’ ਸੁਰ ਵਿੱਚ ਗਾਇਆ ਜੋ ਸਭ ਨੇ ਪਸੰਦ ਕੀਤਾ। ਰਣਜੀਤ ਸਿੰਘ ਨੇ ਲੀਓ ਟਾਲਸਟਾਏ ਦੀ ਪੰਜਾਬੀ ਅਨੁਵਾਦ ਮਿੰਨੀ ਕਹਾਣੀ ‘ਪੁੱਤਰ ਦਾ ਪਿਆਰ’ ਸੁਣਾਈ ਤੇ ਹੋਰ ਵਿਚਾਰ ਵੀ ਪੇਸ਼ ਕੀਤੇ। ਬਲਜਿੰਦਰ ਸੰਘਾ ਨੇ ਸਰੋਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਰੱਜੇ-ਪੁੱਜੇ ਪੰਜਾਬੀ ਜੋ ਸਭ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਸਟੋਰਾਂ ਵਿੱਚ ਲੱਗੀ ਸੇਲ ਜਾਂ ਫਰੀ ਲੱਗੀਆਂ ਵਸਤਾਂ ਵੇਲੇ ਪੰਜਾਬੀਅਤ ਦੇ ਮਾਣ ਸਨਮਾਨ ਦਾ ਘਾਣ ਕਰਦੇ ਹਨ ਤੇ  ਦੁਨੀਆਂ ਵਿੱਚ ਆਪਣੀ ਪੂਰੀ ਕਮਿਊਨਟੀ ਦਾ ਸਿਰ ਨੀਵਾਂ ਕਰਦੇ ਹਨ। ਪ੍ਰਧਾਨ ਦਵਿੰਦਰ ਮਲਹਾਂਸ ਨੇ ਰਸੂਲ ਹਮਤਾਜੋਵ ਦੀ ਸ਼ਾਹਕਾਰ ਰਚਨਾ ‘ਮੇਰਾ ਦਾਗਿਸਤਾਨ’ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। ਇਹ ਕਿਤਾਬ ਕਿਵੇਂ ਜਨਮੀ, ਕਿਵੇਂ ਮੁੱਖਬੰਧ ਤੇ ਨਾਮ ਬਣਿਆ। ਸਭ ਦਾ ਵਰਨਣ ਬਹੁਤ ਹੀ ਰੋਚਕ ਤੇ ਜਾਣਕਾਰੀ ਪੂਰਵਕ ਕੀਤਾ। ਸਾਰੇ ਮੈਬਰਾਂ ਦੀ ਵਿਚਾਰ ਚਰਚਾ ਵਿੱਚ ਸੰਸਾਰ ਪੱਧਰ ਦੀਆਂ ਖਬਰਾਂ, ਕੈਨੇਡਾ ਵਿੱਚ ਵੱਧ ਰਹੇ ਪੰਜਾਬੀਆਂ ਦੇ ਸੜਕ ਹਾਦਸੇ ਤੇ ਸੈਰ -ਗਾਂਹਾਂ ਉੱਪਰ ਡੁੱਬਣ ਵਾਲੀਆਂ ਖਬਰਾਂ ਉੱਤੇ ਦੁੱਖ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਅਗਸਤ ਮਹੀਨੇ ਦੀ ਮੀਟਿੰਗ  ਬਹੁਤ ਪ੍ਰਭਾਵਸ਼ਾਲੀ ਰਹੀ। ਧੰਨਵਾਦ।