Get Adobe Flash player

ਸੁਰਿੰਦਰ ਗੀਤ -ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ 11 ਅਗੱਸਤ 2019 ਦਿਨ ਐਤਵਾਰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਸੁਰਿੰਦਰ ਗੀਤ, ਡਾ. ਰਾਜਵੰਤ ਕੌਰ ਮਾਨ ਅਤੇ ਸ: ਬਹਾਦਰ ਸਿੰਘ ਡਾਲਵੀ ਦੀ ਪ੍ਰਧਾਨਗੀ ਹੇਠ ਹੋਈ ।

p ss1,aug3,19ਆਰੰਭ ਵਿੱਚ ਸਾਊਥ ਏਸ਼ੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ: ਹਰਮਹਿੰਦਰ ਸਿੰਘ ਪਲਾਹਾ ਅਤੇ ਕੈਲਗਰੀ ਈਸਟ ਅਤੇ ਫਾਰਿਸਟ ਲਾਨ ਏਰੀਏ ਤੋਂ ਐਮ ਪੀ ਸ੍ਰੀ ਦੀਪਕ ਓਬਰਾਏ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਕ ਮਿੰਟ ਲਈ ਮੌਨ ਧਾਰਕੇ ਸਰਧਾਂਜਲੀ ਭੇਟ ਦਿੱਤੀ ਗਈ ।

ਇਸ ਇਕੱਤਰਤਾ ਵਿੱਚ ਜਿੱਥੇ ਪੰਜਾਬੀ ਸਾਹਿਤ ਉਪਰ ਚਰਚਾ ਕੀਤੀ ਗਈ ਓਥੇ ਪੰਜਾਬੀ ਭਾਸ਼ਾ ਅਤੇ ਸਭਿਆਚਾਰਕ ਮਸਲਿਆਂ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ । ਵਿਦਵਾਨ ਲੇਖਕ ਸ: ਨਰਿੰਦਰ ਸਿੰਘ ਢਿਲੋਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੇਖਕ ਨੇ ਸਮਾਜ ਨੂੰ ਅਗਵਾਈ ਦੇਣ ਅਤੇ ਵਿਚਾਰਧਾਰਾ ਉਸਾਰਨ ਦਾ ਕੰਮ ਕਰਨਾ ਹੁੰਦਾ ਹੈ ਜਿਸ ਕਰਕੇ ਅੱਜ ਸਮਾਜ ਵਿੱਚ ਸਭਿਆਚਾਰਕ , ਧਾਰਮਿਕ ਅਤੇ ਪ੍ਰਵਾਰਕ ਕਦਰਾਂ ਕੀਮਤਾਂ ਦੀ ਮੁੜ ਉਸਾਰੀ ਲਈ ਇਹਨਾਂ ਨੂੰ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਉਣ ਦੀ ਲੋੜ ਹੈ । ਇਹਨਾਂ ਕਦਰਾਂ ਦੇ ਨਿਘਾਰ ਦਾ ਮੁੱਖ ਕਾਰਨ ਮਾਂ ਪਿਉ ਵਲੋਂ ਆਪਣਾ ਰੋਲ ਤਿਆਗਣਾ ਹੈ ਜਿਸ ਕਰਕੇ ਬੱਚੇ ਮਾਂ ਪਿਉ ਤੋਂ ਦੂਰ ਹੋ ਰਹੇ ਹਨ । ਉਹਨਾਂ ਕਿਹਾ ਕਿ ਬੱਚਿਆਂ ਨਾਲ ਉਹਨਾਂ ਦੀਆਂ ਜਰੂਰਤਾਂ ਤਰਜੀਹਾਂ ਅਤੇ ਮੁਸ਼ਕਿਲਾਂ ਬਾਰੇ ਵਿਚਾਰ ਕਰਦੇ ਰਹਿਣਾ ਚਾਹੀਂਦਾ ਹੈ । ਇਸ ਨਾਲ ਬੱਚੇ ਮਾਤਾ ਪਿਤਾ ਦੇ ਨੇੜੇ ਰਹਿਣਗੇ ਤੇ ਬੇਲੋੜੀ ਟੋਕਾ ਟਾਕੀ ਤੋਂ ਤੰਗ ਆਕੇ ਘਰੋਂ ਬਾਹਰ ਜਿਆਦਾ ਸਮਾਂ ਨਹੀਂ ਬਿਤਾਉਣਗੇ । ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਂਦਾ ਹੈ ।

ਉੱਘੇ ਵਿਚਾਰਵਾਨ ਅਤੇ ਪੰਜਾਬੀ ਸਾਹਿਤ ਦੀ ਦੁੱਨੀਆਂ ਦੇ ਨਾਮਵਾਰ ਅਲੋਚਕ ਅਤੇ ਸੇਵਾ ਮੁਕਤ ਪ੍ਰਿਸੀਪਲ ਸ: ਕ੍ਰਿਸ਼ਨ ਹੋਰਾਂ ਨੇ ਸੁਰਿੰਦਰ ਗੀਤ ਦੀ ਲਿੱਖੀ ਕਹਾਣੀ “ ਕੌਮ ਕਿੱਥੇ ਹੈ “ ਉਪਰ ਅਲੋਚਨਾਤਮਿਕ ਚਰਚਾ ਕੀਤੀ । ਉਹਨਾਂ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਇਸ ਕੌਂਮ ਦੇ ਬਹਾਦਰ ਸੂਰਬੀਰਾਂ ਨੇ ਹਮੇਸਾਂ ਹੀ ਇਸਤਰੀਆਂ ਨੂੰ ਜਰਵਾਣਿਆਂ ਤੋਂ ਬਚਾਇਆ ਹੈ । ਸਹੀਂਦ ਬਾਬਾ ਦੀਪ ਸਿੰਘ ਤੇ ਮਹਾਨ ਜਰਨੈਲ ਸ: ਹਰੀ ਸਿੰਘ ਨਲੂਏ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ । ਉਹਨਾਂ ਕਿਹਾ ਕਿ 

ਰੂਪੀ ਨਾਮਕ ਪਾਤਰ ਦੇ ਸ਼ਬਦ “ ਮੰਮੀ ਦੱਸਦੀ ਸੀ ਕਿ ਪੰਜਾਬ ਦੇ ਲੋਕ ਧੀਆਂ ਭੈਣਾਂ ਦੀ ਇਜ਼ਤ ਦੇ ਸਾਂਝੇ ਹੁੰਦੇ ਹਨ । ਮੰਮੀ ਇਹ ਵੀ ਦੱਸਦੀ ਸੀ ਕਿ ਸਿੱਖ ਸੂਰਮੇ ਬੇਗਾਨੀਆਂ ਧੀਆਂ ਭੈਣਾਂ ਨੂੰ ਜਾਲਮਾਂ ਦੇ ਹੱਥੋਂ ਛੁਡਾ ਕੇ ਆਪੋ ਆਪਣੇ ਘਰੀਂ ਪੁੱਚਾ ਦਿੰਦੇ ਸਨ । ਸਿੱਖ ਕੌਮ ਦਾ ਇਤਿਹਾਸ ਮੈਂ ਮੰਮੀ ਤੋਂ ਸੁਣਿਆ ਸੀ । ਏਸੇ ਆਸ ਤੇ ਮੈਂ ਫੇਸ ਬੁੱਕ ਰਾਹੀਂ ਮੱਦਦ ਮੰਗੀ ਸੀ ਪਰ ਕਿਸੇ ਨੇ ਮੇਰੀ ਮੱਦਦ ਨਹੀਂ ਕੀਤੀ । ਪਤਾ ਨਹੀਂ ਉਹ ਕੌਮ ਕਿੱਥੇ ਹੈ ? “ ਇਕ ਬਹੁਤ ਵੱਡਾ ਸਵਾਲ ਖੜ੍ਹਾ ਕਰਦਾ ਹੈ ।

ਰਚਨਾਵਾਂ ਦੇ ਦੌਰ ਵਿੱਚ ਰਾਣਾ ਚਾਨਾ, ਬਹਾਦਰ ਡਾਲਵੀਂ , ਜਰਨੈਲ ਸਿੰਘ ਤੱਗੜ , ਜਸਵੰਤ ਸਿੰਘ ਸੇਖੋਂ , ਸ਼ਾਮਿੰਦਰ ਸਿੰਘ ਕਮੋਹ, ਜਸਵੀਰ ਸਿੰਘ ਸਿਹੋਤਾ , ਮਨਜੀਤ ਬਰਾੜ ਰੋਡੇ , ਰਵੀ ਜਨਾਗਲ , ਹਰਮਿੰਦਰ ਚੁੱਘ , ਸੁਖਮੰਦਰ ਤੂਰ, ਸੁਰਿੰਦਰ ਗੀਤ, ਡਾ. ਰਾਜਵੰਤ ਕੌਰ ਮਾਨ ਅਤੇ ਵਿਚਾਰ ਚਰਚਾ ਵਿੱਚ ਸ: ਨਰਿੰਦਰ ਸਿੰਘ ਢਿਲੋਂ , ਪੈਰੀ ਮਾਹਲ, ਪ੍ਰਿ: ਕ੍ਰਿਸ਼ਨ ਸਿੰਘ , ਸ੍ਰੀ ਸਤਪਾਲ ਕੌਸ਼ਲ  ਗੁਰਦਿਆਲ ਸਿੰਘ ਖਹਿਰਾ ਤੇ ਹਰਦਿਆਲ ਸਿੰਘ ( ਹੈਪੀ ) ਮਾਨ ਨੇ ਭਾਗ ਲਿਆ । ਇਸ ਤੋਂ ਇਲਾਵਾ ਅਵਤਾਰ ਕੌਰ ਤੱਗੜ , ਗੁਰਦੀਪ ਸਿੰਘ ਗਹੀਰ ਅਤੇ ਸੁਰਜੀਤ ਕਮੋਹ ਨੇ ਹਾਜਰੀ ਲਗਵਾਈ ।

ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ: ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ । ਸਤੰਬਰ ਮਹੀਨੇ ਦੀ ਇਕੱਤਰਤਾ ਅੱਠ ਸਤੰਬਰ 2019 ਦਿਨ ਐਤਵਾਰ ਨੂੰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਹੋਵੇਗੀ । ਹੋਰ ਜਾਣਕਾਰੀ ਲਈ ਸ: ਗੁਰਦਿਆਲ ਸਿੰਘ ਖਹਿਰਾ ਨੂੰ 403-968-2880 ਜਾਂ ਸੁਰਿੰਦਰ ਗੀਤ ਨੂੰ 403-605-3734 ਤੇ ਸੰਪਰਕ ਕੀਤਾ ਜਾ ਸਕਦਾ ਹੈ । ।  ਸਮਾਪਤ