Get Adobe Flash player

ਗੁਰਦੀਸ਼ ਕੌਰ ਗਰੇਵਾਲ -ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ, ਹਰ ਵਾਰ ਦੀ ਤਰ੍ਹਾਂ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ ਨੂੰ Atia Ashina honoured by Gurcharn Thind, Dr Brar nd Gurdish Kaur Grewal1ਜੈਨਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਗੁਰਦੀਸ਼ ਕੌਰ ਗਰੇਵਾਲ ਨੇ ਸਟੇਜ ਦੀ ਡਿਊਟੀ ਨਿਭਾਉਂਦਿਆਂ, ਇੰਡੀਆਂ ਤੋਂ ਸੁੱਖੀਂ ਸਾਂਦੀਂ ਵਾਪਸ ਆਏ ਸਭ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ ਅਤੇ ਮਾਸੂਮ ਬੱਚੀ ਆਸਿਫਾ ਬਾਨੋ ਨਾਲ ਵਾਪਰੇ ਦੁਖਾਂਤ, ਅਤੇ ਸਸਕੈਚਵਨ ਵਿੱਚ 16 ਖਿਡਾਰੀਆਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਸਭਾ ਵਲੋਂ ਸ਼ੋਕ ਮਤਾ ਵੀ ਪਾਇਆ ਗਿਆ। ਹੁਣ ਉਹਨਾਂ ਵਾਰੀ ਵਾਰੀ ਸਭ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ।
ਸਭ ਤੋਂ ਪਹਿਲਾਂ, ਸਭਾ ਦੇ ਪ੍ਰਧਾਨ- ਡਾ. ਬਲਵਿੰਦਰ ਕੌਰ ਬਰਾੜ ਨੇ ਵੀ ਸਭ ਦਾ ਸਵਾਗਤ ਕਰਦੇ ਹੋਏ, ਤਾਜ਼ਾ ਘਟਨਾਵਾਂ ਨੂੰ ਸ਼ਰਮਨਾਕ ਦੱਸਿਆ। ਉਹਨਾਂ ਕਿਹਾ ਕਿ ਉਸ ਮਾਸੂਮ ਬੱਚੀ ਦਾ ਬਲਾਤਕਾਰ ਹੀ ਨਹੀਂ ਹੋਇਆ ਸਗੋਂ ਉਸ ਨੂੰ ਤਾਂ ਰੋਲ਼ਿਆ ਗਿਆ, ਸਮਾਜ ਤੇ ਧਰਮ ਦੇ ਠੇਕੇਦਾਰਾਂ ਵਲੋਂ। ਦੁੱਖ ਦੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਵੀ, ਹੋਰ ਕਈ ਇਸੇ ਤਰ੍ਹਾਂ ਦੇ ਜੁਰਮਾਂ ਨੂੰ ਅੰਜ਼ਾਮ ਦਿੱਤਾ ਗਿਆ। ਕਈ ਵਾਰੀ ਸਾਡੀਆਂ ਬੱਚੀਆਂ ਆਪਣਿਆਂ ਦੇ ਹੱਥੋਂ ਹੀ ਹਵਸ ਦਾ ਸ਼ਿਕਾਰ ਹੁੰਦੀਆਂ ਹਨ। ਕਿੱਥੇ ਮਹਿਫੂਜ਼ ਹੈ ਔਰਤ? ਕਿਉਂ ਇਨਸਾਨ ਹੈਵਾਨ ਬਣਦਾ ਜਾ ਰਿਹਾ? ਇਸ ਦੇ ਕਾਰਨਾਂ ਦੀ ਤਹਿ ਤੇ ਜਾਣਾ ਪਵੇਗਾ। ਉਹਨਾਂ ਆਪ ਹੀ ਕਿਹਾ ਕਿ- ਇਸ ਦਾ ਕਾਰਨ ਨਸ਼ਿਆਂ ਤੋਂ ਇਲਾਵਾ ਇੱਕ ਇਹ ਵੀ ਹੈ ਕਿ ਸਾਨੂੰ ਰੱਬ ਦਾ ਭੈਅ ਨਹੀਂ ਰਿਹਾ। ਇਸ ਵਿਸ਼ੇ ਤੇ ਭਾਵੁਕ ਹੁੰਦਿਆਂ, ਸਭਾ ਦੇ ਮੈਂਬਰਾਂ ਵਲੋਂ ਹਾਅ ਦਾ ਨਾਅਰਾ ਮਾਰਨ ਤੋਂ ਇਲਾਵਾ, ਦੋਸ਼ੀਆਂ ਲਈ ਸਖਤ ਤੋਂ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ। 
ਸਭਾ ਦੀ ਕੋ-ਆਰਡੀਨੇਟਰ ਗੁਰਚਰਨ ਥਿੰਦ ਨੇ, ਦੋ ਸਾਲ ਬਾਅਦ, ਜਨਵਰੀ ਵਿੱਚ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ ਦਾ ਬਕਾਇਦਾ ਐਲਾਨ ਕੀਤਾ– ਕਿਉਂਕਿ ਪਿਛਲੀਆਂ ਕੁੱਝ ਮੀਟਿੰਗਾਂ ਵਿੱਚ ਬਹੁਤੇ ਮੈਂਬਰ ਵਤਨ ਫੇਰੀ ਤੇ ਗਏ ਹੋਣ ਕਾਰਨ ਗੈਰਹਾਜ਼ਰ ਸਨ। ਉਹਨਾਂ ਨਵੀਂ ਕਮੇਟੀ ਵਿੱਚ ਹੋਈਆਂ ਤਬਦੀਲੀਆਂ ਤੋਂ ਸਭ ਮੈਂਬਰਾਂ ਨੂੰ ਜਾਣੂੰ ਕਰਵਾਇਆ। ਉਹਨਾਂ ਇਹ ਵੀ ਦੱਸਿਆ ਕਿ ਆਪਣੀ ਸਭਾ ਵਿੱਚ, ਹਰ ਮਹੀਨੇ ਕਿਸੇ ਅਹਿਮ ਮੁੱਦੇ ਤੇ ਵਿਚਾਰ ਵਟਾਂਦਰਾ ਹੋਇਆ ਕਰੇਗਾ। ਇਸ ਵਾਰ ਮੁੱਦੇ ਦਾ ਵਿਸ਼ਾ ਸੀ- ਜੇ ਸਾਡੇ ਟੀਨ ਏਜਰ ਬੱਚੇ, ਦੋਹਤੇ,  ਪੋਤੇ, ਪੋਤੀਆਂ, ਕਿਸੇ ਨੂੰ ਪਸੰਦ ਕਰਦੇ ਹਨ ਜਾਂ ਦੋਸਤ ਬਣਾਉਂਦੇ ਹਨ ਤੇ ਉਸ ਨਾਲ ਡੇਟਿੰਗ (ਘੁੰਮਣ ਜਾਣਾ ਤੇ ਗੱਲਬਾਤ ਕਰਕੇ ਇੱਕ ਦੂਜੇ ਨੂੰ ਜਾਨਣਾ) ਤੇ ਜਾਂਦੇ ਹਨ ਜਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਸਾਡਾ ਪ੍ਰਤੀਕਰਮ ਕੀ ਹੋਏਗਾ?
ਇਸ ਵਿਸ਼ੇ ਤੇ ਇੱਕ ਘੰਟਾ ਖੁਲ੍ਹੀ ਬਹਿਸ ਹੋਈ- ਜਿਸ ਵਿੱਚ ਸਭਾ ਦੇ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਸਭ ਨੇ ਆਪੋ ਆਪਣੇ ਵਿਚਾਰ ਤੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਡਾ. ਬਰਾੜ ਨੇ ਕਿਹਾ ਕਿ ਸਾਨੂੰ ਇਸ ਦੇਸ਼ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੋਚ ਮੋਕਲੀ ਕਰਨੀ ਪਏਗੀ। ਬੱਚਿਆਂ ਦੇ ਦੋਸਤ ਬਣ ਕੇ ਉਹਨਾਂ ਨੂੰ ਵਿਸ਼ਵਾਸ ਵਿੱਚ ਲਵੋ ਤਾਂ ਕਿ ਉਹ ਹਰ ਚੰਗੀ ਮੰਦੀgathering in cwca meeting april, 2018,2 ਗੱਲ ਮਾਪਿਆਂ ਜਾਂ ਦਾਦੀਆਂ ਨਾਨੀਆਂ ਨਾਲ ਸਾਂਝੀ ਕਰਨ। ਗੁਰਦੀਸ਼ ਗਰੇਵਾਲ ਨੇ ਵੀ ਕਿਹਾ ਕਿ ਅਸੀਂ ਮਲਟੀਕਲਚਰਲ ਦੇਸ਼ ਵਿੱਚ ਵਸੇ ਹਾਂ ਤਾਂ ਸਾਡਾ ਤੇ ਸਾਡੇ ਬੱਚਿਆਂ ਦਾ ਵਾਹ ਵੱਖੋ ਵੱਖ ਕਮਿਊਨਿਟੀ ਦੇ ਲੋਕਾਂ ਨਾਲ ਪੈਣਾ ਹੈ। ਸੋ ਬੱਚਿਆਂ ਨੂੰ ਚੰਗੇ ਮੰਦੇ ਦੀ ਸਿਖਿਆ ਤਾਂ ਦਿਓ ਪਰ ਆਪਣੀ ਮਰਜ਼ੀ ਅਸੀਂ ਬੱਚਿਆਂ ਤੇ ਨਹੀਂ ਠੋਸ ਸਕਦੇ। ਉਹਨਾਂ  ‘ਖਾਲਸਾ ਪੰਥ’ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਡੇ ਤਾਂ ਗੁਰੁ ਸਾਹਿਬਾਂ ਨੇ ਵੱਖੋ ਵੱਖ ਜਾਤਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ, ਜਾਤ ਪਾਤ ਖਤਮ ਕਰ ਦਿੱਤੀ ਸੀ ਪਰ ਅਸੀਂ ਅਜੇ ਵੀ ਜਾਤ ਗੋਤ ਤੋਂ ਉਪਰ ਨਹੀਂ ਉਠ ਸਕੇ। ਮਿਸਜ਼ ਗਿੱਲ ਨੇ ਆਪਣਾ ਸਤਾਈ ਸਾਲ ਦਾ ਟੀਚਿੰਗ ਤਜ਼ਰਬਾ ਤੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ- ਜਦੋਂ ਤੁਹਾਡੇ ਬੱਚੇ ਟੀਨ-ਏਜਰ ਹੋਏ ਤਾਂ ਤੁਹਾਡੇ ਘਰਾਂ ਵਿੱਚ ਫਾਰਮ ਆ ਜਾਣੇ ਹਨ ਭਰਨ ਲਈ ਕਿ- ਕੀ ਤੁਸੀ ਆਪਣੇ ਬੱਚੇ ਨੂੰ ਸੈਕਸ ਐਜੂਕੇਸ਼ਨ ਪੜ੍ਹਾਉਣੀ ਚਾਹੁੰਦੇ ਹੋ? ਡਰ ਨਾ ਜਾਣਾ-  ਇਸ ਉਮਰ ਵਿੱਚ ਬੱਚੇ ਦੇ ਸਰੀਰ ਵਿੱਚ ਜੋ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ, ਉਹਨਾਂ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜਰੁਰੀ ਹੈ। ਇਸ ਬਹਿਸ ਵਿੱਚ- ਸਰਬਜੀਤ ਉੱਪਲ, ਗੁਰਮੀਤ ਮੱਲ੍ਹੀ, ਸੁਰਿੰਦਰ ਚੀਮਾ, ਕੁਲਦੀਪ ਘਟੌੜਾ, ਜਸਵਿੰਦਰ ਕੌਰ, ਸੁਰਿੰਦਰਪਾਲ ਕੈਂਥ, ਗੁਰਤੇਜ ਸਿੱਧੂ, ਸੁਰਿੰਦਰ ਸੰਧੂ ਅਤੇ ਅਮਰਜੀਤ ਗਰੇਵਾਲ ਨੇ ਹਿੱਸਾ ਲਿਆ। ਇਸ ਵਿਚਾਰ ਵਟਾਂਦਰੇ ਵਿੱਚੋਂ ਕਈ ਗੱਲਾਂ ਉੱਭਰ ਕੇ ਸਾਹਮਣੇ ਆਈਆਂ। ਜਿਵੇਂ- ਸਮੇਂ ਦੀ ਰਫਤਾਰ ਦੇ ਨਾਲ ਪੀੜ੍ਹੀ ਦਰ ਪੀੜ੍ਹੀ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨ- ਸੋ ਨਵੀਂ ਪੀੜ੍ਹੀ ਦੇ ਹਾਣ ਦਾ ਬਨਣ ਲਈ ਸਾਨੂੰ ਇਹਨਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਹੀ ਪਏਗਾ। ਸਾਡੇ ਟੀਨ- ਏਜਰ ਬੱਚਿਆਂ ਨੇ ਵੀ ਬਾਕੀ ਦੋਸਤਾਂ ਦੀ ਤਰ੍ਹਾਂ ਗਰਲ-ਫਰੈਂਡ ਜਾਂ ਬੁਆਏ ਫਰੈਂਡ ਬਨਾਉਣੇ ਹਨ- ਉਹਨਾਂ ਦੇ ਦੋਸਤਾਂ ਨੂੰ ਮਿਲੋ ਤੇ ਜਾਣੋ। ਬੱਚਿਆਂ ਤੇ ਅੱਖ ਜਰੂਰ ਰੱਖੋ ਪਰ ਉਹਨਾਂ ਤੇ ਭਰੋਸਾ ਵੀ ਰਖੋ। ਉਹਨਾਂ ਨੂੰ ਖੁਲ੍ਹ ਵੀ ਦਿਓ ਪਰ ਦੋਸਤੀ ਪਾਓ ਤੇ ਵਿਸ਼ਵਾਸ ‘ਚ ਲਓ। ਜੇ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਹਨ ਤਾਂ ਨਰਾਜ਼ ਹੋਣ ਦੀ ਬਜਾਏ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਹੀ ਬੇਹਤਰੀ ਹੈ। ਡਾ. ਬਰਾੜ ਨੇ Baljinder gill giving views on subject1ਕਿਹਾ ਕਿ- ਸਾਡੇ ਤੇ ਬੱਚਿਆਂ ਵਿਚਕਾਰ ਇੱਕ ਹੋਰ ਪੀੜ੍ਹੀ ਉਹਨਾਂ ਦੇ ਮਾਪੇ ਵੀ ਹਨ। ਅਸੀਂ ਨਾਨੀਆਂ ਦਾਦੀਆਂ ਉਹਨਾਂ ਦੀਆਂ ਚੰਗੀਆਂ ਮੰਦੀਆਂ ਹਰਕਤਾਂ ਨੋਟ ਕਰਕੇ, ਉਹਨਾਂ ਦੇ ਮਾਪਿਆਂ ਨੂੰ ਸੂਚਨਾ ਦੇ ਸਕਦੀਆਂ ਹਾਂ। ਕੁੱਝ ਮਾਪਿਆਂ ਨੇ ਜਵਾਨ ਹੋ ਰਹੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਚਿੰਤਾ ਵੀ ਜ਼ਾਹਰ ਕੀਤੀ। 
ਚਾਹ ਤੋਂ ਬਾਅਦ, ਰਚਨਾਵਾਂ ਦਾ ਦੌਰ ਆਰੰਭ ਹੋਇਆ। ਵਤਨ ਤੋਂ ਪਰਤੀਆਂ ਭੈਣਾਂ ਨੇ, ਆਪੋ ਆਪਣੀਆਂ ਸਰਗਰਮੀਆਂ ਦੀ ਸਭ ਨਾਲ ਸਾਂਝ ਪਾਈ। ਡਾ. ਬਰਾੜ ਨੇ ਦੱਸਿਆ ਕਿ –’ਮਾਨਸਾ ਕਾਲਜ ਵਿੱਚ ਮੈਨੂੰ ਰੂ-ਬ-ਰੂ ਲਈ ਬੁਲਾਇਆ ਗਿਆ ਸੀ, ਜਿੱਥੇ ਮੈਨੂੰ 25 ਸਾਲ ਬਾਅਦ ਇੱਕ ਵਿਦਿਆਰਥੀ ਮਿਲਿਆ- ਜਿਸ ਨੂੰ ਅੱਤਵਾਦ ਦੇ ਦਿਨਾਂ ਵਿੱਚ ਮੈਂ ਪੁਲਿਸ ਤੋਂ ਬਚਾਇਆ ਸੀ। ਉਹ ਸਟੇਜ ਤੋਂ ਆਪਣੀ ਕਹਾਣੀ ਦੱਸ ਜੇ ਜ਼ਾਰੋ-ਜ਼ਾਰ ਰੋ ਪਿਆ– ਤੇ ਉਸ ਨੂੰ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਜੋ ਸਕੂਨ ਮੈਂਨੂੰ ਮਿਲਿਆ, ਉਹ ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ’। ਰਚਨਾਵਾਂ ਵਿੱਚ ਸਭ ਤੋਂ ਪਹਿਲਾਂ- ਸਰਬਜੀਤ ਉੱਪਲ ਨੇ ਆਪਣੇ ਪਰਿਵਾਰ ਤੇ ਅਧਾਰਤ ਲੇਖ ‘ਗੁਲਦਸਤਾ’ ਸੁਣਾਇਆ ਜਿਸ ਵਿੱਚ ਉਹਨਾਂ ਆਪਣੇ ਚਾਰੇ ਬੱਚਿਆਂ ਦੇ ਮਰਜ਼ੀ ਨਾਲ ਦੂਜੇ ਧਰਮਾਂ ਦੇ ਜੀਵਨ ਸਾਥੀ ਚੁਣਨ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ- ‘ਸਭ ਰੰਗ ਲਾਯਾ ਖ਼ੁਦਾ ਮੇਰੇ ਘਰ ਮੇਂ, ਏਕ ਗੁਲਦਸਤਾ ਸਜਾਯਾ ਮੇਰੇ ਘਰ ਮੇਂ’। ਹਰਚਰਨ ਬਾਸੀ ਨੇ ਗੁਰਦੀਸ਼ ਗਰੇਵਾਲ ਦਾ ਗੀਤ-‘ਉਸ ਪੰਥ ਸਜਾਇਆ ਹੈ’, ਕਮਲਾ ਸ਼ਰਮਾ ਨੇ ਕੈਨੇਡਾ ਦੀ ਸਿਫਤ ਦਾ ਗੀਤ, ਸੁਰਿੰਦਰ ਸੰਧੂ ਨੇ ਗੀਤ, ਗੁਰਮੀਤ ਮੱਲ੍ਹੀ ਨੇ ਮਾਛੀਵਾੜੇ ਦੀ ਕਵਿਤਾ, ਮੁਖਤਿਆਰ ਢਿਲੋਂ ਨੇ ਮਾਂ-ਪਿਓ ਦੀ ਕਦਰ ਦਾ ਗੀਤ, ਗੁਰਚਰਨ ਥਿੰਦ ਨੇ ਕਿਸਾਨ ਖੁਦਕਸ਼ੀਆਂ ਦੀ ਗੱਲ, ਰਵਿੰਦਰ ਨੇ ਬੋਲੀ ਅਤੇ ਗੁਰਦੀਸ਼ ਗਰੇਵਾਲ ਨੇ ਸ਼ੇਅਰ ਰਾਹੀਂ ਵਿਸਾਖੀ ਨੂੰ ਸਿਜਦਾ ਕੀਤਾ।
ਅੰਤ ਵਿੱਚ ਅਤੀਆ ਆਸ਼ਿਨਾ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਭਾ ਵਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਉਹਨਾਂ ਸਭਾ ਦੀ ਕਾਰਗੁਜ਼ਾਰੀ ਤੇ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ। ਬਹੁਤੀਆਂ ਭੈਣਾਂ ਨੇ ਵਧੀਆ ਸਰੋਤੇ ਹੋਣ ਦੀ ਭੂਮਿਕਾ ਨਿਭਾਈ। ਡਾ. ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਸੋ ਇਸ ਤਰ੍ਹਾਂ ਇਹ ਮੀਟਿੰਗ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਬਰਾੜ 403-590-9629 ਗੁਰਚਰਨ ਥਿੰਦ 403-402-9635 ਜਾਂ ਗੁਰਦੀਸ਼ ਕੌਰ ਗਰੇਵਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।