Get Adobe Flash player

ਟਰਾਂਸਪੋਰਟ ਪੰਜਾਬੀਆਂ ਦਾ ਖੇਤੀਬਾੜੀ ਤੋਂ ਬਾਅਦ ਮੁੱਖ ਧੰਦਾ ਹੈ। ਪੰਜਾਬੀ ਦੁਨੀਆਂ ਵਿਚ ਜਿੱਥੇਜਿੱਥੇ ਵੀ ਗਏ ਉੱਥੇ ਖੇਤੀਬਾੜੀ ਤੇ ਟਰਾਂਸਪੋਰਟ ਦੇ ਧੰਦੇ ਵੀ ਨਾਲ ਲੈ

ਮੰਗਲ ਚੱਠਾ

ਮੰਗਲ ਚੱਠਾ

ਗਏ। ਪੰਜਾਬ ਤੋਂ ਬਾਹਰ ਭਾਰਤ ਵਿਚ ਵੀ ਜਿੱਥੇ ਪੰਜਾਬੀਆਂ ਨੇ ਯੂਪੀ,ਹਰਿਆਣਾ, ਰਾਜਸਥਾਨ ਆਦਿ ਵਿੱਚ ਬੰਜਰ ਜ਼ਮੀਨਾਂ ਅਬਾਦ ਕਰਕੇ ਭਾਰਤ ਦੇ ਅੰਨ-ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਉੱਥੇ ਮੁੰਬਈ, ਬਿਹਾਰ, ਬੰਗਾਲ ਆਦਿ ਵਿਚ ਵੱਡੀਆਂ ਟਰਾਂਸਪੋਰਟ ਕੰਪਨੀਆਂ ਵੀ ਖੋਲੀਆਂ। 
                                          ਸੱਠਵੇਂ ਤੇ ਸੱਤਰਵੇਂ ਦਹਾਕੇ ਵਿੱਚ ਜਦੋਂ ਪੰਜਾਬੀ ਬਹੁਤੀ ਤਾਦਾਦ (ਮਾਤਰਾ) ਵਿੱਚ ਅਮਰੀਕਾ,ਕੈਨੇਡਾ, ਯੂਰਪ ਅਤੇ ਹੋਰ ਦੇਸ਼ਾਂ ਵਿੱਚ ਆਏ ਤਾਂ ਬੇਸ਼ਕ ਉੱਥੇ ਟਰਾਂਸਪੋਰਟ ਅਤੇ ਖੇਤੀ ਪਹਿਲਾਂ ਹੀ ਕਾਫੀ ਵਿਕਸਤ ਸੀ ਪਰ ਪੰਜਾਬੀ ਆਪਣੀ ਮਿਹਨਤ, ਸਿਦਕ ਅਤੇ ਤਜਰਬੇ ਦੇ ਹਿਸਾਬ ਨਾਲ ਬਹੁਤ ਸਫਲ ਹੋਏ ਜਾਂ ਸਮੇਂ ਦੇ ਨਾਲ ਇਹ ਧੰਦਾ ਉਹਨਾਂ ਦੇ ਨਾਮ ਨਾਲ ਜੁੜ ਗਿਆ ਜਿੱਥੇ ਅੱਜ ਗੰਨੇ ਦਾ ਬਾਦਸ਼ਾਹ ਚੰਨਣ ਸਿੰਘ ਚੱਠਾ (ਕੀਨੀਆ, ਅਫਰੀਕਾ), ਆਲੂਆਂ ਦਾ ਬਾਸਸ਼ਾਹ ਹਰਦੇਵ ਸਿੰਘ ਸੰਘਾ (ਪੰਜਾਬ), ਸੌਗੀ ਦਾ ਬਾਦਸ਼ਾਹ ਚਰਨਜੀਤ ਸਿੰਘ ਬਾਠ ਅਤੇ ਦੀਦਾਰ ਸਿੰਘ ਬੈਂਸ (ਦੋਵੇ ਕੈਲੋਫੋਰਨੀਆਂ) ਆਦਿ ਨੇ ਵੱਡੇ ਪੱਧਰ ਤੇ ਖੇਤੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਅਤੇ ਉੱਥੇ ਹੀ ਪੰਜਾਬੀਆਂ ਨੇ ਸਿੰਡੀਕੇਟ, ਲਾਈਟ ਸਪੀਡ ਅਤੇ ਅਕੌਰਡ ਵਰਗੀਆਂ ਵੱਡੀਆਂ ਟਰਾਂਸਪੋਰਟ ਕੰਪਨੀਆਂ ਖੜ੍ਹੀਆਂ ਕਰਕੇ ਟਰਾਂਸਪੋਰਟ ਦੇ ਕਿੱਤੇ ਵਿਚ ਆਪਣੀ ਧਾਂਕ ਜਮਾਈ।
                                       ਮੇਰੇ ਇਸ ਲੇਖ ਨਾਲ ਵੱਡੇ ਟਰਾਂਸਪੋਰਟਰਾਂ ਨੂੰ ਤਾਂ ਨਹੀਂ ਪਰ ਜਿਹੜੇ ਮੇਰੇ ਨਵੇਂ ਵੀਰ ਇਸ  ਕਿੱਤੇ ਵਿੱਚ ਆ ਰਹੇ ਹਨ ਜਾਂ ਇੱਕ ਦੋ ਟਰੱਕ ਵੱਡੀਆਂ ਕੰਪਨੀਆਂ ਨਾਲ ਪਾ ਰਹੇ ਹਨ ਉਹਨਾਂ ਨੂੰ ਜਰੂਰ ਕੁਝ ਨਾ ਕੁਝ ਲਾਭ ਹੋਵੇਗਾ। ਕਈ ਪੰਜਾਬੀ ਵੀਰ ਤਾਂ ਤਜਰਬੇ ਤੋਂ ਬਾਅਦ ਟਰੱਕ ਪਾਉਂਦੇ ਹਨ, ਉਹ ਤਾਂ ਕਾਮਯਾਬ ਹੋ ਜਾਂਦੇ ਹਨ, ਪਰ ਕਈ ਵੀਰ ਬਿਨਾਂ ਤਜਰਬੇ ਜਾਂ ਸਹੀ ਸਲਾਹ ਦੇ ਵੋਖੋ-ਵੇਖੀ ਟਰੱਕ ਪਾ ਲੈਂਦੇ ਹਨ। ਉਹਨਾਂ ਵਿਚੋਂ ਬਹੁਤੇ ਤਾਂ ਫੇਲ ਹੋ ਜਾਂਦੇ ਹਨ ਪਰ ਜਿਹੜੇ ਕਾਮਯਾਬ ਵੀ ਹੁੰਦੇ ਹਨ ਉਹ ਵੀ ਬੜੀ ਮੁਸ਼ਕਲ ਨਾਲ। ਕਈ ਸਾਡੇ ਵੀਰ ਆਪਣੇ ਇੰਡੀਆਂ ਦੇ ਤਜਰਬੇ ਦੇ ਹਿਸਾਬ ਨਾਲ ਟਰੱਕ ਪਾ ਲੈਂਦੇ ਹਨ ਜਿਵੇਂ ਉੱਥੇ ਮਾਲਕ ਦੀ ਆਮਦਨ ਮਹੀਨੇ ਦੀ 20,000 ਰੁਪਏ ਹੁੰਦੀ ਹੈ ਤੇ ਡਰਾਈਵਰ ਦੀ ਤਨਖਾਹ ਸਿਰਫ 4,000 ਬਣਦੀ ਹੈ, ਪਰ ਇੱਥੇ ਬਿਲਕੁੱਲ  ਉਲਟ ਹੈ ਅਤੇ ਜੇਕਰ ਡਰਾਈਵਰ ਮਹੀਨੇ ਦਾ 5,000 ਡਾਲਰ ਬਣਾਉਂਦਾ ਹੈ ਤਾਂ ਮਾਲਕ ਨੂੰ ਬੜੀ ਮੁਸ਼ਕਲ ਨਾਲ ਮਹੀਨੇ ਦਾ 17-18 ਸੋ ਡਾਲਰ ਬਣਦਾ ਹੈ,ਉਹ ਵੀ ਜੇਕਰ ਸਭ ਕੁਝ ਠੀਕ-ਠਾਕ ਚੱਲੀ ਜਾਵੇ। 
                                  ਕਈ ਵਾਰ ਕੰਪਨੀਆਂ ਨੂੰ ਦੋ ਤਿੰਨ ਸਾਲ ਦਾ (ਕੰਟਰੈਕਟ) ਕੰਮ ਮਿਲ ਜਾਂਦਾ ਹੈ ਤਾਂ ਉਹ ਓਨਰ- ਅਪਰੇਟਰ ਹਾਇਰ ਕਰ ਲੈਂਦੀਆਂ ਹਨ। ਕਿਉਂਕਿ ਓਨਰ-ਅਪਰੇਟਰ ਡਰਾਈਵਰ ਨਾਲੋਂ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਤੇ ਸਾਡੇ ਪੰਜਾਬੀ ਵੀਰ ਚਾਲੀ-ਪੰਜਾਹ ਹਜ਼ਾਰ ਦਾ ਟਰੱਕ ਲੈਕੇ (ਖਰੀਦ ਕੇ) ਹਾਇਰ ਹੋ ਜਾਂਦੇ ਹਨ। ਜਿੱਥੇ ਡਰਾਈਵਰ ਦੀ ਸਾਲ ਦੀ ਗਰੋਸ ਸੱਠ ਤੋ ਸੱਤਰ ਹਜ਼ਾਰ ਡਾਲਰ ਹੁੰਦੀ ਹੈ ਉੱਥੇ ਓਨਰ-ਅਪਰੇਟਰ ਦੀ ਗਰੋਸ ਇਕ ਲੱਖ ਵੀਹ ਹਜ਼ਾਰ ਦੇ snap truckਨੇੜੇ-ਤੇੜੇ ਹੁੰਦੀ ਹੈ। ਡੀਜ਼ਲ, ਇੰਸ਼ੋਰੈਸ, ਅਤੇ ਰਿਪੇਅਰ ਤੋਂ ਬਾਅਦ ਅਸਲ ਗਰੌਸ ਅੱਸੀ ਪੰਚਾਸੀ ਹਜ਼ਾਰ ਡਾਲਰ ਦੀ ਹੁੰਦੀ ਹੈ। ਪਰ ਸਾਡੇ ਵੀਰ ਖਰਚੇ ਇਕ ਲੱਖ ਵੀਹ-ਪੱਚੀ ਹਜ਼ਾਰ ਦੀ ਗਰੋਸ ਦੇ ਹਿਸਾਬ ਨਾਲ ਵਧਾ ਲੈਂਦੇ ਹਨ। ਫਿਰ ਉਹਨਾਂ ਨੂੰ ਨਿੱਕਾ ਘਰ ਅਤੇ ਨਿੱਕੀ ਕਾਰ ਚੰਗੀ ਨਹੀਂ ਲੱਗਦੀ ਤੇ ਉਹ ਵੱਡੇ ਘਰ ਅਤੇ ਵੱਡੀਆਂ ਕਾਰਾਂ ਲੈ ਲੈਂਦੇ ਹਨ। ਪਰ ਜਦੋਂ ਦੋ-ਤਿੰਨ ਸਾਲ ਬਾਅਦ ਕੰਪਨੀ ਦਾ (ਕੰਟਰੈਕਟ) ਕੰਮ ਚਲਾ ਜਾਂਦਾ ਹੈ ਤੇ ਸਾਡੇ ਵੀਰਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਜਿਹੜੀ ਕੰਪਨੀ ਵੀਕ ਦੇ 65-70 ਘੰਟੇ ਕੰਮ ਦੇ ਦਿੰਦੀ ਸੀ ਉਹ ਬੜੀ ਮੁਸ਼ਕਲ ਨਾਲ 35-40 ਘੰਟੇ ਹੀ ਕੰਮ ਦਿੰਦੀ ਹੈ ਤਾਂ ਤੁਹਾਡੀ ਆਮਦਨ ਘੱਟਕੇ ਅੱਧੀ ਰਹਿ ਜਾਂਦੀ ਹੈ ਤੇ ਤੁਹਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਫਿਰ ਜਦੋਂ ਟਰੱਕ ਦੀ ਇਨਸਪੈਕਸ਼ਨ ਆ ਜਾਂਦੀ ਹੈ ਕਈ ਵਾਰ ਮਕੈਨਿਕ ਸੱਤ ਤੋਂ ਅੱਠ ਹਜਾਰ ਡਾਲਰ ਦਾ ਐਸਟੀਮੇਟ ਲਾ ਦਿੰਦਾ ਹੈ। ਇਸ ਘੜੀ ਵਿਚ ਤੁਸੀ ਹੋਰ ਵੀ ਮੁਸ਼ਕਲ ਵਿਚ ਫਸ ਜਾਂਦੇ ਹੋ। ਤੁਸੀ ਸੋਚਦੇ ਹੋ ਟਰੱਕ ਵੇਚ ਦੇਈਏ ਜਾਂ                                                                                                                                 
ਕਿਸੇ ਹੋਰ ਕੰਪਨੀ ਵਿਚ ਪਾ ਲਈਏ। ਕਿਉਂਕਿ ਹੋਰ ਕੰਪਨੀਆਂ ਵਿਚ ਡਰਾਈਵਰ ਡਰਾਈਵਰੀ ਕਰਕੇ ਤੁਹਾਡੇ ਨਾਲੋ ਜ਼ਿਆਦਾ ਡਾਲਰ ਕਮਾ ਰਹੇ ਹੁੰਦੇ ਹਨ ਪਰ ਜਦੋਂ ਕਿਸੇ ਹੋਰ ਕੰਪਨੀ ਕੋਲ ਟਰੱਕ ਪਾਉਣ ਲਈ ਜਾਂਦੇ ਹੋ ਤਾਂ ਕੰਪਨੀ ਤੁਹਾਨੂੰ ਕਹਿ ਦਿੰਦੀ ਹੈ ਕਿ ਅਸੀ 9-10 ਸਾਲ ਪੁਰਾਣਾ ਟਰੱਕ ਹਾਇਰ ਨਹੀਂ ਕਰਦੇ। ਕਿਉਂਕਿ ਬਹੁਤੀਆਂ ਕੰਪਨੀਆਂ ਦੀ ਸਕੀਮ (ਪਾਲਿਸੀ) ਹੁੰਦੀ ਹੈ ਕਿ ਉਹ 9-10 ਸਾਲ ਪੁਰਾਣਾ ਟਰੱਕ ਹਾਇਰ ਨਹੀਂ ਕਰਦੀਆਂ ਅਤੇ ਤੁਹਾਡੀ ਇੰਗਲਿਸ਼ ਵੀ ਚੰਗੀ ਹੋਣੀ ਚਾਹੀਦੀ ਹੈ। ਤੁਹਾਡੀ ਕੰਪਨੀ 40 ਘੰਟੇ ਤੋਂ ਵੱਧ ਕੰਮ ਦੇ ਨਹੀਂ ਸਕਦੀ ਤੇ ਹੋਰ ਕੰਪਨੀ ਪੁਰਾਣਾ ਟਰੱਕ ਅਤੇ ਘੱਟ ਇੰਗਲਿੰਸ਼ ਵਾਲੇ ਡਰਾਈਵਰ ਨੂੰ ਹਾਇਰ ਨਹੀਂ ਕਰਦੀ ਤੇ ਤੁਸੀ 7-8 ਹਜ਼ਾਰ ਡਾਲਰ ਇਸ਼ਪੈਕਸ਼ਨ ਤੇ ਲਾਉਣ ਤੋਂ ਡਰਦੇ ਹੋ, ਕਿਉਂਕਿ ਤੁਹਾਡੀ ਕੰਪਨੀ ਕੋਲ ਕੰਮ ਹੈ ਨਹੀਂ, ਸੋ ਇਹੋ ਜਿਹੇ ਹਲਾਤ ਵਿਚ ਤੁਸੀ ਟਰੱਕ ਵੇਚਣ ਲਈ ਮਜ਼ਬੂਰ ਹੋ ਜਾਂਦੇ ਹੋ। ਕਈ ਵਾਰ ਜਿਹੜਾ ਟਰੱਕ ਤੁਸੀ 40-50 ਹਜ਼ਾਰ ਡਾਲਰ ਦਾ ਲਿਆ ਹੈ ਮਜ਼ਬੂਰੀ ਵੱਸ ਦਿਲ ਤੇ ਹੱਥ ਰੱਖਕੇ ਉਹ 10-15 ਹਜ਼ਾਰ ਡਾਲਰ ਵਿਚ ਵੇਚਣਾ ਪੈਂਦਾ ਹੈ। ਇੱਥੇ ਮੈਨੂੰ ਰਾਜ ਬਰਾੜ ਦੀਆਂ ਉਹ ਲਾਇਨਾਂ ਵੀ ਚੇਤੇ ਆਉਂਦੀਆਂ ਹਨ ‘ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ-ਰੋ ਕੇ’ ਜਿਵੇਂ ਜੱਟ ਆਪਣਾ ਟਰੈਕਟਰ ਰੋ-ਰੋ ਕੇ ਵੇਚਦਾ ਹੈ ਉਵੇਂ ਹੀ ਤੁਸੀ ਆਪਣਾ ਟਰੱਕ ਰੋ-ਰੋ ਕੇ ਵੇਚਦੇ ਹੋ, ਕਿਉਂਕਿ ਤੁਹਾਡੀਆਂ ਭਾਵਨਾਵਾਂ ਟਰੱਕ ਨਾਲ ਜੁੜ ਚੁੱਕੀਆਂ ਹੁੰਦੀਆਂ ਹਨ ਤੇ ਮੈਂ ਬਹੁਤੇ ਵੀਰਾਂ ਨੂੰ ਜਾਣਦਾ ਹਾਂ ਜਿਹਨਾਂ ਨੇ ਇੰਝ ਹੀ ਕੀਤਾ ਜਾਂ ਨਵਾਂ ਟਰੱਕ ਲੈਕੇ ਹੋਰ ਕੰਪਨੀ ਵਿਚ ਪਾਇਆ। ਸੋ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
                        ਨਵੇਂ ਵੀਰਾਂ ਨੂੰ ਟਰੱਕ ਪਾਉਣ ਲੱਗਿਆ ਇੱਕ ਹੋਰ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਕਈ ਕੰਪਨੀਆਂ ਟਰੱਕ ਪਾਉਣ ਤੋਂ ਪਹਿਲਾ ਤੁਹਾਡੇ ਨਾਲ ਹੋਰ ਢੰਗ ਨਾਲ ਗੱਲ ਕਰਦੀਆਂ ਹਨ ਤੇ 3-4 ਮਹੀਨੇ ਬਾਅਦ ਕੁਝ ਹੋਰ ਢੰਗ ਨਾਲ ਪੇਸ਼ ਆਉਂਦੀਆਂ ਹਨ। ਜਿਵੇਂ ਤੁਹਾਨੂੰ ਹੱਥੀ ਕੰਮ (Handbombing) ਵਾਲੀ ਜੌਬ ਦਿੰਦੇ ਹਨ ਜਾਂ ਫਿਰ ਕੰਪਨੀ ਕਹਿੰਦੀ ਹੈ ਅੱਜ ਸਿਟੀ ਵਿਚ ਜੌਬ ਹੈ ਨਹੀਂ ਤੇ ਸਾਡਾ ਟਰੱਕ ਲੈਕੇ ਹਾਈਵੇ ਤੇ ਚਲਾ ਜਾ (ਡਰਾਈਵਰੀ ਦੀ ਤਨਖਾਹ ਨਾਲ)। ਡਰਾਈਵਰ ਹੁੰਦਿਆਂ ਤੁਸੀ ਔਖੇ ਕੰਮ ਅਤੇ ਹਾਈਵੇ ਤੇ ਜਾਣ ਤੋਂ ਨਾਂਹ ਕਰ ਸਕਦੇ ਹੋ ਪਰ ਔਨਰ-ਅਪਰੇਟ ਹੁੰਦਿਆਂ ਤੁਸੀ ਫਸ ਜਾਂਦੇ ਹੋ। ਕਿਉਂਕਿ ਟਰੱਕ ਦੀ ਕਿਸ਼ਤ, ਘਰ ਦੀ ਕਿਸ਼ਤ ਤੇ ਹੋਰ ਬਿੱਲਾਂ ਦੀ ਤਲਵਾਰ ਤੁਹਾਡੇ ਸਿਰ ਤੇ ਲਟਕਦੀ ਰਹਿੰਦੀ ਹੈ। ਕਈ ਵਾਰ ਇਹ ਵੀ ਹੁੰਦਾ ਹੈ ਕਿ ਸਾਡੇ ਕਈ ਵੀਰ ਡੈਸਪੈਚਰਾਂ ਨਾਲ ਮਿਲ ਜਾਂਦੇ ਹਨ ਅਤੇ ਔਖਾ ਕੰਮ ਅਤੇ ਹਾਈਵੇ ਤੇ ਜਾਣ ਦਾ ਕੰਮ ਤੁਹਾਨੂੰ ਹੀ ਕਰਨਾ ਪੈੰਦਾ ਹੈ ਬਜਾਇ ਇਸਦੇ ਕਿ ਇਹ ਵਾਰੀ-ਵਾਰੀ ਹੋਰ ਡਰਾਈਵਰ ਵੀ ਕਰਨ। ਇਸ ਤਰ੍ਹਾਂ ਜਦੋ ਔਖਾ ਕੰਮ ਅਤੇ ਹਾਈਵੇ ਤੇ ਜਾਣ ਦਾ ਕੰਮ ਤਹਾਨੂੰ ਹੀ ਕਰਨਾ ਪੈਦਾ ਹੈ ਤਾਂ ਲੋੜੋ ਵੱਧ ਹਰਾਸਮੈਨਟ ਨਾਲ ਤੁਹਾਡੇ ਦਿਲ ਤੇ ਕੀ ਗੁਜ਼ਰਦੀ ਹੈ ਇਹ ਤੁਸੀ ਹੀ ਜਾਣਦੇ ਹੋ। ਸਾਡੇ ਕਈ ਵੀਰ ਇੰਨੇ ਭਲੇਮਾਨਸ ਨਹੀਂ ਕਿ ਡਿਸਪੈਚਰ ਨੂੰ ਖੁਦ ਆਖ ਦੇਣ ਕਿ ਔਖਾ ਕੰਮ ਅਤੇ ਹਾਈਵੇ ਤੇ ਜਾਣ ਦਾ ਕੰਮ ਅਸੀ ਵਾਰੀ-ਵਾਰੀ ਕਰ ਲੈਂਦੇ ਹਾਂ।
                             ਹਾਇਰ ਹੋਣ ਲੱਗਿਆ ਇਸ ਗੱਲ ਦਾ ਵੀ ਖਿਆਲ ਰੱਖੋ ਕਿ ਕਿਸੇ ਕੰਪਨੀ ਨਾਲ 40 ਡਾਲਰ ਘੰਟੇ ਤੋਂ ਘੱਟ ਹਾਇਰ ਨਾ ਹੋਵੋ। ਇਸਤੋਂ ਘੱਟ ਜਿਵੇਂ 35-IMG_565836 ਡਾਲਰ ਘੰਟੇ ਨਾਲ ਤੁਹਾਡੇ ਪੱਲੇ ਸਿਰਫ ਡਰਾਈਵਰੀ ਦੀ ਤਨਖਾਹ ਹੀ ਪਏਗੀ ਅਤੇ ਇਸ ਗੱਲ ਦਾ ਪਤਾ ਤੂਹਾਨੂੰ ਤਿੰਨ ਸਾਲ ਬਾਅਦ ਲੱਗੇਗਾ ਜਦੋਂ ਟਰੱਕ ਨੇ 8-9 ਹਜ਼ਾਰ ਰਿਪੇਅਰ ਦਾ ਖਰਚਾ ਕੱਢਿਆ। ਜੇ ਤੁਹਾਡਾ ਟਰੱਕ ਇੱਕ ਘੰਟੇ ਵਿਚ 14 ਕਿਲੋਮੀਟਰ ਤੋਂ ਵੱਧ ਚਲਦਾ ਹੈ ਤੇ ਤਾਂ ਵੀ ਤੁਹਾਡੇ ਪੱਲੇ ਡਰਾਈਵਰੀ ਦੀ ਤਨਖਾਹ ਹੀ ਪਏਗੀ। ਕਿਉਂਕਿ ਡੀਜ਼ਲ ਅਤੇ ਰਿਪੇਅਰ ਬਹੁਤ ਮਹਿੰਗੀ ਹੈ। ਇੰਡੀਆ ਜਾਣ ਲੱਗੇ ਵੀ ਸਾਨੂੰ ਦੋ ਜਾਂ ਤਿੰਨ ਹਫਤੇ ਤੋਂ ਵੱਧ ਨੀ ਜਾਣਾ ਚਾਹੀਦਾ ਕਿਉਂਕਿ ਸਾਡੇ ਕਈ ਵੀਰ ਤੁਹਾਡੀ ਜੌਬ ਲੈਣ ਲੱਗਿਆ ਤੁਹਾਡੇ ਤੇ ਭੋਰਾ ਵੀ ਤਰਸ ਨਹੀਂ ਕਰਦੇ।
                                                 ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਵੇਂ ਜੱਟ 2ਕੁ ਮੀਂਹ ਪੈਣ ਤੇ ਕੱਦੂ ਮਾਰਕੇ ਝੋਨਾ ਲਾ ਲੈਂਦਾ ਹੈ ਤੇ ਫੇਰ 4 ਮਹੀਨੇ ਉਸਨੂੰ ਪੱਲਿਓ ਤੇਲ ਬਾਲਕੇ ਉਸਦੇ ਪਾਣੀ ਦੀ ਕਮੀ ਪੂਰੀ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਸਾਡੇ ਵੀਰਾਂ ਨੂੰ ਜੂਨ-ਜੁਲਾਈ ਮਹੀਨੇ ਵਿਚ ਕੰਮ ਬਿਝੀ ਦੇਖਕੇ ਟਰੱਕ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਪੂਰੇ ਸਾਲ ਬਾਅਦ ਜੱਟ ਵਾਂਗ ਤੁਹਾਡੇ ਪੱਲੇ ਵੀ ਪਰਾਲੀ ਹੀ ਪਵੇਗੀ। 

                                                                                                
ਕੁਝ ਹੋਰ ਧਿਆਨ ਰੱਖਣਯੋਗ ਗੱਲਾਂ-
1. ਔਨਰ-ਅਪਰੇਟਰ ਦੇ 8 ਸਾਲ ਤੋਂ ਘੰਟੇ ਦੇ 40 ਡਾਲਰ ਚੱਲੇ ਆ ਰਹੇ ਹਨ ਤੇ ਡਰਾਈਵਰ ਦੇ 16 ਤੋਂ 23 ਡਾਲਰ ਹੋ ਗਏ ਹਨ। 
  ਇਸ ਤੋਂ ਇਲਾਵਾ ਰਿਪੇਅਰ ਅਤੇ ਡੀਜ਼ਲ ਦੀ ਕੀਮਤ ਵੀ ਵੱਧ ਗਈ ਹੈ। ਇਸ ਪਾਸੇ ਵੀ ਸੋਚਣ ਦੀ ਲੋੜ ਹੈ।
2. 12 ਘੰਟੇ ਲਾਕੇ ਜੇਕਰ ਤੁਹਾਡਾ ਟਰੱਕ 200 ਕਿਲੋਮੀਟਰ ਚੱਲ ਗਿਆ ਤਾਂ ਤੁਹਾਡੇ ਪੱਲੇ ਡਰਾਈਵਰੀ ਦੀ ਤਨਖਾਹ ਤੋਂ ਬਿਨਾਂ ਕੁਝ 
   ਵੀ ਨਹੀਂ ਪਏਗਾ।
3. ਆਪਣੇ ਟਰੱਕ ਤੇ 10 ਤੋਂ 15 ਘੰਟੇ ਮਹੀਨੇ ਦੇ ਰਿਪੇਅਰ ਕਰਾਉਣ ਲੱਗਿਆ ਖਰਾਬ ਹੋ ਜਾਂਦੇ ਹਨ ਤੇ ਕਈ ਵਾਰੀ ਵੀਕਐਂਡ ਵੀ 
   ਖਰਾਬ ਹੋ ਜਾਂਦਾ ਹੈ। ਇਹ ਘੰਟੇ ਵੀ ਸਾਨੂੰ ਅਕਾਉਂਟ ਕਰਨੇ ਚਾਹੀਦੇ ਹਨ।
4. 4-5 ਟਰੱਕ ਪਾਉਣ ਤੋਂ ਬਾਅਦ ਤੁਸੀ ਖੁਦ ਟਰੱਕ ਨਹੀਂ ਚਲਾ ਸਕਦੇ, ਕਿAਂਕਿ ਉਹਨਾਂ ਦੀ ਰਿਪੇਅਰ ਆਦਿ ਤੇ ਕਾਫੀ ਟਾਈਮ 
   ਖਰਾਬ ਹੋ ਜਾਂਦਾ ਹੈ। ਮੈਨੂੰ ਲੱਗਦਾ ਹੈ ਜਿੰਨੀ ਤੁਸੀ ਇੱਕ ਟਰੱਕ ਚਲਾ ਕੇ ਆਮਦਨ ਬਣਾ ਸਕਦੇ ਹੋ ਉਨੀ ਹੀ ਤੁਹਾਡੀ ਆਮਦਨ 
   4-5 ਟਰੱਕਾਂ ਦੀ ਆਪ ਡਰਾਈਵਰੀ ਨਾ ਕਰਕੇ ਹੋਵੇਗੀ।
5. ਜਿਹੜੀ ਟਰੱਕ ਦੀ ਰਿਪੇਅਰ ਹੋਣ ਵਾਲੀ ਹੈ ਕੱਲ ਤੇ ਨਾ ਛੱਡੋ, ਜੇ ਛੱਡੋਗੇ ਦਿਹਾੜੀ ਵੀ ਜਾਏਗੀ ਅਤੇ ਟਰੱਕ ਟੋਅ ਕਰਵਾਉਣ ਦੇ 
    ਡਾਲਰ ਵੱਖਰੇ ਪੈ ਜਾਣਗੇ ਤੇ ਕੰਪਨੀ ਵੱਲੋਂ ਫਿਟਕਾਰ ਵੱਖਰੀ ਪਏਗੀ ਅਤੇ ਕਸਟਮਰ ਵੀ ਖਰਾਬ ਹੋਵੇਗਾ। ਜੇ ਟਰੱਕ ਦੋ-ਤਿੰਨ 
    ਵਾਰ ਰੋਡ ਤੇ ਖਰਾਬ ਹੋ ਗਿਆ ਤਾਂ ਕੰਪਨੀ ਤੁਹਾਨੂੰ ਫਾਇਰ ਵੀ ਕਰ ਸਕਦੀ ਹੈ।
6. ਕਸਟਮਰ ਨਾਲ ਚੰਗਾ ਵਿਹਾਰ ਕਰੋ। ਕੋਈ ਵਾਧੂ ਦਾ ਹਾਸਾ ਮਜਾਕ ਨਾ ਕਰੋ। 
7. 6 ਮਹੀਨੇ ਬਾਅਦ ਟਰੱਕ ਦਾ ਚੈਕ-ਅੱਪ ( ਮਿੰਨੀ ਇਸਪੈਕਸਨ) ਜਰੂਰ ਕਰਾ ਲਵੋ।
8. ਨਵੀਂ ਕੰਪਨੀ ਨਾਲ ਵੀ ਟਰੱਕ ਸੋਚ-ਸਮਝ ਕੇ ਪਾਓ, ਕਈ ਵਾਰੀ ਨਵੀਂ ਕੰਪਨੀ ਬੈਂਕ-ਕਰਪਸੀ ਕਰ ਦਿੰਦੀ ਹੈ ਤੇ ਤੁਹਾਡਾ 15 ਤੋਂ 
   20 ਹਜ਼ਾਰ ਡਾਲਰ ਮਰ ਸਕਦਾ ਹੈ। 
                        ਅਖੀਰ ਵਿਚ ਮੇਰਾ ਇਹ ਲੇਖ ਲਿਖਣ ਦਾ ਮਕਸਦ ਵਾਧੂ ਦਾ ਕਿਸੇ ਨੂੰ ਡਰਾਉਣਾ ਜਾਂ ਇਹ ਸਿੱਧ ਕਰਨਾ ਨਹੀਂ ਕਿ ਟਰੱਕ ਨਾ ਪਾਓ। ਟਰੱਕ ਵਾਰੇ-ਵਾਰੇ ਪਾਓ ,ਪਰ ਸੋਚ ਸਮਝਕੇ। ਉਹ ਗੱਲ ਵੀ ਨਾ ਹੋਵੇ ਕਿ ਤੁਸੀ ਲੋਕਲੱਜ ਦੇ ਮਾਰੇ ਟਰੱਕ ਵੇਚੋ ਵੀ ਨਾ ਭਾਵੇ ਤੁਹਾਨੂੰ ਘਾਟਾ ਹੀ ਪੈਂਦਾ ਹੋਵੇ ਤੇ ਪੰਜਾਬੀ ਦੀ ਕਹਾਵਤ ਵਾਂਗ ਗੱਲ ਹੋਵੇ ਕਿ-
                               ਮੱਝ ਵੇਚਕੇ ਘੋੜੀ ਲਈ,
                               ਦੁੱਧ ਪੀਣੋ ਗਏ ਲਿੱਦ ਚੁੱਕਣੀ ਪਈ।
ਭਾਵ ਤੁਸੀ ਟਰੱਕ ਦੀ ਚੋਖੀ ਆਮਦਨ ਸੋਚਦੇ-ਸੋਚਦੇ ਡਰਾਇਵਰੀ ਦੀ ਤਨਖਾਹ ਤੋਂ ਵੀ ਹੱਥ ਧੋ ਬੈਠੋ।
                                                                                                                                                   ਮੰਗਲ ਚੱਠਾ, ਕੈਲਗਰੀ
                                                                                                                                                    ਫੋਨ ਨੰ: 403-708-1596