Get Adobe Flash player

ਗੁਰਚਰਨ ਕੌਰ ਥਿੰਦ :-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਇਕੱਤਰਤਾ ਮਿੱਤੀ 08-06-2013 ਨੂੰ ਸ਼ੋਰੀ ਲਾਅ ਬਿਲਡਿੰਗ ਦੇ ਕਮਰਾ ਨੰਬਰ ੨੨੦ ਵਿੱਚ r w,aਆਯੋਜਿਤ ਕੀਤੀ ਗਈ। ਪ੍ਰਧਾਨ ਗੁਰਮੀਤ ਕੌਰ ਸਰਪਾਲ ਨੇ ਆਸ਼ਾ ਓਬਰਾਏ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦੇਣ ਉਪਰੰਤ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ।
ਉਪਰੰਤ ਸੁਚੱਜੀ ਜ਼ਿੰਦਗੀ ਲਈ ਸਿਹਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਅਜੋਕੇ ਸਮੇਂ ਦੀਆਂ ਆਮ ਤੇ ਨਾਮੁਰਾਦ ਬੀਮਾਰੀਆਂ ਹਾਈਪਰਟੈਂਸ਼ਨ ਅਤੇ ਡਾਇਬੀਟੀਜ਼ ਨੂੰ ਕਸਰਤ ਦੁਆਰਾ, ਸਹੀ ਭੋਜਨ ਦੇ ਸੇਵਨ ਦੁਆਰਾ, ਹਾਂ-ਪੱਖੀ ਸੋਚ ਅਤੇ ਤਨਾਅ ਮੁਕਤ ਰਹਿ ਕੇ ਕੰਟਰੋਲ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅਜਿਹਾ ਨਿਯਮਤ ਰੂਪ ਵਿੱਚ ਕਰਨ ਨਾਲ ਦਵਾਈਆਂ ਦੇ ਬਗੈਰ ਹੀ ਜਾਂ ਇਨ੍ਹਾਂ ਦੀ ਬਹੁਤ ਘੱਟ ਵਰਤੋਂ ਕਰਕੇ ਵਿਅਕਤੀ ਆਨੰਦਮਈ ਜੀਵਨ ਜਿਉ ਸਕਦਾ ਹੈ।ਇਸੇ ਤਰ੍ਹਾਂ ਗੈਸ ਤੋਂ ਪੀੜਤ ਵਿਅਕਤੀ ਜੇਕਰ ਲੱਸਣ ਦੀ ਵਰਤੋਂ ਕਰਨ ਤਾਂ ਇਸ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹਨ।ਇਸ ਲਈ ਉਹਨਾਂ ਖਾਸ ਨੁਸਖਾ ਸੁਝਾਇਆ। ਇੱਕ ਕੱਪ ਪਾਣੀ ਵਿੱਚ ਇੱਕ ਤੁਰੀ ਲੱਸਣ, ਅਦਰਕ, ਇੱਕ ਹਰੀ ਇਲਾਇਚੀ ਅਤੇ ਸੌਂਫ ਨੂੰ ਮੱਠੇ ਸੇਕ ਤੇ ਦਸ ਕੁ ਮਿੰਟ ਲਈ ਉਬਾਲੋ ਅਤੇ ਫਿਰ ਲੋੜ ਅਨੁਸਾਰ ਦੁੱਧ ਪੱਤੀ ਤੇ ਚੀਨੀ ਪਾ ਕੇ ਚਾਹ ਬਣਾ ਲਓ।ਲੱਸਣ ਦੀ ਰਤਾ ਵੀ ਗੰਧ ਨਹੀਂ ਆਵੇਗੀ। ਰਾਤ ਨੂੰ ਨੀਂਦਰ ਨਾ ਆਉਂਦੀ ਹੋਵੇ ਤਾਂ ਇਸੇ ਮਿਸ਼ਰਣ ਨੂੰ ਬਿਨਾ ਦੁੱਧ ਦੇ ਲਓ, ਜੀਅ ਭਰਕੇ ਸੌਵੋਗੇ। ਜੇਕਰ ਕੈਲਿਸਟ੍ਰੌਲ ਜਾਂ ਡਾਇਬਟੀਜ਼ ਹੋਵੇ ਤਾਂ ਥੋੜ੍ਹੀ ਜਿਹੀ ਦਾਲਚੀਨੀ ਪਾ ਲਓ।ਹਾਜ਼ਮੇ ਵਾਸਤੇ ਪੁਦੀਨੇ ਦੇ ਪੱਤੇ ਵੀ ਪਾ ਸਕਦੇ ਹੋ।ਪੇਟ ਦੀ ਗੈਸ ਦੇ ਇਲਾਜ ਲਈ ਗੁਰਤੇਜ ਸਿੱਧੂ ਨੇ ਸਵੇਰ ਵੇਲੇ ਗੁੜ ਨਾਲ ਰੋਟੀ ਖਾਣ ਬਾਰੇ ਦੱਸਿਆ।ਸਿਹਤ ਸਬੰਧੀ ਇਸ ਜਾਣਕਾਰੀ ਨੂੰ ਸਭ ਨੇ ਬਹੁਤ ਪਸੰਦ ਕੀਤਾ ਅਤੇ ਲੋੜ ਅਨੁਸਾਰ ਨੋਟ ਵੀ ਕਰ ਲਿਆ।
ਗੁਰਮੀਤ ਮੱਲ੍ਹੀ ਨੇ ਅੰਮ੍ਰਿਤ ਵੇਲੇ ਜਾਗਣ ਦੀ ਮਹੱਤਤਾ ਬਾਰੇ ਆਪਣੇ ਲਿਖਿਤ ਵਿਚਾਰ ਪੜ੍ਹ ਕੇ ਸੁਣਾਏ।ਬਲਜੀਤ ਜਠੌਲ ਨੇ ਵੀ ਮੈਡੀਟੇਸ਼ਨ ਅਤੇ ਸਿਮਰਨ ਦੀ ਗੱਲ ਕੀਤੀ।ਗੁਰਤਜ r wਸਿੱਧੂ ਨੇ ‘ਸੱਸੇ ਲੜਿਆ ਨਾ ਕਰ ਐਂਵੇਂ ਸੜਿਆ ਨਾ ਕਰ’ ਲੋਕ ਗੀਤ ਸੁਣਾ ਕੇ ਗੱਲਬਾਤ ਦਾ ਰੁਖ਼ ਸਮਾਜਿਕ ਰਿਸ਼ਤਿਆਂ ਵੱਲ ਮੋੜ ਦਿੱਤਾ। ਆਪਣੀ ਵਾਰੀ ਆਉਣ ਤੇ ਰਾਜਪਾਲ ਬਰਾੜ ਨੇ ਇਸ ਗੀਤ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹੋ ਜਿਹੇ ਗੀਤ ਛੱਡ ਦੇਣੇ ਚਾਹੀਦੇ ਹਨ ਤਾਂ ਜੋ ਰਿਸ਼ਤਿਆਂ ਨੂੰ ਨਵਾਂ ਤੇ ਸੁਖਾਵਾਂ ਰੂਪ ਦਿੱਤਾ ਜਾ ਸਕੇ।ਇਸ ਸਬੰਧ ਵਿੱਚ ਗੁਰਚਰਨ ਥਿੰਦ ਨੇ ਕਿਹਾ ਕੇ ਲੋਕ ਗੀਤ ਸਾਡੇ ਸਭਿਆਚਾਰ ਦਾ ਸਰਮਾਇਆ ਹਨ।ਇਹਨਾਂ ਦੇ ਕਿਸੇ ਵੀ ਰੂਪ ਤੋਂ ਕਦੇ ਵੀ ਮੁਨੱਕਰ ਨਹੀਂ ਹੋਇਆ ਜਾ ਸਕਦਾ।ਉਹਨਾਂ ਲੇਖਕ/ਲੇਖਕਾਵਾਂ ਨੂੰ ਰਿਸ਼ਿਤਿਆਂ ਦੇ ਹਾਂ-ਪੱਖੀ ਗੀਤ ਰਚਣ ਦੀ ਸਲਾਹ ਦਿੱਤੀ ਜਿਹੜੇ ਕਿ ਸਾਡੇ ਰਾਹ ਦਸੇਰੇ ਬਣ ਸਕਣ।ਕੁਲਦੀਪ ਥਿੰਦ ਨੇ ਕਿਹਾ ਕਿ ਸੱਸ ਨੂੰਹ ਦੀ ਸਿਫ਼ਤ ਕਰਕੇ ਆਪਣੇ ਨਾਲ ਬੜਾ ਪਿਆਰਾ ਰਿਸ਼ਤਾ ਬਣਾ ਸਕਦੀ ਹੈ।ਇਸ ਵਿਸ਼ੇ ਤੇ ਲਗਪਗ ਹਰ ਇੱਕ ਨੇ ਆਪਣੀ ਰਾਏ ਦਿੱਤੀ ਅਤੇ ਇੰਜ ਇਹ ਬਹਿਸ ਸੁਚਾਰੂ ਹੋ ਨਿਬੜੀ।
ਅਮਰਜੀਤ ਸੱਗੂ ਨੇ ‘ਤਾਣਾ ਚੁੱਕ ਲੈ ਜੁਲਾਹੀਏ ਨੀ ਇਥੋਂ ਮੇਰੇ ਵੀਰ ਲੰਘਣਾ’ ਗੀਤ ਸੁਣਾਇਆ।ਆਸ਼ਾ ਓਬਰਾਏ ਨੇ ਖੁਸ਼ ਰਹਿਣ ਦੀ ਸਲਾਹ ਦਿੱਤੀ।ਹਰਚਰਨ ਬਾਸੀ ਨੇ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਕਵਿਤਾ ਸੁਣਾਈ। ਗਿਆਨ ਕੌਰ ਮੱਲ੍ਹੀ ਅਤੇ ਹਰਮਿੰਦਰ ਕੌਰ ਢਿਲੋਂ ਨੇ ਧਾਰਮਿਕ ਗੀਤ ਸੁਣਾਏ। ਸੁਰਿੰਦਰ ਸਿੱਧੂ ਨੇ ਚਟੁੱਕਲਾ ਸੁਣਾ ਕੇ ਨਿਹਾਲ ਕਰ ਦਿੱਤਾ। ਸਰਬਜੀਤ ਉੱਪਲ ਨੇ ‘ਹਰ ਜੁੱਗ ਵਿੱਚ ਮਾਵਾਂ ਧੀਆਂ ਨੂੰ ਕੁੱਝ ਨਾ ਕੁੱਝ ਆਖਦੀਆਂ’ ਬੜੀ ਭਾਵਪੂਰਤ ਕਵਿਤਾ ਸੁਣਾਈ। ਸਤਵਿੰਦਰ ਫਰਵਾਹ ਨੇ ਸੁਰਿੰਦਰ ਕੌਰ ਦਾ ਗਾਇਆ ਗੀਤ, ਵੇ ਲੈ ਦੇ ਮੈਨੂੰ ਮੱਖਮਲ ਦੀ ਪੱਖੀ ਘੁੰਗਰੂਆਂ ਵਾਲੀ’ ਸੁਣਾ ਕੇ ਬੱਲੇ ਬੱਲੇ ਕਰਾ ਦਿੱਤੀ।ਬਲਜਿੰਦਰ ਗਿੱਲ ਨੇ ਕਨੇਡਾ ਦੇ ਅਜੋਕੇ ਸਭਿਆਚਾਰ ਬਾਰੇ ਗੱਲ ਕੀਤੀ। ਨਿੱਕੀ ਦਾਸ ਨੇ ਸਾਹਿਰ ਲੁਧਿਆਣਵੀ ਦੀ ਰਚਨਾ ‘ਔਰਤ ਨੇ ਜਨਮ ਦੀਆ ਮਰਦੋਂ ਕੋ’ ਆਪਣੀ ਖੂਬਸੂਰਤ ਅਵਾਜ਼ ਵਿੱਣ ਪੇਸ਼ ਕੀਤੀ। ਬੁਸ਼ਰਾ ਰਹਿਮਾਨ ਨੇ ਜੀਵਨ ਸਬੰਧੀ ਧਾਰਮਿਕ ਜ਼ਰੀਏ ਤੋਂ ਆਪਣੇ ਵਿਚਾਰ ਪੇਸ਼ ਕੀਤੇ। ਸੁਖਦੇਵ ਚੱਠਾ ਨੇ ਬੋਲੀਆਂ ਪਾ ਕੇ ਰੌਣਕ ਲਾ ਦਿੱਤੀ।
ਗੁਰਮੀਤ ਸਰਪਾਲ ਨੇ ਸਭਾ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਸਾਧਨਾ ਜੀ ਦੀ ਜਾਣ-ਪਛਾਣ ਕਰਵਾਈ ਅਤੇ ਉਹਨਾਂ ਨੂੰ ਜੀ ਆਇਆਂ ਕਿਹਾ।ਸਾਧਨਾ ਜੀ ਨੇ ਕਿਹਾ ਕਿ ਉਹਨਾਂ ਨੂੰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਹੋ ਕੇ ਬਹੁਤ ਚੰਗਾ ਲਗਾ ਹੈ।ਗੁਰਮੀਤ ਸਰਪਾਲ ਨੇ ਜੁਲਾਈ ਮਹੀਨੇ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਕਿ ਇਹ ਮੀਟਿੰਗ ੮ ਜੁਲਾਈ ਨੂੰ ਪ੍ਰੇਰੀ ਵਿੰਡ ਪਾਰਕ ਵਿੱਚ ਹੋਵੇਗੀ ਅਤੇ ਸਾਰੇ ਰਲ ਕੇ ਸਾਂਝੇ ਭੋਜਨ ਅਤੇ ਪਿਕਨਿਕ ਦਾ ਆਨੰਦ ਮਾਨਣਗੇ।ਅੰਤ ਵਿੱਚ ਉਹਨਾਂ ਸਭ ਦਾ ਧੰਨਵਾਦ ਕੀਤਾ ਅਤੇ ਇਸ ਮੀਟਿੰਗ ਦੀ ਸਫਲਤਾ ਦੀ ਸਭ ਨੂੰ ਵਧਾਈ ਦਿੱਤੀ। ਚਾਹ, ਜਲੇਬੀਆਂ ਅਤੇ ਮੱਠੀਆਂ ਦਾ ਲੁਤਫ਼ ਉਠਾਉਣ ਤੋਂ ਬਾਅਦ ਮੀਟਿੰਗ ਦੀ ਸਮਾਪਤੀ ਹੋ ਗਈ।
ਪ੍ਰਧਾਨ : ਗੁਰਮੀਤ ਕੌਰ ਸਰਪਾਲ  403-280-6090,  ਗੁਰਚਰਨ ਕੌਰ ਥਿੰਦ 403-293-2625