Get Adobe Flash player

 ਗੁਰਚਰਨ ਕੌਰ ਥਿੰਦ- ਸਾਡੇ ਸਭਿਆਚਾਰ ਵਿੱਚ 55 ਸਾਲ ਤੋਂ ਵਡੇਰੀ ਉਮਰ ਦੇ ਵਿਅਕਤੀਆਂ ਲਈ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮਾਨਣਾ ਵਰਜਿਤ ਸਮਝਿਆ ਜਾਣ ਲਗ ਪੈਂਦਾ ਹੈ। ਜ਼ਿੰਦਗੀ ਦੀ ਸ਼ਾਮ ਦੀ ਇਹ ਸ਼ੁਰੂਆਤ ਉਸ ਨੂੰ ਵਕਤ ਤੋਂ ਪਹਿਲਾਂ ਨੀਰਸ ਤੇ ਬੇਹਦ ਅਲੱਗ ਥਲੱਗ ਕਰ ਦੇਂਦੀ ਹੈ। ਇਸ

ਮਹਿੰਦਰਪਾਲ ਸਿੰਘ ਪਾਲ ਅਤੇ ਰਜੇਸ਼ ਅੰਗਰਾਲ ਹਿੱਸਾ ਲੈਣ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ

ਮਹਿੰਦਰਪਾਲ ਸਿੰਘ ਪਾਲ ਅਤੇ ਰਜੇਸ਼ ਅੰਗਰਾਲ ਹਿੱਸਾ ਲੈਣ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ

ਸਮਾਜਿਕ ਪ੍ਰਿਤ ਨੂੰ ਤੋੜਨ ਦਾ ਪਲੇਠਾ ਯਤਨ ਕੈਲਗਰੀ ਵਿੱਚ ਰੇਡੀਓ ਸਬਰੰਗ, ਏਸ ਐਂਟਰਟੇਨਮੈਂਟ ਐਂਡ ਮੀਡੀਆ ਅਤੇ ਆਈ ਵੈੱਬ ਗਾਏ ਵਲੋਂ ਮਿੱਤੀ 22.12.2012 ਨੂੰ ‘ਅਭੀ ਤੋ ਮੈਂ ਜਵਾਂ ਹੂੰ’ ਈਵੈਂਟ ਦਾ ਆਯੋਜਨ ਕਰਕੇ ਕੀਤਾ ਗਿਆ।ਅੱਤ ਦੀ ਠੰਢ ਤੇ ਬਰਫ਼ਬਾਰੀ ਦੇ ਮੌਸਮ ਵਿੱਚ ਵੀ ੫੫ ਸਾਲ ਤੋਂ ਵਡੇਰੀ ਉਮਰ ਦੇ ਵਿਅਕਤੀ ਚਾਅ ਤੇ ਉਮਾਹ ਨਾਲ ਜੈਨੇਸਿਜ਼ ਸੈਂਟਰ ਦੇ ਇਨਡੋਰ ਖੇਡ ਮੈਦਾਨ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਸ਼ੁਰੂ ਵਿੱਚ ਪੇਤਲੀ ਗਿਣਤੀ ਅੰਤ ਪੰਜਾਹ ਕੁ ਦਾ ਇਕੱਠ ਬਣ ਗਈ।
ਰਜਿਸਟ੍ਰੇਸ਼ਨ ਉਪਰੰਤ ਈਵੈਂਟ ਦੇ ਸੰਚਾਲਕ ਰਾਜੇਸ਼ ਅੰਗਰਾਲ ਜੀ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਈਵੈਂਟ ਦੇ ਮਕਸਦ ਬਾਰੇ ਦੱਸਿਆ ਅਤੇ ਫਿਰ ਗੁਰਚਰਨ ਥਿੰਦ ਨੇ ਪ੍ਰੋਗਰਾਮ ਦੇ ਸੰਚਾਲਨ ਦੀ ਵਾਗਡੋਰ ਸੰਭਾਲ ਹਰ ਇੱਕ ਨੂੰ ਵਾਰੀ ਵਾਰੀ ਆਪਣੀ ਜਾਣ-ਪਛਾਣ ਕਰਵਾਉਣ ਲਈ ਸੱਦਿਆ। ਹਾਜ਼ਰ ਜੁਆਨ ਦਿਲਾਂ ਨੇ ਜਿੱਥੇ ਆਪਣੀ ਪਰਿਵਾਰਕ ਜਾਣਕਾਰੀ ਸਾਂਝੀ ਕੀਤੀ ਉੱਥੇ ਆਪਣੇ ਅੰਦਰਲੇ ਟੇਲੈਂਟ ਅਤੇ ਜਜ਼ਬਿਆਂ ਦਾ ਪ੍ਰਗਟਾਵਾ ਵੀ ਖੁੱਲ੍ਹ ਕੇ ਕੀਤਾ। ਇਸ ਤਰ੍ਹਾਂ ਵਿਹੰਦਿਆਂ ਵਿਹੰਦਿਆਂ ਇਹ ਇਕੱਠ ਇੱਕ ਦੂਜੇ ਨੂੰ ਜਾਣਦੇ ਪਛਾਣਦੇ ਵਿਅਕਤੀਆਂ ਦਾ ਗਰੁੱਪ ਬਣ ਗਿਆ। ਉਪਰੰਤ ਸੂਬਾ ਗਿੱਲ ਦੀ ਅਗਵਾਈ ਵਿੱਚ ਗਰਾਊਂਡ ਦੇ ਚੁਫੇਰੇ ਅੱਧਾ ਕੁ ਘੰਟਾ ਗੇੜੇ ਕੱਢ ਕੇ ‘ਵਾਕ’ ਦਾ ਆਨੰਦ ਮਾਣਿਆ।ਫਿਰ ਹਾਜ਼ਰ ਔਰਤਾਂ ਨੇ ਬੋਲੀਆਂ ਦੀ ਲੜੀ ਸ਼ੁਰੂ ਕਰ ਦਿੱਤੀ ਤਾਂ ਬੋਲੀਆਂ ਦੀ ਛਹਿਬਰ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਹਰ ਇੱਕ ਨੇ ਇਸ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਤਨੇ ਚਿਰ ਵਿੱਚ ਪਰਮ ਸੂਰੀ, ਸੁੰਿਰਦਰ ਭੰਡਾਰੀ ਅਤੇ ਮਨਮੋਹਨ ਬਾਠ ਹੁਰਾਂ ਦੁਪਹਿਰ ਦਾ ਖਾਣਾ ਮੇਜ਼ਾਂ ਤੇ ਪਰੋਸ ਦਿੱਤਾ। ਸਾਰਿਆਂ ਨੇ ਸਵਾਗਤ ਰੈਸਟੋਰੈਂਟ ਤੋਂ ਆਏ ਲਜੀਜ਼ ਖਾਣੇ ਦਾ ਆਨੰਦ ਮਾਣਿਆ।
ਖਾਣੇ ਤੋਂ ਬਾਅਦ ਗ੍ਰਾਊਂਡ ਵਿੱਚ ਕੁਰਸੀਆਂ ਗੋਲਦਾਇਰੇ ਵਿੱਚ ਸਜ ਗਈਆਂ ਅਤੇ ਮਨੂ ਅੰਗਰਾਲ, ਸਮਰਿਧੀ ਤੇ ਗੁਰਚਰਨ ਥਿੰਦ ਨੇ ਸਾਰਿਆਂ ਨੂੰ ‘ਗੇਂਦ ਤੇ ਗੀਤ’ ਐਕਟਿਵਟੀ ਵਿੱਚ ਸ਼ਾਮਲ ਕਰ ਲਿਆ।ਗੀਤ ਸ਼ੁਰੂ ਹੁੰਦਾ ਤਾਂ ਗੇਂਦ ਹੱਥੋ ਹੱਥੀ ਅੱਗੇ ਵੱਧਦਾ ਅਤੇ ਜਦ ਗੀਤ ਦੇ ਬੋਲ ਬੰਦ ਹੋ ਜਾਂਦੇ ਤਾਂ ਜਿਸ ਦੇ ਹੱਥ ਵਿੱਚ ਗੇਂਦ ਹੁੰਦਾ ਉਹ ਆਪਣੀ ਮਨਪਸੰਦ ਦੀ ਕੋਈ ਵੀ ਚੀਜ਼ ਪੇਸ਼ ਕਰਦਾ। ਇਸ ਖੇਡ ਨੇ ਸਭ ਨੂੰ ਬੜਾ ਆਨੰਦਿਤ ਕੀਤਾ। ਹਰ ਇੱਕ ਦੇ ਚਿਹਰੇ ਤੇ ਖੁਸ਼ੀ ਤੇ ਹੁਲਾਸ ਵੇਖਿਆ ਬਣਦਾ ਸੀ। ਪ੍ਰੋੜ ਉਮਰ ਦੇ ਹਾਜ਼ਰੀਨ ਨੇ ਭੰਗੜਾ ਪਾ ਕੇ ਤੇ ਭੰਗੜੇ ਦੇ ਨਵੇਂ ਸਟੈੱਪ ਸਿੱਖ ਕੇ ਆਪਣੇ ਜੁਆਨ ਹੋਣ ਦੇ ਅਹਿਸਾਸ ਨੂੰ ਹੁਲਾਰਾ ਦਿੱਤਾ।ਚੰਨੀ ਤੂਰ ਦੇ ਸਿਖਾਏ ਨੰਨ੍ਹੇ ਬੱਚਿਆਂ, ਅੰਗਦ ਮਿਨਹਾਸ, ਚਿਰਾਗ ਤੂਰ, ਸੁਮੇਰ ਸ਼ੇਰਗਿੱਲ, ਇਸ਼ਾਨ ਚੀਮਾ, ਅੰਗਦ ਸਿੰਘ, ਅਰਪਨਦੀਪ ਤੱਖੜ, ਮਰਮਨਜੀਤ ਬਰਾਰ, ਰਾਜਨ ਅਠਵਾਲ ਅਤੇ ਸੁਖਵੀਰ ਨਿੱਜਰ ਨੇ ਆਪਣੇ ਵਡੇਰਿਆਂ ਲਈ ਭੰਗੜੇ ਦਾ ਪ੍ਰਦਰਸ਼ਨ ਕਰਕੇ ਰੰਗ ਬੰਨ੍ਹ ਦਿੱਤਾ।
ਸਬਰੰਗ ਰੇਡੀਓ ਦੇ ਸੰਚਾਲਕ ਰਾਜੇਸ਼ ਅੰਗਰਾਲ, ਉਹਨਾਂ ਦੀ ਪਤਨੀ ਮਨੂ ਜੀ, ਏ.ਐਸ.ਧਾਮੀ, ਤੇਜਿੰਦਰਪਾਲ ਸਿੱਧੂ ਅਤੇ ਮਹਿੰਦਰਪਾਲ ਐਸ ਪਾਲ ਨੇ ਈਵੈਂਟ ਵਿੱਚ ਸ਼ਾਮਲ ਸਾਰੇ ਪਾਰਟੀਸੀਪੈਂਟਸ ਨੂੰ ਸਰਟੀਫੀਕੇਟ ਦਿੱਤੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਹਰ ਕੋਈ ਇਸ ਖਾਸ ਈਵੈਂਟ ਵਿੱਚ ਆਪਣੀ ਹਿੱਸੇਦਾਰੀ ਲਈ ਸਨਮਾਨਤ ਮਹਿਸੂਸ ਕਰ ਰਿਹਾ ਸੀ। ਉਪਰੰਤ ਗਰਮ ਚਾਹ ਤੇ ਸਮੋਸੇ ਸਭ ਦਾ ਇੰਤਜ਼ਾਰ ਕਰ ਰਹੇ ਸਨ ਜਿਸਦਾ ਭਰਪੂਰ ਆਨੰਦ ਮਾਣਿਆ ਗਿਆ।
ਇਸ ਈਵੈਂਟ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਮਹਿੰਦਰ ਐਸ ਪਾਲ ਆਪਣੀ ਪਤਨੀ ਸਰਬਜੀਤ ਪਾਲ ਨਾਲ ਸ਼ਾਮਲ ਹੋਏ। ਸੁਰਿੰਦਰ ਭੰਡਾਰੀ-ਪ੍ਰਤੀ ਭੰਡਾਰੀ, ਵਿਪਨ ਬਾਬਲਾ-ਸਸ਼ੀ ਬਾਬਲਾ, ਹਰਦਿਆਲ ਸਿੰਘ-ਰੁਪਿੰਦਰ ਕੌਰ, ਜਤਿੰਦਰ ਸ਼ਰਮਾ-ਕਿਰਨ ਸ਼ਰਮਾ ਜੋੜਿਆਂ ਨੇ ਭਾਗ ਲਿਆ। ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਰਪਾਲ ਅਤੇ ਹੋਰ ਮੈਂਬਰਾਂ ਮਨੋਹਰ ਕੌਰ, ਗੁਰਤੇਜ ਸਿੱਧੂ, ਤਰਨਜੀਤ ਪਰਮਾਰ, ਸਤਵਿੰਦਰ ਫਰਵਾਹ, ਸਰਬਜੀਤ ਉੱਪਲ, ਹਰਮਿੰਦਰ ਢਿਲੋਂ, ਹਰਚਰਨ ਬਾਸੀ, ਹਰਭਜਨ ਚੱਠਾ, ਦੀ ਭਰਪੂਰ ਹਾਜ਼ਰੀ ਬਹੁਤ ਉਤਸ਼ਾਹਜਨਕ ਰਹੀ।ਅਜੀਜ਼ਾ ਜੀ ਉਚੇਚੇ ਇਸ ਈਵੈਂਟ ਵਿੱਚ ਭਾਗ ਲੈਣ ਲਈ ਆਏ।ਹਰਭਜਨ ਬਨਵੈਤ, ਸ਼ਰਨਜੀਤ ਸੋਹੀ, ਨਰਿੰਦਰ ਕੁਮਾਰੀ, ਹਰਦੀਪ ਸਿੱਧੂ, ਦਵਿੰਦਰ ਤੂਰ, ਵਿਕਰਮ ਸਾਹੀਵਾਲ ਅਤੇ ਰਾਕੇਸ਼ ਜੋਸ਼ੀ ਹੁਰਾਂ ਗਰਮ ਜੋਸ਼ੀ ਨਾਲ ਇਸ ਈਵੈਂਟ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਯਤਨ ਨੂੰ ਸਾਰਿਆਂ ਹਾਜ਼ਰੀਨ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਅੱਗੇ ਤੋਂ ਥੋੜ੍ਹੇ ਚੰਗੇ ਮੌਸਮ ਵਿੱਚ ਅਜਿਹਾ ਪ੍ਰੋਗਰਾਮ ਮੁੜ ਉਲੀਕਣ ਦੀ ਰਲਵੀਂ ਮਿਲਵੀਂ ਸੁਰ ਵੀ ਉੱਭਰੀ। ਇਸ ਪ੍ਰਕਾਰ ਆਪਣੀ ਕਿਸਮ ਦਾ ਇਹ ਪਹਿਲਾ ਉਲੀਕਿਆ ਈਵੈਂਟ ਕਾਫੀ ਸਫਲਤਾ ਪੂਰਵਕ ਸੰਪਨ ਹੋਇਆ।