Get Adobe Flash player

ਸੁਖਿੰਦਰ ( ਐਡੀਟਰ ਸੰਵਾਦ,ਟੰਰਾਟੋ)
ਜੇ ਜੋ ਸਕੇ ਤਾਂ
ਮੈਨੂੰ ਮੁਆਫ਼ ਕਰੀਂ
ਕਿਉਂਕਿ ਮੈਂ ਤੈਨੂੰ ਉਸੇ ਰੂਪ ਵਿਚ
ਉਤਾਰ ਨਹੀਂ ਸਕਿਆ ਕੋਰੇ ਸਫਿਆਂ ਤੇ
ਜਿਸ ਰੂਪ ਵਿਚ ਤੂੰ ਆਈ ਸੀ
ਮੇਰੇ ਦਿਲ ਦੇ ਵਿਹੜੇ ਵਿਚ
ਮੈਂ ਖੁਦਗਰਜ਼ ਹਾਂ
ਤੇ ਮੇਰੀ ਖੁਦਗਰਜ਼ੀ ਨੇ ਹੀ ਕੀਤਾ ਹੈ
ਤੇਰੇ ਅਸਲੀ ਰੂਪ ਨੂੰ ਗੰਧਲਾ
ਕੈਨੇਡੀਅਨ ਪੰਜਾਬੀ ਸ਼ਾਇਰ ਤੇ ਲੇਖਕ ਬਲਜਿੰਦਰ ਸੰਘਾ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ‘ਕਵਿਤਾ…ਮੈਨੂੰ ਮੁਆਫ਼ ਕਰੀਂ’ ਵਿਚ ਸ਼ਾਮਿਲ ਕੀਤੀ ਗਈ ਕਵਿਤਾ ‘ਕਵਿਤਾ ਮੈਨੂੰ ਮੁਆਫ਼ ਕਰੀਂ’ ਵਿਚੋਂ ਇਹ ਸਤਰਾਂ ਲਈਆਂ ਗਈਆਂ ਹਨ
ਬਲਜਿੰਦਰ ਸੰਘਾ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ।ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਗਈਆਂ ਸਾਰੀਆਂ ਕਵਿਤਾਵਾਂ ਨੂੰ ਸਮਝਣ ਲਈ ਇਸ ਕਾਵਿ-ਸੰਗ੍ਰਹਿ ਦੀ ਇਸ ਅੰਤਲੀ ਕਵਿਤਾ ਨੂੰ ਸਮਝਣਾ ਜਰੂਰੀ ਹੈ।     ਇਹ ਕਵਿਤਾ ਬਲਜਿੰਦਰ ਸੰਘਾ ਦੇ ਕਾਵਿ-ਉਦੇਸ਼,ਕਾਵਿ-ਸਿਰਜਣ ਪ੍ਰਕ੍ਰਿਆ ਅਤੇ ਕਾਵਿ ਚਿੰਤਨ ਬਾਰੇ ਬਹੁਤ ਹੀ ਸਪੱਸ਼ਟ ਰੂਪ ਵਿਚ ਜਾਣਕਾਰੀ ਦਿੰਦੀ ਹੈ।ਇਹ ਕਵਿਤਾ ਅਸਲ ਵਿਚ ਕਵਿਤਾ ਬਾਰੇ ਉਸਦਾ ਹਲਫੀਆਂ ਬਿਆਨ ਹੈ।ਉਹ ਸਪੱਸ਼ਟ ਰੂਪ ਵਿਚ ਇਹ ਕਹਿ ਦਿੰਦਾ ਹੈ ਕਿ ਉਸਦੀ ਕਵਿਤਾ ਕਿਸੀ ਕਿਸਮ ਦੇ ਆਵੇਸ਼ ਵਿਚ ਆਕੇ ਉਤਰੀ ਹੋਈ ਕਵਿਤਾ ਦਾ ਹੂ-ਬੂ-ਹੂ ਉਤਾਰਾ ਨਹੀਂ ਜਿਸ ਵਿਚ ਉਸਦਾ ਕੰਮ ਇਸ ਕਵਿਤਾ ਨੂੰ ਮਹਿਜ਼ ਕਾਗਜ਼ ਤੇ ਉਤਾਰਨ ਤੱਕ ਹੀ ਸੀਮਿਤ ਹੋਵੇ।ਬਲਕਿ,ਉਹ ਕਾਵਿ-ਸਿਰਜਣ ਪ੍ਰਕ੍ਰਿਆ ਵਿਚ ਆਪਣੀ ਸੋਚ ਸਮਝ ਤੇ ਪ੍ਰਤੀਬੱਧਤਾ ਅਨੁਸਾਰ ਦਖਲਅੰਦਾਜ਼ੀ ਕਰਦਾ ਹੈ।ਕਵਿਤਾ ਨੂੰ ਆਪਣੀ ਲੋੜ ਅਨੁਸਾਰ ਸਿਰਜਦਾ ਹੈ।ਕਵਿਤਾ ਜਿਸ ਤੇ ਉਸਦੀ ਆਪਣੀ ਸੋਚ ਦੀ ਸਪੱਸ਼ਟ ਮੋਹਰ ਲੱਗੀ ਹੋਵੇ।
………………
‘ਕਵਿਤਾ…ਮੈਨੂੰ ਮੁਆਫ਼’ ਕਰੀਂ ਕਾਵਿ-ਸੰਗ੍ਰਹਿ ਦੀ ਕਵਿਤਾ ‘ਕੌਣ ਜ਼ਿੰਮੇਵਾਰ’ ਨਾਲ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਸ਼ੁਰੂ ਕੀਤੀ ਜਾ ਸਕਦੀ ਹੈ।ਇਹ ਕਵਿਤਾ ਸਾਡੇ ਸਮਾਜ ਦੀਆਂ ਅਨੇਕ ਆਪਸ ਵਿਚ ਜੁੜੀਆਂ ਹੋਈਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਖਿੱਚਦੀ ਹੈ। ਭਾਰਤੀ ਸਮਾਜ ਵਿਚ ਧੀ ਜੰਮਣਾ ਅਜੇ ਵੀ ਇਕ ਭਾਰ ਸਮਝਿਆਂ ਜਾਂਦਾ ਹੈ।ਇਸ ਦਾ ਮੁੱਖ ਕਾਰਨ ਧੀਆਂ ਦੇ ਵਿਆਹ ਉੱਤੇ ਹੋਣ ਵਾਲਾ ਬੇਹਿਸਾਬਾ ਖਰਚਾ ਹੈ।ਇਸ ਖਰਚੇ ਨੂੰ ਇਸ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਰਦਾਂ ਉੱਪਰ ਹੀ ਆਉਂਦੀ ਹੈ,ਪਰ ਅਫਸੋਸ ਹੈ ਕਿ ਮਰਦਾਂ ਨੇ ਇਸ ਸਮੱਸਿਆਂ ਲਈ ਆਪਣੇ ਆਪ ਨੂੰ ਹੀ ਮੁੱਖ ਜ਼ਿੰਮੇਵਾਰ ਹੋਣ ਬਾਰੇ ਕਦੀ ਸੋਚਿਆ ਵੀ ਨਹੀਂ। ਬਲਜਿੰਦਰ ਸੰਘਾ ਨੇ ਇਸ ਤੱਥ ਨੂੰ ਆਪਣੀ ਕਵਿਤਾ ‘ਕੌਣ ਜ਼ਿੰਮੇਵਾਰ’ ਵਿਚ ਬਹੁਤ ਹੀ ਵਧੀਆ ਢੰਗ ਨਾਲ ਉਭਾਰਿਆ ਹੈ:  
ਭੈਣ ਨੂੰ ਪਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਭਰਜਾਈ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਮਾਂ  ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਦਾਦੀ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਪੋਤ ਨੂੰ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਪਰ ਤਿੰਨਾਂ ਨੂੰ ਹੀ ਦਿਸਦਾ ਹੈ
ਆਪਣਾ ਨੱਕ ਕਈ ਗੁਣਾਂ ਵੱਡਾ
ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖਕੇ
ਤੇ ਇਸ ਸਮੱਸਿਆ ਦਾ ਕੱਦ
ਦਿਨੋਂ-ਦਿਨ ਵਧ ਰਿਹਾ ਹੈ
ਪਰ ਮਰਦ ਇਸ ਵਿਚ ਕਿਤੇ ਵੀ
ਦਿਖਾਈ ਨਹੀਂ ਦਿੰਦਾ
ਇਹ ਸਮੱਸਿਆ ਜਿਸ ਹੱਦ ਤੱਕ ਪ੍ਰਚੰਡ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਉਸ ਨੂੰ ਦੇਖਿਦਆਂ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਕਿ ਨਾ ਸਿਰਫ ਮਰਦ ਪ੍ਰਧਾਨ ਸਮਾਜ ਨੂੰ ਇਸ ਸਮੱਸਿਆ ਨੂੰ ਇਸ ਹੱਦ ਤੱਕ ਪ੍ਰਚੰਡ ਰੂਪ ਅਖਤਿਆਰ ਕਰਨ ਵਿੱਚ ਨਿਭਾਈ ਗਈ ਆਪਣੀ ਭੂਮਿਕਾ ਦੀ ਜ਼ਿੰਮੇਵਾਰੀ ਸਵੀਕਾਰਨੀ ਪਵੇਗੀ; ਬਲਕਿ ਉਸਨੂੰ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਵੀ ਭੂਮਿਕਾ ਨਿਭਾਉਣੀ ਪਵੇਗੀ,ਤਾਂ ਜੁ ਸਾਡੇ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਵਿੱਚ ਹੀ ਸਮਾਨਤਾ ਮਿਲ ਸਕੇ।
ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤੀ ਗਈ ਇਕ ਹੋਰ ਕਵਿਤਾ ‘ਔਰਤ ਦੀ ਪੁਕਾਰ’ ਇਸੇ ਸਮੱਸਿਆ ਦੇ ਇਕ ਹੋਰ ਪਹਿਲੂ ਨੂੰ ਬੜੀ ਸ਼ਿੱਦਤ ਨਾਲ ਉਭਾਰਦੀ ਹੈ।ਪਿਛਲੇ ਕੁਝ ਸਮੇਂ ਵਿਚ ਇਕ ਰਿਵਾਜ ਵਾਂਗ ਪੰਜਾਬੀ ਦੇ ਕੁਝ ਕਵੀਆਂ ਵੱਲੋਂ ਇੱਕ ਦੂਜੇ ਦੀ ਰੀਸ ਕਰਦਿਆਂ ਅਜਿਹੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਜਿਸ ਵਿਚ ਧੀ ਵੱਲੋਂ
ਮਿਨਤਾਂ ਤਰਲੇ ਕਰਵਾਏ ਗਏ ਹਨ ਕਿ ਉਸਨੂੰ ਜਨਮ ਲੈਣ ਦਿੱਤਾ ਜਾਵੇ ਅਤੇ ਮਾਂ ਦੇ ਪੇਟ ਵਿਚ ਹੀ ਕਤਲ ਨਾ ਕਰਵਾਇਆ ਜਾਵੇ। ਬਲਜਿੰਦਰ ਸੰਘਾ ਇਹ ਗੱਲ ਉਭਾਰਦਾ ਹੈ ਕਿ ਇਸ ਦੁਨੀਆਂ ਵਿਚ ਜਨਮ ਲੈਣ ਦਾ ਧੀ ਨੂੰ ਵੀ ਉਨਾਂ ਹੀ ਅਧਿਕਾਰ ਹੈ ਜਿੰਨਾ ਕਿ ਪੁੱਤਰ ਨੂੰ। ਧੀ ਜਨਮ ਲੈਣ ਲਈ ਕਿਸੀ ਕੋਲੋ ਆਪਣੇ ਹੱਕ ਦੀ ਭੀਖ਼ ਕਿਉਂ ਮੰਗੇ?
ਇਸ ਲਈ ਸਫੇæ ਕਾਲੇ ਕਰ-ਕਰ
ਜਾਂ ਗੀਤ ਗਾ-ਗਾ ਕੇ ਇਕ ਅਣਜੰਮੀ ਧੀ ਤੋਂ
ਇਹ ਅਖਵਾਉਣਾ
ਕਿ
ਮਾਂ ਮੈਨੁੰ ਕਤਲ ਨਾ ਕਰਵਾ
ਕਿ
ਮਾਂ ਮੈਨੂੰ ਜੱਗ ਦੇਖਣ ਦਾ ਚਾਅ
ਕਿ
ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ
ਕਿ
ਮਾਂ ਮੈਂ ਤੁਹਾਡੀ ਸੇਵਾ ਕਰਾਂਗੀ
ਇਕ ਅਣਜੰਮੀ ਧੀ ਨੂੰ ਭੀਖ਼ ਵਿਚ
ਜ਼ਿੰਦਗੀ ਦਿਵਾਉਣ ਦੇ ਤੁੱਲ ਹੈ
ਤੇ ਭੀਖ਼ ਦੀ ਜਿੰੰਦਗੀ ਨਾਲ ਜਵਾਨ ਹੋਈ ਇਕ ਧੀ
ਇਕ ਨਰੋਆ ਸਮਾਜ ਕਿਵੇ ਪੈਦਾ ਕਿਵੇ ਕਰੂ
ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ
ਜਾਂ ਗੀਤਾਂ ਦੀ ਲੋੜ ਨਹੀਂ
ਤੇ ਮੇਰੀ ਧੀ ਦਾ ਵੀ ਭੀਖ ਦੀ ਜਿੰæਦਗੀ ਨਾਲੋਂ
ਨਾ ਜੰਮਣਾ ਕਈ ਗੁਣਾ ਚੰਗਾ ਹੈ
ਲੋੜ ਹੈ ਸਾਡੇ ਸਮਾਜ ਨੂੰ
ਦਾਦੀਆਂ-ਪੜਦਾਦੀਆਂ ਦੀ
ਇਸ ਗ੍ਰਹਿਣੀ ਸੋਚ ਵਿਚੋਂ ਬਾਹਰ ਕੱਢਣ ਦੀ
ਕਿ
‘ਕੁੱਲ ਦਾ ਚਾਰਗ ਸਿਰਫ ਪੁੱਤ ਹੀ ਨੇ’
ਨਾ ਕਿ ਲੋੜ ਹੈ ਅਣਜੰਮੀ ਧੀ ਤੋਂ
ਭੀਖ਼ ਮੰਗਵਾਉਣ ਦੀ
ਤੇ ਉਹ ਵੀ ਜਨਮ ਲੈਣ ਵਾਸਤੇ
…………………………..

ਇਸੇ ਸਮੱਸਿਆ ਦੇ ਇਕ ਹੋਰ ਪੱਖ ਨੂੰ ਬਲਜਿੰਦਰ ਸੰਘਾ ‘ਜਾਗਣ ਦੀ ਲੋੜ’ ਵਿੱਚ ਉਭਾਰਦਾ ਹੈ।ਇਹ ਸਮੱਸਿਆ ਹੈ ਹੋਰਨਾਂ ਦੀ ਰੀਸੋ ਰੀਸ ਵਿਆਹਾਂ ਉੱਤੇ ਬੇਹਿਸਾਬਾ ਖ਼ਰਚਾ ਕਰਨਾ ਅਤੇ ਫਿਰ ਇਸ ਖ਼ਰਚੇ ਦੇ ਬੋਝ ਥੱਲੋਂ ਸਾਰੀ ਉਮਰ ਨਿਕਲ ਨਾ ਸਕਣਾ:
ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ
ਪਰ ਰੀਸੋ-ਰੀਸੀ  ਤੇਰੀਆਂ ਬਰਾਤਾਂ ਵੀ
ਮੈਰਿਜ ਪੈਲਿਸਾਂ ਵੱਲ ਹੀ ਜਾਂਦੀਆਂ ਨੇ
ਤੇ ਜਿਹਨਾਂ ਦੇ ਖ਼ਰਚੇ ਥੱਲੇ ਦੱਬਿਆਂ ਤੂੰ
ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ
ਲੋੜ ਹੈ ਤੇਰੇ ਜਾਗਣ ਦੀ
ਕਿਉਂਕਿ ਇਹ ਵੇਲਾ ਨਹੀਂ
‘ਜੱਟਾਂ ਨੇ ਪੀਣੀ ਦਾਰੂ’
ਜਿਹੇ ਗੀਤਾਂ ਤੇ ਨਸ਼ੇ ਵਿਚ ਧੁੱਤ ਹੋ ਕੇ
ਲਲਕਾਰੇ ਮਾਰਨ,
ਬੱਕਰੇ ਬਲਾਉਣ
ਤੇ ਸੌਂ ਜਾਣ ਦਾ………
……………………………………
ਇਕ ਚੇਤੰਨ ਲੇਖਕ ਹੋਣ ਦੇ ਨਾਤੇ ਬਲਜਿੰਦਰ ਸੰਘਾ ਔਰਤ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੋਇਆ ਇਸ ਗੱਲ ਵੱਲ ਵੀ ਧਿਆਨ ਦੁਆਉਂਦਾ ਹੈ ਕਿ ਸਾਡੇ ਲੇਖਕ ਔਰਤ ਦੀ ਗੱਲ ਕਰਨ ਲੱਗੇ ਆਪਣਾ ਧਿਆਨ ਮਹਿਜ਼ ਰੋਮਾਂਸਵਾਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਰੱਖਦੇ ਹਨ। ਵਿਸ਼ੇਸ਼ ਕਰਕੇ ਪ੍ਰਵਾਸੀ ਮੁਲਕਾਂ ਵਿੱਚ ਆ ਕੇ ਪੰਜਾਬੀ ਔਰਤਾਂ ਨੂੰ ਮਰਦ ਨਾਲੋਂ ਵੱਧ ਹੱਡ ਭੰਨਵੀ ਮਿਹਨਤ ਕਰਨੀ ਪੈਂਦੀ ਹੈ। ਉਸਦਾ ਜ਼ਿਕਰ ਸਾਡੇ ਕਵੀਆਂ ਦੀਆਂ ਲਿਖਤਾਂ ਵਿੱਚ ਨਹੀਂ ਆAੁਂਦਾ।ਇਸ ਪੱਖੋਂ ਬਲਜਿੰਦਰ ਸੰਘਾ ਦੀ ਕਵਿਤਾ ‘ਪੰਜਾਬਣ’ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ :
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
‘ਲੱਕ ਹਿਲੇ ਮਜਾਜਣ ਜਾਂਦੀ ਦਾ’
ਕਿਉਂਕਿ ਕੰਮ ਦੀਆਂ ਦੋ-ਦੋ ਸ਼ਿਫਟਾਂ ਦਾ ਝੰਬਿਆਂ  
ਤੇਰਾ ਲੱਕ ਹਿੱਲ ਨਹੀਂ ਸਕਦਾ
ਤੇ ਫੈਮਲੀ ਡਾਕਟਰ ਦੀ ਵੀ
ਤੈਨੂੰ ਸਖ਼ਤ ਹਿਦਾਇਤ ਹੈ ਕਿ
ਇਸ ਨੂੰ ਹਿਲਾਉਣਾ ਨਹੀਂ
ਬਲਕਿ ਟਿਕਾਉਣਾ ਹੈ
……………………………..
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
‘ਤੇਰੇ ਟੂਣੇਹਾਰੇ ਨੈਣ ਕੁੜੇ’
ਕਿਉਂਕਿ ਉਂਨੀਦਰੇ ਦੇ ਭੰਨੇ ਹੋਏ
ਤੇਰੇ ਨੈਣ ਮਟਕ ਨਹੀਂ ਸਕਦੇ
ਤੇ ਸੁੱਜੀਆਂ ਪਲਕਾਂ ਦੀ ਵੀ
ਤੈਨੂੰ ਸਖ਼ਤ ਹਦਾਇਤ ਹੈ ਕਿ
ਇਹਨਾਂ ਨੂੰ ਮਟਕਾਉਣਾ ਨਹੀਂ
ਬਲਕਿ ਸਵਾਉਣਾ ਹੈ
……………………………………
ਪੰਜਾਬੀ/ਭਾਰਤੀ ਮੂਲ ਦੇ ਲੋਕ ਜਿੱਥੇ ਵੀ ਜਾਂਦੇ ਹਨ,ਇਕ ਸਮੱਸਿਆ ਉਨਾਂ੍ਹ ਦੇ ਨਾਲ ਜਾਂਦੀ ਹੈ। ਉਹ ਸਮੱਸਿਆ  ਹੈ ਧਰਮ ਅਤੇ ਜ਼ਾਤ-ਪਾਤ ਦੇ ਨਾਮ ਉੱਤੇ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਉਣੀ ਅਤੇ ਦੰਗੇ ਫਸਾਦ ਕਰਨੇ। ‘ਅੱਗੇ-ਪਿੱਛੇ’ ਕਵਿਤਾ ਵਿੱਚ ਬਲਜਿੰਦਰ ਸੰਘਾ ਇਸ ਸਮੱਸਿਆ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਅਸੀਂ ਅੱਗੇ ਹਾਂ,ਅਸੀ ਅੱਗੇ ਹਾਂ
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ…….

ਅਸੀਂ ਪਿੱਛੇ ਹਾਂ,ਅਸੀ ਪਿੱਛੇ ਹਾਂ
ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ…..
ਅਸੀਂ ਆਪ ਬੁਰਾਈਆਂ ਕਰਦੇ ਹਾਂ,
ਪਰ ਦੋਸ਼ ਹੋਰਾਂ ਸਿਰ ਧਰਦੇ ਹਾਂ,
ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ,
ਪਰ ਪਸ਼ੂਆਂ ਨਾਲੋਂ ਗੰਦੇ ਹਾਂ,
ਘਰ ਇਕ ਦੂਜੇ ਦਾ ਸਮਝ-ਸਮਝ ਕੇ,
ਢਾਹੁਣ ਮੰਦਰ ਮਸਜਿਦਾਂ ਲੱਗੇ ਹਾਂ,
ਅਸੀਂ ਅੱਗੇ ਹਾਂ,ਅਸੀ ਅੱਗੇ ਹਾਂ,
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ…..
                       ਧਰਮ ਨਾਲ ਸਬੰਧਤ ਸਮੱਸਿਆਵਾਂ ਵੀ ਇਸੇ ਕਰਕੇ ਆਂ ਰਹੀਆਂ ਹਨ ਕਿ ਅਸੀਂ ਧਰਮ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਧਰਮ ਵੀ ਇੱਕ ਪਖੰਡ ਬਣਕੇ ਰਹਿ ਗਿਆ ਹੈ ਤੇ ਇਹ ਇਸ ਕਵਿਤਾ ਦੇ ਅਖੀਰ ਵਿਚ ਬਿਆਨ ਕੀਤਾ ਗਿਆ ਹੈ। ਥਾਂ-ਥਾਂ ਪਾਖੰਡੀ ਸੰਤ -ਬਾਬਿਆਂ ਦੀਆਂ ਡੇਰਾ ਰੂਪੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਅਜਿਹੇ ਪਾਖੰਡੀ ਸੰਤ-ਬਾਬਿਆਂ ਦੇ ਰੂਪ ਵਿਚ ਕਾਤਲ,ਬਲਾਤਕਾਰੀ,ਡਰੱਗ ਸਮੱਗਲਰ,ਗੁੰਡੇ,ਰੰਡੀਆਂ ਦਾ ਧੰਦਾ ਕਰਨ ਵਾਲੇ ਦੱਲੇ ਆਮ ਜਨਤਾ ਦੀ ਮਾਨਸਿਕ,ਸਰੀਰਕ ਅਤੇ ਆਰਥਿਕ ਲੁੱਟ ਮਚਾ ਰਹੇ ਹਨ। ਪੇਸ਼ ਹਨ ‘ਸ਼ਾਇਦ ਸੱਚ ਹੋਵੇ’ ਅਤੇ ‘ਸੱਚੇ ਸ਼ਰਧਾਲੂ’ ਨਾਮ ਦੀਆਂ ਕਵਿਤਾਵਾਂ ਵਿਚੋਂ ਕੁਝ ਉਦਹਾਰਣਾਂ :
1.
ਬੱਚੇ ਵਿਲਕਣ ਭੁੱਖੇ ਪੂੜੇ ਸਾਧਾਂ ਨੂੰ
ਅੰਨੀ੍ਹ ਸ਼ਰਧਾਂ ਦੇ ਵਿਚ ਵਹਿਕੇ ਸਾਰ ਲਿਆ
ਅੰਧ ਵਿਸ਼ਵਾਸ਼ੀ ਬਣੇ ਹਾਂ ਛੱਡ ਕੇ ਤਰਕਾਂ ਨੂੰ
ਵਹਿਮਾਂ-ਭਰਮਾਂ ਪੈ ਕੇ ਕੀ ਸਵਾਰ ਲਿਆ
ਅਗਲਾ ਜਨਮ ਬਣਾਉਣਾ ਆਪਾ ਸਫਲ ਹੈ
ਅਸੀਂ ਉਹਦੇ ਪਿੱਛੇ ਲੱਗਕੇ ਇਹ ਉਜਾੜ ਲਿਆ
ਹੁਣ ਇੰਟਰਨੈਟ ‘ਤੇ ਕਰੇ ਕਰਾਏ ਪਾਠ ਮਿਲਣ
ਕੀ ਲੈਣਾ ਬਾਣੀ ਪੜ੍ਹਕੇ,ਕੀਤੇ ਲੈਕੇ ਸਾਰ ਲਿਆ
2.
ਘਰੇਲੂ ਕਲੇਸ਼ ਦਾ ਅੰਤ
ਸਿਰਫ ਚੌਵੀ ਘੰਟਿਆਂ ਵਿਚ
ਸ਼ਰਤੀਆਂ ਮੁੰਡਾ ਹੀ ਹੋਵੇਗਾ ਆਦਿ…..
ਬਾਬਾ ਜੀ ਦਾ ਇਹ ਇਸ਼ਤਿਹਾਰ
ਸਾਰੇ ਮਸ਼ਹੂਰ ਅਖ਼ਬਾਰਾਂ ਵਿਚ ਛਪਦਾ
ਆਪ ਉਹ ਪੰਜ ਲੜਕੀਆਂ ਦਾ ਬਾਪ ਹੈ
ਘਰ ਵਾਲੀ ਲੜਕੇ ਪੇਕੇ ਚਲੀ ਗਈ
ਪਰ ਫੇਰ ਵੀ ਉਸਦੇ ਡੇਰੇ ਤੇ
ਲੋਕਾਂ ਦੀ ਭੀੜ ਦਿਨੋਂ-ਦਿਨ ਵਧ ਰਹੀ ਹੈ…..ਅਜਿਹੀ ਹਾਲਤ ਵਿਚ ਚਿੰਤਾਜਨਕ ਗੱਲ ਇਹ ਹੈ ਕਿ ਦੇਸ-ਬਦੇਸ਼ ਦਾ ਪੰਜਾਬੀ ਪਿੰ੍ਰਟ/ਰੇਡੀਓ/ਟੀæਵੀ ਮੀਡੀਆਂ ਇਸ ਗੱਲ ਨੂੰ ਘਟਾਉਣ ਦੀ ਥਾਂ ਅਜਿਹੇ ਪਾਖੰਡੀ ਸੰਤ-ਠੱਗ ਬਾਬਿਆਂ ਦੀ ਇਸ਼ਤਿਹਾਰਬਾਜ਼ੀ ਕਰਕੇ ਆਪਣੇ ਬੈਂਕ ਬੈਲੇਂਸ ਵਧਾਉਣ ਵਿਚ ਲੱਗਾ ਹੋਇਆ ਹੈ ਅਤੇ ਇੰਨ੍ਹਾਂ ਹੀ ਸੰਤ ਬਾਬਿਆਂ ਦੀ ਕਿਰਪਾ ਨਾਲ ਲੱਗੀ ਡਾਲਰਾਂ ਦੀ ਬਰਸਾਤ ਸਦਕਾ ਮਹਿਲਾਂ ਵਰਗੀਆਂ ਕੋਠੀਆਂ ਵਿੱਚ ਰਹਿ ਰਿਹਾ ਹੈ। ਸਾਡੇ ਮੀਡੀਆਂ ਦੇ ਕੁਝ ਹਿੱਸੇ ਵੱਲੋਂ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਵਾਂਗੂੰ ਸਾਡੇ ਗੀਤਕਾਰਾਂ/ਗਾਇਕਾਂ ਦਾ ਕੁਝ ਹਿੱਸਾ ਵੀ ਬੜੀ ਗ਼ੈਰ-ਜ਼ਿੰਮੇਵਾਰੀ ਦਿਖਾ ਰਿਹਾ ਹੈ। ਕੈਨੇਡਾ/ਅਮਰੀਕਾ/ਇੰਗਲੈਂਡ/ਇੰਡੀਆਂ/ਪਾਕਿਸਤਾਨ-ਹਰ ਜਗ੍ਹਾਂ ਹੀ ਪੰਜਾਬੀ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ; ਪਰ ਸਾਡੇ ਗਾਇਕ ਪੰਜਾਬੀ ਟੀæਵੀæ ਚੈਨਲਾਂ ਰਾਹੀਂ ਦਿਖਾਏ ਜਾ ਰਹੇ ਗੀਤਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਬੱਕਰੇ ਬਲਾਉਂਦੇ ਹੋਏ ਅਤੇ ਲਲਕਾਰੇ ਮਾਰਦੇ ਦਿਖਾ ਰਹੇ ਹਨ। ਇਸ ਤਰ੍ਹਾਂ ਸਾਡੀ ਗਾਇਕੀ ਅਤੇ ਸੱਭਿਆਚਾਰ ਟੀæਵੀæ ਪ੍ਰੋਗਰਾਮਾਂ ਦੀ ਪੇਸ਼ਕਾਰੀ ਹਕੀਕਤਾਂ ਦੀ ਗਲਤ ਪੇਸ਼ਕਾਰੀ ਕਰ ਰਹੀ ਹੈ। ਇਹੀ ਗੱਲ ਬਲਜਿੰਦਰ ਸੰਘਾ ਵੀ ਆਪਣੀ ਰਚਨਾ ‘ਕੌੜਾ ਸੱਚ’ ਵਿਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ:
ਪੱਟ ਦਿੱਤੇ ਨੇ ਨਸ਼ਿਆਂ ਨੇ
ਗੱਭਰੂ ਮੇਰੇ ਪੰਜਾਬ ਦੇ
ਮਾਰ-ਮੁਕਾਏ ਹਨ
ਬੇ-ਰੁਜ਼ਗਾਰੀ ਨੇ
ਗੱਭਰੂ ਮੇਰੇ ਪੰਜਾਬ ਦੇ
ਆਪਣਾ ਹਨੇਰਾ ਭਵਿੱਖ ਦੇਖਕੇ
ਅਵਾਜ਼ ਨਹੀਂ ਨਿੱਕਲਦੀ
ਉਹਨਾਂ ਦੇ ਮੂਹੋਂ
ਪਰ  ਅੱਜ  ਵੀ ਦਿਖਾਏ ਜਾਂਦੇ ਨੇ
ਬੇ-ਅਰਥੇ ਗੀਤਾਂ ਤੇ
ਲਲਕਾਰੇ ਮਾਰਦੇ
ਖੜ-ਮਸਤੀਆਂ ਕਰਦੇ
ਤੇ ਬੱਕਰੇ ਬੁਲਾਉਂਦੇ
ਂਟੀæਵੀæ ਚੈਨਲਾਂ ਵੱਲੋਂ
ਗੱਭਰੂ ਮੇਰੇ ਪੰਜਾਬ ਦੇ
ਸਾਡਾ ਮੀਡੀਆ ਇੱਕ ਹੋਰ ਪੱਖ ਤੋਂ ਵੀ ਗੈਰ-ਜ਼ਿੰਮੇਵਾਰੀ ਵਾਲਾ ਵਤੀਰਾ ਦਿਖਾਂਦਾ ਹੈ। ਪਹਿਲਾਂ ਤਾਂ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਦੰਗੇ-ਫਸਾਦ ਕਰਵਾਏ ਜਾਂਦੇ ਹਨ । ਫਿਰ ਦੂਜੀ ਵਾਰ ਗੈਰ-ਜ਼ਿੰਮੇਵਾਰੀ ਦਿਖਾਈ ਜਾਂਦੀ ਹੈ ਜਦੋਂ ਇੰਨ੍ਹਾਂ ਦੰਗੇ ਫਸਾਦਾਂ ਦੀਆਂ ਖਬਰਾਂ ਦਾ ਵਿਸਥਾਰ ਦੇਣ ਵੇਲੇ ਟੀæਵੀæਚੈਨਲਾਂ ਉੱਤੇ ਇਸ ਗੱਲ ਦਾ ਸ਼ੋਰ ਪਾਇਆ ਜਾਂਦਾ ਹੈ ਕਿ ਇੰਨੇ ਹਿੰਦੂ,ਇੰਨੇ ਮੁਸਲਮਾਨ,ਇੰਨੇ ਈਸਾਈ,ਇੰਨੇ ਜੈਨੀ,ਇੰਨੇ ਬੋਧੀ ਮਾਰੇ ਗਏ।ਜਿਸ ਕਾਰਨ ਦੰਗੇ ਹੋਰ ਭੜਕਦੇ ਹਨ।ਜੇਕਰ ਇੰਨ੍ਹਾਂ ਦੰਗੇ-ਫਸਾਦਾਂ ਦੀਆਂ ਖ਼ਬਰਾਂ ਪ੍ਰਸਾਰਿਤ ਕਰਨ ਵੇਲੇ ਸਾਡਾ ਮੀਡੀਆ ਮਰਨ ਵਾਲਿਆਂ ਨੂੰ ਸਿਰਫ ਇਨਸਾਨ ਹੀ ਸਮਝੇ ਤਾਂ ਟੀæਵੀæ ਪ੍ਰੋਗਰਾਮ ਦੇਖਣ ਵਾਲਿਆਂ ਦੇ ਦਿਮਾਗਾਂ ਵਿੱਚ ਇਹ ਵਿਚਾਰ ਆਵੇਗਾ ਕਿ ਇੰਨਾਂ ਦੰਗਿਆਂ ਨੇ ਇੰਨੇ ਇਨਸਾਨਾਂ ਦੀ ਜਾਨ ਲੈ ਲਈ। ਮਰਨ ਵਾਲੇ ਚਾਹੇ ਕਿਸੇ ਵੀ ਧਾਰਮਿਕ ਵਿਸ਼ਵਾਸ਼ ਵਾਲੇ ਸਨ-ਪਰ ਉਹ ਸਭ ਇਨਸਾਨ ਸਨ। ਉਨ੍ਹਾਂ ਸਾਰਿਆਂ ਦੀਆਂ ਰਗਾਂ ਵਿਚ ਇੱਕੋ ਜਿਹਾ ਖ਼ੂਨ ਵਹਿੰਦਾ ਸੀ। ਉਹ ਸਾਰੇ ਇੱਕੋ ਹਵਾ ਵਿੱਚ ਸਾਹ ਲੈਂਦੇ ਸਨ । ਉਹ ਸਭ ਹੱਡ-ਮਾਸ ਦੇ ਬਣੇ ਹੋਏ ਪੁਤਲੇ ਸਨ । ਆਪਣੀ ਕਵਿਤਾ ‘ਮੀਡੀਆ’ ਵਿਚ ਬਲਜਿੰਦਰ ਸੰਘਾ ਇਸ ਨੁਕਤੇ ਨੂੰ ਬੜੀ ਸ਼ਿਦਤ ਨਾਲ ਉਭਾਰਦਾ ਹੈ:
ਦੰਗੇ ਹੁੰਦੇ ਰਹਿੰਦੇ ਨੇ
ਖ਼ਬਰਾਂ ਸੁਣਦੇ ਹਾਂ ,ਖ਼ਬਰਾ ਪੜਦੇ ਹਾਂ
ਹਰ ਇਕ ਦੂਸਰੇ ਤੋਂ
ਵਧ-ਚੜ੍ਹ ਕੇ ਆਖਦਾ ਹੈ
ਕਿ
ਮੁਸਲਮਾਨਾਂ ਨੇ ਹਿੰਦੂ ਮਾਰ ਦਿੱਤੇ
ਕਿ
ਹਿੰਦੂਆਂ ਨੇ ਮੁਸਲਮਾਨ ਦਿੱਤੇ
ਕਿ ਸਿੱਖਾਂ ਨੇ ਹਿੰਦੂ ਮਾਰ ਦਿੱਤੇ
ਪਰ ਕੋਈ ਨਹੀਂ ਕਹਿੰਦਾ
ਕਿ
ਮਨੁੱਖਾਂ ਨੇ ਮਨੁੱਖ ਮਾਰ ਦਿੱਤੇ
ਤੇ ਸ਼ਾਇਦ ਇਸ ਕਰਕੇ
ਦੰਗੇ ਹੁੰਦੇ ਰਹਿੰਦੇ ਨੇ……..
ਬਲਜਿੰਦਰ ਸੰਘਾ ਨੇ ਆਪਣੇ ਕਾਵਿ-ਸੰਗ੍ਰਹਿ ‘ਕਵਿਤਾ……ਮੈਨੂੰ ਮੁਆਫ਼ ਕਰੀ’ ਵਿੱਚ ਭਾਵੇਂ ਕਿ ਹੋਰ ਵਿਸ਼ਿਆਂ ਬਾਰੇ ਕਵਿਤਾਵਾਂ  ਲਿਖੀਆਂ ਹਨ ,ਪਰ ਮੈਂ ਉਸਦੀ ਸਿਰਫ਼ ਇੱਕ ਕਵਿਤਾ ਨੂੰ ਵਿਚਾਰ ਅਧੀਨ ਲਿਆ ਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ।
ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਜਿਸ ਤਰ੍ਹਾਂ ਕਾਰਨ ਵੀ ਉਨ੍ਹਾਂ ਦਾ ਸਭਿਆਚਾਰਕ ਵਿਰਸਾ ਹੈ,ਇਸੇ ਤਰ੍ਹਾਂ ਹੀ ਅਨੇਕਾਂ ਹਾਲਤਾਂ ਵਿਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਉਨ੍ਹਾਂ ਦਾ ਵਿਰਸਾ ਹੀ ਹੈ।ਉਨ੍ਹਾਂ ਦੇ ਵਿਰਸੇ ਦਾ ਸਬੰਧ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾਲ ਜੁੜਿਆ ਹੋਇਆ ਹੈ।ਪਰਵਾਸੀ  ਪੰਜਾਬੀਆਂ ਦੀਆਂ ਸੱਭਿਆਚਾਰਕ ਸਮੱਸਿਆਵਾਂ ਦਾ ਜਦੋਂ ਲੇਖਾ-ਜੋਖਾ ਕਰਨ ਲੱਗਦੇ ਹਾਂ ਤਾਂ ਇਹ ਗੱਲ ਉੱਭਰਕੇ ਸਾਹਮਣੇ ਆਉਦੀ ਹੈ ਕਿ ਪ੍ਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਵੱਧ ਰਹੀ ਪ੍ਰਵਾਰਕ ਹਿੰਸਾ,ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਦੇ ਕੀਤੇ ਜਾ ਰਹੇ ਕਤਲ,ਪਿਉਆਂ ਵੱਲੋਂ ਧਰਮ ਦੇ ਨਾਮ ਉੱਤੇ ਆਪਣੀਆਂ ਹੀ ਧੀਆਂ ਨੂੰ ਕਤਲ ਕਰਵਾ ਦੇਣਾ,ਪੰਜਾਬੀ ਨੌਜਵਾਨ ਬੱਚਿਆਂ ਦਾ ਨਸ਼ਿਆਂ ਦੇ ਆਦੀ ਹੋ ਕੇ ਡਰੱਗ ਸਮੱਗਲਰ/ਡਰੱਗ ਗੈਂਗਸਟਰ ਬਣ ਜਾਣਾ-ਇਹ ਸਾਰੀਆਂ ਗੱਲਾਂ ਪੰਜਾਬੀ ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਜਾਣ ਕਰਕੇ ਵਾਪਰ ਰਿਹਾ  ਹੈ।ਕਿੁਂਕਿ ਪੰਜਾਬੀ ਸਭਿਆਚਾਰਕ ਵਿਰਸਾ ਤਾਂ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਦਾ ਹੈ,ਨਸ਼ਿਆਂ ਦੀ ਸਖਤ ਅਲੋਚਨਾ ਕਰਦਾ ਹੈ,ਧੀਆਂ ਨੂੰ ਪ੍ਰਵਾਰ ਦੀ ਖ਼ੁਸ਼ਬੂ ਕਰਾਰ ਦਿੰਦਾ ਹੈ,ਪੰਜਾਬੀ ਸਭਿਆਚਾਰਕ ਵਿਰਸਾ ਤਾਂ ਪਿਆਰ-ਮਹੁੱਬਤ,ਸਾਂਝੀਵਾਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ।ਇਨ੍ਹਾਂ ਸਮੱਸਿਆਵਾ ਤੋਂ ਅਸੀ ਕਾਫੀ ਹੱਦ ਤੱਕ ਬਚੇ ਰਹਿ ਸਕਦੇ ਹਾਂ ਜੇਕਰ ਅਸੀਂ ਆਪ/ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲ ਜੋੜੀ ਰੱਖੀਏ ਅਤੇ ਉਹਨਾਂ ਦੀ ਚੇਤਨਾ ਅੰਦਰ ਪੰਜਾਬੀ ਸੱਭਿਆਚਾਰਕ ਵਿਰਸੇ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਚਾਨਣ ਬਿਖੇਰਦੇ ਰਹੀਏ। ਕੁਝ ਇਸ ਤਰਾਂ੍ਹ ਦੀ ਹੀ ਗੱਲ ਬਲਜਿੰਦਰ ਸੰਘਾ ਆਪਣੀ ਕਵਿਤਾ ‘ਦੋਸਤ ਲਈ ਦੁਆ’ ਵਿਚ ਕਰ ਰਿਹਾ ਜਾਪਦਾ ਹੈ:
ਜੇ ਤੂੰ ਪੰਜਾਬ ਵਿਚ ਹੁੰਦਾ ਤਾਂ
ਮੈਂ ਤੇਰੇ ਲਈ ਦੁਆ ਕਰਦਾ ਕਿ
ਤੇਰੀ ਪੜ੍ਹਾਈ ਦਾ ਮੁੱਲ ਪਵੇ
ਤੇ ਤੂੰ ਵੀ ਖੜ੍ਹਾ ਹੋਵੇਂ ਆਪਣੇ ਪੈਰਾਂ ਭਾਰ
ਪਰ ਹੁਣ ਤੂੰ ਕੈਨੇਡਾ ਵਿਚ ਵੱਸਦਾ ਏ
ਤੇ ਆਰਥਿਕ ਪੱਖੋਂ ਖੁਸ਼ਹਾਲ ਏ
ਤੇ ਮੈਂ ਦੁਆ ਕਰਦਾ ਹਾਂ ਕਿ
ਤੇਰੇ ਬੱਚੇ ਪੰਜਾਬੀ ਵੀ ਪੜ੍ਹਨ…….
ਕੈਨੇਡੀਅਨ ਪੰਜਾਬੀ ਕਵੀ ਬਲਜਿੰਦਰ ਸੰਘਾ ਦਾ ਪਹਿਲਾ ਹੀ ਕਾਵਿ-ਸੰਗ੍ਰਹਿ ‘ਕਵਿਤਾ…..ਮੈਨੂੰ ਮੁਆਫ਼ ਕਰੀਂ’ ਪੜ੍ਹ ਕੇ ਇਸ ਗੱਲ ਦੀ ਤਸੱਲੀ ਮਿਲਦੀ ਹੈ ਕਿ ਉਹ ਵਿਚਾਰਧਾਕ ਤੌਰ ਤੇ ਨਾ ਇਕ ਚੇਤਨ ਕਵੀ ਹੈ,ਬਲਕਿ ਉਹ ਇਸ ਗੱਲ ਨੂੰ ਵੀ ਭਲੀਭਾਂਤ ਸਮਝਦਾ ਹੈ ਕਿ ਕਾਵਿ ਦੀ ਪ੍ਰਕ੍ਰਿਆ ਵਿਚ ਕਵੀ ਵੱਲੋਂ ਵਿਚਾਰਧਾਰਕ ਤੌਰ ਉੱਤੇ ਦਖਲ ਅੰਦਾਜ਼ੀ ਕਰਨੀ ਬਹੁਤ ਜਰੂਰੀ ਹੁੰਦੀ ਹੈ।