Get Adobe Flash player

ਡਾ.ਸਾਹਿਬ ਸਿੰਘ ਦੇ ਖੁਦ ਕਹਿਣ ਅਨੁਸਾਰ-

                               “ਮੈਂ ਨਾਟਕ ਲਈ ਹੀ ਬਣਿਆ ਹਾਂ, ਰੰਗਮੰਚ ਮੇਰੀ ਰੂਹ ਦੀ ਖੁਰਾਕ ਹੈ…ਮੈਂ ਅੱਜ ਕੱਲ੍ਹ ਰੰਗਮੰਚ ਖਾਂਦਾ ਹਾਂ, ਰੰਗਮੰਚ ਪੀਂਦਾ ਹਾਂ ਤੇ ਰੰਗਮੰਚ ਦੇ ਹੀ ਸੁਪਨੇ ਲੈਂਦਾ ਹਾਂ…ਲੋਕ ਪੱਖੀ ਰੰਗਮੰਚ” 

                                     ਗੱਲ ਸਪੱਸ਼ਟ ਹੈ ਕਿ ਇੱਕ ਤਾਂ ਅਜਿਹੀ ਪ੍ਰਤੀਬੱਧਤਾ ਵਾਲਾ, ਦੂਸਰਾ ਲੋਕ ਪੱਖੀ ਵਿਆਕਤੀ ਸਮਾਜ ਨੂੰ ਹੋਰ ਨਰੋਆ ਅਤੇ ਸਭ ਦੇ ਰਹਿਣ ਲਈ ਮੋਕਲਾ ਕਰਨ ਬਾਰੇ ਬਹੁਤ ਗੰਭੀਰਤਾ ਨਾਲ ਹੀ ਸੋਚੇਗਾ, ਨਾਟਕ ਲਿਖੇਗਾ ਅਤੇ ਸਮਾਜ ਦੇ ਸਰੋਕਾਰ ਸਮਾਜ ਦੇ ਸਾਹਮਣੇ ਲੈ ਕੇ ਆਵੇਗਾ। ਜੇਕਰ ਉਸ ਸਮਾਜ ਰੂਪੀ ਰੁੱਖ ਦੀ ਬਿਮਾਰੀ ਦਾ ਪਤਾ ਹੈ, ਬਿਮਾਰੀ ਦੇ ਪਿੱਛੇ ਦੇ ਕਾਰਨਾਂ ਦਾ ਵੀ ਪਤਾ ਹੈ ਤਾਂ ਉਹ ਉਸ ਦੀਆਂ ਟਾਹਣੀਆਂ ਦਾ ਇਲਾਜ ਨਹੀਂ ਕਰੇਗਾ ਬਲਕਿ ਉਹ ਉਸ ਦੀਆਂ ਜੜ੍ਹਾਂ ਪੱਟੇਗਾ ਤਾਂ ਕਿ ਉਸ ਦੀ ਥਾਂ ਹੋਰ ਨਰੋਆ ਬੂਟਾ ਲਗਾਇਆ ਜਾ ਸਕੇ ਜਿਸ ਦੀਆਂ ਜੜ੍ਹਾਂ ਤੰਦਰੁਸਤ ਹੋਣ।

                                           ਬਿਲਕੁਲ ਇਸੇ ਹਿਸਾਬ ਅਤੇ ਤਰਜ਼ ਤੇ ਹੀ ਡਾ.ਸਾਹਿਬ ਸਿੰਘ ਦਾ ਨਾਟਕ “ਬੇਸਮੈਂਟ ਵਿਚ ਤਰੇੜ ਹੈ’ ਚੱਲਦਾ ਹੈ। ਮੈਂਨੂੰ ਖੁਸ਼ੀ ਹੈ ਕਿ ਮੈਂ ਇਸ ਨਾਟਕ ਦਾ ਪਹਿਲਾ ਸ਼ੋਅ ਦੇਖਿਆ ਜੋ ਇਸ ਕਿਤਾਬ ਦੇ ਛਪਣ ਤੋਂ ਪਹਿਲਾ 27 ਸਤੰਬਰ 2025 ਨੂੰ ਕੈਲਗਰੀ ਵਿਚ ਡਾ.ਸਾਹਿਬ ਸਿੰਘ ਨੇ ਪ੍ਰੋਗਰੈਸਿਵ ਕਲਰਲ ਐਸੋਸ਼ੀਏਸ਼ਨ ਕੈਲਗਰੀ ਦੇ ਉਪਰਾਲੇ ਨਾਲ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਨੂੰ ਤਿਆਰੀ ਕਰਵਾ ਕੇ ਖੇਡਿਆ।

                                          ਨਾਟਕ ਸਾਡੀ ਪੰਜਾਬੀਆਂ ਦੀ ਕੈਨੇਡਾ ਵਿਚਲੀ ਪਿੱਤਰਸੱਤਾ ਦੀ ਕਹਾਣੀ ਹੈ ਉਹ ਪਿੱਤਰਸੱਤਾ ਜੋ ਨਾਟਕ ਦੀ ਪਾਤਰ ਬਲਪ੍ਰੀਤ ਕਹਿੰਦੀ ਹੈ ‘ਸਾਡੇ ਆਲੇ ਬੈਲਟ ‘ਤੇ ਜਾਣ ਆਲੇ ਬੈਗ ਵਿਚ ਪਾ ਕੇ ਲਿਆਉਂਦੇ ਆ…’। ਘਰਾਂ ਵਿਚ ਪਨਪਦੀ ਇਹ ਪਿੱਤਰਸੱਤਾ ਜਦੋਂ ਹੌਲੀ ਹੌਲੀ ਸਮੇਂ ਅਨੁਸਾਰ ਰੰਗ ਫੜਦੀ ਹੈ ਤਾਂ ਇਸਦੀ ਭਿਣਕ ਆਸੇ ਪਾਸੇ ਪੈਂਦੀ ਹੈ ਨਾਟਕ ਵਿਚ ਇਸੇ ਫੈਲਦੀ ਭਿਣਕ ਨੂੰ ਬੋਅ ਦਾ ਨਾਮ ਦਿੱਤਾ ਗਿਆ ਹੈ ਜਦੋਂ ਇਹ ਬੋਅ ਸਮਾਜ ਦੇ ਨੱਕ ਤੱਕ ਪਹੁੰਚਦੀ ਹੈ ਤਾਂ- ਸਮਾਜ ਨੱਕ ਵੀ ਢੱਕਦਾ ਹੈ, ਪਰ ਘਰ ਦੀਆਂ ਖਿੜਕੀਆਂ-ਦਰਵਾਜਿ਼ਆ ਰਾਹੀਂ ਨੇੜੇ ਆ ਆ ਸੁੰਘਦਾ ਵੀ ਹੈ, ਰੌਲਾ ਵੀ ਪਾਉਂਦਾ ਹੈ, ਮਜਾਕ ਵੀ ਕਰਦਾ ਹੈ, ਅਨੰਦ ਵੀ ਲੈਂਦਾ ਹੈ ਅਤੇ ਸੰਜੀਦਾ ਹੋਕੇ ਉਹਨਾਂ ਪਰਿਵਾਕ ਮੈਂਬਰਾਂ ਦੀ ਗੱਲ ਵੀ ਸੁਣਦਾ ਹੈ ਜਿਹਨਾਂ ਦੇ ਨੱਕ ਇਸ ਬੋਅ ਦੇ ਮਹੌਲ ਵਿਚ ਸਾਹ ਤਾਂ ਬਹੁਤ ਚਿਰ ਦੇ ਲੈ ਰਹੇ ਹਨ ਪਰ ਬੋਲਦੇ ਨਹੀਂ ਅਤੇ ਬੋਅ ਬਾਰੇ ਗੱਲ ਵੀ ਨਹੀਂ ਕਰਦੇ ਤੇ ਜਾਂ ਫਿਰ ਕਦੇ ਕਦੇ ਸਿਰਫ਼ ਆਪਣੇ-ਆਪਣੇ ਹਿੱਸੇ ਦਾ ਬੋਲਦੇ ਹਨ।

                                      ਨਾਟਕ ਸਭ ਕੁਝ ਦਿਖਾਉਂਦਾ, ਸਮਝਾਉਂਦਾ ਬੜੀ ਸੰਜੀਦਗੀ ਨਾਲ ਅੱਗੇ ਵੱਧਦਾ ਹੈ। ਇਕ ਪਰਿਵਾਰ ਰਾਹੀਂ ਸਾਡੇ ਪੂਰੇ ਸਮਾਜ ਦੀ ਬਣਤਰ ਦਾ ਚਿੱਤਰਨ ਪੇਸ਼ ਕਰਦਾ ਹੈ। ਦਾਦੀ ਤੇ ਦਾਦੇ ਵਿਚੋਂ ਘਰ ਵਿਚ ਫੈਲ ਰਹੀ ਇਸ ਪਿੱਤਰਸੱਤਾ ਅਤੇ ਇਸ ਦੇ ਟਕਰਆ ਦੀ ਬੋਅ, ਸਲਾਬ੍ਹ ਅਤੇ ਜਲਨ ਨੂੰ ਦਾਦੀ ਮਹਿਸੂਸ ਕਰਦੀ ਹੈ ਕਿ ਮਰਦਾਵੀਂ ਧੌਂਸ ਦਾ ਪੂਰਾ ਚਿੱਠਾ ਸਾਡੇ ਸਮਾਜ ਦੀ ਔਰਤ ਦੀ ਜਿੰਦਗੀ ਕਿਵੇਂ ਨਿਚੋੜ ਜਾਂਦਾ ਹੈ ਅਤੇ ਉਹ ਚੁੱਪ ਰਹਿੰਦੀ ਹੈ, ਇਹ ਇਸ ਨਾਟਕ ਵਿਚ ਸਾਡੀ ਬਜ਼ੁਰਗ ਹੋ ਚੁੱਕੀ ਪੀੜ੍ਹੀ ਦਾ ਨਾਟਕੀ ਬਿਰਤਾਂਤ ਹੈ। ਦਾਦੀ ਦੇ ਆਪਣੇ ਪਤੀ ਬਾਰੇ ਬੋਲ ਹਨ- ਇਹਦਾ ਨੱਕ ਤਾਂ ਬਾਹਲਾ ਉੱਚਾ ਹੈ ਅਤੇ ਉਸਦੇ ਅੰਦਰੋਂ ਦੱਬੀ ਹੋਈ ਔਰਤ ਬੁਢਾਪੇ ਵਿਚ ਆਪਣਾ ਮੂੰਹ ਖੋਲ੍ਹਦੀ ਹੈ ਜੋ ਨਾਟਕ ਵਿਚ ਇਸ ਗੱਲ ਦਾ ਸੂਚਕ ਹੈ ਕਿ ਹੁਣ ਪਿੱਤਰਸੱਤਾ ਟੁੱਟਣ ਲੱਗੀ ਹੋਣ ਕਰਕੇ ਉਹ ਵੀ ਬੋਲ ਰਹੀ ਹੈ ਪਰ ਪੂਰੀ ਜਿੰਦਗੀ ਦੇ ਪੱਤੇ ਇਸ ਪਿੱਤਰਸੱਤਾ ਦੇ ਦਬਦਬੇ ਅਧੀਨ ਹੀ ਖੇਡ ਚੁੱਕੀ ਹੈ ਅਤੇ ਪਾਤਰ ਦਾਦੇ (ਆਪਣੇ ਪਤੀ ਦੀ ਨਕਲ ਉਤਾਰਦੀ) ਕਹਿੰਦੀ ਹੈ: ਉੱਥੇ ਨਾ ਚਲੀ ਜਾਵੀਂ, ਹੋਰ ਨਾ ਮੇਰਾ ਨੱਕ ਵਢਾ ਦਈਂ, ਉੱਥੇ ਅੱਗੇ ਹੋਕੇ ਨਾ ਖੜ੍ਹ ਜਾਵੀਂ, ਆ ਨਾ ਪਾ ਲਵੀਂ, ਉਹ ਨਾ ਪਾ ਲਵੀਂ, ਅੱਗੇ ਕਹਿੰਦੀ ਹੈ …ਸੁਰਖੀ ਪੌਡਰ ਲਾ ਕੇ ਚਲੀ ਗਈ ਤਾਂ ਤੂੰ ਮੇਰਾ ਨੱਕ ਵਢਾ ਦਿੱਤਾ…ਮੇਰੇ ਸਿਰੋਂ ਚੁੰਨੀ ਲਹਿ ਗਈ…ਤਾਂ ਤੂੰ ਮੇਰਾ ਨੱਕ ਵਢਾ ਦਿੱਤਾ ਤੇ ਹੋਰ ਬਹੁਤ ਕੁਝ…।

                              ਨਾਟਕ ਦਾ ਲਹਿਜਾ਼ ਮਜਾਕੀਆਂ, ਸਰਲ ਅਤੇ ਆਮ ਬੋਲੀ ਦਾ ਹੈ। ਸਾਡੇ ਸਮਾਜ ਵਿਚ ਜੋ ਘਰੇਲੂ ਹਿੰਸਾ ਹੈ ਇਸ ਦੇ ਕਾਰਨ ਚਾਹੇ ਬਹੁਤ ਸਾਰੇ ਰੂਪਾਂ ਵਿਚ ਸਾਹਮਣੇ ਆਉਂਦੇ ਹਨ ਪਰ ਇਸ ਦੇ ਬਹੁਤੇ ਕਾਰਨਾਂ ਪਿੱਛੇ ਸਾਡੀ ਸਦੀਆਂ ਦੀ ਮਰਦ ਪ੍ਰਧਾਨ ਮਾਨਸਿਕਤਾ ਹੀ ਹੈ, ਜਿਸ ਵੱਲ ਕਦੇ ਅਸੀਂ ਧਿਆਨ ਹੀ ਨਹੀਂ ਦਿੱਤਾ ਅਤੇ ਨਾਟਕ ਵਿਚ ਇਸ ਬਾਰੇ ਬਾਰ ਬਾਰ ਕਿਹਾ ਗਿਆ ਹੈ “ ਇਹ ਤਾਂ ਆਏ ਹੀ ਚੱਲਦਾ…ਇਸ ਵਿਚ ਮਾੜਾ ਕੀ ਆ…”, ਬਿਲਡਰ ਨਾਮ ਦਾ ਪਾਤਰ ਇਸ ਬਾਰੇ (ਜੋ ਇਕ ਸਮਾਜ ਸੁਧਾਰਕ ਸੰਸਥਾ ਨਾਲ ਵੀ ਕੰਮ ਕਰਦਾ ਹੈ)  ਕਹਿੰਦਾ ਹੈ “ਬਈ ਤੁਹਾਡੇ ਵਾਲੀ ਵੀ ਹੱਦ ਐ… ਘਰ ‘ਚ ਮੋਲਡ (ਊੱਲੀ) ਲੱਗੀ ਐ ! ਤੁਸੀਂ ਧਿਆਨ ਈ ਨਹੀਂ ਦਿੱਤਾ ਇਸ ਵੱਲ…ਹੁਣ ਸਾਰਾ ਘਰ ਚੈਕ ਕਰਨਾ ਪਉ।

                                        ਪਿੱਤਰਸੱਤਾ ਕਿਵੇਂ ਕਿਵੇਂ ਸਮਾਜ ਨੂੰ ਬਿਮਾਰ ਕਰੀ ਅਤੇ ਜਕੜੀ ਬੈਠੀ ਹੈ ਇਹ ਇਸ ਨਾਟਕ ਰਹੀ ਪੇ਼ਸ਼ ਕੀਤਾ ਗਿਆ ਹੈ। ਬਲਪ੍ਰੀਤ ਦੇ ਪਤੀ ਕੁਲਬੀਰ ਦੇ ਰੂਪ ਵਿਚ, ਦਾਦੇ ਦੇ ਰੂਪ ਵਿਚ, ਸੰਵਾਦ ਵਿਚ ਆਉਂਦੇ ਬਲਪ੍ਰੀਤ ਦੇ ਡੈਡੀ ਦੇ ਰੂਪ ਵਿਚ ਇਸੇ ਤਰ੍ਹਾਂ ਸਿਮਰਨ ਦੇ ਪਤੀ ਦੇ ਰੂਪ ਵਿਚ। ਨਾਟਕ ਦਿਖਾਉਂਦਾ ਹੈ ਕਿ ਉੱਪਰੋਂ ਲਿਸ਼ਕਦਾ-ਪੁਸ਼ਕਦਾ ਦਿੱਸਦਾ ਸਾਡਾ ਸਮਾਜ ਅੰਦਰੋਂ ਸਿਮਰਨ ਦੇ ਪਤੀ ਦੀ ਬਨੈਣ ਵਰਗਾ ਮੋਰੀਆਂ ਵਾਲਾ ਅਤੇ ਮੁਸ਼ਕ ਮਾਰਦਾ ਹੈ, ਜਿਵੇਂ ਉਹ ਅੰਦਰਲੇ ਕੱਪੜਿਆਂ ਦੀ ਪਰਵਾਹ ਨਹੀਂ ਕਰਦਾ ਉਸੇ ਤਰ੍ਹਾਂ ਅਸੀਂ ਬਾਹਰੋਂ ਸ਼ੇਖੀਆਂ ਮਾਰਦੇ ਹਾਂ। ਸ਼ਇਦ ਹੁਣ ਗੋਰਿਆਂ ਨੂੰ ਵੀ ਸਾਡੇ ਅੰਦਰ ਦੇ ਸਮਾਜ ਦਾ ਪੂਰਾ ਗਿਆਨ ਹੋ ਗਿਆ ਹੈ ਤੇ ਇਸੇ ਕਰਕੇ ਚਾਹੇ ਅਸੀਂ ਬਾਹਰੋਂ ਰੋਜਾਨਾ ਸੇਵਾਦਾਰਾਂ ਵਾਲਾ, ਧਰਮ ਦੇ ਲਿਬਾਸ ਵਿਚ ਕੱਜਿਆ, ਲਿਸ਼ਕਦਾ-ਪੁਸ਼ਕਦਾ, ਲੋੜਵੰਦਾਂ ਦੇ ਕੰਮ ਆਉਣ ਵਾਲਾ, ਧਾਰਮਿਕ ਹੋਣ ਦਾ ਦਿਖਾਵਾ ਅਤੇ ਚੋਚਲੇ ਕਰੀਏ ਪਰ ਉਹ ਹੁਣ ਸਾਡਾ ਕੁਟਾਪਾ ਹੀ ਚਾੜ੍ਹਦੇ ਹਨ।

                                         ਨਾਟਕ ਵਿਚ ਹੋਰ ਬਹੁਤ ਸਾਰੇ ਸੰਵਾਦ ਹਨ ਜੋ ਹਰ ਗੱਲ ਬੜੀ ਸਰਲ ਅਤੇ ਸਪੱਸ਼ਟ ਦਰਸ਼ਕਾਂ ਦੇ ਖਾਨੇ ਪਾਉਂਦੇ ਹਨ ਅਤੇ ਨਾਲ-ਨਾਲ ਸੰਜੀਦਗੀ ਅਤੇ ਸੰਵੇਦਨਾ ਬਹੁਤ ਵਾਰ ਮਨ ਭਰ ਦਿੰਦੀ ਹੈ ਜਦੋਂ ਇਹੋ ਜਿਹੇ ਸਵਾਲ  ਉੱਠਦੇ ਹਨ ਜਿਵੇਂ ਬਲਪ੍ਰੀਤ ਆਪਣੇ-ਆਪ ਨਾਲ ਗੱਲ ਕਰਦੀ ਹੈ

                “ਮੇਰਾ ਘਰ ਕਿਹੜਾ ਹੈ!…ਘਰ ਕਿਸ ਸ਼ੈਅ ਨੂੰ ਕਹਿੰਦੇ ਆ, ਮੈਂਨੂੰ ਤਾਂ ਨ੍ਹੀ ਪਤੈ…ਪੇਕੀਂ ਸੀ ਤਾਂ ਮੰਮੀ ਡੈਡੀ ਕਹਿੰਦੇ ਰਹੇ, ਪੇਕਾ ਘਰ ਪਰਾਇਆ, ਅਸਲ ਘਰੇ  ਤੂੰ ਵਿਆਹ ਕੇ ਜਾਣੈ!”

                “ਥੋਨੂੰ ਕੁੜੀ ਨਹੀਂ, ਫਿਕਸਿੰਗ ਮਸ਼ੀਨ ਚਾਹੀਦੀ ਸੀ…ਪਰ ਥੋਡੇ ਮੁੰਡੇ ਦੀ ਪ੍ਰਾਬਲਮ ਫਿਕਸ ਕਰਦੀ ਕਰਦੀ ਮੈਂ ਖੁਦ ਹਿੱਲ ਗਈ ਆਂ…”

              ਸਿਮਰਨ:  “ਹਾਂਅ…ਅਸੀਂ ਭੂਤਨੀਆਂ ਹਾਂ…ਚੁੜੇਲਾਂ! …’ਤੇ ਜਿ਼ਹਨਾਂ ਵੱਡੇ ਵੱਡੇ ਮਕਾਨਾਂ ‘ਚ ਰਹਿੰਨੀਆਂ, ਉਹ ਸਿਵੇ ਨੇ… ਸਿਵਿਆਂ ਦੀ ਮਾਲਕੀ ਭੂਤਾਂ ਕੋਲ ਆ, ਚੁੜੇਲਾਂ ਸਿਰਫ਼ ਨੱਚਣ ਲਈ ਨੇ…” 

                        ਸਮੂਹ: “ਸੱਭਿਅਤਾ ਦੇ ਹਾਂ ਪਹਿਰੇਦਾਰ ਪਰ ਸੱਭਿਅਕ ਹੋਣੋ ਮੁਨਕਰ ਹਾਂ…”

                    ਪੂਰੇ ਨਾਟਕ ਵਿਚ ਕੀ ਹੁੰਦਾ ਹੈ, ਕੀ ਬਿਲਡਰ ਇਸ ਸਮਾਜ ਰੂਪੀ ਘਰ ਦੀ ਬੋਅ ,ਜਲਣ, ਸਲ੍ਹਾਬ ਅਤੇ ਮੋਲਡ ਨੂੰ ਪਛਾਣਕੇ ਇਸ ਨੂੰ ਠੀਕ ਕਰਦਾ ਜਾਂ ਪੂਰਾ ਘਰ ਢਾਹ ਕੇ ਦੁਬਾਰਾ ਬਣਾਉਣ ਦੀ ਸਲਾਹ ਦਿੰਦਾ, ਘਰ ਦੇ ਜੀਆਂ ਦੀ ਇਸ ਬਾਰੇ ਸੋਚ ਅਤੇ ਨਜ਼ਰੀਆਂ ਕੀ ਹੈ, ਇਸ ਬਾਰੇ ਮੈਂ ਹੋਰ ਨਹੀਂ ਲਿਖਾਗਾਂ ਤਾਂ ਕਿ ਆਪ ਸਭ ਦੀ ਨਾਟਕ ਪ੍ਰਤੀ ਖਿੱਚ ਬਣੀ ਰਹੇ ਅਤੇ ਇਹ ਸਭ ਤੁਸੀਂ ਇਸ ਕਿਤਾਬ ਨੂੰ ਖਰੀਦ ਕੇ ਪੜੋ ਅਤੇ ਆਪਣੀ ਲਾਇਬਰੇਰੀ ਦਾ ਹਿੱਸਾ ਬਣਾਓ ਜਾਂ ਡਾ.ਸਾਹਿਬ ਸਿੰਘ ਨੂੰ ਸੱਦਾ ਦਿਓ ਕਿ ਤੁਹਾਡੇ ਸ਼ਹਿਰ ਆਕੇ ਵੀ ਇਸ ਨਾਟਕ ਦਾ ਸ਼ੋਅ ਕਰਨ।

                                ਇਸ ਤੋਂ ਬਿਨਾਂ ਇਸ ਕਿਤਾਬ ਵਿਚ ਸਾਡੇ ਸਮਾਜ ਦੀਆਂ ਹੋਰ ਸਮੱਸਿਆ ਬਾਰੇ ਸਭ ਪਹਿਲੂ ਫਰੋਲਦੇ ਦੋ ਨਾਟਕ ‘ਐਲ.ਐਮ.ਆਈ.’ ਅਤੇ ‘ਤੇਰੀ ਕਹਾਣੀ ਮੇਰੀ ਕਹਾਣੀ’ ਦਰਜ਼ ਹਨ, ਜਿਹਨਾਂ ਬਾਰੇ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਿਦਆ ਇਸ ਲੇਖ ਵਿਚ ਗੱਲ ਨਹੀਂ ਕੀਤੀ ਜਾ ਸਕਦੀ।

                            ਡਾ.ਸਾਹਿਬ ਸਿੰਘ ਨੇ ਆਪਣੇ ਵੱਲੋਂ ਲਿਖੇ ਸ਼ਬਦਾ ਵਿਚ ਬੜੀ ਰੋਚਕਤਾਂ ਨਾਲ ਨਾਟਕ ‘ਐਲ.ਐਮ.ਆਈ.’ ਤੇ ‘ਬੇਸਮੈਂਟ ਵਿਚ ਤਰੇੜ ਹੈ’ ਦੇ ਲਿਖਣ ਅਤੇ ਇਹਨਾਂ ਦੇ ਕੈਲਗਰੀ ਵਿਚ ਪਹਿਲੇ ਸ਼ੋਅ ਲਈ ਪਾਤਰਾਂ ਦੀ ਚੋਣ, ਮਾਸਟਰ ਭਜਨ ਸਿੰਘ, ਇਹਨਾਂ ਦੀ ਬੇਟੀ ਕਮਲਪ੍ਰੀਤ ਪੰਧੇਰ, ਦੋਹਾਂ ਦੇ ਪਰਿਵਾਰਾਂ ਦੇ ਯੋਗਦਾਨ ਬਾਰੇ ਗੱਲ ਕੀਤੀ ਹੈ। ਨਾਟਕ ਵਿਚ ਪਾਤਰ ਬਨਣ ਵਾਲੀਆਂ ਹਸਤੀਆਂ ਕਮਲਪ੍ਰੀਤ ਪੰਧੇਰ, ਹਰਪ੍ਰੀਤ ਪੰਨੂ, ਸੰਦੀਪ ਕੌਰ ਗਿੱਲ, ਕਮਲ ਸਿੱਧੂ, ਬਲਜਿੰਦਰ ਢਿੱਲੋਂ, ਨਵਕਰਨ ਢੁੱਡੀਕੇ, ਆਰੀਅਨ ਪਾਲ, ਅਮਰਵੀਰ ਕੌਰ ਭੱਠਲ, ਵਿਜੇ ਸਚਦੇਵਾ, ਜੱਸ ਲੰਮ੍ਹੇ, ਰਾਜਵਿੰਦਰ ਸਿੰਘ ਢਿੱਲੋਂ, ਅਨਿਆ ਪਾਲ, ਮੰਨਤ ਕੌਰ ਗਿੱਲ, ਜਪਰਾਜ ਸਿੰਘ, ਸੁਖਮਨੀ ਸਿੱਧੂ ਨੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਰਜਿ਼) ਅਤੇ  ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਨਾਲ ਜੁੜਨ ਅਤੇ ਡਾ.ਸਾਹਿਬ ਸਿੰਘ ਨਾਲ ਨਾਟਕ ਕਰਨ ਅਤੇ ਸਿੱਖਣ ਬਾਰੇ ਆਪਣੇ ਵਿਚਾਰ ‘ਦਿਲ ਦੀਆਂ ਗੱਲਾਂ’ ਸਿਰਲੇਖ ਹੇਠ ਸਾਂਝੇ ਕੀਤੇ ਹਨ। ਨਾਟਕਾਂ ਦੇ ਸ਼ੋਆ ਦੀਆਂ ਯਾਦਗਾਰੀ ਤਸਵੀਰਾਂ ਵੀ ਕਿਤਾਬ ਦਾ ਹਿੱਸਾ ਹਨ।   

                                     ਡਾ.ਸਾਹਿਬ ਸਿੰਘ ਨੇ ਲਿਖਿਆ ਹੈ ਕਿ ਇਹ ਨਾਟਕ ਮੇਰੇ ਲਈ ਖਾਸ ਦਰਜਾ ਰੱਖਦੇ ਹਨ ਕਿਉਂਕਿ ਇਹ ਸਮੂਹਕ ਕੋਸਿ਼ਸ਼ਾਂ ਨਾਲ ਹੋਂਦ ਵਿਚ ਆਏ ਹਨ। ਇਸ ਤਰ੍ਹਾਂ ਉਹਨਾਂ ਨਵੇਂ ਵਿਸਿ਼ਆਂ ਨੂੰ ਨਾਟਕੀ ਰੂਪ ਵਿਚ ਢਾਲਣ ਦਾ ਮਾਣ ਆਪ ਲੈਣ ਤੋਂ ਵੱਧ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਨੂੰ ਦਿੱਤਾ ਹੈ।

                                          ਇਸ ਕਿਤਾਬ ਨੂੰ ‘ਚੇਤਨ ਪ੍ਰਕਾਸ਼ਨ’ ਵੱਲੋਂ ਛਾਪਿਆ ਗਿਆ ਹੈ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਰਜਿ਼), ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ ਸਪਾਂਸਰ ਕੀਤਾ ਗਿਆ ਹੈ। ਮਾਸਟਰ ਭਜਨ ਸਿੰਘ ਵੱਲੋਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਪੂਰੇ ਇਤਿਹਾਸ, ਗਤੀਵਿਧੀਆਂ, ਵਿਸ਼ੇਸ਼ ਸਰਗਰਮੀਆਂ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਬਾਰੇ ਜਾਣਕਾਰੀ ਭਰਪੂਰ ਲੇਖ ਕਿਤਾਬ ਦੇ ਅਰੰਭ ਵਿਚ ਲਿਖਿਆ ਗਿਆ ਹੈ ਜਿਸ ਨੂੰ ਪੜ੍ਹਕੇ ਸੰਸਥਾ ਦੇ ਅਥਾਹ ਕੰਮਾਂ ਬਾਰੇ ਜਾਣਕਾਰੀ ਮਿਲਦੀ ਹੈ। ਆਪ ਸਭ ਨੂੰ ਇਸ ਕਿਤਾਬ ਨੂੰ ਪੜ੍ਹਨ ਅਤੇ ਨਾਟਕਾਂ ਵਿਚ ਪੇਸ਼ ਕੀਤੇ ਸਮਾਜ ਦੇ ਸਰੋਕਾਰਾਂ ਬਾਰੇ ਚੇਤਨ ਹੋਣ ਦੀ ਸਨਿਮਰ ਬੇਨਤੀ ਹੈ। ਧੰਨਵਾਦ

                                                                                 ਬਲਜਿੰਦਰ ਸੰਘਾ

                                                                    ਫੋਨ : 403-680-3212