
ਕੈਲਗਰੀ : ਸਤੰਬਰ 26,2026 ਨੂੰ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਉੱਘੇ ਸੁਹਿਰਦ ਤੇ ਹਰਮਨ ਪਿਆਰੇ ਪੱਤਰਕਾਰ ਪਰਮਵੀਰ ਬਾਠ ਦੀ ਪ੍ਰਧਾਨਗੀ ਵਿੱਚ ਹੋਈ । ਇਸ ਇਕੱਤਰਤਾ ਵਿੱਚ ਹਰਜੀਤ ਅਟਵਾਲ (ਇੰਗਲੈਂਡ) ਦੀ ਅਗਵਾਈ ਅਤੇ ਉੱਘੇ ਲੇਖਕ ਜਿੰਦਰ ਦੀ ਸੰਪਾਦਨਾ ਹੇਠ ਛਪਦੀ ਮੈਗਜ਼ੀਨ ਦਾ 47ਵਾਂ ਅੰਕ ਜੋ ਸੁਰਿੰਦਰ ਗੀਤ ਨੂੰ ਸਮਰਪਿਤ ਵਿਸ਼ੇਸ਼ ਅੰਕ ਦੇ ਤੌਰ ਤੇ ਛਪਿਆ ਹੈ, ਲੋਕ-ਅਰਪਣ ਕੀਤਾ ਗਿਆ । ਰਵੀ ਸ਼ੇਰਗਿੱਲ ਦੇ ਹਵਾਲੇ ਨਾਲ ਇਹ ਅੰਕ ਸੁਰਿੰਦਰ ਗੀਤ ਦੀ ਰਚਨਾ ਨੂੰ ਇੱਕੋ ਕੋਣ ਤੋਂ ਦੇਖਣ ਦੀ ਥਾਂ ਵੱਖ ਵੱਖ ਆਲੋਚਨਾਤਮਿਕ ਦ੍ਰਿਸ਼ਟੀ ਰਾਹੀਂ ਸਮਝਣ ਦਾ ਯਤਨ ਹੈ । ਇਸ ਵਿੱਚ ਮੁਲਾਕਾਤ. ਖੋਜ-ਪੱਤਰ ਅਤੇ ਆਲੋਚਨਾਤਮਿਕ ਲੇਖ ਉਸ ਦੀ ਸਿਰਜਣਾ ਦੇ ਸਮਾਜਿਕ , ਸਭਿਆਚਾਰਕ, ਨਾਰੀ ਵਾਦੀ , ਮਾਨਵੀ ਅਤੇ ਕਲਾਤਮਕ ਪੱਖਾਂ ਨੂੰ ਉਜਾਗਰ ਕਰਦੇ ਹਨ ।
ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੇ ਸੁਰਿੰਦਰ ਗੀਤ ਦੇ ਰਚਨਾ ਸੰਸਾਰ ਅਤੇ ਮਿਲੇ ਮਾਨ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ ।
ਪ੍ਰੋਗਰਾਮ ਦੀ ਸ਼ੁਰੂਆਤ ਸੁਰਿੰਦਰ ਗੀਤ ਦੀ ਇਕ ਗ਼ਜ਼ਲ ਨਾਲ ਕੀਤੀ ਗਈ । ਇਸ ਗ਼ਜ਼ਲ ਨੂੰ ਸੁਖਮੰਦਰ ਗਿੱਲ ਨੇ ਆਵਾਜ਼ ਦਿੱਤੀ ।
‘ਏਥੇ ਮੇਰਾ ਜੀਅ ਨਹੀਂ ਲਗਦਾ, ਰਾਜ ਹੈ ਪੌਣ ਕੁਪੱਤੀ ਦਾ
ਸਾਡੀ ਹਾਣੀ ਸਾਉਣੀ ਦਾ ਹੁਣ ਕੌਡੀ ਮੁੱਲ ਨੀ ਵੱਟੀਦਾ ’

ਕੈਲਗਰੀ ’ਚ ਵੱਸਦੇ ਸੁਹਿਰਦ ਲੇਖਕ ਤੇ ਆਲੋਚਕ ਬਲਜਿੰਦਰ ਸੰਘਾ ਨੇ ਸ਼ਬਦ ਮੈਗਜ਼ੀਨ, ਸੁਰਿੰਦਰ ਗੀਤ ਵਿਸ਼ੇਸ਼ ਅੰਕ ਬਾਰੇ ਬੋਲਦਿਆਂ ਕਿਹਾ ਕਿ ਅਜਿਹੇ ਅੰਕ ਲੇਖਕ ਦੀ ਸਮੁੱਚੀ ਲੇਖਣੀ ਅਤੇ ਸ਼ਖ਼ਸੀਅਤ ਨੂੰ ਜਾਣਨ ਵਿੱਚ ਬਹੁਤ ਸਹਾਈ ਹੁੰਦੇ ਹਨ । ਉਹਨਾਂ ਕਿਹਾ ਕਿ ਸੁਰਿੰਦਰ ਗੀਤ 1996 ਤੋਂ ਲਗਾਤਾਰ ਲਿਖ ਰਹੀ ਹੈ । ਕਵਿਤਾ, ਗ਼ਜ਼ਲ ਤੇ ਕਹਾਣੀ ਦੇ ਖੇਤਰ ਵਿੱਚ ਉਸ ਵੱਲੋਂ ਪਾਏ ਯੋਗਦਾਨ ਨੂੰ ਸ਼ਬਦ ਦੇ ਇਸ ਵਿਸ਼ੇਸ਼ ਅੰਕ ਨੇ ਪੰਜਾਬੀ ਸਾਹਿਤ ਜਗਤ ਦੇ ਸਾਹਮਣੇ ਬੜੀ ਖ਼ੂਬਸੂਰਤੀ ਨਾਲ ਪਰੋਸਿਆ ਹੈ ।
ਉੱਘੇ, ਨਿਧੜਕ, ਸੁਚੱਜੇ ਤੇ ਲੋਕ ਦਿਲਾਂ ਦੀ ਧੜਕਣ ਪੱਤਰਕਾਰ ਪਰਮਵੀਰ ਬਾਠ ਨੇ ਆਪਣੇ ਸਚਿਆਰੇ ਹੱਥਾਂ ਨਾਲ ਇਸ ਅੰਕ ਨੂੰ ਲੋਕ ਅਰਪਣ ਕੀਤਾ । ਉਹਨਾਂ ਕਿਹਾ ਕਿ ਜਿੰਦਰ ਇਕ ਤੀਖਣ ਬੁੱਧੀ ਦਾ ਮਾਲਕ ਹੈ, ਸ਼ਬਦ ਮੈਗਜ਼ੀਨ ਦੇ ਵਿਸ਼ੇਸ਼ ਅੰਕ ਲਈ ਸੁਰਿੰਦਰ ਗੀਤ ਦੀ ਚੋਣ ਇਕ ਵਧੀਆ ਚੋਣ ਹੈ । ਉਹਨਾਂ ਕਿਹਾ ਕਿ ਸੁਰਿੰਦਰ ਗੀਤ ਨੂੰ ਕਿਸਾਨ ਸੰਘਰਸ਼ ਦੇ ਸਮੇਂ ਤੋਂ ਜਾਣਦਾ ਹਾਂ । ਕਿਸਾਨ ਸੰਘਰਸ਼ ਵਿੱਚ ਸੁਰਿੰਦਰ ਗੀਤ ਨੇ ਆਪਣੀ ਲੇਖਣੀ ਰਾਹੀਂ ਜੋ ਯੋਗਦਾਨ ਪਾਇਆ ਉਹ ਸ਼ਲਾਘਾਯੋਗ ਹੈ ।
ਜਗਦੇਵ ਸਿੱਧੂ ਹੋਰਾਂ ਨੇ ਕਿਹਾ ਕਿ ਇਹ ਹਥਲਾ, ਸੁਰਿੰਦਰ ਗੀਤ ਵਿਸ਼ੇਸ਼ ਅੰਕ ਬੜੀ ਮਿਹਨਤ ਅਤੇ ਸੁਚੱਜਤਾ ਨਾਲ ਤਿਆਰ ਕੀਤਾ ਗਿਆ ਹੈ । ਡਾ. ਨਰੇਸ਼ ਦਵਾਰਾ ਕੀਤੀ ਗਈ ਮੁਲਾਕਾਤ ਦੀ ਉਹਨਾਂ ਰੱਜ ਕੇ ਸ਼ਲਾਘਾ ਕੀਤੀ ਤੇ ਕਿਹਾ ਕਿਹਾ,“ ਪੁੱਛੇ ਗਏ ਸਵਾਲ ਬਹੁਤ ਉੱਚ ਪਾਏ ਦੇ ਹਨ ਅਤੇ ਉਹਨਾਂ ਸਵਾਲਾਂ ਦੇ ਜਵਾਬਾਂ ਨਾਲ ਸੰਬੰਧਿਤ ਕਵਿਤਾ ਦੀਆਂ ਤੁਕਾਂ ਨੇ ਮੁਲਾਕਾਤ ਨੂੰ ਬਹੁਤ ਰੋਚਿਕ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ । ਅੱਗੇ ਚੱਲ ਕੇ ਉਹਨਾਂ ਇਹ ਵੀ ਕਿਹਾ ਕਿ ਇਹ ਅੰਕ ਸਾਹਿਤ- ਪ੍ਰੇਮੀਆਂ ਅਤੇ ਖੋਜਾਰਥੀਆਂ ਦੇ ਬਹੁਤ ਕੰਮ ਆਵੇਗਾ । ਇਸ ਅੰਕ ਵਿਚਲੇ ਵੱਖ ਵੱਖ ਲੇਖਕਾਂ ਦੇ ਵਿਚਾਰਾਂ ਤੇ ਸੰਖੇਪ ਵਿੱਚ ਚਾਨਣਾ ਪਾਇਆ । ਜਗਦੇਵ ਸਿੱਧੂ ਨੇ ਦੱਸਿਆ ਇਸ ਵਿੱਚ ਛਪਿਆ ਹਰ ਲੇਖ ਨਵਾਂ ਹੈ । ਕੋਈ ਵੀ ਚੀਜ਼ ਏਧਰੋਂ ਓਧਰੋਂ ਨਹੀਂ ਚੁੱਕੀ ਗਈ । ਸੁਰਿੰਦਰ ਗੀਤ ਦੀ ਕਲਮ ਸਦਾ ਹੱਕ ਤੇ ਸੱਚ ਦੀ ਗੱਲ ਕਰਦੀ ਹੈ ਤੇ ਕਰਦੀ ਰਹੇਗੀ ।
ਲੜਾਈ ਸੱਚ ਦੀ ਹੋਵੇ ਅਸੂਲਾਂ ਜਾਂ ਸਿਧਾਂਤਾਂ ਦੀ
ਕਵੀ ਦਾ ਧਰਮ ਹੁੰਦਾ ਹੈ ਸਦਾ ਮਜ਼ਲੂਮ ਵੱਲ ਖੜ੍ਹਨਾ ।
-ਸੁਰਿੰਦਰ ਗੀਤ
ਨਾਟਕ ਕਾਰ ਗੁਰਬਾਣੀ ਗਿੱਲ ਨੇ ਸੁਰਿੰਦਰ ਗੀਤ ਬਾਰੇ ਬੋਲਦਿਆਂ ਕਿਹਾ ਕੁਝ ਕਲਮਾਂ ਸਿਆਹੀ ਨਾਲ ਨਹੀਂ ਚੱਲਦੀਆਂ, ਉਹ ਆਪਣੇ ਅੰਦਰ ਸਾਂਭੇ ਹੋਏ ਮੌਸਮਾਂ ਨਾਲ ਲਿਖਦੀਆਂ ਨੇ । ਸੁਰਿੰਦਰ ਗੀਤ ਜੀ ਦੀ ਕਲਮ ਵੀ ਉਹਨਾਂ ਕਲਮਾਂ ਵਿੱਚੋਂ ਇੱਕ ਹੈ—ਜਿਹੜੀ ਕਾਗ਼ਜ਼ ਉੱਤੇ ਅੱਖਰ ਨਹੀਂ ਧਰਦੀ, ਸਗੋਂ ਮਨੁੱਖੀ ਮਨ ਦੀਆਂ ਉਹਨਾਂ ਪਰਤਾਂ ਨੂੰ ਛੂੰਹਦੀ ਜਿੱਥੇ ਸ਼ਬਦ ਪਹੁੰਚਣ ਤੋਂ ਪਹਿਲਾਂ ਹੀ ਭਾਵਨਾਵਾਂ ਆਪਣਾ ਘਰ ਬਣਾ ਲੈਂਦੀਆਂ ਨੇ।
ਇਸ ਮੌਕੇ ਹਾਜ਼ਰ ਸਾਹਿਤ ਪ੍ਰੇਮੀਆਂ ਨੇ ਆਪੋ ਆਪਣੀਆਂ ਰਚਨਾਵਾਂ ਰਾਹੀ ਸਮੇਂ ਨੂੰ ਰੌਣਕ ਬਖ਼ਸ਼ੀ । ਜਿਨ੍ਹਾਂ ਚੋਂ ਜਰਨੈਲ ਸਿੰਘ ਤੱਗੜ , ਸੋਹਣ ਸਿੰਘ ਭੁੱਚੋ, ਸੁਖਵਿੰਦਰ ਸਿੰਘ ਤੂਰ, ਮੁਨੱਵਰ ਅਹਿਮਦ ਨੇ ਡਾ. ਪਾਤਰ ਦੀ ਗ਼ਜ਼ਲ, ਲਖਵਿੰਦਰ ਸਿੰਘ ਸਿੱਧੂ ਨੇ ਆਪਣੀ ਮੌਲਿਕ ਰਚਨਾ, ਸਰਵਨ ਸਿੰਘ , ਗੁਰਦੀਪ ਸਿੰਘ ਧਾਲੀਵਾਲ, ਇਕਬਾਲ ਕੌਰ ਭੁੱਲਰ , ਮਨਮੋਹਨ ਸਿੰਘ ਬਾਠ. ਜੈ ਸਿੰਘ ਅਤੇ ਸ੍ਰੀ ਸੁਭਾਸ਼ ਸ਼ਰਮਾ ਦੇ ਨਾਮ ਵਰਣਨ ਯੋਗ ਹਨ ।
ਇਸ ਤੋਂ ਇਲਾਵਾ ਮੰਗਲ ਚੱਠਾ, ਸੀਮਾ ਚੱਠਾ . ਸੁਖਬੀਰ ਸਿੰਘ ਸੰਧੂ , ਰੌਬੀ, ਮਨਜੀਤ ਕੌਰ ਖਹਿਰਾ, ਦਰਸ਼ਨ ਸਿੰਘ ਮਹਿਰੋਕ, ਜੋਧ ਵੀਰ ਸਿੰਘ ਉੱਪਲ, ਦਿਲਾਵਰ ਸਿੰਘ ਸਮਰਾ, ਗੁਰਮੀਤ ਕੌਰ ਸਮਰਾ, ਗੁਰਬਖ਼ਸ਼ ਸਿੰਘ ਗਿੱਲ, ਸੁਰਿੰਦਰ ਸਿੰਘ ਢਿੱਲੋਂ ਨੇ ਹਾਜ਼ਰੀ ਲਗਵਾਈ ।
ਮੰਚ ਸੰਚਾਲਨ ਦੀ ਜ਼ੁੰਮੇਵਾਰੀ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ।
ਹੋਰ ਜਾਣਕਾਰੀ ਲਈ ਸੁਰਿੰਦਰ ਗੀਤ ਨੂੰ 403-605-3734 ਜਾਂ ਗੁਰਦਿਆਲ ਸਿੰਘ ਖਹਿਰਾ ਨੂੰ 403 -968- 2880 ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਅੰਤ ਵਿੱਚ ਸੁਰਿੰਦਰ ਗੀਤ ਨੇ ਸਾਰਿਆਂ ਦਾ ਧੰਨਵਾਦ ਕੀਤਾ । ਅਕਤੂਬਰ ਮਹੀਨੇ ਦੀ ਇਕੱਤਰਤਾ 24 ਅਕਤੂਬਰ 2026, ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਹੋਵੇਗੀ । (ਗੁਰਦਿਆਲ ਸਿੰਘ ਖਹਿਰਾ, ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਕੈਲਗਰੀ)