Get Adobe Flash player

ਗੁਰਚਰਨ ਕੌਰ ਥਿੰਦ :ਕੈਲਗਰੀ ਲੇਖਕ ਸਭਾ ਦੀ 5 ਸਤੰਬਰ ਦੀ ਮਹੀਨਾਵਾਰ ਮੀਟਿੰਗ ਵਿੱਚ ਸਭਾ ਦੇ ਸਤਿਕਾਰਤ ਮੈਂਬਰ ਗੁਰਚਰਨ ਸਿੰਘ ਹੇਹਰ ਦੀ ਕਾਵਿ-ਪੁਸਤਕ ‘ਅਰਪਨ’ ਨੂੰ ਲੋਕ-ਅਰਪਣ ਕੀਤਾ ਗਿਆ। ਹਾਜ਼ਰੀਨ ਦੀ  ਭਰਵੀਂ ਇੱਕਤਰਤਾ ਦੀ ਸ਼ੁਰੂਆਤ ਸਕੱਤਰ ਗੁਰਚਰਨ ਕੌਰ ਥਿੰਦ ਵਲੋਂ ਸਭ ਨੂੰ ਜੀ ਆਇਆਂ ਆਖ ਕੇ ਅਤੇ ਮੀਟਿੰਗ ਦੇ ਅੱਜ ਦੇ ਏਜੰਡੇ ਬਾਰੇ ਦੱਸ ਕੇ ਕੀਤੀ ਗਈ। ਉਨ੍ਹਾਂ ਅੱਜ ਦੀ ਮੀਟਿੰਗ ਵਿੱਚ ਕਾਵਿ-ਸੰਗ੍ਰਿਹ ਨੂੰ ਲੋਕ-ਅਰਪਣ ਕਰਨ ਦੇ ਨਾਲ ਨਾਲ ਅਧਿਆਪਕ ਦਿਵਸ ਬਾਰੇ ਚਰਚਾ ਕਰਨ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਕਵੀ ਗੁਰਚਰਨ ਸਿੰਘ ਹੇਹਰ ਤੇ ਬਲਵਿੰਦਰ ਬਰਾੜ ਦੇ ਸ਼ੁਸ਼ੋਭਤ ਹੋ ਜਾਣ ਉਪਰੰਤ ਸੁਖਮੰਦਰ ਸਿੰਘ ਗਿੱਲ ਜੀ ਦੁਆਰਾ ਗਾਏ ਗਏ ਧਾਰਮਿਕ ਗੀਤ ‘ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ, ਪੰਥ ਮਹਾਰਾਜ ਜੀ ਦੇ ਝੂਲਦੇ ਨਿਸ਼ਾਨ’ ਨਾਲ ਅਗਲੇਰੀ ਕਾਰਵਾਈ ਦੀ ਸ਼ੁਰੂਆਤ ਹੋਈ। ਉਪਰੰਤ ਕਾਵਿ ਸੰਗ੍ਰਿਹ ‘ਅਰਪਨ’ ਬਾਰੇ ਚਰਚਾ ਸ਼ੁਰੂ ਕਰਦਿਆਂ ਸਕੱਤਰ ਨੇ ਕਿਹਾ ਕਿ ‘ਕਹਿੰਦੇ ਹਨ ਹਰ ਵਿਅਕਤੀ ਦੇ ਅੰਦਰ ਕਵੀ ਹੁੰਦਾ, ਗਾਇਕ ਹੁੰਦਾ ਅਤੇ ਜਿਹਨੇ ਇਹਨੂੰ ਝੰਜੋੜ ਕੇ ਜਗਾ ਲਿਆ ਉਹਦੇ ਤੇ ਇਸ ਰਹਿਮਤ ਦੀ ਬਖਸ਼ਿਸ਼ ਹੋ ਜਾਂਦੀ ਹੈ। ਇਸੇ ਮਿਹਰ ਸਦਕਾ ਸਾਇੰਸ ਦੀ ਡਿਗਰੀ ਤੇ ਹਿਸਟਰੀ ਦੀ ਮਾਸਟਰ ਡਿਗਰੀ ਲੈ ਅਧਿਆਪਨ ਕਿੱਤੇ ਨੂੰ ਸਮਰਪਤ ਅਧਿਆਪਕ ਗੁਰਚਰਨ ਸਿੰਘ ਹੇਹਰ ਗੀਤਾਂ ਦੀ ਛਹਿਬਰ ਲਾਉਣ ਵਾਲਾ ਕਵੀ ਬਣ ਗਿਆ।

ਚਰਨਦੀਪ ਕੌਰ ਨੇ ਇਸ ਸਬੰਧੀ ਪੇਪਰ ਪੜ੍ਹਦੇ ਦੱਸਿਆ ਕਿ ਕਵੀ ਦੀ ਕਲਮ ਵਿੱਚ ਰਵਾਨਗੀ ਹੈ, ਕਵਿਤਾਵਾਂ ਸੰਦੇਸ਼ ਦੇਂਦੀਆਂ ਹਨ ਅਤੇ ਵਹਾਅ ਕੇ ਨਾਲ ਲੈ ਤੁਰਦੀਆਂ ਹਨ। ਗੀਤਾਂ ਤੇ ਕਵਿਤਾਵਾਂ ਵਿੱਚ ‘ਸਰਵਾੜ’ ਵਰਗੇ ਸ਼ਬਦਾਂ ਦੀ ਵਰਤੋਂ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀਆਂ ਪ੍ਰਤੀਤ ਹੁੰਦੀਆਂ ਹਨ। ਜਗਦੇਵ ਸਿੰਘ ਸਿੱਧੂ ਨੇ ਕਾਵਿ-ਸੰਗ੍ਰਿਹ ਬਾਰੇ ਆਪਣੇ ਵਿਸਥਾਰਤ ਪਰਚੇ ਰਾਹੀਂ ਦਰਸਾਇਆ ਕਿ ਇਸ ਸੰਗ੍ਰਿਹ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਅਲੰਕਾਰਾਂ ਤੇ ਬਿੰਬਾਂ ਦੀ ਭਰਮਾਰ ਹੈ ਅਤੇ ਬਹਿਰ ਵਜ਼ਨ, ਕਾਫ਼ੀਏ, ਸ਼ਬਦ ਚੋਣ, ਸ਼ਬਦ ਜੜ੍ਹਤ ਤੇ ਰਵਾਨਗੀ ਕਮਾਲ ਦੀ ਹੈ। ਕਾਵਿ ਰਚਨਾਵਾਂ ਧਾਰਮਿਕ, ਸਿਆਸੀ, ਸਭਿਆਚਾਰਕ ਅਤੇ ਆਰਥਿਕ ਸਰੋਕਾਰਾਂ ਨੂੰ ਕਲਾਵੇ ਵਿੱਚ ਲੈਂਦੀਆਂ ਹਨ। ਕਵੀ ਨੂੰ ਗੀਤਾਂ-ਕਵਿਤਾਵਾਂ ਦੀ ਪ੍ਰੇਰਨਾ ਗੁਰਬਾਣੀ ਤੋਂ ਮਿਲੀ ਹੋਣ ਕਰਕੇ ਕਵੀ ਆਪਣੀਆਂ ਰਚਨਾਵਾਂ ਰਾਹੀਂ ਬਰਾਬਰੀ ਦੇ ਹੱਕ ਲੈਣ ਤੇ ਨਾਬਰੀ ਦੀ ਗੱਲ ਕਰਦਾ ਹੈ। ਬਲਵਿੰਦਰ ਬਰਾੜ ਨੇ ਕਿਹਾ ਕਿ ਜਿਨਾ ਚਿਰ ਹੁੱਝਾਂ ਨਹੀਂ ਪੈਂਦੀਆਂ ਲਿਿਖਆ ਨਹੀਂ ਜਾਂਦਾ। ਪੰਜਾਬੀ ਮਾਨਸਿਕਤਾ ਧਾਰਮਿਕ ਪ੍ਰਭਾਵ ਤੋਂ ਬਣੀ ਹੈ, ਕਵੀ ਧਾਰਮਿਕ ਬ੍ਰਿਤੀ ਦਾ ਹੋਣ ਕਰਕੇ ਉਸਦਾ ਇਹ ਕਾਵਿ-ਸੰਗ੍ਰਿਹ ਪਾਠਕ ਨੂੰ ਨੈਤਿਕਤਾ ਵੱਲ ਮੋੜਨ ਦਾ ਯਤਨ ਕਰਦਾ ਹੈ ਅਤੇ ਉਸ ਨੇ ਸਿੱਖੀ ਸੰਕਲਪ ਨੂੰ ਅੱਗੇ ਲਿਆਂਦਾ ਹੈ। ਜਸਵੀਰ ਸਿਹੋਤਾ ਨੇ ਗੁਰਚਰਨ ਸਿੰਘ ਹੇਹਰ ਦੀ ਸਿੱਖੀ ਸੋਚ ਅਤੇ ਸਾਫ਼ ਸੁਥਰੀ ਧਾਰਮਿਕ ਰਹਿਣੀ ਬਹਿਣੀ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਅਜਿਹਾ ਇਨ੍ਹਾਂ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਵੀ ਪ੍ਰਤੱਖ ਹੈ। ਸੁਰਿੰਦਰ ਢਿਲੋਂ ਨੇ ਕਿਹਾ ਕਿ ਕਵਿਤਾ ਨੂੰ ਜਦ ਸੰਗੀਤ ਦੇ ਦਿੱਤਾ ਜਾਵੇ ਤਾਂ ਉਸ ਤੋਂ ਉਪਰ ਕੁੱਝ ਨਹੀਂ ਹੁੰਦਾ।  ਉਨ੍ਹਾਂ ਸੰਗੀਤ ਦੀਆਂ ਸੱਤ ਸੁਰਾਂ ਨੂੰ ਬਾਖ਼ੂਬੀ ਵਿਸਥਾਰਤ ਕੀਤਾ।

ਉਪਰੰਤ ਸਭਾ ਦੇ ਐਗਜ਼ੈਕਟਿਵ ਮੈਂਬਰਾਂ ਨੇ ਕਾਵਿ-ਸੰਗ੍ਰਿਹ ‘ਅਰਪਨ’ ਨੂੰ ਤਾੜੀਆਂ ਦੀ ਗੂੰਜ ਵਿੱਚ ਲੋਕ ਅਰਪਣ ਕਰਨ ਦੀ ਰਸਮ ਨਿਭਾਈ। ਬਾਦ ਵਿੱਚ ਗੁਰਚਰਨ ਸਿੰਘ ਹੇਹਰ ਜੀ ਨੇ ਆਪਣੇ ਪ੍ਰਵਾਰਿਕ ਮੈਂਬਰਾਂ, ਬੇਟੇ ਵਰਣਪਾਲ ਸਿੰਘ, ਨੂੰਹ ਹਰਪ੍ਰੀਤ ਕੌਰ ਅਤੇ ਭਤੀਜੇ ਤੇ ਭਤੀਜ ਨੂੰਹ ਨਾਲ ਫੋਟੋ ਖਿਚਵਾ ਕੇ ਪਰਵਾਰ ਦੀ ਹਾਜ਼ਰੀ ਲੁਆਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਸਾਹਿਤ ਵਿੱਚ ਕਿਸ ਸਥਾਨ ਤੇ ਖੜਾ ਹਾਂ ਮੈਨੂੰ ਇਸ ਕਿਤਾਬ ਬਾਰੇ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲਗਾ ਹੈ। ਮੈਂ ਆਪ ਸਭ ਦਾ ਤਹਿ ਦਿਲੋਂ ਅਭਾਰੀ ਹਾਂ। ਉਨ੍ਹਾਂ ਨੇ ਆਪਣੀਆਂ ਕੁੱਝ ਰਚਨਾਵਾਂ ਸਾਂਝੀਆਂ ਕੀਤੀਆਂ।

ਇਸ ਤੋਂ ਬਾਦ ਹਾਜ਼ਰੀਨ ਵਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਗੁਰਦਿਆਲ ਖਹਿਰਾ ਨੇ ਪੰਜਾਬੀ ਬੋਲੀ ਦੀ ਗੁਰੂ ਅੰਗਦ ਦੇਵ ਜੀ ਵਲੋਂ ਖਡੂਰ ਸਾਹਿਬ ਵਿਖੇ ਸ਼ੁਰੂ ਕੀਤੇ ਜਾਣ ਦੀ ਬਾਤ ਪਾਈ। ਗੁਰਬਾਣੀ ਨੇ ਅਧਿਆਪਕ ਦਿਵਸ ਨੂੰ ਸਮਰਪਤ ਰਚਨਾ ‘ਅਧਿਆਪਕ ਉਹ ਨਹੀਂ ਜੋ ਸਿਰਫ਼ ਕਿਤਾਬਾਂ ਦੇ ਅੱਖਰ ਪੜ੍ਹਾਵੇ, ਅਧਿਆਪਕ ਉਹ ਹੈ ਜੋ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਵੇ’ ਸਾਂਝੀ ਕੀਤੀ। ਗੁਰਦੀਸ਼ ਗਰੇਵਾਲ ਨੇ ਅਧਿਆਪਕ ਨੂੰ ਮਲਾਹ ਦੱਸਿਆ ਜੋ ਭਰ ਭਰ ਬੇੜੇ ਪਾਰ ਲਾਉਂਦਾ ਹੈ। ਲਖਵਿੰਦਰ ਸਿੰਘ ਸਿੱਧੂ ਨੇ ਅਧਿਆਪਕ ਦਿਵਸ ਦੀ ਵਧਾਈ ਦੇਂਦੇ ਕਿਹਾ ਕਿ ‘ਸਭ ਕੁੱਝ ਸਿੱਖ ਜਾਈਏ ਕਿਤਾਬਾਂ ਤੋਂ ਜ਼ਰੂਰੀ ਨਹੀਂ, ਵਕਤ ਵੀ ਸਿਖਾ ਦੇਂਦਾ ਹੈ ਹਕੀਕਤਾਂ।‘ ਗੁਰਮੀਤ ਸਿੰਘ ਨੇ ਵੀ ‘ਮਿੱਠੀ ਯਾਦ ਆਉਂਦੀ ਆਪਣੇ ਅਧਿਆਪਕ ਦੀ ਜਿਸਨੇ ਪੜ੍ਹਨਾ ਲਿਖਣਾ ਸਿਖਾਇਆ’ ਸ਼ਬਦਾਂ ਨਾਲ ਅਧਿਆਪਕ ਦਿਵਸ ਬਾਰੇ ਗੱਲ ਕੀਤੀ।

ਮਨਿੰਦਰ ਕੌਰ ਨੇ ‘ਵੈਸੇ ਤਾਂ ਕੋਈ ਗੱਲ ਨਹੀਂ, ਪਰ ਮਹਿਫ਼ਲ ਮੇਰੇ ਵੱਲ ਨਹੀਂ’ ਆਪਣੀ ਰਚਨਾ ਪੇਸ਼ ਕਰਕੇ ਹਾਜ਼ਰੀ ਲੁਆਈ। ਸੋਹਣ ਸਿੰਘ ਭੁੱਚੋ, ਅਲਬੇਲ ਬਰਾੜ, ਜਤਿੰਦਰ ਸਿੰਘ, ਸੁਖਵਿੰਦਰ ਤੂਰ, ਮਨਮੋਹਨ ਸਿੰਘ ਬਾਠ ਨੇ ਸੁਰੀਲੀ ਅਵਾਜ਼ ਵਿੱਚ ਗੀਤ ਗਾਏ। ਇੰਜ: ਜੀਰ ਸਿੰਘ ਬਰਾੜ, ਮੋਹਨ ਸਿੰਘ ਪਪਰਾਲਾ, ਗੁਰਦੀਪ ਧਾਲੀਵਾਲ, ਦਰਸ਼ਨ ਬਰਾੜ, ਮਾਸਟਰ ਹਰਭਜਨ ਸਿੰਘ ਨੇ ਆਪੋ ਆਪਣੇ ਅੰਦਾਜ਼ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਐਡਮਿੰਟਨ ਤੋਂ ਆਈ ਵਰਿੰਦਰ ਕੌਰ ਨੇ 2 ਅਕਤੂਬਰ ਨੂੰ ਏਅਰ ਡਰੀ ਵਿਖੇ ‘ਬਰਟ ਚਰਚ ਥੀਏਟਰ’ ਵਿੱਚ ਖੇਡੇ ਜਾਣ ਵਾਲੇ ਆਪਣੇ ਨਾਟਕ ‘ਇੱਕ ਕਹਾਣੀ ਹੋਰ’ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਕਿ ਅਜੋਕੇ ਸਮੇਂ ਵਿੱਚ ਨੌਜੁਆਨ ਪੀੜ੍ਹੀ, ਔਰਤਾਂ ਅਤੇ ਸਮਾਜ ਨੂੰ ਦਰਪੇਸ਼ ਹੋਰ ਚੁਨੌਤੀਆਂ ਨੂੰ ਪੇਸ਼ ਕਰਦਾ ਨਾਟਕ ਹੈ। ਉਨ੍ਹਾਂ ਸਭ ਹਾਜ਼ਰੀਨ ਨੂੰ ਨਾਟਕ ਦੇਖਣ ਆਉਣ ਦਾ ਸੱਦਾ ਦਿੱਤਾ।

ਅੰਤ ਵਿੱਚ ਸਕੱਤਰ ਨੇ ਚਰਨਜੀਵ ਸਿੰਘ, ਸਰਬਜੀਤ ਉੱਪਲ, ਬਬਰਜੀਤ ਸਿੰਘ ਸਿੱਧੂ, ਅਨਮੋਲਦੀਪ ਕੌਰ, ਮਨਰਾਜ਼ ਕੌਰ  ਸੁਖਵਿੰਦਰ ਥਿੰਦ, ਰਵੀ ਜਨਾਗਲ, ਰੋਸ਼ਨ ਭੱਟ ਅਤੇ ਅਸੋਕ ਸੱਗੂ ਹੁਰਾਂ ਦੀ ਵੱਡਮੁੱਲੀ ਹਾਜ਼ਰੀ ਦਾ ਜ਼ਿਕਰ ਕੀਤਾ ਅਤੇ ਉਪਸਥਿਤ ਸਭ ਹਾਜ਼ਰੀਨ ਦਾ ਧੰਨਵਾਦ ਕਰ ਮੀਟਿੰਗ ਦੀ ਸਮਾਪਤੀ ਕਰ ਦਿੱਤੀ। (ਰਿਪੋਰਟ ਕਰਤਾ:ਗੁਰਚਰਨ ਕੌਰ ਥਿੰਦਸਕੱਤਰ, ਕੈਲਗਰੀ ਲੇਖਕ ਸਭਾਫੋਨ: 403-402-9635)