Get Adobe Flash player

ਇਸ ਸਮਾਗਮ ਵਿੱਚ ਵੱਖ ਵੱਖ ਕਮਿਊਨੀਟੀਜ਼ ਦੇ ਕਲਾਕਾਰਾਂ ਦੇ ਗਰੁੱਪਾਂ ਨੇ ਭਾਗ ਲਿਆ। ਜਿਸ ਵਿੱਚ ਨੇਪਾਲੀ ਕਮਿਊਨਿਟੀ ਸੋਸਾਇਟੀ ਆਫ ਕੈਲਗਰੀ ਦੇ ਡਾਂਸ ਗਰੁੱਪ, ਫਿਲਪੀਨੋ ਇੰਡਕ ਗਲੋਬਲ ਕਲਚਰਲ ਡਾਂਸ ਗਰੁੱਪ, ਇਲਮ ਸੋਸਾਇਟੀ ਦੇ ‘ਯੂਨੀਵਰਸਲ ਵਾਈਬਜ਼ ਗਰੁੱਪ, ਗਿੱਧਾ ਅਕੈਡਮੀ ਦੀਆਂ ਛੋਟੀਆਂ ਬੱਚੀਆਂ ਦੇ ਗਰੱਪ ਅਤੇ ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਸੀਨੀਅਰ ਔਰਤਾਂ ਵਲੋਂ ਪੰਜਾਬੀ ਲੋਕ-ਨਾਚ ਗਿੱਧਾ ਪੇਸ਼ ਕੀਤਾ ਗਿਆ। ਡਾ: ਰੀਟਾ ਕਰਮਾਕਰ ਨੇ ਬੰਗਾਲੀ ਗੀਤ ਨਾਲ ਸਮਾਂ ਬੰਨ੍ਹਿਆ। ਮੁਨਵਰ ਅਹਿਮਦ ਪੰਜਾਬੀ ਅਤੇ ਸੁਖਮੰਦਰ ਸਿੰਘ ਗਿੱਲ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਵਾਰਿਸ ਸ਼ਾਹ ਦਾ ਕਲਾਮ ਗਾ ਕੇ ਵਾਹ ਵਾਹ ਖੱਟ ਲਈ। ਪ੍ਰੋਗਰਾਮ ਦਾ ਅਗਾਜ਼ ਹਰਮਿੰਦਰ ਪਾਲ ਸਿੰਘ ਨੇ ਆਪਣੀ ਬੁਲੰਦ ਅਵਾਜ਼ ਵਿੱਚ ਧਾਰਮਿਕ ਗੀਤ ਨਾਲ ਕੀਤੀ। ਦੀਪ ਬਰਾੜ ਨੇ ਹਾਰਮੋਨੀਅਮ ਤੇ ਮਾਹੀਆ ਗਾ ਕੇ ਰੌਣਕਾਂ ਲਾਈਆਂ।

ਸਮਾਗਮ ਵਿੱਚ ਅਲਬਰਟਾ ਦੇ ਮਲਟੀਕਲਚਰਿਜ਼ਮ ਮਨਿਸਟਰ ਮੁਹੰਮਦ ਯਾਸੀਨ ਜੀ ਦੀ ਦੋ ਘੰਟੇ ਦੀ ਹਾਜ਼ਰੀ ਖਾਸ ਜ਼ਿਕਰਯੋਗ ਰਹੀ। ਉਨਾਂ ਕਨੇਡਾ ਦੇ ਬਹੁ-ਸਭਿਆਚਾਰ ਦੇਸ਼ ਹੋਣ ਦੀ ਵਿਸ਼ੇਸ਼ਤਾ ਦੀ ਗੱਲ ਕਰਦਿਆਂ ਹਰੇਕ ਕਨੇਡਾ ਵਾਸੀ ਦੇ ਬਰਾਬਰ ਦੇ ਹੱਕਾਂ, ਮੌਕਿਆਂ ਤੇ ਫ਼ਰਜ਼ਾਂ ਬਾਰੇ ਸਾਂਝ ਪਾਈ। ਐਮ.ਐਲ.ਏ. ਗੁਰਦਿੰਰ ਬਰਾੜ ਅਤੇ ਪਰਮੀਤ ਬੋਪਾਰਾਏ ਹੁਰਾਂ ਅਲਬਰਟਾ ਵਿੱਚ ਹੋਣ ਵਾਲੇ ਰੈਫਰੰਡਮ ਦਾ ਜ਼ਿਕਰ ਕੀਤਾ ਅਤੇ ਕਨੇਡਾ ਦੇ ਸਾਰੇ ਪ੍ਰੋਵਿੰਸਜ਼ ਦੇ ਇੱਕਮੁੱਠ ਹੋ ਕੇ ਰਹਿਣ ਦੀ ਕਾਮਨਾ ਕੀਤੀ। ਵਾਰਡ-5 ਦੇ ਕਾਊਂਸਲਰ ਰਾਜ ਧਾਲੀਵਾਲ ਜੀ ਵੀ ਇਸ ਉਤਸਵ ਵਿੱਚ ਸ਼ਾਮਲ ਹੋਏ। ਐਨ ਆਖਰੀ ਮੌਕੇ ਤੇ ਐਡਮਿੰਟਨ ਤੋਂ ਐਮ.ਐਲ.ਏ ਜਸਵੀਰ ਸਿੰਘ ਦਿਓਲ ਇਸ ਸਮਾਗਮ ਵਿੱਚ ਆ ਸ਼ਾਮਲ ਹੋਏ। ਪੰਜਾਬੀ ਕਮਿਊਨਿਟੀ ਦੀਆਂ ਵੱਖ ਵੱਖ ਐਸੋਸੀਏਸ਼ਨਜ਼ ਦੇ ਪਤਵੰਤੇ ਸੱਜਣਾਂ ਦੀ ਭਾਵਪੂਰਤ ਸ਼ਮੂਲੀਅਤ ਰਹੀ। ਵੱਖ ਵੱਖ ਸਭਿਆਚਾਰਾਂ ਨੂੰ ਗੀਤਾਂ ਅਤੇ ਨਾਚ ਰਾਹੀਂ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਇਨ੍ਹਾਂ ਸਭ ਵਲੋਂ ਵਾਰੀ ਵਾਰੀ ਸਟੇਜ ਤੇ ਆ ਕੇ ਸਰਟੀਫੀਕੇਟਾਂ ਨਾਲ ਸਨਮਾਨਤ ਕੀਤਾ ਗਿਆ। ਬਲਵਿੰਦਰ ਬਰਾੜ, ਸੁਰਿੰਦਰ ਗੀਤ, ਸੁਖਵਿੰਦਰ ਤੂਰ, ਸੋਹਣ ਸਿੰਘ ਭੁੱਚੋ, ਗੁਰਚਰਨ ਹੇਅਰ, ਗੁਰਦੀਪ ਧਾਲੀਵਾਲ, ਰਮਨ ਗਿੱਲ ਤੇ ਜਗਦੇਵ ਸਿੰਘ ਸਿੱਧੂ ਹੁਰਾਂ ਆਪਣੇ ਆਪਣੇ ਅੰਦਾਜ਼ ਨਾਲ ਹਾਜ਼ਰੀ ਲੁਆਈ।

ਇਨ੍ਹਾਂ ਜਸ਼ਨਾਂ ਵਾਲੇ ਸਮਾਗਮ ਵਿੱਚ ਹਾਲ ਦੇ ਇੱਕ ਪਾਸੇ ਮੇਜ਼ਾਂ ਉਪਰ ਮਨਿੰਦਰ ਚਾਨੇ ਅਤੇ ਜਸਜੋਤ ਰੁਪਾਲ ਵਲੋਂ ਆਪਣੀ ਕੈਲੀਗ੍ਰਾਫੀ ਦੀ ਕਲਾ ਦੀਆਂ ਪ੍ਰਦਰਸ਼ਿਤ ਕੀਤੀਆਂ ਕਲਾਕ੍ਰਿਤੀਆਂ ਨੇ ਸਭ ਦਾ ਧਿਆਨ ਖਿੱਚਿਆ। ਹਾਲ ਦੇ ਦੂਜੇ ਪਾਸੇ ਦੋ ਮੇਜ਼ਾਂ ਤੇ ਸਥਾਨਕ ਲੇਖਕਾਂ ਦੀਆਂ ਰੱਖੀਆਂ ਗਈਆਂ ਕਿਤਾਬਾਂ ਨੂੰ ਵੀ ਹਾਜ਼ਰੀਨ ਫਰੋਲਦੇ ਵੇਖੇ ਗਏ। ਇਨ੍ਹਾਂ ਪੁਸਤਕਾਂ ਵਿੱਚ ਲੇਖਕ ਸਭਾਵਾਂ ਦੇ ਲੇਖਕਾਂ ਦੀਆਂ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਲੇਖਕ ਅਬਦੁਲ ਬਾਸਿਤ ਤਾਹਿਰ ਦੀਆਂ ਸ਼ਾਹਮੁੱਖੀ ਦੀਆਂ ਕਿਤਾਬਾਂ ਸ਼ਾਮਲ ਸਨ।