Get Adobe Flash player

ਗੁਰਚਰਨ ਕੌਰ ਥਿੰਦ ਕੈਲਗਰੀ: ਬੀਤੇ ਦਿਨ ਸ਼ਿਵਾਲਕ ਟੀ. ਵੀ. ਚੈਨਲ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਿਤਾਰਿਆਂ ਦਾ ਕਨੇਡਾ ਦੀ ਧਰਤੀ ਤੇ ਇੰਡੀਅਨ ਐਕਸ ਸਰਵਿਸਮੈਨ ਇਮੀਗ੍ਰਾਂਟ ਐਸੋਸੀਏਸ਼ਨ ਦੇ ਹਾਲ ਵਿੱਚ ਇੰਡੋ-ਕਨੇਡੀਅਨ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ ਵਿਸ਼ਾਲ ਸਨਮਾਨ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਦੇ ਤੌਰ ਤੇ ਜਨਾਬ ਇਰਫਾਨ ਸਬੀਰ, ਗੁਰਿੰਦਰ ਬਰਾੜ ਐਮ.ਐਲ.ਏ. ਕੈਲਗਰੀ, ਅਤੇ ਭਾਰਤ ਤੋਂ ਆਏ ਸ਼ਿਵਾਲਕ ਟੀ.ਵੀ. ਦੇ ਚੀਫ਼ ਐਡੀਟਰ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉੱਘੀ ਸਾਹਿਤਕਾਰਾ ਗੁਰਚਰਨ ਕੌਰ ਥਿੰਦ ਵੀ ਸ਼ਾਮਲ ਹੋਏ। ਜਨਾਬ ਇਰਫਾਨ ਸਬੀਰ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕੈਨੇਡਾ ਸਰਕਾਰ ਵਲੋਂ ਸੀਨੀਅਰਜ਼ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਰਾਹਨਾ ਕੀਤੀ ਅਤੇ ਅਲਬਰਟਾ ਅਸੈਂਬਲੀ ਵਿੱਚ ਦਿੱਤੇ ਜਾ ਰਹੇ ਸਾਥ ਦਾ ਸਾਥੀ ਐਮ.ਐਲ.ਏਜ਼ ਦਾ ਧੰਨਵਾਦ ਕੀਤਾ। ਗੁਰਿੰਦਰ ਬਰਾੜ ਐਮ.ਐਲ.ਏ. ਨੇ ਕਿਹਾ ਕਿ ਅਸੀਂ ਸੱਤ ਸਮੁੰਦਰੋਂ ਪਾਰ ਆ ਕੇ ਪਹਿਲਾਂ ਆਪਣੀ ਰੋਜ਼ੀ ਰੋਟੀ ਕਮਾਈ ਅਤੇ ਫਿਰ ਰਾਜਨੀਤੀ ਵਿੱਚ ਆ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਮੂਲ-ਨਿਵਾਸੀਆਂ ਦਾ ਸਾਥ ਵੀ ਡਟ ਕੇ ਦੇਣਾ ਚਾਹੀਦਾ ਹੈ ਅਤੇ ਆਪਣੇ ਸਭਿਆਚਾਰ ਖਾਸ ਕਰਕੇ ਪੰਜਾਬੀਅਤ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਬਰਾੜ ਨੇ ਸੋਸ਼ਲ ਮੀਡੀਏ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਜੋ ਗਰਾਊਂਡ ਰੀਐਲਿਟੀ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ, ਉੱਥੇ ਸੋਸ਼ਲ਼ ਮੀਡੀਆ ਇਸ ਗਰਾਊਂਡ ਰਿਐਲਿਟੀ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਫ਼ਲ ਹੋ ਰਿਹਾ ਹੈ।

ਉੱਘੀ ਲੇਖਕਾ ਗੁਰਚਰਨ ਕੌਰ ਥਿੰਦ ਨੇ ਕਿਹਾ ਕਿ ਕਨੇਡਾ ਮਲਟੀਕਲਚਰਲ ਦੇਸ਼ ਹੈ, ਜਿਸ ਵਿੱਚ ਵੱਖੋ ਵੱਖ ਦੇਸ਼ਾਂ ਦੇ ਲੋਕ ਰਹਿੰਦੇ ਹਨ। ਕਨੇਡਾ ਵਿੱਚ ਪੰਜਾਬੀਆਂ ਦੀ ਭਾਰੀ ਗਿਣਤੀ ਵਸਦੀ ਹੈ। ਇਥੇ ਪੰਜਾਬੀ ਸਭਿਆਚਾਰ ਦਾ ਪੂਰਾ ਬੋਲਬਾਲਾ ਹੈ ਅਤੇ ਪੰਜਾਬੀ ਸਭਿਆਚਾਰ ਦੀ ਵਿਲੱਖਣਤਾ ਨੂੰ ਬਣਾਈ ਰਖਣ ਦੇ ਪੁਰਜ਼ੋਰ ਉਪਰਾਲੇ ਵੀ ਕੀਤੇ ਜਾਂਦੇ ਹਨ। ਉੱਘੀ ਸਾਹਿਤਕਾਰਾ ਗੁਰਦੀਸ਼ ਗਰੇਵਾਲ ਪੰਜਾਬੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸਾਹਿਤ ਨਾਲ ਜੁੜ ਸਕੇ। ਸ਼ਿਵਾਲਕ ਟੀ.ਵੀ. ਚੈਨਲ ਦੇ ਚੀਫ਼ ਐਡੀਟਰ ਭੁਪਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਡੀ ਮਾਤਾ ਹੈ, ਉੱਥੇ ਅੰਗਰੇਜ਼ੀ ਸਾਡੀ ਮਾਸੀ, ਹਿੰਦੀ ਸਾਡੀ ਭੂਆ ਅਤੇ ਉਰਦੂ ਆਦਿ ਭਸ਼ਾਵਾਂ ਨਾਲ ਸਾਡਾ ਗਹਿਰਾ ਰਿਸ਼ਤਾ ਹੈ। ਸਾਨੂੰ ਸਾਰੀਆਂ ਭਸ਼ਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਪਰ ਮਾਂ-ਬੋਲੀ ਪੰਜਾਬੀ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ ਸਭਿਆਚਾਰ ਦੇ ਝੰਡੇ ਬੁਲੰਦ ਕਰਦੇ ਹਨ। ਭਾਗੋਮਾਜਰਾ ਨੇ ਕਨੇਡਾ ਦੀਆਂ ਲਾਇਬ੍ਰੇਰੀਆਂ ਵਧੀਆ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਰੱਖਣ ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀ ਪੀੜ੍ਹੀ ਸਾਹਿਤ ਨਾਲ ਜੁੜ ਸਕੇ।

ਕਵੀ ਦਰਬਾਰ ਵਿੱਚ ਸੁਖਵਿੰਦਰ ਤੂਰ, ਗੁਰਦੀਸ਼ ਕੌਰ ਗਰੇਵਾਲ, ਗੁਰਦੀਪ ਸਿੰਘ ਧਾਲੀਵਾਲ, ਜਸਬੀਰ ਸਿੰਘ ਸਿਹੋਤਾ, ਡਾ: ਹਰਮਿੰਦਰਪਾਲ ਸਿੰਘ, ਮਾ: ਗੁਰਮੇਲ ਸਿੰਘ, ਜਸਵੰਤ ਸਿੰਘ ਸੇਖੋਂ, ਸਰਬਜੀਤ ਕੌਰ ਉੱਪਲ, ਜਰਨੈਲ ਤੱਗੜ, ਮੋਹਨ ਸਿੰਘ ਪਪਰਾਲਾ, ਅਤੇ ਸੁਭਾਸ਼ ਸ਼ਰਮਾ ਆਦਿ ਸਾਹਿਤਕਾਰਾਂ ਨੇ ਆਪਣੇ ਫ਼ਨ ਦਾ ਮੁਜਾਹਰਾ ਕੀਤਾ। ਆਖਰ ਵਿੱਚ ਸ਼ਿਵਾਲਕ ਟੀ.ਵੀ. ਚੈਨਲ ਵਲੋਂ ਪੰਜਾਬੀ ਸਿਤਾਰਿਆਂ, ਜਨਾਬ ਇਰਫਾਨ ਸਬੀਰ, ਗੁਰਿੰਦਰ ਬਰਾੜ, ਜਰਨੈਲ ਤੱਗੜ, ਗੁਰਦੀਸ਼ ਕੌਰ ਗਰੇਵਾਲ, ਸਰਬਜੀਤ ਉੱਪਲ, ਗੁਰਚਰਨ ਕੌਰ ਥਿੰਦ, ਡਾ: ਹਰਮਿੰਦਰਪਾਲ ਸਿੰਘ, ਜਸਵੰਤ ਸਿੰਘ ਸੇਖੋਂ, ਸੁਖਵਿੰਦਰ ਤੂਰ, ਮਾ: ਗੁਰਮੇਲ ਸਿੰਘ, ਸੁਭਾਸ਼ ਸ਼ਰਮਾ, ਪਰਮਜੀਤ ਭੰਗੂ, ਜੈ ਸਿੰਘ ਉੱਪਲ, ਅਤੇ ਦਵਿੰਦਰ ਮਲਹਾਂਸ ਨੂੰ ਟਰੌਫ਼ੀਆਂ ਤੇ ਮੈਡਲਾਂ  ਨਾਲ ਸਨਮਾਨਿਤ ਕੀਤਾ ਗਿਆ।

ਸਟੇਜ ਦੀ ਕਾਰਵਾਈ ਉੱਘੇ ਪਤਰਕਾਰ ਪਰਮਜੀਤ ਭੰਗੂ ਅਤੇ ਸੁਭਾਸ਼ ਸ਼ਰਮਾ ਨੇ ਬਾਖ਼ੁਬੀ ਸੰਭਾਲੀ। ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ, ਸਾਹਿਤਕਾਰਾਂ ਤੇ ਸ੍ਰੋਤਿਆਂ ਦਾ ਡਾ: ਹਰਮਿੰਦਰਪਾਲ ਸਿੰਘ ਨੇ ਹਾਰਦਿਕ ਧੰਨਵਾਦ ਕੀਤਾ। ਇੰਜ ਇਹ ਸਮਾਗਮ ਯਾਦਗਰੀ ਹੋ ਨਿਬੜਿਆ।