Get Adobe Flash player

                            ਹਵਾ ਵਿਚ ਲਟਕਦੇ ਲੋਕ ਕੈਲਗਰੀ,  ਕਨੇਡਾ ਰਹਿੰਦੇ ਜਸਵੰਤ ਸਿੰਘ ਜਗੈਤ ਜੀ ਦੀ ਦੂਸਰੀ ਕਿਤਾਬ ਹੈ, ਉਹਨਾਂ ਦੇ ਆਵਦੇ ਕਹਿਣ ਅਨੁਸਾਰ ਉਹਨਾਂ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਨੂੰ ਸਥਾਨਕ ਅਖਬਾਰਾਂ ਵਿਚ ਛਪਣ ਤੇ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਕਿਉਂਕਿ ਇਹ ਲੋਕਾਂ ਦੀ ਗੱਲ ਕਰਦੀਆਂ ਹਨ। ਇਸ ਗੱਲ ਦੀ ਖੁਸ਼ੀ ਹੈ ਕਿ ਉਮਰ ਦੇ 88 ਸਾਲ ਪੂਰੇ ਕਰ ਚੁੱਕੇ ਜਸਵੰਤ ਸਿੰਘ ਜਗੈਤ ਜੀ ਅਜੇ ਵੀ ਪੂਰੇ ਉਤਸ਼ਾਹ ਨਾਲ ਕਾਰਜ਼ਸ਼ੀਲ ਹਨ ਅਤੇ ਆਪਣੇ ਲੰਬੇ ਜੀਵਨ ਅਨੁਭਵ ਵਿਚੋਂ ਅੱਜ ਦੇ ਹਲਾਤਾਂ ਨੂੰ ਸਮਝਦੇ ਹੋਏ ਸਮਾਜ ਨੂੰ ਸੁਧਾਰਨ ਲਈ ਕਲਮ ਰਾਹੀਂ ਆਪਣੇ ਵਲਵਲੇ ਸਾਹਿਤ ਦੇ ਹਵਾਲੇ ਕਰ ਰਹੇ ਹਨ।

                                    ਗੱਲ ਉਹਨਾਂ ਦੀ ਇਸ ਕਿਤਾਬ ਦੀ ਟਾਈਟਲ ਕਵਿਤਾ ‘ਹਵਾ ਵਿਚ ਲਟਕਦੇ ਲੋਕ’ ਦੇ ਹਵਾਲੇ ਨਾਲ ਸ਼ੁਰੂ ਕਰੀਏ ਤਾਂ ਉਹ ਸਾਰੇ ਮਨੁੱਖ ਹਵਾ ਵਿਚ ਲਟਕਦੇ ਹਨ ਜਿਹਨਾਂ ਦੇ ਦੇਸ਼ ਤਾਂ ਅਜਾਦ ਹੋ ਚੁੱਕੇ ਹਨ ਪਰ ਪਰਜਾ ਬਾਹਰਲਿਆਂ ਦੀ ਗੁਲਾਮੀ ਵਿਚੋਂ ਨਿਕਲਕੇ ਸੁੱਖ ਦਾ ਸਾਹ ਲੈਣ ਦੀ ਥਾਂ ਸਥਾਨਕ ਸਰਕਾਰਾਂ ਦੇ ਉਸੇ ਵਰਤਾਰੇ ਕਾਰਨ ਗੁਲਾਮਾ ਵਰਗਾ ਜੀਵਨ ਜਿਉਣ ਲਈ ਮਜਬੂਰ ਹੈ । ਕਾਨੂੰਨ ਅਮੀਰਾਂ ਤੇ ਤਕੜਿਆਂ ਦੇ ਹੱਥ ਹੋਣ ਕਰਕੇ ਚੋਰੀ ਇਹ ਕਰਦੇ ਹਨ ਅਤੇ ਸਜ਼ਾ ਗਰੀਬ ਤੇ ਨਿਤਾਣਿਆਂ ਨੂੰ ਮਿਲਦੀ ਹੈ। ਇਹਨਾਂ ਤੋਂ ਬਿਨਾਂ ਝੂਠਿਆਂ ਤੋਂ ਹਾਰੇ ਸੱਚੇ ਮਨੁੱਖ, ਨਕਾਬ ਚਾੜੇ ਲੁਟੇਰਿਆਂ ਤੋਂ ਠੱਗੇ ਮਨੁੱਖ, ਬੇਰੁਜ਼ਗਾਰ ਤੇ ਬਾਂਦਰ ਵੰਡ ਦੇ ਸਤਾਏ ਹੋਏ ਵੀ ਹਵਾ ਵਿਚ ਲਟਦਕੇ ਮਨੁੱਖ ਹਨ। ਕਵੀ ਕਹਿੰਦਾ ਹੈ ਕਿ ਸੁਜੱਗ ਤੇ ਜਾਣੂ ਮਨੁੱਖਾਂ ਨੂੰ ਜੋ ਸਭ ਵਰਤਾਰੇ ਨੂੰ ਸਮਝਦੇ ਹਨ ਇਹਨਾਂ ਲੋਕਾਂ ਲਈ ਢਾਲ ਬਣ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਇਸ ਧਰਤੀ ਤੇ ਜੀਵਨ ਸੁਖੀ ਹੋ ਸਕੇ।

                        ‘ਅੱਜ ਦੇ ਬਾਬੇ ਬਨਾਮ ਕੱਲ੍ਹ ਦੇ ਬਾਬੇ’ ਕਵਿਤਾ ਰਾਹੀਂ ਕਵੀ ਜਿੱਥੇ ਗਦਰੀ ਬਾਬਿਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਵਡਿਆਉਂਦਾ ਹੈ ਉੱਥੇ ਹੀ ਅੱਜ ਦੇ ਸਮੇਂ ਵਿਚ ਉਹਨਾਂ ਦੀਆਂ ਕੀਤੀ ਕੁਰਬਾਨੀਆਂ ਦਾ ਮੁੱਲ ਵੱਟਕੇ ਕਾਬਜ਼ ਹੋਏ ਹਾਕਮਾਂ ਨੂੰ ਅਸਿੱਥੇ ਢੰਗ ਨਾਲ ਸ਼ੇਰਾਂ ਦੀਆਂ ਮਾਰਾਂ ਤੇ ਕਾਬਜ਼ ਹੋਏ ਗਿੱਦੜ ਕਹਿੰਦਾ ਹੈ, ਨਾਲ ਹੀ ਕਹਿੰਦਾ ਹੈ ਕਿ ਹੁਣ ਬਾਬੇ ਲਾਲੋਆਂ ਦੇ ਘਰ ਜਾਣਾ ਪਸੰਦ ਨਹੀਂ ਕਰਦੇ ਹਨ ਅਤੇ ਵਿਹਲੇ ਬੈਠਕੇ ਪਰਵਚਨ ਕਰਕੇ ਮਾਇਆ ਇਕੱਠੀ ਕਰਨ ਵਿਚ ਲੱਗੇ ਹਨ ਪਰ ਲੋਕ ਭੇੜ ਚਾਲ ਵਿਚ ਇਹਨਾਂ ਕਿਰਤ ਤੋਂ ਭੱਜਿਆਂ ਦੀਆਂ ਲੱਤਾਂ ਤੱਕ ਘੁੱਟਦੇ ਹਨ ਪਰ ਕਵੀ ਕਹਿੰਦਾ ਹੈ ਮੈਂ ਅਜਿਹਾ ਨਹੀਂ ਕਰ ਸਕਦਾ ਅਤੇ ਨਾ ਹੀ ਇਹਨਾਂ ਅਤੇ ਇਹਨਾਂ ਦੇ ਡੇਰਿਆਂ ਨੂੰ ਸੱਚੇ ਮੰਨ ਸਕਦਾ ਹਾਂ ਇਸ ਤਰਾਂ ਕਵੀ ਇਹਨਾਂ ਪ੍ਰਤੀ ਆਪਣਾ ਦਿਰੜ੍ਹ ਇਰਾਦਾ ਅਤੇ ਭਾਵਨਾ ਦੱਸਕੇ ਲੋਕਾਂ ਨੂੰ ਜਾਗਰੂਕ ਹੋਣ ਲਈ ਕਹਿੰਦਾ ਹੈ।

                                    ‘ਖੋਟਾ ਹਾਕਮ’ ਚਾਹੇ ਗਜ਼ਲ ਦੇ ਰੂਪ ਵਿਚ ਹੈ ਪਰ ਮੈਂ ਇਸ ਨੂੰ ਲੈਅ ਬੱਧ ਕਵਿਤਾ ਦੇ ਰੂਪ ਵਿਚ ਦੇਖਦਾ ਹਾਂ। ਇਸ ਕਵਿਤਾ ਵਿਚ ਕਵੀ ਨੇ ਅਯੋਗ, ਬੇਈਮਾਨ, ਲਾਲਚੀ ਅਤੇ ਜਨਤਾ ਦੇ ਹੱਕ ਪੂੰਜੀਪਤੀਆਂ ਕੋਲ ਵੇਚਣ ਵਾਲੇ ਨੇਤਾ ਅਤੇ ਸਰਕਾਰ ਦਾ ਪੂਰਾ ਚਿੱਠਾ ਖੋਲਿਆ ਹੈ ਕਿ ਕਿਵੇਂ ਅਜਿਹੇ ਹਾਕਮ ਗੱਦੀ ਤੇ ਬੈਠ ਕੇ ਸਾਰੇ ਕਾਨੂੰਨ ਵੱਡੀਆਂ ਕੰਪਨੀਆਂ ਦੇ ਹੱਕ ਵਿਚ ਬਣਾਕੇ ਜਨਤਾ ਨੂੰ ਹਰ ਪਾਸੇ ਤੋਂ ਨਪੀੜਦੇ ਹਨ ਅਤੇ ਕਵੀ ਇਹੋ ਜਿਹੇ ਖੋਟੇ ਹਾਕਮਾਂ ਵਿਰੁੱਧ ਸਭ ਨੂੰ ਇੱਕ ਮਤ ਹੋਣ ਦੀ ਅਪੀਲ ਕਰਦਾ ਕਹਿੰਦਾ ਹੈ ਕਿ ਜੇਕਰ ਅਜਿਹਾ ਹੋ ਜਾਵੇ ਤਾਂ ਇਹਨਾਂ ਖੋਟੇ ਹਾਕਮਾਂ ਨੂੰ ਗੱਦੀ ਤੋਂ ਪਾਸੇ ਕਰਨਾ ਔਖਾ ਨਹੀਂ।

                                 ਇਸ ਤੋਂ ਬਿਨਾਂ ਕਲਮਕਾਰ ਆਪਣੀਆਂ ਇਸ ਕਿਤਾਬ ਦੀਆਂ ਰਚਨਾਵਾਂ ਵਿਚ ਹੋਰ ਲੋਟੂ ਪ੍ਰਬੰਧਕਾਂ, ਮਤਲਬ ਪ੍ਰਸਤ ਨੇਤਾਵਾਂ, ਆਮ ਲੋਕਾਂ ਦੇ ਹੱਕ ਮਾਰਨ ਵਾਲੇ ਜਰਵਾਣਿਆਂ, ਪੇ੍ਰਮ ਮਹੁੱਬਤ ਦੀ ਥਾਂ ਨਫ਼ਰਤ ਫੈਲਾਉਣ ਵਾਲੇ ਅਤੇ ਧਰਮ ਦੀ ਛਾਂ ਹੇਠ ਬੈਠੇ ਅਧਰਮੀ ਲੋਕਾਂ ਜੋ ਕਿਰਤੀ ਦੀ ਕਿਰਤ ਡਕਾਰ ਜਾਂਦੇ ਹਨ ਬਾਰੇ ਆਪਣੀਆਂ ਰਚਨਾਵਾਂ ਵਿਚ ਉਹਨਾਂ ਦੇ ਪਾਜ ਉਘੇੜਦਾ ਅਤੇ ਹੱਲ ਦੱਸਦਾ ਹੈ ਕਿ ਕਲਮਕਾਰ ਕਲਮ ਦੇ ਵਾਰ ਨਾਲ ਸਭ ਨੂੰ ਜਾਗਰੂਕ ਕਰਨ ਤਾਂ ਇਹਨਾਂ ਸਭ ਦਾ ਅੰਤ ਹੋ ਸਕਦਾ ਹੈ ਅਤੇ ‘ਹਵਾ ਵਿਚ ਲਟਕਦੇ ਲੋਕ’ ਸੁਖੀ ਹੋ ਸਕਦੇ ਹਨ।

                                      ਇਸ ਤੋਂ ਬਿਨਾਂ ਇਸ ਸੰਗ੍ਰਹਿ ਵਿਚ ਕਿਸਾਨੀ ਦੇ ਹਲਾਤ,ਖਾਲਸਾ ਸਾਜਨਾ, ਖੇਤ ਮਜਦੂਰ ਦੇ ਹਲਾਤ, ਪ੍ਰਦੂਸਿ਼ਤ ਹੋ ਰਹੇ ਵਾਤਵਾਰਣ, ਜਿੰਦਗੀ ਵਿਚ ਸਖ਼ਤ ਮਿਹਨਤ ਕਰਨ, ਸਮੇਂ ਨੂੰ ਸੰਭਾਲਣ, ਸਫ਼ਲ ਹੋਣ ਲਈ ਸਮੇਂ ਦੀ ਕਦਰ, ਹਮੇਸ਼ਾ ਨਿਮਰ ਅਤੇ ਧਰਤੀ ਨਾਲ ਜੁੜਕੇ ਰਹਿਣ ਆਦਿ ਬਾਰੇ ਗੀਤ ਅਤੇ ਦੋਹੇ ਸ਼ਾਮਿਲ ਹਨ।  ਨਿੱਜੀ ਵਲਵਲੇ ਅਤੇ ਦਰਦ ਦੀਆਂ ਗਜ਼ਲਾ ਅਤੇ ਕਵਿਤਾਵਾਂ ਵੀ ਹਨ। ਕੁੱਲ ਮਿਲਾਕੇ ਇਸ ਕਿਤਾਬ ਵਿਚ ਰਚਨਾਕਾਰ ਆਪਣੀ ਕਲਮ ਰਾਹੀਂ ਸਮਾਜ ਸੁਧਾਰ ਦਾ ਅਤੇ ਮਨੁੱਖਤਾ ਦੇ ਭਲੇ ਦਾ ਹੋਕਾ ਦਿੰਦਾ ਹੈ। ਜਸਵੰਤ ਸਿੰਘ ਜਗੈਤ ਜੀ ਨੂੰ ਗੋਰਕੀ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀ ਇਸ ਕਿਤਾਬ ਦੀ ਬਹੁਤ ਬਹੁਤ ਵਧਾਈ।

ਬਲਜਿੰਦਰ ਸੰਘਾ
      403-680-3212