Get Adobe Flash player

ਇਸ ਕਿਤਾਬ ਵਿਚ ਵੱਖ ਵੱਖ ਵਿਸ਼ਿਆਂ ਦੀਆਂ ‘ਵਾਇਰਲ ਗਰਲ’ ਤੋਂ ਲੈਕੇ ‘ਅੱਗ ਦੀ ਲਾਟ’ ਤੱਕ 9 ਕਹਾਣੀਆਂ ਹਨ। ਕਾਹਣੀਕਾਰ ਨੇ ਇਹਨਾਂ ਕਹਾਣੀਆਂ ਵਿਚ ਪੰਜਾਬੀ ਸਮਾਜ ਦੇ ਵਾਸਤਿਆਂ ਨਾਲ ਸਬੰਧਤ ਕਾਰਾ-ਵਿਕਾਰਾਂ ਨੂੰ ਅੱਜ ਦੇ ਸਮੇਂ ਦੇ ਪਾਤਰਾਂ ਰਾਹੀਂ ਸਮਾਜ ਦੇ ਸਾਹਮਣੇ ਰੱਖਿਆ ਹੈ। ਬੇਸ਼ਕ ਇਹ ਸਭ ਸਰੋਕਾਰ ਸਦੀਆਂ ਤੋਂ ਹਨ ਅਤੇ ਬਦਲਦੇ ਸਮੇਂ ਨਾਲ ਆਪਣਾ ਥੋੜਾ-ਬਹੁਤਾ ਰੂਪ ਬਦਲ ਲੈਂਦੇ ਹਨ। ਦੂਸਰਾ ਬਹੁਤੇ ਮਨੋਦਿਸ਼ਾਂ ਨਾਲ ਸਬੰਧਤ ਅਤੇ ਸੋਚਾਂ ਵਿਚ ਉੱਤਰਦੇ ਖਿ਼ਆਲ ਅੱਜ ਵੀ ਬੁੱਧੀਜੀਵੀ ਲੇਖਕ ਆਮ ਮਨੁੱਖ ਨਾਲੋਂ ਡੁੰਘੇਰੇ ਅਤੇ ਸੂਖ਼ਮ ਢੰਗ ਨਾਲ ਪਕੜ ਲੈਂਦੇ ਹਨ ਅਤੇ ਆਪਣੀਆਂ ਰਚਨਾਵਾਂ ਵਿਚ ਪਾਤਰਾਂ ਰਾਹੀਂ ਉਸ ਮਨੋਸਥਿਤੀ ਬਾਰੇ ਰਚਨਾ ਕਰਦੇ ਹਨ।

                           ਜਤਿੰਦਰ ਸਿੰਘ ਹਾਂਸ ਦੀ ਇਸ ਕਿਤਾਬ ਵਿਚਲੀ ਕਹਾਣੀ ‘ਅੱਗ ਦੀ ਲਾਟ’ ਵਿਚ ਇਹੀ ਹੈ, ਇਸ ਕਾਹਣੀ ਦੀ ਪਾਤਰ ਸੁਰਭੀ ਹੋਰ ਕਾਹਣੀਆਂ ਦੇ ਪਾਤਰਾਂ ਨਾਲੋਂ ਵੱਧ ਉੱਘੜਕੇ ਪਾਠਕ ਤੇ ਅਸਰ ਕਰਦੀ ਹੈ। ਸਰੋਕਾਰ ਚਾਹੇ ਆਰਥਿਕ, ਸਮਾਜਿਕ, ਮਾਨਿਸਕ ਕਿਸੇ ਵੀ ਤਰਾਂ ਦੇ ਹੋਣ ਪਰ ਤਕਨੀਕੀ ਸਾਧਨਾਂ ਦੇ ਆਉਣ ਨਾਲ ਇਹਨਾਂ ਦੇ ਫੈਲਣ ਦਾ ਦਾਇਰਾ ਬਹੁਤ ਵਧ ਗਿਆ ਹੈ। ਇਸ ਵਧੇ ਹੋਏੇ ਦਾਇਰੇ ਕਾਰਨ ਚਾਹੇ ਘਟੀਆ ਵਿਵਹਾਰ ਅਤੇ ਦੂਸਰਿਆਂ ਨੂੰ ਵਰਤਣ, ਬੇ-ਆਬਰੂ ਕਰਨ, ਬਲੈਕਮੇਲ ਕਰਨ ਦੇ ਤਕਨੀਕੀ ਤਰੀਕਿਆਂ ਕਾਰਨ ਮਨੁੱਖੀ ਮਨ ਹੋਰ ਚਲਾਕ ਅਤੇ ਨੀਵੇਂ ਪੱਧਰ ਤੇ ਆਇਆ ਹੈ ਅਤੇ ਨਾਲ ਹੀ ਉਸਦਾ ਘੇਰਾ ਚੰਗੇ-ਮਾੜੇ ਦੋਵੇਂ ਪਾਸੇ ਹੋਰ ਮੋਕਲਾ ਹੋਇਆ ਹੈ ‘ਤੇ ਮੈਂ ਸਮਝਦਾ ਹਾਂ ਕਿ ਮਨੁੱਖ ਦੇ ਸਹਿਣਸ਼ੀਲ ਵਿਵਹਾਰ ਵਿਚ ਸਹੀ ਦਿਸ਼ਾਂ ਦੀ ਤਬਦੀਲੀ ਵੀ ਆਈ ਹੈ

                                               ਗੱਲ ਕਹਾਣੀ ‘ਅੱਗ ਦੀ ਲਾਟ’ ਦੀ ਪਾਤਰ ਸੁਰਭੀ ਰਾਹੀਂ ਮਨੁੱਖੀ ਮਨੋਦਿਸ਼ਾਂ ਦੀ ਕਰੀਏ ਤਾਂ ਬੱਚੇ ਦੇ ਹੋਸ਼ ਸੰਭਾਲਣ ਤੋਂ ਲੈ ਕੇ ਬੁਢਾਪੇ ਵਿਚ ਸੁਰਤੀ ਗਵਾਉਣ ਤੋਂ ਪਹਿਲਾ ਤੱਕ ਦਿਖਦੇ ਉਮਰੀ ਪੜਾਵਾਂ, ਦਿਖਦੀ ਆਰਥਿਕ ਸਥਿਤੀ, ਦਿਖਦੇ ਸਮਾਜਿਕ ਰਿਸ਼ਤੇ, ਦਿਖਦੇ ਪਰਿਵਾਕਰ ਰਿਸ਼ਤਿਆਂ ਦੇ ਨਾਲ ਨਾਲ ਇਕ ਮਾਨਸਿਕ ਜੀਵਨ ਵੀ ਬਰਾਬਰ ਬਰਾਬਰ ਚੱਲਦਾ ਹੈ ਅਤੇ ਇਹ ਦੋਵੇਂ ਜੀਵਨ ਕਦੇ ਇਕ ਦੂਸਰੇ ਦੇ ਸਹਿਯੋਗੀ ਹੋਕੇ ਚਲਦੇ ਹਨ ‘ਤੇ ਕਦੇ ਇਕ ਦੂਸਰੇ ਦੇ ਵਿਰੋਧੀ। ਇਹਨਾਂ ਦੋਹਾਂ ਹਲਾਤਾਂ ਵਿਚ ਦੋਵੇ ਇਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਮੈਂ ਜੋ ਕਹਾਣੀਕਾਰ ਦੀ ਇਸ ਕਾਹਣੀ ਵਿਚ ਵੇਖਦਾ ਹਾਂ ਉਹ ਇਹ ਹੈ ਕਿ ਜਦੋਂ ਇਹ ਇਕ ਦੂਸਰੇ ਦੇ ਬਰਾਬਰ ਅਤੇ ਸਹਿਯੋਗੀ ਹੋਕੇ ਨਹੀਂ ਚਲਦੇ ਤਾਂ ਹੀ ਕਹਾਣੀ ਘੜੀ ਜਾ ਸਕਦੀ ਹੈ। ਕਾਹਣੀਕਾਰ ਨੇ ਪਾਤਰ ਸੁਰਭੀ, ਉਸਦੇ ਪਤੀ ਅਤੇ ਬਾਕੀ ਸਹਿਯੋਗੀ ਪਾਤਰਾਂ ਰਾਹੀਂ ਬੜੀ ਸੂਖਮਤਾਂ ਨਾਲ ਇਹੀ ਵਿਚਾਰ ਅਤੇ ਵਿਹਾਰ ਪਾਕੇ ਉੱਚਪਾਏ ਦੀ ਕਹਾਣੀ ਲਿਖੀ ਹੈ। ਕਿਉਂਕਿ ਸੁਰਭੀ ਦਾ ਮਾਨਸਿਕ ਜੀਵਨ ਰੋਜਾਨਾਂ ਦੇ ਦਿਖਦੇ ਦੁਨਿਆਵੀਂ ਜੀਵਨ ਵਿਚ ਜਦੋਂ ਉਦਾਸੀ ਨਾਲ ਉੱਤਰਦਾ ਹੈ ਤਾਂ ਉਸਦਾ ਦਿਖਦਾ ਜੀਵਨ ਢੰਗ ਹੋਰ ਹੈ ਅਤੇ ਜਦੋਂ ਉਹੀ ਆਦਮੀ ਜਿਸ ਨੂੰ ਉਹ ਬਦਤਮੀਜ਼ ਸਮਝਦੀ ਹੈ ਪਰ ਉਹ ਅਜਿਹੀਆਂ ਗੱਲਾਂ ਕਰਦਾ ਹੈ ਜਿਸ ਵਿਚ ਉਸਦੀ ਜਵਾਨੀ ਵੇਲੇ ਤੋਂ ਹੁਣ ਤੱਕ ਦੇ ਜਿ਼ੰਦਗੀ ਦੇ ਸਫ਼ਰ ਦੀ ਤਾਰੀਫ਼ ਕੀਤੀ ਗਈ ਹੈ ਤਾਂ ਉਸੇ ਸੁਰਭੀ ਦੇ ਮਾਨਿਸਕ ਜੀਵਨ ਵਿਚ ਖੁਸ਼ੀ ਦੀ ਤਰੰਗ ਉੱਠਦੀ ਹੈ ਤੇ ਉਸ ਮਨੋ-ਜੀਵਨ ਦੇ ਅਨੁਸਾਰ ਹੀ ਉਸਦੇ ਦੁਨਿਆਵੀ ਜੀਵਨ ਦੇ ਢੰਗ ਬਦਲ ਜਾਂਦੇ ਹਨ। ਜਿਵੇਂ ਜਦੋਂ ਪਹਿਲਾ ਉਹ ਬੀਤੇ ਜਵਾਨੀ ਦੇ ਸਮੇਂ ਅਤੀ ਖੁਸ਼ੀ ਭਰੇ ਵੇਲੇ ਯਾਦ ਕਰਦੀ ਹੈ ਤਾਂ ਉਸ ਨੂੰ ਹੁਣ ਦਾ ਸਮਾਂ ਬਹੁਤ ਦੁੱਖੀ ਕਰਦਾ ਹੈ ਅਤੇ ਉਹ ਸੋਚਦੀ ਹੈ

    “…ਮੈਂ ਇਸ ਘਟੀਆ ਦੁਨੀਆਂ ਦਾ ਹਿੱਸਾ। …ਬੇਅਰਥ ਜਿ਼ੰਦਗੀ ਜਿਉਂ ਰਹੀ ਆਂ …।”   

                                       ਕਹਾਣੀ ਵਿਚ ਇਹ ਵੀ ਸੱਚਾਈ ਹੈ ਕਿ ਮਨੁੱਖ ਹਮੇਸ਼ਾ ਆਵਦੇ ਆਪ ਨੂੰ ਹੋਰਾਂ ਤੋਂ ਉੱਪਰ, ਅਲੱਗ ਅਤੇ ਮਹਾਨ ਸਮਝਦਾ ਹੈ ਪਰ ਸਮੇਂ ਦੇ ਬਦਲਣ ਨਾਲ,ਜੀਵਨ ਦੇ ਪੜਾਅ ਬਦਲਣ, ਵਿਆਹ ਹੋਣ ਤੋਂ ਬਾਆਦ, ਪਰਿਵਾਰਕ ਜਿ਼ੰਮੇਵਾਰੀਆਂ ਦੇ ਵਧਣ ਨਾਲ ਪਿਛਲਾ ਬਹੁਤ ਕੁਝ ਛੱਡਣਾ ਅਤੇ ਮਾਨਸਿਕ ਦਸ਼ਾਂ ਨੂੰ ਹਲਾਤਾਂ ਅਨੁਸਾਰ ਢਾਲਣਾ ਹੀ ਬੇਹਤਰ ਹੈ ਨਹੀਂ ਤਾਂ ਜੀਵਨ ਵਿਚ ਸੁਰਭੀ ਦੇ ਜੀਵਨ ਵਾਂਗ ਨੀਰਸਤਾ ਆ ਜਾਵੇਗੀ, ਪਰ ਜਦੋਂ ਤੁਸੀਂ ਹਲਾਤਾਂ ਨੂੰ ਸਮਝ ਕੇ ਅੱਗੇ ਵੱਲ ਤੁਰੋਗੇ ਤਾਂ ਉਹੀ ਨਵੀਨਤਾ ਵਾਪਸ ਆ ਜਾਵੇਗੀ ਜਿਵੇਂ ਉਸ ਨਾਲ ਕਹਾਣੀ ਦੇ ਆਖ਼ਰੀ ਹਿੱਸੇ ਵਿਚ ਵਾਪਰਦਾ ਹੈ। ਤੁਰਦੇ ਜੀਵਨ ਵਿਚ ਇੱਕ ਥਾਂ ਖੜੇ ਮਾਨਿਸਕ ਜੀਵਨ ਵਾਲੇ ਮਨੁੱਖ ਇਸ ਕਹਾਣੀ ਤੋਂ ਸਿੱਖਿਆ ਲੈ ਸਕਦੇ ਹਨ। 

                          ਜਿਸ ਤਰ੍ਹਾਂ ਸ਼ੁਰੂ ਵਿਚ ਗੱਲ ਕੀਤੀ ਸੀ ਕਿ ਤਕਨੀਕੀ ਸਾਧਨਾਂ ਦੇ ਵਧਣ ਨਾਲ ਮਨੁੱਖ ਦਾ ਹਰ ਪਾਸੇ ਦਾਇਰਾ ਵਧਿਆ ਹੈ ਅਤੇ ਸਹਿਣਸ਼ੀਲਤਾ ਵਿਚ ਵਾਧਾ ਹੋਇਆ ਹੈ, ਕਹਾਣੀ ‘ਵਾਇਰਲ ਗਰਲ’ ਦੀ ਮੈਂ  ਪਾਤਰ ‘ਮਲਕਾ’ ਰਾਹੀਂ ਹੋਰ ਬਹੁਤ ਕਾਰਨ ਜੋ ਇਸ ਮਲਕਾ ਦੇ ਸਿਰ ਬਹੁਤ ਘਿਣਾਉਣੇ ਤਾਜ ਧਰਦੇ ਨੇ ਹੁਣ ਦੇ ਸਮੇਂ ਦੀ ਮਨੁੱਖੀ ਸਹਿਣਸ਼ੀਲਤਾ ਦੇ ਵਧੇ ਘੇਰੇ ਦਾ ਵੀ ਅਹਿਸਾਸ ਕਰਾਵਾਉਂਦੀ ਹੈ। ਚਾਹੇ ਮਨੁੱਖੀ ਮਨ ਦੀ ਮਨੋ ਅਵਸਥਾ ਨੂੰ ਅਧਿਆਤਮਵਾਦ ਵਿਚ ਸਮੁੰਦਰਾਂ ਤੋਂ ਵੀ ਡੂੰਘੀ ਕਿਹਾ ਗਿਆ ਹੈ ਅਤੇ ਕਈ ਵਾਰ ਮਨੁੱਖ ਨਿੱਕੀ ਜਿਹੀ ਗੱਲ ਤੇ ਮਰਨ ਨੂੰ ਤਰਜੀਹ ਦਿੰਦਾ ਹੈ ਅਤੇ ਕਈ ਵਾਰ ਆਪਣੇ ਪਿੰਡ-ਕਸਬੇ-ਸ਼ਹਿਰ ਵਿਚ ਬੇ-ਆਬਰੂ ਹੋਕੇ ਵੀ ਜਿਉਂਦਾ ਹੈ, ਚਾਹੇ ਸਮਾਜ ਢੀਠ ਦੀ ਉਪਾਧੀ ਹੀ ਕਿਉਂ ਨਾ ਦੇਵੇ। ਪਰ ਇਸ ਕਹਾਣੀ ਦੀ ਪਾਤਰ ‘ਮਲਕਾ’ ਢੀਠਤਾ ਦੇ ਘੇਰੇ ਵਿਚ ਨਹੀਂ ਬਲਕਿ ਉੱਪਰ ਲਿਖੇ ਅਨੁਸਾਰ ਸਹਿਣ਼ੀਲਤਾ ਦੇ ਵਧੇ ਘੇਰੇ ਦੀ ਗਵਾਹ ਹੈ, ਕਾਰਨ ਇਹ ਕਿ ਉਹ ਬਹੁਤ ਸਿਆਣੀ, ਪੜਾਈ ਵਿਚ ਹੁਸਿ਼ਆਰ ਅਤੇ ਆਪਣੇ ਪਰਿਾਵਰ ਦੀ ਸੱਚੀ ਮਲਕਾ ਹੈ ਜਿਵੇਂ ਕਿ ਉਹ ਆਪਣੇ ਸੋਚਦੀ ਹੋਈ ਕਹਿੰਦੀ ਹੈ:

                              “ਉਦੋਂ ਮੈਂ ਪਰਿਵਾਰ ਦੀ ਮਲਕਾ ਸਾਂ, ਸਾਰੇ ਮੇਰੇ ‘ਤੇ ਮਾਣ ਕਰਦੇ; ਸਭ ਕੰਮ ਮੇਰੀ ਸਲਾਹ ਨਾਲ ਹੁੰਦਾ।”

                          ਅਖੀਰ ਕਰਨ ਨਾਲ ਪ੍ਰੇਮ ਵਿਆਹ, ਕਨੇਡਾ ਨਾ ਜਾਣ ਦਾ ਫੈਸਲਾ, ਕਰਨ ਦਾ ਨਸ਼ੇ ਵਿਚ ਪੈਣਾ, ਉਸ ਦਾ ਖ਼ੁਦ ਨਸ਼ਈ ਹੋ ਜਾਣਾ, ਪੁਲਿਸ ਦੇ ਚੱਕਰ, ਕਰਨ ਦੀ ਮੌਤ, ਕਾਲੇ ਨਾਮ ਦੇ ਪਾਤਰ ਦੀਆਂ ਕਾਲੀਆਂ ਕਰਤੂਤਾਂ ਸਭ ਵਿਚੋਂ ਨਿਕਲਕੇ ਅਤੇ ਨਿਰਵਸਤਰ ਭੱਜਦੀ ਦੀ ਕਾਲੇ ਦੁਆਰਾ ਬਣਾਈ ਵੀਡੀE ਰਾਹੀਂ ਵਾਇਰਲ ਹੋਕੇ ਵੀ ਮੌਤ ਦੀ ਥਾਂ ਜਿਉਣ ਦਾ ਹੋਕਾ ਦਿੰਦੀ ਅਤੇ ਬੇਕਾਬੂ ਹੋਏ ਹਲਾਤਾਂ ਦੀ ਪਰਵਾਹ ਨਾ ਕਰਕੇ ਜੀਵਨ ਵਿਚ ਅੱਗੇ ਵੱਲ ਵਧਦੀ ਹੈ। ਇਸ ਤਰ੍ਹਾਂ ਇਹ ਕਹਾਣੀ ਮਾੜੇ ਹਲਾਤਾਂ ਵਿਚ ਬੇ-ਆਬਰੂ ਹੋਏ ਇਨਸਾਨਾਂ ਨੂੰ ਸਭ ਹਲਾਤਾਂ ਉੱਤੇ ਕਾਬੂ ਪਾ ਕੇ ਅਤੇ ਸਹਿਣਸ਼ੀਲ ਹੋਕੇ ਅੱਗੇ ਵਧਣ ਅਤੇ ਜਿਉਣ ਦਾ ਰਾਹ ਦੱਸਦੀ ਹੈ। ਇਹ ਕਹਾਣੀ ਦਾ ਪ੍ਰਸੰਗ ਅਤੇ ਪਾਤਰ ਅਜੋਕੇ ਦੌਰ ਦੇ ਹਨ। ਕਹਾਣੀ ਹੋਰ ਵੀ ਕੁਝ ਕਹਿੰਦੀ ਹੈ ਕਿ ਮਲਕਾ ਵਰਗੀ ਗਰਲ ਦੇ ‘ਵਾਇਰਲ ਗਰਲ’ ਬਨਣ ਦੇ ਪੜਾਵਾਂ ਵਿਚ ਸਮਾਜ ਕਿਵੇਂ ਜਿੰਮੇਵਾਰ ਹੈ। ਪੇ੍ਮ ਵਿਆਹ ਕਰਾਉਣਾ ਅਤੇ ਆਪਣੀ ਇੱਛਾ ਦਾ ਹਮਸਫ਼ਰ ਚੁਨਣਾ ਮਾੜੀ ਗੱਲ ਨਹੀਂ, ਪਰ ਪਤੀ ਦੇ ਮਾਂ-ਬਾਪ ਦਾ ਡਾਲਰਾਂ ਦੀ ਚਕਾਚੌਂਧ ਕਰਕੇ ਇਕਲੌਤੇ ਨੌਜਵਾਨ ਲੜਕੇ ਨੂੰ ਬਜ਼ੁਰਗ ਦਾਦੇ ਕੋਲ ਛੱਡਕੇ ਕਨੇਡਾ ਧੀ ਕੋਲ ਰਹਿਣਾ ਅਤੇ ਡਾਲਰ ਇੱਕਠੇ ਕਰਨਾ। ਪ੍ਰੇਮ ਵਿਆਹ ਕਰਾਉਣ, ਆਈਲੈਟਸ ਕਰਕੇ ਕਨੇਡਾ ਨਾ ਜਾਣ ਕਰਕੇ ਮਲਕਾ ਦੇ ਪਰਿਵਾਰ ਦਾ ਉਹਦੇ ਤੋਂ ਪਾਸਾ ਵੱਟ ਲੈਣਾ ਕਿਉਂਕਿ ਉਹਨਾਂ ਦੀ ਲਾਲਸਾ ਦਾ ਅੰਤ ਹੋ ਗਿਆ ਕਿ ਅਸੀਂ ਇਸਦੇ ਇੱਥੇ ਰਹਿਣ ਦੇ ਫੈਸਲੇ ਕਾਰਨ ਡਾਲਰਾਂ ਦੇ ਦੇਸ਼ ਨਹੀਂ ਜਾ ਸਕੇ। ਇਸ ਤਰ੍ਹਾਂ ਵਿਦੇਸ਼ ਜਾਣ ਦੀ ਦੌੜ ਕਿਵੇਂ ਘਰ ਉਜਾੜਦੀ ਹੈ ਜੋ ਪੰਜਾਬ ਵਿਚ ਵਧੀਆ ਗੁਜ਼ਾਰਾ ਕਰਦੇ ਹਨ – ਇਹ ਸਭ ਇਸ ਕਹਾਣੀ ਦਾ ਸੰਦੇਸ਼ ਹੈ। ਇਸ ਤੋਂ ਅੱਗੇ ਹਨ ਨਸ਼ੇ, ਜੋ ਮਨੁੱਖ ਇਸ ਪੂੰਜੀਵਾਦ ਤੇ ਟਿਕੇ ਸੰਸਾਰ ਨੂੰ ਸਮਝਦੇ ਹਨ ਜਿੱਥੇ ਹਰ ਕਦਮ ਇਹ ਸੋਚਕੇ ਅੱਗੇ ਧਰਿਆ ਜਾਂਦਾ ਹੈ ਕਿ ਮੁਨਾਫ਼ਾ ਕਿੰਨਾ ਹੋਵੇਗਾ? ਇਸ ਦੌਰ ਵਿਚ ਕਿਸੇ ਵੀ ਦੇਸ਼ ਦੀ ਸਰਕਾਰ ਸਾਰੇ ਨਸ਼ੇ ਪੂਰੀ ਤਰ੍ਹਾਂ ਕਦੇ ਵੀ ਬੰਦ ਨਹੀਂ ਕਰ ਸਕਦੀ, ਦੂਸਰਾ ਇਸ ਵਿਚ ਨਸ਼ੇ ਕਰਨ ਵਾਲਿਆਂ ਦੀ ਵੀ ਰੁਚੀ ਹੈ ਕਿ ਬੰਦ ਨਾ ਹੋ ਸਗੋਂ ਹੋਰ ਸੁਖਾਲੇ ਮਿਲਣ, ਤੀਸਰਾ ਵੋਟਾਂ ਦੀ ਰਾਜਨੀਤੀ ਕਰਕੇ ਸਭ ਰਾਜਨੀਤਕ ਪਾਰਟੀਆ ਸਭ ਨੂੰ ਖੁਸ਼ ਕਰਕੇ ਬਹੁਮਤ ਅਤੇ ਆਪਣੀ ਸਰਕਾਰ ਬਣਾਉਣ ਵੱਲ ਵੱਲ ਜਾਂਦੀਆਂ ਹਨ। ਜੇਕਰ ਸਪਲਾਈ ਬੰਦ ਨਹੀ ਹੋ ਰਹੀ ਤਾਂ ਜੰਨਤਾ ਦਾ ਵੀ ਫਰਜ਼ ਹੈ ਆਪਣੇ ਅਤੇ ਆਪਣੀ ਔਲਾਦ ਦੇ ਵਾਲੀ ਵਾਰਸ ਬਣਕੇ ਨਸ਼ੇ ਦੀ ਲੋੜ ਹੀ ਬੰਦ ਕਰਨ ਵੱਲ ਝੁਕਾਅ ਕਰੇ।

                             ‘ਕੂਰੇ’ ਕਹਾਣੀ ਅਖੌਤੀ ਰੱਬ ਵਿਚ ਅੰਨ੍ਹੇ ਵਿਸ਼ਵਾਸ ਦੀ ਉਹਨਾਂ ਮਿਹਨਤੀ ਲੋਕਾਂ ਦੀ ਮਾਨਸਿਕਤਾ ਹੈ ਜੋ ਸਾਰੀ ਉਮਰ ਮਿਹਨਤ ਕਰਦੇ ਅਤੇ ਜਿ਼ੰਦਗੀ ਨੂੰ ਸਦਾ ਯੁੱਧ ਵਾਂਗ ਲੜਦੇ ਹਨ, ਪਰ ਪਰਿਵਰਾਕ ਜੀਵਨ ਦੀਆਂ ਨਿੱਤ ਦੀਆਂ ਲੋੜਾਂ ਫੇਰ ਵੀ ਪੂਰੀਆਂ ਨਹੀਂ ਕਰ ਪਾਉਂਦੇ। ਦਾਹੜੀ ਕੇਸ ਰੱਖਿਆ ਵਾਲਾ ਵਰਿਆਮ ਹੋਰਾਂ ਬਹੁਤ ਸਾਰੇ ਮੁੰਡਿਆਂ  ਨਾਲ ਲਿਥੂਨੀਆਂ ਦੀ ਸੁੰਨ-ਮਸਾਨ ਥਾਂ ਤੇ ਡੌਕੀ ਰਾਹੀਂ ਅੱਗੇ ਜਾਣ ਦੀ ਉਡੀਕ ਵਿਚ ਹੋਰਾਂ ਵਾਂਗ ਹੀ ਕਈ ਦਿਨਾਂ ਤੋਂ ਭੁੱਖਣ-ਭਾਣਾ ਹੈ, ਉਸਦੇ ਹੱਥਾਂ ਤੇ ਪਏ ਅੱਟਣ ਦੱਸਦੇ ਹਨ ਕਿ ਉਹ ਪੰਜਾਬ ਵਿਚ ਬਹੁਤ ਮਿਹਨਤ ਕਰਦਾ ਰਿਹਾ ਹੈ ਪਰ ਫਿਰ ਵੀ ਗਰੀਬੀ ਵਿਚ ਹੀ ਰਿਹਾ ਤੇ ਹੁਣ ਅੱਕ ਕੇ ਵਿਦੇਸ਼ ਜਾਣ ਲਈ ਘਰੋਂ ਨਿਕਲਿਆ ਹੈ। ਬੇਸ਼ਕ ਵਰਿਆਮ ਸਮੇਤ ਸਭ ਨੇ ਹੌਸਲਾ ਛੱਡਿਆ ਹੋਇਆ ਹੈ ਪਰ ਉਹ ਫਿਰ ਵੀ ਕਹਿੰਦਾ ਹੈ:

      “ਹੌਸਲਾ ਰੱਖੋ, ਹੋ ਜੂ ਕੁਛ ਨਾ ਕੁਛ। ਰੱਬ ਬੜਾ ਬੇਅੰਤ ਆ”

                 ਅਤੇ ਆਪਣੇ ਨਾਨੇ ਤੋਂ ਸੁਣੀ ਇਕ ਲੋਕ ਕਥਾ ਰਾਹੀਂ ਸਭ ਨੂੰ ਅਤੇ ਸ਼ਾਇਦ ਆਪਣੇ-ਆਪ ਨੂੰ ਤਸੱਲੀ ਦਿੰਦਾ ਹੈ। ਇਹ ਉਹ ਲੋਕ ਕਥਾ ਹੈ ਜੋ ਸੱਚਾਈ ਤੋਂ ਕੋਹਾਂ ਦੂਰ ਅਤੇ ਸਾਖੀਆਂ ਵਾਂਗ ਮਨ ਲੁਭਾਉਣੀ ਤੇ ਝੂਠੀ ਤਸੱਲੀ ਦੇਣ ਵਾਲੀ ਹੈ ਪਰ ਹੱਲ ਕੁਝ ਨਹੀਂ ਕਰਦੀ, ਸੁਣੀ ਸ਼ਇਦ ਬਚਪਨ ਵਿਚ ਆਪਾ ਸਭ ਨੇ ਹੈ ਜਦੋਂ ਤੱਕ ਦਾਦੀਆਂ, ਨਾਨੀਆਂ ਕੋਲੋ ਬਾਤਾਂ ਸੁਨਣ ਦਾ ਸਮਾਂ ਰਿਹਾ ਹੈ ਕਿ ਕਿਵੇਂ  ਦੋ ਜੀਅ ਕੂਰਾ ਤੇ ਕੂਰੀ ਕਿਸੇ ਵੱਲੋਂ ਛੱਪੜ ਵਿਚੋਂ ਮਿੱਟੀ ਲਿਆਉਣ ਤੇ ਚੁੱਲ੍ਹੇ ਵਿਚ ਲਿੱਪੇ ਜਾਂਦੇ ਹਨ ਤੇ ਅਚਾਨਕ ਮੀਂਹ ਪੈਣ ਤੇ ਵਾਪਸ ਜਿਉਂਦੇ ਛੱਪੜ ਵਿਚ ਚਲੇ ਜਾਂਦੇ ਹਨ। ਚਲਾਕ ਲੋਕਾਂ ਨੇ ਮਿਹਨਤਕਸ਼ ਲੋਕਾਂ ਨੂੰ ਰੱਬ ਭਲੀ ਕਰੂ ਦੇ ਭਰਮ ਵਿਚ ਪਾਕੇ ਆਪ ਸਦਾ ਮਲਾਈ ਖਾਧੀ ਹੈ। ਵਰਿਆਮ ਨਾਲ ਕੀ ਹੋੲਆ ਕੀ ਉਸਦਾ ਰੱਬ ਭਲੀ ਕਰਨ ਬਹੁੜਿਆ ਜਾਂ ਨਹੀਂ ਤੁਸੀਂ ਕਹਾਣੀ ਪੜ੍ਹਕੇ ਜਾਣ ਸਕਦੇ ਹੋ।

                              ‘ਹਾਰਟਲੈਸ’ ਕਹਾਣੀ ਵਿਚ ਕਿਸੇ ਦੇ ਜੀਵਨ ਦੇ ਸਹੀ ਰਾਹ ਤੇ ਨਾ ਚੱਲਣ ਤੋਂ ਪ੍ਰਭਾਵਿਤ ਹੋਕੇ ਕਿਵੇਂ ਬੱਚੇ ਉਸੇ ਨੂੰ ਆਪਣੀ ਜਿ਼ੰਦਗੀ ਦੀ ਹੋਣੀ ਸਮਝਣ ਲੱਗ ਜਾਂਦੇ ਹਨ ਅਤੇ ਘਰਾਂ ਵਿਚ ਪਤੀ-ਪਤਨੀ ਦੀ ਅਣਬਣ ਅਤੇ ਕਲੇਸ਼ ਬੱਚਿਆਂ ਦੇ ਜੀਵਨ ਤੇ ਕਿਵੇਂ ਅਸਰ ਕਰਦਾ ਹੈ ਅਤੇ ਉਹ ਵਿਆਹ ਕਰਵਾਉਣ ਤੋਂ ਹੀ ਮੂੰਹ ਫੇਰ ਲੈਂਦੇ ਹਨ ਇਸ ਵਿਸ਼ੇ ਦੀ ਕਹਾਣੀ ਉੱਪਰੋਂ ਝਾਤ ਪਾਇਆ ਲੱਗਦੀ ਹੈ ਪਰ ਜਦੋ ਪਾਤਰ ਕਿਰਨ ਦੇ ਸਾਰੇ ਜੀਵਨ ਨੂੰ ਉਹਨਾਂ ਦੀ ਭੂਆ ਦੇ ਜੀਵਨ ਰਾਹੀਂ ਦੇਖਦੇ ਹਾਂ ਤਾਂ ਕਾਹਣੀ ਦਾ ਪ੍ਰਸੰਗ ਅਸਲ ਵਿਚ ਇਹ ਦੱਸਦਾ ਹੈ ਕਿ ਸਮਾਜ ਵਿਚ ਇੱਕ ਸਮੇਂ ਕਿਸੇ ਵੱਲੋਂ ਕੀਤੇ ਗਲਤ ਕੰਮ ਸਿਰਫ਼ ਉਸ ਵੱਲੋਂ ਪੀੜਤ ਮਨੁੱਖ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਅੱਗੇ ਵੀ ਹੋਰਾਂ ਦੇ ਜੀਵਨ ਨੂੰ ਬਰਬਾਦ ਕਰਨ ਦਾ ਕਾਰਨ ਬਣਦੇ ਹਨ। ਸਮਾਜ ਵਿਚ ਗਲਤ ਕੰਮ ਕਰਨ ਵਾਲੇ ਲੋਕਾਂ ਵੱਲੋ ਕੀਤੇ ਕੰਮਾਂ ਦੀ ਚਾਹੇ ਕਾਨੂੰਨ ਸਜਾ ਦੇ ਵੀ ਦੇਵੇ ਪਰ ਉਹਨਾਂ ਦਾ ਅਸਰ ਪੀੜਤ ਤੱਕ ਨਹੀਂ ਬਲਕਿ ਹੋਰ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਮੋਟੇ ਤੌਰ ਤੇ 1985 ਤੋਂ 2005 ਤੱਕ ਦਾ ਦੌਰ ਕਨੇਡਾ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਠੱਗ ਲਾੜਿਆਂ ਦਾ ਦੌਰ ਸੀ, ਉਹ ਪੰਜਾਬ ਵਿਚ ਵਿਆਹ ਕਰਵਾਉਂਦੇ ਸਾਹੁਰਿਆਂ ਤੋਂ ਚੰਗਾ ਦਾਜ ਅਤੇ ਨਕਦ ਰੁਪਏ ਲੈਂਦੇ ਅਤੇ ਐਸ਼-ਪ੍ਰਸਤੀ ਕਰਕੇ ਫੇਰ ਅਜਿਹਾ ਵਿਦੇਸ਼ ਜਾਂਦੇ ਕਿ ਗਾਇਬ ਹੀ ਹੋ ਜਾਂਦੇ ਅਤੇ ਸੱਜ ਵਿਆਹੀਆਂ ਉਹਨਾਂ ਨੂੰ ਉਡੀਕਦੀਆਂ ਹੱਡਾਂ ਦੀ  ਮੁੱਠ  ਬਣ ਜਾਂਦੀਆਂ। ਸੰਚਾਰ ਦੇ ਸਾਧਨ ਘੱਟ ਹੋਣ ਕਰਕੇ ਉਹ ਦੁਬਾਰਾ ਵੀ ਆਉਂਦੇ ਕਈਆ ਨੇ ਇਕ ਤੋਂ ਵੱਧ ਵਿਆਹ ਵੀ ਕਰਵਾਏ। ਇਸ ਕਹਾਣੀ ਦੀ ਪਾਤਰ ਕਿਰਨ ਵੀ ਆਪਣੇ ਘਰ ਰਹਿੰਦੀ ਆਪਣੀ ਭੂਆ ਦਾ ਹਾਲ ਦੇਖਦੀ ਅਤੇ ਕੁੜਦੀ ਰਹਿੰਦੀ ਜਿਸ ਦਾ ਪਤੀ ਕਦੇ ਵਾਪਸ ਨਾ ਆਇਆ ਅਤੇ ਉਹ ਉਡੀਕ ਕਰਦੀ=ਕਰਦੀ ਪੇਕੇ ਬੈਠੀ ਹੀ ਜਹਾਨੋਂ ਚਲੀ ਗਈ। ਕਿਰਨ ਨੂੰ ਇਹ ਸਭ ਬਚਪਨ ਤੋਂ ਦੇਖਣ ਕਰਕੇ ਆਦਮੀ ਜਾਤ ਨਾਲ ਹੀ ਨ਼ਫਰਤ ਹੋ ਗਈ ਅਤੇ ਉਹ ਭਰ ਜਵਾਨੀ ਵਿਚ ਹੀ ਬਿਮਾਰ ਰਹਿਣ ਲੱਗੀ, ਇਸ ਤਰ੍ਹਾਂ ਜੇਕਰ ਹੁਣ ਵੀ ਉਹ ਠੱਗ ਲਾੜੇ ਜੋ ਵਿਦੇਸ਼ਾਂ ਵਿਚ ਬੈਠੇ ਹਨ ਉਹ ਇਹ ਨਾ ਸਮਝਣ ਕਿ ਹੁਣ ਸਭ ਬੀਤ ਗਿਆ ਹੈ ਪਰ ਅਜਿਹਾ ਕਦੇ ਨਹੀਂ ਹੁੰਦਾ, ਉਹਨਾਂ ਦੇ ਸਮਾਜ ਨੂੰ ਦਿੱਤੇ ਜ਼ਖਮ ਅਗਲੀ ਪੀੜ੍ਹੀ ਰਾਹੀਂ ਵੀ ਰਿਸਦੇ ਹਨ ਅਤੇ ਅੱਜ ਵੀ ਰਿਸ ਰਹੇ ਹਨ, ਕਈਆਂ ਦੀਆਂ ਵਿਆਹਕੇ ਪਿੱਛੇ ਛੱਡੀਆਂ ਪਤਨੀਆਂ ਚਾਹੇ ਜਹਾਨੋਂ ਚਲੀਆਂ ਗਈਆਂ ਹਨ ਪਰ ਜਿਹਨਾਂ ਦੀ ਗੋਦ ਵਿਚ ਬੱਚਾ ਸੀ ਉਹ ਬੱਚੇ ਹੁਣ ਜਵਾਨ ਹਨ ਅਤੇ ਸਦਮਾ (ਟਰਾਮਾ) ਝੱਲਦੇ ਜਵਾਨ ਹੋਏ ਹਨ, ਸਮਾਜ ਵਿਚ ਕੀਤਾ ਇਕ ਗਲਤ ਕੰਮ ਦੂਰ ਤੱਕ ਜਾਂਦਾ ਹੈ ਜਿਵੇ ਕਿਹਾ ਜਾਂਦਾ ਹੈ ਕਿ “ਲਹਮੋਂ ਨੇ ਖ਼ਤਾ ਕੀ ਸਦੀਓ ਨੇ ਸਜ਼ਾ ਪਾਈ”।

                                      ਇੱਕ ਉਦਰਾਰਣ ਜੋ ਇਸ ਕਹਾਣੀ ਦੇ ਵਿਸ਼ੇ ਦੇ ਬਿਲਕੁਲ ਅਨੁਕੂਲ ਹੈ- ਜਿਵੇਂ ਮੈਂ ਕਨੇਡਾ ਦੇ ਸ਼ਹਿਰ ਕੈਲਗਰੀ ਵਿਚ ਰਹਿੰਦਾ ਹਾਂ ਤੇ ਇਥੇ ਲੱਗਭੱਗ ਸਾਲ 2005 ਤੋਂ ਸਾਲ 2009 ਵਿਚ ਕੁਝ ਚਿੱਟੇ ਖ਼ੂਨ ਵਾਲੇ ਰਿਐਲਟਰਾਂ, ਮਾਰਟਗੇਜ ਪ੍ਰੌਫੈਸ਼ਨਲਾ, ਵਕੀਲਾਂ ਅਤੇ ਬੈਕ ਕਰਮਚਾਰੀਆਂ ਨੇ ਰਲਕੇ ਬਹੁਤ ਸਾਰੇ ਭੋਲੇ-ਭਾਲੇ ਅਤੇ ਹੱਥੀ ਮਿਹਨਤ ਕਰਨ ਵਾਲੇ ਪਰਿਵਾਰਾਂ ਦਾ ਵਿਸ਼ਵਾਸ਼ ਜਿੱਤਕੇ ਉਹਨਾਂ ਨਾਲ ਪ੍ਰਪਾਰਟੀਆਂ ਦੇ ਨਾਮ ਤੇ ਧੋਖਾ ਕੀਤਾ (ਇਸ ਬਾਰੇ ਵਿਸਥਾਰਤ ਲੇਖ ਮੈਂ ਬਹੁਤ ਪਹਿਲਾ ਲੇਖ ਚੁੱਕਾ ਹਾਂ), ਧੋਖਾ ਕਰਨ ਵਾਲੇ ਤਾਂ ਸੋਚਦੇ ਹੋਣਗੇ ਕੇ ਡਾਲਰ ਬਣਾਕੇ ਨਿਕਲ ਗਏ ਤੇ ਸਭ ਭੁੱਲ ਭੁਲਾ ਗਏ ਹੋਣਗੇ, ਪਰ ਅੱਜ ਵੀ ਉਸ ਵੇਲੇ ਦੇ ਬਹੁਤ ਪਰਿਵਾਰ ਹਨ ਜੋ ਸਭ ਕੁਝ ਗੁਆਕੇ ਦੁਬਾਰਾ ਆਪਣੇ ਘਰਾਂ ਤੋਂ ਕਿਰਾਏ ਦੀਆਂ ਬੇਸਮੈਟਾਂ ਵਿਚ ਆ ਗਏ,ਫੇਰ ਮਿਹਨਤ ਕੀਤੀ ਘਰ ਲਏ ਪਰ ਜਿ਼ਆਦਾ ਕੰਮ ਕਰਨ ਕਰਕੇ ਅਤੇ ਲੱੁਟੇ ਗਏ ਹੋਰ ਦਾ ਟਰਾਮਾ (ਸਦਮਾ) ਕਰਕੇ, ਬੱਚਿਆਂ ਨੂੰ ਪੂਰਾ ਸਮਾਂ ਨਾ ਦੇਣ ਕਰਕੇ ਆਪ ਵੀ ਸਮੇਂ ਤੋਂ ਪਹਿਲਾ ਬੁੱਢੇ ਦਿਸਣ ਲੱਗੇ ਅਤੇ ਬਿਮਾਰ ਰਹਿਣ ਲੱਗੇ ਹਨ ਅਤੇ ਹੁਣ ਨੌਜਵਾਨ ਹੋ ਚੁੱਕੇ ਬੱਚੇ ਵੀ ਸਦਮੇ ਵਿਚ ਹਨ ਅਤੇ ਮਾਪਿਆਂ ਨੂੰ ਸਵਾਲ ਕਰਦੇ ਹਨ ਕਿ ਤੁਸੀਂ ਵੀ ਮੇਰੇ ਦੋਸਤਾਂ ਜਾਂ ਬੱਚੀਆਂ ਕਹਿੰਦੀਆਂ ਨੇ ਮੇਰੀਆਂ ਸਹੇਲੀਆਂ ਦੇ ਮਾਪਿਆਂ ਦੇ ਨਾਲ ਦੇ ਕਨੇਡਾ ਆਏ ਹੋ ਆਪਾ ਅਜੇ ਵੀ ਗਰੀਬ ਕਿਉਂ ਹਾਂ ਸੋ ਦੂਸਰੀ ਪੀੜ੍ਹੀ ਵੀ ਉਹ ਅਸਰ ਕਬੂਲ ਜਾਂਦੀ ਹੈ ਤੇ ਸਦਮਾ ਸਹਿੰਦੀ ਹੈ ਜਦੋਂ ਪਹਿਲੀ ਪੀੜ੍ਹੀ ਵਿਚੋਂ ਲੋਕਾਂ ਨਾਲ ਗਲਤ ਹੁੰਦਾ ਤੇ ਕੁਝ ਗੰਦੇ ਆਂਡੇ ਗਲਤ ਕਰਦੇ ਹਨ। ਪਰ ਕਹਾਣੀ ਇਹ ਵੀ ਸਿੱਖਿਆ ਦਿੰਦੀ ਹੈ ਕਿ ਕਦੇ ਵੀ ਇਕ ਵੱਲੋਂ ਕੀਤੀ ਗਲਤੀ ਕਰਕੇ ਸਾਰਿਆਂ ਨੂੰ ਉਸ ਵਰਗਾ ਨਹੀਂ ਸਮਝਣਾ ਚਾਹੀਦਾ। ਜਿਵੇਂ ਕਿਰਨ ਆਪਣੀ ਭੂਆ ਦਾ ਪ੍ਰਭਾਵ ਕਬੂਲਕੇ ਜਿੰਦਰ ਸਰ ਨੂੰ ਪੱਥਰ ਦਿਲ, ਗੰਦਗੀ ਦਾ ਢੇਰ, ਕਾਮ-ਕੀੜਾ, ਲੰਡੂ, ਲਫੰਗਾ, ਕਮੀਨਾ, ਬਦਜ਼ਾਤ ਸਮਝਦੀ ਹੈ ਪਰ ਉਸਦੇ ਮਨ ਅੰਦਰ ਹਲਾਤਾਂ ਦਾ ਪਕਾਇਆ ਇਹ ਭਰਮ ਕਦੋਂ ਤੇ ਕਿਵੇਂ ਟੁੱਟਦਾ ਹੈ ਜਾਂ ਨਹੀਂ ਟੁੱਟਦਾ ਪਾਠਕ ਕਹਾਣੀ ਦਾ ਅਨੰਦ ਮਾਣਕੇ ਸਮਝ ਸਕਦਾ ਹੈ।

                                         ‘ਹਥਿਆਰ’ ਕਹਾਣੀ ਕਨੇਡਾ ਵਿਚ ਪੱਕਿਆ, ਕੱਚਿਆ, ਮਾਲਕਾਂ-ਕਾਮਿਆਂ, ਵਿਆਹਿਆ ਅਤੇ ਤਲਾਕ ਹੋਏ ਪੰਜਾਬੀਆਂ ਦੀ ਜਿ਼ੰਦਗੀ, ਮਿਹਨਤ, ਲਾਲਚ, ਦੁਚਿੱਤੀ, ਪੱਕੇ ਹੋਣ ਲਈ ਢੰਗ ਲੱਭਣ ਦੀ ਝਲਕ ਹੈ ਜੋ ਇਕ ਬੇਰੀ ਫ਼ਾਰਮ ਵਿਚ ਇਕੱਠੇ ਕੰਮ ਕਰਦੇ ਹਨ। ਬਾਕੀ ਕਹਾਣੀਆਂ ਬਾਰੇ ਵਿਸਥਾਰ ਲਿਖਣ ਲੱਗਾ ਤਾਂ ਕਾਫ਼ੀ ਲੰਬਾ ਲਿਖਿਆ  ਜਾਣਾ ਹੈ। ਕੁਝ ਕਹਾਣੀਆਂ ਵਿਚ ਮੈਂ ਪਾਤਰ ਰਾਹੀਂ ਹੀ ਪੂਰੀ ਕਹਾਣੀ ਬਿਨਾਂ ਉਸਦੇ ਨਾਮ ਤੋਂ ਹੈ ਅਜਿਹੇ ਪਾਤਰ ਪਾਠਕ ਦੇ ਮਨ ਵਿਚ ਡੂੰਘਾ ਨਹੀਂ ਉੱਤਰਦੇ ਜੇਕਰ ਨਾਮ ਨਾ ਦਿੱਤਾ ਹੋਵੇ ਜਾਂ ਨਾਮ ਦਿੱਤਾ ਹੋਵੇ ਪਰ ਕਈ ਵਾਰ ਦੂਸਰੇ ਪਾਤਰਾਂ ਦੇ ਸੰਵਾਦ ਵਿਚ ਸ਼ਮਿਲ ਨਾ ਹੋਵੇ। ਜਿੰਦਰ, ਬਿੰਦਰ ਨਾਮ ਦੇ ਪਾਤਰ ਹੀ ਇਕ ਤੋਂ ਵੱਧ ਵਾਰ ਕਹਾਣੀਆਂ ਵਿਚ ਹਨ, ਹੋ ਸਕਦਾ ਹੈ ਕਹਾਣੀਆਂ ਵੱਖ ਵੱਖ ਸਮੇਂ ਲਿਖੀਆਂ ਹੋਣ ਕਰਕੇ ਮਹਿਸੂਸ ਨਾ ਹੋਏ ਹੋਣ ਪਰ ਜਦੋਂ ਇਕੋਂ ਕਿਤਾਬ ਵਿਚ ਇਕੱਠੀਆਂ ਕਰਨੀਆਂ ਹਨ ਤਾਂ ਇਹ ਧਿਆਨ ਰੱਖਣ ਨਾਲ ਕਿ ਇਕ ਕਾਹਣੀ ਦੇ ਪਾਤਰ ਦਾ ਨਾਮ ਦੂਸਰੀ ਕਹਾਣੀ ਵਿਚ ਨਾ ਜਾਵੇ ਜਰੂਰ ਥੋੜੀ ਮਿਹਨਤ ਨਾਲ ਪਾਤਰ ਦਾ ਨਾਮ ਬਦਲ ਦੇਣਾ ਚਾਹੀਦਾ ਹੈ ਇਸ ਨਾਲ ਕਹਾਣੀਆਂ ਹੋਰ ਪ੍ਰਭਾਵਸਾ਼ਲੀ ਲੱਗਦੀਆਂ ਹਨ। ਨੌਜਵਾਨ ਕਾਹਣੀਕਾਰ ਜਤਿੰਦਰ ਸਿੰਘ ਹਾਂਸ ਨੂੰ ਇਸ ਕਹਾਣੀ ਸੰਗ੍ਰਹਿ ‘ਵਾਇਰਲ ਗਰਲ’ ਦੀਆਂ ਬਹੁਤ ਬਹੁਤ ਵਧਾਈਆਂ ।

 ਬਲਜਿੰਦਰ ਸੰਘਾ 403-680-3212