Get Adobe Flash player

ਕਹਿੰਦੇ ਹਨ ਕਿ ਮਹਾਂ ਭਾਰਤ ਦੇ ਯੁੱਧ ਵੇਲੇ ਕੌਰਵਾਂ ਨੇ ਇਕ ਬੜੀ ਕੁਤਨੀਤਿਕ ਚਾਲ ਚੱਲੀ | ਉਹਨਾਂ ਨੇ ਅਰਜਣ ਦੇ ਪੁੱਤਰ ਅਭਿਮਨਿਊ ਨੂੰ ਕਤਲ ਕਰਨ ਲਈ ਲੜਾਕਿਆਂ ਦਾ ਇੱਕ ਚੱਕਰਵਿਊ ਬਣਾ ਲਿਆ | ਅਭਿਮਨਿਊ ਇਮਾਨਦਾਰੀ ਨਾਲ਼ ਲੜਦਾ ਲੜਦਾ ਜਦ ਅੱਗੇ ਵਧਦਾ ਗਿਆ ਤਾਂ ਉਸ ਚੱਕਰਵਿਊ ਵਿੱਚ ਫਸ ਗਿਆ, ਹੁਣ ਨਿਕਲਣ ਦਾ ਰਸਤਾ ਕੋਈ ਨਹੀਂ ਸੀ ਅਤੇ ਦੁਸ਼ਮਣਾਂ ਨੇ ਉਸ ਨੂੰ ਬਹੁਤ ਬੁਰੀ ਤਰਾਂ ਮਾਰ ਦਿੱਤਾ | ਇਹੀ ਕਾਲ਼ ਚੱਕਰ ਗਰੀਬਾਂ ਦੇ ਦੁਆਲ਼ੇ ਬੁਣਿਆ ਜਾਂਦਾ ਹੈ |ਆਮ ਪਿੰਡਾਂ ਜਾਂ ਕਸਬਿਆਂ ਵਿੱਚ ਥੋੜੇ ਬਹੁਤ ਪੈਸੇ ਵਾਲ਼ੇ ਇਹੋ ਜਿਹਾ ਚੱਕਰ ਗਰੀਬਾਂ ਦੇ ਦੁਆਲ਼ੇ ਬੁਣ ਲੈਂਦੇ ਹਨ, ਹੁਣ ਇਸ ਚੱਕਰਵਿਊ ਵਿੱਚ ਗਰੀਬ ਨੂੰ ਮਰਨ ਨਹੀਂ ਦਿੱਤਾ ਜਾਂਦਾ, ਨਾਂ ਹੀ ਨਿਕਲਣ ਦਿੱਤਾ ਜਾਂਦਾ ਹੈ, ਜਿੰਨਾ ਵੀ ਗਰੀਬ ਆਦਮੀ ਇਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਓਨੀ ਹੀ ਬੁਰੀ ਤਰਾਂ ਇਸ ਚੱਕਰਵਿਊ ਵਿੱਚ ਉਲਝਦਾ ਜਾਂਦਾ ਹੈ
    

ਫਰਜ਼ ਕਰੋ ਕੋਈ ਬੰਦਾ ਬਹੁਤ ਵਧੀਆ ਕਾਮਾ ਹੈ, ਮਿਹਨਤੀ ਵੀ ਹੈ ਇਮਾਨਦਾਰ ਵੀ ਹੈ, ਇਹੋ ਜਿਹਾ ਕਾਮਾ ਜੇਕਰ ਕਿਸੇ ਨੂੰ ਮਿਲ਼ ਜਾਵੇ ਤਾਂ ਮਾਲਕ ਉਸ ਕਾਮੇ ਨੂੰ ਗੰਵਾਉਣਾ ਨਹੀਂ ਚਾਹੁੰਦਾ | ਹੁਣ ਇਹੋ ਜਿਹਾ ਕਾਮੇ ਨੂੰ ਹਮੇਸ਼ਾ ਲਈ ਰੱਖਣ ਲਈ,  ਮਾਲਕ ਇਹੋ ਜਿਹਾ ਜਾਲ਼ ਬੁਣਦਾ ਹੈ ਕਿ ਕਾਮੇ ਨੂੰ ਵੀ ਪਤਾ ਨਹੀਂ ਲੱਗਦਾ | ਮਾਲਕ ਉਸ ਨਾਲ਼ ਬਹੁਤ ਵਧੀਆ ਸਲੂਕ ਕਰਦਾ ਹੈ, ਤਨਖਾਹ ਵੀ ਵਧੀਆ ਦਿੰਦਾ ਹੈ | ਪਰ ਇੱਕ ਗੱਲ ਮਾਲਕ ਦੇ ਦਿਮਾਗ ਵਿੱਚ ਜਰੂਰ ਰਹਿੰਦੀ ਹੈ ਕਿ ਕਾਮੇ ਨੇ ਜੇਕਰ ਪੈਸੇ ਜੋੜ ਲਏ ਤਾਂ ਉਹ ਮੇਰਾ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲਵੇਗਾ ਅਤੇ ਮੈਂ ਐਨਾ ਵਧੀਆ ਕਾਮਾ ਗੁਆ ਲਵਾਂਗਾ  | ਫਰਜ਼ ਕਰੋ ਕਾਮੇ ਦਾ ਨਾਂ ਰਾਮੂ ਹੈ ਅਤੇ ਮਾਲਕ ਦਾ ਨਾਮ ਸੇਠ ਧੰਨਪਤ ਹੈ | ਇੱਕ ਗੱਲ ਹੋਰ, ਅੱਜ ਕਲ੍ਹ ਕਾਮੇ ਚਾਹੇ ਫੈਕਟਰੀ ਵਿੱਚ ਹੋਣ ਚਾਹੇ ਖੇਤਾਂ ਵਿੱਚ ਕੰਮ ਕਰਦੇ ਹੋਣ, ਤਨਖਾਹ ਮਹੀਨਾਵਾਰ ਹੀ ਲੈਂਦੇ ਹਨ | ਸੇਠ ਧੰਨਪਦ ਨੂੰ ਪਤਾ ਹੈ ਕਿ ਘਰ ਦਾ ਖਰਚ ਅਤੇ ਕਿਰਾਇਆ ਕੱਢ ਕੇ ਰਾਮੂ ਨੂੰ ਦੋ ਢਾਈ ਹਜਾਰ ਬਚ ਜਾਂਦਾ ਹੈ | ਇਹ ਦੋ ਢਾਈ ਹਜ਼ਾਰ ਧੰਨਪਦ ਨੂੰ ਖੜਕਦਾ ਹੈ, ਉਸ ਨੂੰ ਲਗਦਾ ਹੈ ਇਸਤਰਾਂ ਤਾਂ ਰਾਮੂ ਦੋ ਚਾਰ ਸਾਲ ਤੱਕ ਪੈਸੇ ਜੋੜ ਕੇ ਸਕੂਟਰ ਰੇੜ੍ਹਾ ਲੈ ਲਵੇਗਾ ਅਤੇ ਉਹ [ ਧੰਨਪਦ ] ਇੱਕ ਇਮਾਨਦਾਰ ਕਾਮਾ ਗੁਆ ਲਵੇਗਾ, ਹੁਣ ਕਿਸੇ ਤਰੀਕੇ ਸੇਠ ਰਾਮੂ ਦੀ ਬੱਚਤ ਨੂੰ ਰੋਕਣਾ ਚਾਉਂਦਾ ਹੈ | ਧੰਨਪਦ ਦੇ ਦਿਮਾਗ ਵਿੱਚ ਇੱਕ ਸ਼ਰਾਰਤ ਸੁੱਝਦੀ ਹੈ, ਧੰਨਪਦ ਰਾਮੂ ਨੂੰ ਹੁਣ ਜਦ ਚਾਹ ਵਗੈਰਾ ਦਿੰਦਾ ਹੈ ਤਾਂ ਉਹ ਚਾਹ ਵਿੱਚ ਭੋਰਾ ਕੁ ਭੁੱਕੀ ਜਾਂ ਅਫੀਮ ਪਾ ਦਿੰਦਾ ਹੈ, ਕਿਓਂਕਿ ਰਾਮੂ ਨੇ ਪਹਿਲਾਂ ਕਦੇ ਨਸ਼ਾ ਪੱਤਾ ਨਹੀਂ ਸੀ ਕੀਤਾ ਅਤੇ ਸੇਠ ਧੰਨਪਦ ਦੀ ਚਾਹ ਪੀ ਕੇ ਉਸ ਨੂੰ ਇੰਜ ਖਾਸ ਤਰਾਂ ਦੀ ਤਾਕਤ ਮਿਲ਼ਦੀ ਹੈ ਤੇ ਰਾਮੂ ਉਸ ਤਾਕਤ ਨੁਮਾ ਨਸ਼ੇ ਦਾ ਆਦੀ ਹੋ ਜਾਂਦਾ ਹੈ | ਇਹ ਸਿਲਸਿਲਾ ਉਨ੍ਹਾਂ ਚਿਰ ਚੱਲਦਾ ਹੈ ਜਦ ਸੇਠ ਨੂੰ ਪੂਰਾ ਯਕੀਨ ਨਹੀਂ ਹੋ ਜਾਂਦਾ,ਫਿਰ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਸੇਠ ਰਾਮੂ ਦੀ ਚਾਹ ਵਿੱਚ ਅਫੀਮ ਨਹੀਂ ਪਾਉਂਦਾ  | ਅੱਜ ਰਾਮੂ ਨੂੰ ਚਾਹ ਪੀ ਕੇ ਪਹਿਲਾਂ ਵਾਲ਼ਾ ਹੁਲਾਰਾ ਨਹੀਂ ਮਿਲ਼ਦਾ | ਰਾਮੂ ਸੇਠ ਪਹਿਲਾਂ ਵਾਲ਼ੀ ਚਾਹ ਦੀ ਮੰਗ ਕਰਦਾ ਹੈ ਤੇ ਸੇਠ ਧੰਨਪਦ ਰਾਮੂ ਨੂੰ ਕਹਿੰਦਾ ਹੈ ਕਿ ਜਿਹੜੀ ਚੀਜ ਮੈਂ ਚਾਹ ਵਿੱਚ ਪਾਉਂਦਾ ਸੀ ਉਸ ਤੇ 50 ਰੁਪਏ ਲੱਗਦੇ ਹਨ, ਰਾਮੂ ਜਿਹੜਾ ਕਿ ਅਫੀਮ ਦਾ ਆਦੀ ਹੋ ਗਿਆ ਸੀ ਸੇਠ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ 50 ਰੁਪਏ ਰੋਜ਼ ਦੇ ਮੇਰੀ ਦਿਹਾੜੀ ਵਿੱਚੋਂ ਕੱਟ ਲਿਆ ਕਰੋ ਪਰ ਮੈਂਨੂੰ ਪਹਿਲਾਂ ਵਾਲ਼ੀ ਚਾਹ ਦਿਆ ਕਰੋ, ਚਲੋ ਜੀ ਹੁਣ ਰਾਮੂ ਦੀ ਜਿਹੜੀ ਬੱਚਤ ਹੁੰਦੀ ਸੀ ਉਹ ਖ਼ਤਮ ਹੋ ਗਈ ਅਤੇ ਰਾਮੂ ਸਾਰੀ ਉਮਰ ਲਈ ਸੇਠ ਦਾ ਬੰਧੂਆਂ ਮਜ਼ਦੂਰ ਬਣ ਗਿਆ  |

ਹੁਣ ਇੱਕ ਹੋਰ ਮਜ਼ਦੂਰ ਫੱਤੇ ਦੀ ਗੱਲ ਕਰਦੇ ਹਾਂ | ਫੱਤਾ ਵੀ ਬੇਹੱਦ ਇਮਾਨਦਾਰ ਅਤੇ ਮਿਹਨਤੀ ਮਜ਼ਦੂਰ ਹੈ | ਫੱਤੇ ਦਾ ਮਾਲਕ ਸ਼ਮਸ਼ੇਰ ਵੀ ਫੱਤੇ ਨੂੰ ਕਿਸੇ ਵੀ ਹਾਲਤ ਗੁਆਉਣਾ ਨਹੀਂ ਚਾਉਂਦਾ | ਨਸ਼ੇ ਪੱਤੇ ਦਾ ਕੋਈ ਚੱਕਰ ਫੱਤੇ ਤੇ ਨਹੀਂ ਚਲਦਾ  | ਸ਼ਮਸ਼ੇਰ ਫੱਤੇ ਨੂੰ ਕਹਿੰਦਾ ਹੈ ਕਿ ਕਿਉਂ ਕਰਾਏ ਦੇ ਮਕਾਨ ਵਿੱਚ ਰਹਿੰਦਾ ਹੈਂ, ਆਪਦਾ ਘਰ ਲੈ ਲੈਣਾ ਚਾਹੀਦਾ ਹੈਂ | ਜਦ ਫੱਤਾ ਪੈਸੇ ਦੀ ਮਜ਼ਬੂਰੀ ਦੀ ਗੱਲ ਕਰਦਾ ਹੈਂ ਤਾਂ ਮਾਲਕ ਕਹਿੰਦਾ ਹੈਂ, ਪੈਸੇ ਦੀ ਕੋਈ ਗੱਲ ਨਹੀਂ ਪੈਸੇ ਦਾ ਇੰਤਜ਼ਾਮ ਮੈਂ ਕਰ ਦੇਵਾਂਗਾ | ਸ਼ਮਸ਼ੇਰ ਫੱਤੇ ਨੂੰ ਕਿਸੇ ਦਾ ਪੁਰਾਣਾ ਜਿਹਾ ਘਰ ਚਾਰ ਲੱਖ ਦਾ ਲੈ ਦਿੰਦਾ ਹੈਂ ਅਤੇ ਚਾਰ ਲੱਖ ਸ਼ਮਸ਼ੇਰ ਫੱਤੇ ਨੂੰ ਦੋ ਪਰਸੈਂਟ ਤੇ ਵਿਆਜੂ ਦੇ ਦਿੰਦਾ ਹੈਂ | ਇੱਕ ਲੱਖ ਦੇ ਨੇੜੇ ਇਸ ਪੈਸੇ ਤੇ ਸਲਾਨਾ ਵਿਆਜ਼ ਪੈ ਜਾਂਦਾ ਹੈ | ਹੁਣ ਫੱਤਾ ਅਜਿਹੇ ਚੱਕਰਵਿਊ ਵਿੱਚ ਫਸ ਗਿਆ ਜਿਸ ਵਿੱਚੋਂ ਨਿਕਲਣਾ ਨਾਮੁਮਕਿਨ ਹੈ | ਬਹੁਤਾ ਚਾਨਸ ਇਹੀ ਹੈ ਕਿ ਫੱਤੇ ਤੋਂ ਘਰ ਦੇ ਪੈਸੇ ਨਹੀਂ ਦਿੱਤੇ ਜਾਣੇ, ਉਹ ਕੁੱਝ ਸਾਲ ਵਿਆਜ਼ ਭਰ ਕੇ ਹੱਥ ਖੜੇ ਕਰ ਦੇਵੇਗਾ | ਘਰ ਉਸਦਾ ਮਾਲਕ ਨੇ ਵਿਕਣ ਨਹੀਂ ਦੇਣਾ ਅਤੇ ਫੱਤਾ ਸਾਰੀ ਉਮਰ ਲਈ ਘਰ ਅਤੇ ਸ਼ਮਸ਼ੇਰ ਦੇ ਚੱਕਰ ਵਿੱਚ ਫਸ ਜਾਵੇਗਾ |

ਹੁਣ ਨਾਜ਼ਰ ਰਮਦਾਸੀਏ ਦੀ ਗੱਲ ਕਰਦੇ ਹਾਂ | ਨਾਜ਼ਰ ਦਾ ਬਾਪ ਤਰਸੇਮ ਭੱਠੇ ਵਾਲ਼ੇ ਦੇ ਨੌਕਰ ਹੈ | ਜਦ ਨਾਜ਼ਰ ਵੱਡਾ ਹੋ ਗਿਆ ਤਾਂ ਤਰਸੇਮ ਨੇ ਨਾਜ਼ਰ ਨੂੰ ਵੀ ਕੰਮ ਤੇ ਰੱਖ ਲਿਆ | ਏਥੇ ਇੱਕ ਗੱਲ ਸਾਫ ਕਰੀਏ ਤਰਸੇਮ ਦਾ ਕਾਰੋਬਾਰ ਖੇਤੀ ਹੈ, ਭੱਠੇ ਵਾਲ਼ਾ ਤਾਂ ਉਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਪਹਿਲੇ ਸਮੇਂ ਵਿੱਚ ਉਸਦੇ ਬਾਪ ਦਾ ਭੱਠਾ ਹੁੰਦਾ ਸੀ ਜਿਹੜਾ ਕਿ ਹੁਣ ਬੰਦ ਹੈ, ਪਰ ਲੋਕ ਇਸ ਪਰਿਵਾਰ ਨੂੰ ਅਜੇ ਵੀ ਭੱਠੇ ਵਾਲ਼ੇ ਹੀ ਕਹਿੰਦੇ ਹਨ | ਨਾਜ਼ਰ ਕੰਮ ਕਰਨ ਨੂੰ ਬਹੁਤ ਤਕੜਾ ਹੈ | ਤਰਸੇਮ ਦਾ ਦਿਮਾਗ ਇਹ ਸੋਚਦਾ ਰਹਿੰਦਾ ਹੈ ਕਿ ਜੇਕਰ ਨਾਜ਼ਰ ਦਾ ਬਾਪ ਬੁੱਢਾ ਹੋਣ ਕਰਕੇ ਕੰਮ ਛੱਡ ਗਿਆ ਤਾਂ ਨਾਜ਼ਰ ਉਸ ਦੀ ਜਗਾਹ ਲੈ ਲਵੇ ਅਤੇ ਮੈਂਨੂੰ ਨਵਾਂ ਕਾਮਾ ਲੱਭਣ ਦੀ ਖੇਚਲ ਨਾਂ ਕਰਨੀ ਪਵੇ | ਇੱਕ ਦਿਨ ਨਾਜ਼ਰ ਦੇ ਬਾਪ ਨੂੰ ਤਰਸੇਮ ਕਹਿੰਦਾ ਹੈ ਕਿ ਨਾਜ਼ਰ ਵਿਆਹ ਦੇ ਕਾਬਲ ਹੋ ਗਿਆ ਹੈ, ਉਸਦਾ ਵਿਆਹ ਕਰ ਦੇਣਾ ਚਾਹੀਦਾ ਹੈ | ਜਦ ਨਾਜ਼ਰ ਦਾ ਬਾਪੂ ਪੈਸੇ ਦੀ ਤੰਗੀ ਦੀ ਗੱਲ ਕਰਦਾ ਹੈ ਤਾਂ ਤਰਸੇਮ ਕਹਿੰਦਾ ਹੈ, ਪੈਸੇ ਦੀ ਪਰਵਾਹ ਨਾਂ ਕਰੀਂ, ਨਾਜ਼ਰ ਸਾਡਾ ਵੀ ਕੁੱਝ ਲੱਗਦਾ ਹੈ | ਚਲੋ ਜੀ ਨਾਜ਼ਰ ਦਾ ਬਾਪ ਤਰਸੇਮ ਤੋਂ ਪੰਜ ਹਜ਼ਾਰ ਰੁਪਏ ਲੈ ਕੇ ਨਾਜ਼ਰ ਦਾ ਵਿਆਹ ਕਰ ਦਿੰਦਾ ਹੈ | ਹੁਣ ਤਰਸੇਮ ਨੇ ਮਨ ਮਰਜ਼ੀ ਦਾ ਵਿਆਜ਼ ਲਾ ਕੇ ਬਾਪ ਬੇਟੇ ਦੋਹਾਂ ਦਾ ਅੰਗੂਠਾ ਲਗਵਾ ਲਿਆ | ਵਿਆਜ਼ ਦਾ ਚੱਕਰ ਇਸ ਤਰਾਂ ਬੁਣ ਦਿੱਤਾ ਜਾਂਦਾ ਹੈ ਕਿ ਨਾਜ਼ਰ ਨੂੰ ਕਰਜ਼ਾ ਲਾਹੁੰਦੇ ਨੂੰ ਦਸ ਸਾਲ ਲੱਗ ਜਾਂਦੇ ਹਨ | ਐਨੇ ਚਿਰ ਵਿੱਚ ਨਾਜ਼ਰ ਦਾ ਬੇਟਾ ਵੀ ਅੱਠ ਨੌਂ ਸਾਲ ਦਾ ਹੋ ਜਾਂਦਾ ਹੈ, ਹੁਣ ਤਰਸੇਮ ਦੀ ਨਿਗਾਹ ਨਾਜ਼ਰ ਦੇ ਬੇਟੇ ਤੇ ਹੈ ਕਿ ਇਸ ਨੂੰ ਵੀ ਮੱਝਾਂ ਦਾ ਪਾਲ਼ੀ ਰੱਖਾਂ | ਇਸ ਚੱਕਰ ਵਿੱਚੋਂ ਨਾਂ ਨਾਜ਼ਰ ਦਾ ਬਾਪ ਨਿਕਲ੍ਹ ਸਕਿਆ ਨਾਂ ਹੀ ਨਾਜ਼ਰ ਤੇ ਹੁਣ ਇਸ ਚੱਕਰਵਿਊ ਦੀ ਸਾਜ਼ਿਸ਼ ਨਾਜ਼ਰ ਦੇ ਬੇਟੇ ਦੁਆਲ਼ੇ ਵੀ ਸ਼ੁਰੂ ਹੋ ਜਾਂਦੀ ਹੈ | ਹੋਰ ਪਤਾ ਨਹੀਂ ਕਿੰਨੇ ਨਾਜ਼ਰ ਵਰਗਿਆਂ ਤੇ ਤਰਸੇਮ ਵਰਗੇ ਇਹੋ ਜਾਲ਼ ਬੁਣ ਰਹੇ ਹੋਣਗੇ 
ਹੁਣ ਆਪਾਂ ਮਿਲ਼ਦੇ ਹਾਂ ਸਰਦਾਰ ਸਤਵੰਤ ਸਿੰਘ ਨੂੰ, ਜਿਹੜੇ ਕਿ ਪਿਛਲੇ ਦਸ ਸਾਲਾਂ ਵਿੱਚ ਬੇਹੱਦ ਅਮੀਰ ਹੋ ਗਏ ਹਨ | ਇਹ ਜਿਸ ਸ਼ਹਿਰ ਨੁਮਾਂ ਕਸਬੇ ਵਿੱਚ ਰਹਿੰਦੇ ਹਨ, ਇੱਥੇ ਮੇਨ ਰੋਡ ਤੇ ਬਹੁਤ ਸਾਰੇ ਰੇਹੜੀਆਂ ਵਾਲ਼ੇ ਹਨ | ਸਰਦਾਰ ਸਤਵੰਤ ਸਿੰਘ ਜੀ ਇਹਨਾਂ ਨੂੰ ਸਵੇਰੇ ਸੌਦਾ ਪੱਤਾ ਲਿਆਉਣ ਲਈ ਪੰਜ ਪੰਜ ਹਜ਼ਾਰ ਰੁਪਏ ਦੇ ਦਿੰਦੇ ਹਨ ਅਤੇ ਸ਼ਾਮ ਨੂੰ ਛੇ ਛੇ ਹਜ਼ਾਰ ਵਸੂਲ ਕਰ ਲੈਂਦੇ ਹਨ, ਜਾਣੀ ਇੱਕ ਦਿਨ ਦਾ 20 ਪਰਸੈਂਟ  | ਸਤਵੰਤ ਸਿੰਘ ਹੋਰਾਂ ਦੀ ਕੋਠੀ ਹਰ ਸਾਲ ਉਪਰ ਨੂੰ ਹੀ ਨਹੀਂ ਪਾਸਿਆਂ ਨੂੰ ਵੀ ਫੈਲ ਰਹੀ ਹੈ | ਇਲਾਕੇ ਵਿੱਚ ਸਰਦਾਰ ਸਤਵੰਤ ਸਿੰਘ ਦੀ ਚੰਗੀ ਚਲਦੀ ਹੈ, ਰਾਜਨੀਤਿਕ ਲੋਕ ਸਤਵੰਤ ਸਿੰਘ ਦੇ ਖਾਣੇ ਦਾਣੇ ਦਾ ਖੂਬ ਆਨੰਦ ਮਾਣਦੇ ਰਹਿੰਦੇ ਹਨ |
ਪਿੰਡ ਵਿੱਚ ਗੁੱਜ਼ਰ ਸਿੰਘ ਅਧਿਆਰੇ ਤੇ ਮੱਝਾਂ ਦੇਣ ਲਈ ਬਹੁਤ ਮਸ਼ਹੂਰ ਹੈ | ਉਹ ਗਰੀਬਾਂ ਨੂੰ ਅਧਿਆਰੇ ਤੇ ਦੋ ਸਾਲ ਦੀ ਕੱਟੀ ਦੇ ਦਿੰਦਾ ਹੈ ਅਤੇ ਨਾਲ਼ ਹੀ ਪੰਜ ਸੌ ਰੁਪਏ ਵਿਆਜੂ ਦੇ ਦਿੰਦਾ ਹੈ | ਹੁਣ ਜਦ ਕੱਟੀ ਮੱਝ ਬਣਨ ਲਗਦੀ ਹੈ ਤਾਂ ਵਿਆਜ਼ ਤੇ ਦਿੱਤਾ ਪੰਜ ਸੌ ਰੁਪਏ ਵਧ ਕੇ ਮੱਝ ਦਾ ਮੁੱਲ ਬਣ ਜਾਂਦਾ ਹੈ | ਕਿਓਂਕਿ ਮਨਮਰਜ਼ੀ ਦਾ ਵਿਆਜ਼ ਗੁੱਜ਼ਰ ਸਿੰਘ ਨੇ ਲਾਉਣਾ ਹੈ ਅਤੇ ਮੱਝ ਦਾ ਮੁੱਲ ਵੀ ਗੁੱਜ਼ਰ ਸਿੰਘ ਦੇ ਸਾਥੀਆਂ ਨੇ ਪਾਉਣਾ ਹੈ |ਅਤੇ ਪਲ਼ੀ ਪੱਲ੍ਹਾਈ ਮੱਝ ਗੁੱਜ਼ਰ ਖੋਲ ਕੇ ਲੈ ਜਾਂਦਾ ਹੈ | ਗਰੀਬ ਵਿਚਾਰਾਂ ਖ਼ੁਰ ਵਡਾਉਂਦਾ ਰਹਿ ਜਾਂਦਾ ਹੈ | ਮੱਝ ਨੂੰ ਅਧਿਆਰੇ ਤੇ ਲੈਣ ਵਾਲ਼ੇ ਸਿਰਫ ਦੋ ਸੌ ਰੁਪਏ ਦੀ ਥੋੜ ਦੇ ਮਾੜੇ ਪਤਾ ਨਹੀਂ ਕਿੰਨਾ ਚਿਰ ਇਸ ਕਾਲ਼ ਚੱਕਰ ਵਿੱਚ ਫਸੇ ਰਹਿਣਗੇ | ਚਲਾਕ ਲੋਕ ਜਾਣਦੇ ਹਨ ਕਿ ਸੱਭ ਤੋਂ ਸੌਖਾ ਕੰਮ ਹੈ ਗਰੀਬਾਂ ਨੂੰ ਲੁੱਟਣਾ | ਗਰੀਬ ਜਿਸ ਨੂੰ ਰਾਤ ਦੀ ਰੋਟੀ ਖਾ ਕੇ ਸਵੇਰ ਦੀ ਰੋਟੀ ਦਾ ਫਿਕਰ ਹੈ, ਛੇਤੀ ਕੀਤੇ ਇਸ ਕਾਲ਼ ਚੱਕਰ ਵਿੱਚੋਂ ਨਿੱਕਲ ਨਹੀਂ ਸਕਦੇ | ਉਹਨਾਂ ਦੀਆਂ ਪੀੜੀਆਂ ਦੀਆਂ ਪੀੜੀਆਂ ਇਸ ਚੱਕਰ ਵਿੱਚ ਫਸੀਆਂ ਰਹਿੰਦੀਆਂ ਹਨ | ਗਰੀਬਾਂ ਨੂੰ ਨਾਂ ਤਾਂ ਰਿਸ਼ਵਤ ਖੋਰ ਅਫਸਰ ਮਾਫ ਕਰਦੇ ਹਨ ਅਤੇ ਨਾਂ ਹੀ ਵਿਆਜ਼ ਖਾਣ ਵਾਲ਼ੇ, ਇਸ ਇਕੀਵੀਂ ਸਦੀ ਵਿੱਚ ਵੀ ਸਦੀਆਂ ਪੁਰਾਣਾ ਜੰਗਲ਼ ਦਾ ਕਨੂੰਨ ਚੱਲੀ ਜਾਂਦਾ ਹੈ | ਹੁਣ ਜੇਕਰ ਅਖੌਤੀ ਤਰੱਕੀ -ਯਾਫਤਾ ਮੁਲਕਾਂ ਦੀ ਗੱਲ ਕਰੀਏ ਤਾਂ ਇਹਨਾਂ ਮੁਲਕਾਂ ਵਿੱਚ ਵੀ ਬੰਦਾ ਘਰਾਂ ਦੀਆਂ ਕਾਰਾਂ ਦੀਆਂ, ਬਚਿਆਂ ਦੀ ਪੜ੍ਹਾਈ ਦੀਆਂ ਕਿਸ਼ਤਾਂ ਦਿੰਦਾ ਦਿੰਦਾ ਮਰ ਜਾਂਦਾ ਹੈ, ਪਰ ਇਸ ਕਾਲ਼ ਚੱਕਰ ਦੀਆਂ ਰੇਖਾਵਾਂ ਨੂੰ ਕਰੌਸ ਨਹੀਂ ਕਰ ਸਕਦਾ | ਜਦ ਕੋਈ ਇਹਨਾਂ ਪੱਛਮੀ ਮੁਲਕਾਂ ਵਿੱਚ ਆਉਂਦਾ ਤਾਂ ਸੋਚਦਾ ਹੈ ਬੱਸ ਪੰਜ ਦਸ ਸਾਲ ਲਾ ਕੇ ਐਨਾ ਪੈਸਾ ਕੰਮਾਂ ਲਵਾਂਗਾ ਤੇ ਬਾਕੀ ਜ਼ਿੰਦਗੀ ਬੈਠ ਕੇ ਖਾ ਸਕਾਂਗਾ | ਪਰ ਅਸਲੀਅਤ ਵਿੱਚ ਅਜਿਹਾ ਹੁੰਦਾ ਨਹੀਂ ਹੈ, ਕੰਮ ਕਰਦਾ ਕਰਦਾ ਬੰਦਾ ਹੌਲ਼ੀ ਹੌਲ਼ੀ ਸਿਸਟਮ ਦਾ ਹਿੱਸਾ ਬਣ ਜਾਂਦਾ ਹੈ | ਹਵਾ ਵਿੱਚ ਉੱਡਣ ਦੀ ਤਮੰਨਾ ਮਰ ਜਾਂਦੀ ਹੈ ਅਤੇ ਬੰਦਾ ਇਸ ਕਾਲ਼ ਚੱਕਰ ਵਿੱਚ ਬੇਬੱਸ ਹੋ ਕੇ ਰਹਿ ਜਾਂਦਾ ਹੈ | ਇਸ ਕਾਲ਼ ਚੱਕਰ ਦੀ ਉਮਰ ਲੰਮੇਰੀ ਇਹ ਪੈਸੇ ਦੀ ਪ੍ਰਧਾਨਗੀ ਵਾਲ਼ਾ ਸਮਾਜ ਕਰਦਾ ਰਹੇਗਾ | 

                             ਇਹ ਜਿਹੜਾ ਪੂੰਜੀਵਾਦੀ ਸਿਸਟਮ ਹੈ, ਇਹ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾਂ ਪੈਦਾ ਕਰਦਾ ਹੈ, ਲੋਕਾਂ ਨੂੰ ਇਹ ਜਚਾਇਆ ਜਾਂਦਾ ਹੈ ਕਿ ਪੈਸਾ ਹੀ ਤੁਹਾਡੀਆਂ ਸਾਰਿਆਂ ਸਮੱਸਿਆਵਾਂ ਦਾ ਹੱਲ ਹੈ, ਇਹ ਪੈਸਾ ਕੱਠਾ ਕਰਨ ਦੀ ਦੌੜ ਹੀ ਸੱਭ ਕਦਰਾਂ ਕੀਮਤਾਂ ਦਾ ਫਾਹਾ ਵੱਢ ਦਿੰਦੀ ਹੈ | ਸੱਭ ਤਰਾਂ ਦੇ ਹੱਥ ਕੰਡੇ ਲੋਕ ਪੈਸਾ ਕੱਠਾ ਕਰਨ ਲਈ ਲਾ ਦਿੰਦੇ ਹਨ, ਭੈਣ ਭਰਾ ਮਾਂ ਬਾਪ ਦੇ ਰਿਸ਼ਤੇ ਇਸ ਪੂੰਜੀਵਾਦੀ ਸਿਸਟਮ ਵਿੱਚ ਕੋਈ ਮਾਨਾ ਨਹੀਂ ਰੱਖਦੇ | ਕਈ ਵਾਰ ਸਰਕਾਰਾਂ ਬਦਲਦੀਆਂ ਹਨ, ਲੱਗਦਾ ਹੈ ਗਰੀਬਾਂ ਨੂੰ ਕੋਈ ਰਾਹਤ ਮਿਲ੍ਹੇਗੀ ਪਰ ਫੇਰ ਸੱਭ ਕੁੱਝ ਉਵੇਂ ਜਿਵੇਂ ਚੱਲੀ ਜਾਂਦਾ ਹੈ | ਜੇਕਰ ਕੋਈ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਵੀ ਦਿੰਦੀ ਹੈ ਤਾਂ ਉਹ ਇਸਤਰਾਂ ਹੈ ਕਿ ਗਰੀਬ ਨੂੰ ਜਿਹੜੀ ਸੌ ਰੁਪਏ ਦੀ ਸਹੂਲਤ ਦਿੱਤੀ ਜਾਂਦੀ ਹੈ,ਉਹ ਸਹੂਲਤ ਦੇਣ ਲਈ ਉਸ ਗਰੀਬ ਦੀ ਜੇਬ ਵਿੱਚੋਂ ਦੁਗਣੇ ਪੈਸੇ ਟੇਢੇ ਢੰਗ ਨਾਲ਼ ਕੱਢ ਲਏ ਜਾਂਦੇ ਤੇ ਆਮ ਲੋਕਾਂ ਨੂੰ ਇਸਦਾ ਪਤਾ ਵੀ ਨਹੀਂ ਲੱਗਦਾ | ਹੁਣ ਚਾਹੇ ਰਾਮੂ ਹੋਵੇ, ਚਾਹੇ ਫੱਤਾ ਹੋਵੇ, ਚਾਹੇ ਪੱਛਮ ਵਿੱਚ ਰਹਿੰਦਾ ਜੌਹਨ ਜਾਂ ਰੌਨ ਹੋਵੇ ਇਸ ਚੱਕਰ ਵਿੱਚ ਫਸਿਆ ਰਹੇਗਾ ਜਦ ਤੱਕ ਇਹ ਸਿਸਟਮ ਜਿਹੜਾ ਕੇ ਲੁੱਟ ਤੇ ਅਧਾਰਤ ਹੈ ਇਸਦਾ ਖ਼ਾਤਮਾ ਨਹੀਂ ਹੋ ਜਾਂਦਾ | 

   ਹਰੀਪਾਲ( 403 714 4816 )