ਨਾਮਵਰ ਸ਼ਖਸ਼ੀਅਤ ਗੁਲਜ਼ਾਰ ਸਾਬ੍ਹ ਕਹਿੰਦੇ ਹਨ ਕਿ ਕਹਾਣੀ ਵਿਧਾ ਵਿੱਚ ਲਿਖਣ ਵੇਲੇ ਮਿਹਨਤ ਤੇ ਸਮਾਂ ਬਹੁਤਾ ਲੱਗਦਾ ਹੈ ਪਰ ‘ਵਾਹ-ਵਾਹ’ ਕਵਿਤਾ-ਗ਼ਜ਼ਲ ਦੀਆਂ ਛੇ-ਅੱਠ ਲਾਈਨਾਂ ਹਿੱਸੇ ਜ਼ਿਆਦਾ ਆਉਂਦੀ ਹੈ।(ਮੁਆਫ ਕਰਨਾ, ਅਜਿਹਾ ਕਹਿਣ ਤੋਂ ਇਹ ਭਾਵ ਅਰਥ ਬਿਲਕੁੱਲ ਨਹੀਂ ਹੈ ਕਿ ਸਾਹਿਤ ਦੀਆਂ ਹੋਰ ਵਿਧਾਵਾਂ ਮਿਹਨਤ ਜਾਂ ਸੁਹਿਰਦ ਸੋਚ ਰਹਿਤ ਸਿਰਜੀਆਂ ਜਾਂਦੀਆਂ ਹਨ) ਗੁਲਜ਼ਾਰ ਸਾਬ੍ਹ ਫਿਲਮੀ ਖੇਤਰ ਅਤੇ ਸਾਹਿਤਕ ਜਗਤ ਵਿੱਚ ਉੱਮਦਾ ਮੁਕਾਮ ਰੱਖਦੇ ਹਨ ਤੇ ਉਹਨਾਂ ਨੂੰ ਹਰ ਤਰ੍ਹਾਂ ਦਾ ਤਜ਼ਰਬਾ ਹਾਸਿਲ ਹੈ। ਉਸੇ ਤਜ਼ੁਰਬੇ ਮੁਤਾਬਿਕ ਇਹ ਸ਼ਬਦ ਉਹਨਾਂ ਆਪਣੇ ਕਹਾਣੀ ਸੰਗ੍ਰਹਿ ‘ਰਾਵੀ ਪਾਰ’ ਦੇ ਮੁੱਖਬੰਧ ਵਿੱਚ ਲਿਖੇ ਸੀ। ਉਹ ਕਹਿੰਦੇ ਹਨ ਕਿ ਕਈ ਵਾਰ ਤਾਂ ਇੱਕ ਸ਼ੇਅਰ ਨੂੰ ਵਾਰ-ਵਾਰ ਸੁਣਨ ਦੀ ਮੰਗ ਵੀ ਉੱਠਦੀ ਹੈ ਤੇ ਨਜ਼ਮ ਨੂੰ ਤਾੜੀਆਂ ਨਾਲ ਵੀ ਨਿਵਾਜ਼ਿਆ ਜਾਂਦਾ ਹੈ ਪਰ ਕਹਾਣੀ ਵੈਸੇ ਵੀ ਸਟੇਜ ਉਤੋਂ ਗ਼ਜ਼ਲ-ਕਵਿਤਾ ਨਾਲੋਂ ਘੱਟ ਪੜ੍ਹੀ ਜਾਂਦੀ ਹੈ ਅਤੇ ਹੁੰਗਾਰੇ ਵਜੋਂ ਵੀ ‘ਵਧੀਆ ਸੀ’ ਕਹਿ ਕੇ ਸਾਰ ਦਿੱਤਾ ਜਾਂਦਾ ਹੈ।ਕੁਝ ਕਹਾਣੀਕਾਰਾਂ ਨੇ ਇਹ ਵੀ ਮਿੱਥ ਤੋੜੀ ਹੈ। ਜਿਹਨਾਂ ਦੀ ਲਿਖਣ ਕਲਾ ਵਿਲੱਖਣ ਹੁੰਦੀ ਹੈ,ਜੋ ਉਹਨਾਂ ਦੀਆਂ ਲਿਖਤਾਂ ਨੂੰ ਖਾਸ ਤਾਂ ਬਣਾਉਂਦੀ ਹੀ ਹੈ,ਪੜਨ ਵਾਲੇ ਪਾਠਕ ਦੀ ਉਤਸੁਕਤਾ ਦਾ ਜ਼ਰੀਆ ਵੀ ਬਣੀ ਰਹਿੰਦੀ ਹੈ ਤੇ ਉਹ ਬਿਨਾਂ ਰੁਕਿਆ ਪੰਨਾ ਦਰ ਪੰਨਾ ਅੱਗੇ ਵੱਧਦਾ ਰਹਿੰਦਾ ਹੈ,ਯਕੀਨਨ ਵਿਸ਼ੇ ਵੀ ਅਨੋਖੇ ਤੇ ਸਮਾਜ ਸਾਰਥੀ ਹੁੰਦੇ ਹਨ। ਕਹਾਣੀਕਾਰ ਦਾ ਇਹ ਗੁਣ ਲਿਖਣ ਪੜਨ ਦੀ ਡੂੰਘੀ ਸਾਧਨਾ ਨਾਲ ਉਤਪੰਨ ਹੁੰਦਾ ਹੈ।ਇਹ ਸ਼ਾਇਦ ਬਾਕੀ ਪਾਠਕਾਂ ਨਾਲ ਵੀ ਹੁੰਦਾ ਹੋਏਗਾ ਜਿਵੇਂ ਕਿ ਮੇਰੀ ਪੜਨ ਰੁਚੀ ਉਨ੍ਹਾਂ ਚਿਰ ਇਕਾਗਰ ਨਹੀਂ ਹੁੰਦੀ,ਜਦ ਤੱਕ ਪੁਸਤਕ ਦੂਜਿਆਂ ਨਾਲੋਂ ਬਹੁਤ ਹੀ ਅਲੱਗ ਨਾ ਹੋਵੇ।ਨਹੀਂ ਤਾਂ ਮੈਂ ਕੁਝ ਹੀ ਪੰਨੇ ਪੜਨ ਬਾਅਦ ਉਕਤਾ ਜਾਂਦਾ ਹਾਂ।
ਜਤਿੰਦਰ ਸਿੰਘ ਹਾਂਸ,ਉਹ ਲੇਖਕ ਹੈ,ਜਿਸ ਦੀਆਂ ਕਹਾਣੀ ਪੁਸਤਕਾਂ ਨੂੰ ਵੱਡੇ ਸਨਮਾਨ ਮਿਲਦੇ ਹਨ, ਵਾਰ-ਵਾਰ ਐਡੀਸ਼ਨ ਛੱਪਦੇ ਹਨ।ਉਸਦੀ ਪੁਸਤਕ ਦੀ ਉਡੀਕ ਤੇ ਜਲਦੀ ਪੜ ਲੈਣ ਦੀ ਉਤਸੁਕਤਾ ਮੇਰੀ ਪਾਠਕ ਭੁੱਖ ਨੂੰ ਵੀ ਸਿਖਰ ਉੱਤੇ ਬਿਠਾ ਰੱਖਦੀ ਹੈ,ਜੋ ਪੁਸਤਕ ਪੜਦਿਆਂ ਪੜਨ ਦਾ ਨਜ਼ਰਿਆ ਵੀ ਚੁਕੰਨਾਂ ਕਰ ਰੱਖਦੀ ਹੈ। ਉਸ ਦੀ ਲਿਖੀ ਕਹਾਣੀ ਦੇ ਕਈ ਹਿੱਸੇ ਮੈਂ ਵਾਪਸ ਮੁੜ ਕੇ ਫਿਰ ਤਵੱਜੋ ਨਾਲ ਪੜਦਾ ਹਾਂ।ਮੇਰੇ ਪਿਆਰੇ ਸਮਕਾਲੀ ਸਾਹਿਤਕਾਰ ਮਿੱਤਰ ਦਵਿੰਦਰ ਮਲਹਾਂਸ ਦੀ ਕਹੀ ਗੱਲ ਅਨੁਸਾਰ ਜਤਿੰਦਰ ਦੀ ਕਹਾਣੀ ਦਾ ਸਿਰਲੇਖ ਦਾ ਅਸਲ ਅਰਥ ਉਸ ਦੀ ਕਹਾਣੀ ਦੇ ਦਰਮਿਆਨ ਕਿਸੇ ਪੰਨੇ ਦੀ ਲਾਈਨ ‘ਚ ਹੁੰਦਾ ਹੈ।ਉਹ ਕਹਾਣੀ ਦੇ ਅੰਤ ਵਿੱਚ ਜ਼ੋਰ ਦੇ ਕੇ ਕਹਾਣੀ ਦਾ ਨਾਮ ਨਹੀਂ ਚੀਕਦਾ॥

ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ,’ਵਾਇਰਲ ਗਰਲ’ ਜੋ ਕਿ ਕਿਤਾਬ ਦਾ ਵੀ ਸਿਰਲੇਖ ਹੈ।ਕਹਾਣੀ ਨਸ਼ਿਆਂ ‘ਚ ਗੁਲਤਾਨ,ਖਾਸ ਕਰ ਚਿੱਟੇ ਨਾਲ ਬਰਬਾਦ ਹੋਈਆਂ ਜਿੰਦਗੀਆਂ ਦਾ ਵਿਰਲਾਪ ਵਰਨਣ ਕਰਦੀ ਹੋਈ ਕੂਕਦੀ ਹੈ ਕਿ ਕਿਵੇਂ ਕੋਈ ਸਿਆਣੀ,ਹਰ ਖੇਤਰ ‘ਚ ਅਵੱल ਰਹਿਣ ਵਾਲੀ ਕੁੜੀ ਆਪਣੇ ਜੀਵਨ ਸਾਥੀ ਦੀ ਕੁਸੰਗਤ ਦਾ ਸ਼ਿਕਾਰ ਹੋ ਕੇ ਕੁਰਾਹੇ ਪੈਂਦੀ ਹੈ।ਨਸ਼ੇ ਦੀ ਤੋੜ ਵਿੱਚ ਕਿਸ ਹੱਦ ਤੱਕ ਗੁਜ਼ਰਦੀ ਹੈ।ਇੱਕ ਮੁਕਾਮ ‘ਤੇ ਜਾ ਕੇ ਇੱਜ਼ਤ,ਅਣਖ ਦੇ ਵੀ ਸਾਰੇ ਅਰਥ ਮੁੱਕ ਜਾਂਦੇ ਹਨ ਪਰ ਫਿਰ ਵੀ ਵਯੂਦ ਦਾ ਜਿਉਂਦਾ ਰਹਿਣਾ,ਕੱਲ ਦਾ ਭਵਿੱਖ ਨਹੀਂ ਮਰਨ ਦਿੰਦਾ।
ਬੇਸ਼ੱਕ ‘ਹਥਿਆਰ’ ਕਹਾਣੀ ਕਿਸੇ ਸਮਾਜਿਕ ਮੁੱਦੇ ਦੀ ਗੱਲ ਨਹੀਂ ਕਰਦੀ ਪਰ ਜਤਿੰਦਰ ਦੀ ਕਹਾਣੀ ‘ਖੰਨਾ-ਖੰਨਾ ਈ ਆ’ ਵਾਂਗੂ ਬਹੁਤ ਰੋਚਕ ਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ।ਇਹ ਕਹਾਣੀ ਬਿਨਾਂ ਕਿਸੇ ਰੇਖਾ-ਚਿੱਤਰ ਦੇ,ਫਿਲਮ ਵਾਂਗ ਕਿਤਾਬ ਤੋਂ ਦਿਮਾਗ ਦੇ ਪਰਦੇ ਉੱਤੇ ਚਲਦੀ ਮਹਿਸੂਸ ਹੁੰਦੀ ਹੈ।ਜਿਸ ਦਾ ਨਾਇਕ ਇੱਕ ਮੋਢੇ ਉੱਤੇ ਰਫਲ ਅਤੇ ਪੱਟ ਨਾਲ ਬੰਨੇ ਰੌਦਾਂ ਦੇ ਪਟੇ ਨੂੰ ਮਰਦ ਬੰਦੇ ਦਾ ਅਸਲ ਰੋਅਬ ਮੰਨਦਾ ਹੈ-“ਮੈਂ ਤਾਂ ਕਹਿੰਦਾ ਜਿਹਦੇ ਕੋਲ ਹਥਿਆਰ ਆ,ਉਹ ਸਮੇਂ ਦਾ ਰਾਜਾ।” ਬੇਸ਼ਕ ਉਹ ਫੌਜੀ ਰਿਟਾਇਰ ਅੱਧਖੜ ਉਮਰ ਦਾ ਬੰਦਾ ਕਈ ਮੌਕਿਆਂ ਉੱਤੇ ਹਥਿਆਰ ਦੀ ਗੱਲ ਕਰਦਾ ਹੈ ਪਰ ਕਨੇਡਾ ਦੇ ਸ਼ਹਿਰ ਸਰੀ ਦੇ ‘ਲੰਡਨ ਬੇਰੀ ਫਾਰਮ’ ਵਿੱਚ ਉਹਦੇ ਨਾਲ ਕੰਮ ਕਰਨ ਵਾਲੀ ਬਿੰਦਰ,ਜਿਸਦੇ ਪੱਕੇ ਹੋਣ ਲਈ ਫੌਜੀ ਨਾਲ ਵਿਆਹ ਦੀ ਗੱਲ ਵੀ ਤੁਰਦੀ ਹੈ ਪਰ ਪੈਸੇ ਦਾ ਲਾਲਚੀ ਫੌਜੀ ਮਾੜੀ-ਮਾੜੀ ਗੱਲ ਦੀ ਚਿੱੜ ਵਿੱਚ ਆ ਕੇ ਪੱਕੇ ਕਰਾਉਣ ਲਈ ਰਕਮ ‘ਚ ਵਾਧਾ ਹੀ ਕਰਦਾ ਚਲਾ ਜਾਂਦਾ ਹੈ।ਅਖੀਰ ਜਾਂਦੀ ਬਿੰਦਰ ਦੀਆਂ ਸ਼ਿਕਾਇਤ ਰੂਪ ‘ਚ ਵਿਅੰਗਮਈ ਰੋਸੇ ਨਾਲ ਮਿਲੀਆਂ ਅੱਖਾਂ ਦੇ ਹਥਿਆਰ ਅੱਗੇ ਫੌਜੀ ਜਿੱਦ-ਆਕੜ ਦੇ ਹਥਿਆਰ ਸੁੱਟ ਜਾਂਦਾ ਹੈ।
ਜਤਿੰਦਰ ਸਿੰਘ ਹਾਂਸ ਮੁਹਾਵਰਿਆਂ-ਅਖਾਣਾਂ ਦਾ ਇਸਤੇਮਾਲ ਬਹੁਤ ਉਮਦਾ ਢੰਗ ਨਾਲ ਢੁੱਕਵੀਂ ਸਥਿਤੀ ਉੱਤੇ ਕਰਦਾ ਹੈ,ਜਿਵੇਂ’ਹਾਰਟਲੈੱਸ’ ਕਹਾਣੀ ਦੀ ਕਿਰਨ ਕਹਿੰਦੀ ਹੈ-“ਮੈਂ ਉਸਦਾ ਨਾਮ ਮੱਖੀ ਧਰਿਆ ਹੋਇਆ।ਹੱਥ ਤੋਂ ਉਡਾਵੋ ਤਾਂ ਬਾਂਹ ਉੱਤੇ ਆ ਬਹਿੰਦੀ ਹੈ।ਉਥੋਂ ਉਡਾਵੋ ਮੂੰਹ ‘ਤੇ ਆ ਬਹਿੰਦੀ ਹੈ ਆ, ਖਹਿੜਾ ਹੀ ਨਹੀਂ हॅडरी।”
ਕੰਨਿਆ ਦਾਨ ਦੀ ਗੱਲ ਦੇ ਜਵਾਬ ਵਿੱਚ ਉਹ ਕਹਿੰਦੀ ਹੈ-“ਦਾਨ ਚੀਜ਼ਾਂ ਕੀਤੀਆਂ ਜਾਂਦੀਆਂ,ਧੀਆਂ ਨਹੀਂ।”
” ਸਾਡੇ ਘਰ ਕਲਾ-ਕਲੰਦਰ ਵੱਸਦਾ ਸੀ। ਚੁੱਲਿਓ ਅੱਗ ਤੇ ਘਰੋਂ ਪਾਣੀ ਵੀ ਨੱਸ ਗਿਆ ਸੀ। ਮਰਦ ਔਰਤ ਦੇ ਰਿਸ਼ਤਿਆਂ ਸਬੰਧੀ ‘ਹਾਰਟਲੈੱਸ’ ਕਹਾਣੀ ਬਹੁਤ ਕੁਝ ਕਹਿੰਦੀ ਹੈ ਤੇ ਅੰਤ ਹੈਰਾਨੀ ਪੈਦਾ ਕਰਦਾ ਹੈ ਕਿ ਵਾਰ ਵਾਰ ਨਹਾ ਧੋਅ ਕੇ ਸਰੀਰ ਦੀ,ਪਾਠ ਪੂਜਾ ਕਰਕੇ ਮਨ ਦੀ ਸੁਚੱਮ ਸਾਂਭਣ ਵਾਲੀ, ਮਰਦ ਜਾਤ ਨੂੰ ਨਫਰਤ ਕਰਨ ਵਾਲੀ ਕਿਰਨ,ਅੰਦਰ ਲੱਗੇ ਮਰਦ ਅੰਗ ਨਾਲ ਅੱਗੋਂ ਜ਼ਿੰਦਗੀ ਕਿਸ ਸੋਚ-ਰੂਪ ਨਾਲ ਜੀहेगी।
ਜਤਿੰਦਰ ਹਾਂਸ ਕੋਲ ਵਿਸ਼ਿਆਂ ਦੀ ਭਰਮਾਰ ਹੈ ਪਰ ‘ਨਰ-ਮੇਧ ਜੁੱਗ’ ਪੜ੍ਹਦਿਆਂ ਉਸਦੀ ਵਿਲੱਖਣਤਾ ਦਾ ਵਿਸ਼ਵਾਸ ਵੱਧਦਾ ਹੈ ਕਿਉਂਕਿ ਇਸ ਵਿਸ਼ੇ ਉੱਤੇ ਇੰਨੀ ਸਾਰਥਿਕਤਾ ਨਾਲ ਬਿਰਤਾਂਤ ਸਿਰਜਣਾ,ਸੱਚਮੁੱਚ ਉਸਦੇ ਸਮਰੱਥ ਕਹਾਣੀਕਾਰ ਹੋਣ ਦੀ ਪ੍ਰਤਿਨਿਧਤਾ ਕਰਦਾ ਹੈ।ਪਾਤਰਾਂ ਦੇ ਨਾਮ ਅਤੇ ਡੇਰਾ ਅਸਥਾਨਾਂ ਦਾ ਅਸਧਾਰਣ ਭਾਸ਼ਾ ਵਰਤਾਰਾ ਕਹਾਣੀ ਨੂੰ ਸਾਰਥਕ ਬਣਾਉਂਦਾ ਹੈ ਅਤੇ ਡੇਰਾ ਅਸਥਾਨਾਂ ਦੀ ਗੱਦੀ ਪ੍ਰਥਾ ਤੇ ਅੰਦਰੂਨੀ ਰਾਜਨੀਤਿਕ ਰਮਜ਼ਾਂ ਦਾ ਵਰਨਣ ਵੀ ਕਰਦਾ ਹੈ। ‘ਕੂਰੇ’ ਬਹੁਤ ਹੀ ਕਮਾਲ ਦੀ ਕਹਾਣੀ ਹੈ।ਜਿਸ ਕਿਸੇ ਨੇ ਵੀ ਪ੍ਰਦੇਸ ਪਹੁੰਚਣ ਲਈ ਰਾਹ ਦੀਆਂ ਦੁਸ਼ਵਾਰੀਆਂ ਦਾ ਕੰਡਿਆਲਾਂ ਪੈਂਡਾ ਪਿੰਡੇ ਉੱਤੇ ਝੱਲਿਆ ਹੈ।ਇਹ ਕਹਾਣੀ ਉਸਦੇ ਅਤੀਤ ਦੀ ਦਰਦ-ਚੀਸ ਨੂੰ ਇੱਕ ਵਾਰ ਤਾਂ ਜਰੂਰ ਕੁਰੇਦ ਦੀ ਹੈ।ਮੈਂ ਖੁਦ ਉਹਨਾਂ ਕੰਡਿਆਲੇ ਪੱਥਰੀਲੇ ਰਾਹਾਂ ਦੀਆਂ ਮੁਸੀਬਤਾਂ ਹੰਢਾਈਆਂ ਹਨ।ਕਹਾਣੀ ਪੜ੍ਹਦਿਆ ਮੁੜ ਓਹੀ ਮਾਸਕੋ, ਕੀਵ( ਯੂਕਰੇਨ) ਵਾਲਾ ਉਹੀ ਕੋੜਾ ਦੌਰ ਯਾਦ ਆਇਆ। ਜਿਵੇਂ ਕਿ ਮੈਂ ਸ਼ੁਰੂ ਵਿੱਚ ਮੇਰੇ ਸਾਹਿਤਕ ਸਾਥੀ ਦੇ ਕਹੇ ਵਾਕ ਦਾ ਵੇਰਵਾ ਦਿੱਤਾ ਸੀ ਕਿ ਜਤਿੰਦਰ ਦੀ ਕਹਾਣੀ ਦੇ ਦਰਮਿਆਨ ਹੀ ਉਸ ਦੀ ਕਹਾਣੀ ਦਾ ਅਸਲ ਅਰਥ ਛੁਪਿਆ ਹੁੰਦਾ ਹੈ।ਪਤਾ ਨਹੀਂ ਜਤਿੰਦਰ ਇਹ ਕਥਾ ਕਹਾਣੀਆਂ ਕਿੱਥੋਂ ਕੱਢ ਕੇ ਲਿਆਉਂਦਾ ਹੈ।
‘ਕੁਰੇ’ ਕਹਾਣੀ ਵਿੱਚ ਵੀ ਵਰਿਆਮ ਸਿੰਘ ਆਪਣੇ (ਨਾਨੇ)ਬਜ਼ੁਰਗਾਂ ਦਾ ਵੇਰਵਾ ਦੇ ਕੇ,ਜੋ ਕਹਾਣੀ ਸੁਣਾਉਂਦਾ ਹੈ।ਉਹ ਪ੍ਰਵਾਸ ਜਾਣ ਵਾਲੇ ਲੋਕਾਂ ਨਾਲ ਜੋੜ ਕੇ ਇੱਕ-ਮਿੱਕ ਕਰ ਦਿੰਦਾ ਹੈ।ਇੰਝ ਲਿਖਤ ਲਿਖਣਾ,ਉਸਦਾ ਕਮਾਲ ਦਾ ਹੁਨਰ ਹੈ। ਵਾਰਿਆਮ ਦਾ ਕਿਰਦਾਰ ਵਕਤ ਦਾ ਨਿਚੋੜਿਆ ਛਿਲੱੜ ਸਾਬਿਤ ਹੁੰਦਾ ਹੈ।ਜਿਸ ਨਾਨੇ ਦੀ ਸੁਣਾਈ ਬਾਤ ਦਾ ਵੇਰਵਾ ਦੇ ਕੇ ਉਹ ਡੈੱਕੀ ਲਾਉਣ ਵਾਲੇ ਸਾਥੀਆਂ ਨੂੰ ਮਨ ਕਰੜਾ ਰੱਖਣ ਦਾ ਹੌਸਲਾ ਦਿੰਦਾ ਹੈ।ਅਖੀਰ ਨੂੰ ਉਸੇ ਦੇ ਨਾਨੀ ਦੀ ਸੁਣਾਈ ਬਾਤ ਕਹਾਣੀ ਦਾ ਪੂਰਾ ਤੱਤ-ਭਾਵ ਉਸੇ ‘ਤੇ ਹੋ ਨਿਬੜਦੀ ਹੈ ਪਰ ਸੁੱਖੇ ਦੀਆਂ ਗੱਲਾਂ ਰਾਹੀਂ ਕਿੰਨੀਆਂ ਅਸਰਦਾਰ ਗੱਲਾਂ ਹਨ,ਜੋ ਅੰਦਰ ਦੀ ਚੀਸ ਤੇ ਸਮਾਜਿਕ ਵਰਤਾਰੇ ਦਾ ਵਾਰਤਾਲਾਪ ਹੈ-“ਡੌਕੀ ਜਾਣੀ ਗਧਾ,ਜੇ ਦੁਨੀਆ ‘ਚ ਮਿਹਨਤ ਦੀ ਕਦਰ ਹੁੰਦੀ ਤਾਂ ਗਧਾ ਸਭ ਤੋਂ ਜ਼ਿਆਦਾ ਇੱਜ਼ਤਦਾਰ ਹੁੰਦਾ।ਆਪਾਂ ਮਿਹਨਤੀ ਬੰਦੇ ਆ। ਦਸਾਂ ਨਹੁੰਆਂ ਦੀ ਕਿਰਤ ਕਰਨ ਚੱਲੇ ਹਾਂ।ਆਪਣੀ ਇੰਜਤ ਦੇਖ ਲਓ।ਜਿਸ ਮੁਲਕ ਅਸੀ ਜਾਣਾ,ਉਥੇ ਚੋਰੀ ਨਾਲ।ਜੇ ਆਪਣੇ ਲੀਡਰਾਂ ਵਾਂਗ ਦੇਸ਼ ਦਾ ਲੁੱਟਿਆ ਪੈਸਾ ਜਮ੍ਹਾਂ ਕਰਾਉਣ ਜਾਣਾ ਹੁੰਦਾ ਤਾਂ ਸਿੱਧਾ ਜਹਾਜ਼ ਵਿੱਚ ਜਾਣਾ ਸੀ।”
ਸਥਿਤੀ ਮੁਤਾਬਿਕ ਕਿਰਦਾਰਾਂ ਦੇ ਵੱਲਵਲੇ ਵਿਅੰਗਮਈ ਢੰਗ ਵਿੱਚ ਸ਼ਬਦ ਰੂਪ ਹੁੰਦੇ ਹਨ-“ਬਾਹਰਲੇ ਮੁਲਕ ਜਾਣ ਦੀ ਭੇੜ ਚਾਲ..ਚੱਲ ਚੜ ਜਾ ਭੇਡਾਂ ਵਾਲੀ ਵੈਨ ‘ਚ।”
“ਪਰਸੋ ਤਾਂ ਪਰ ਦਾ ਨਾਂ ਹੁੰਦਾ। ਇਹ ਦਲੀਏ ਨੇ ਤਾਂ ਆਪਾਂ ਨੂੰ ਦਲੀਏ ਕਰਤਾ।”
“ਫਰੀਦਾ ਮੌਤੋਂ ਭੁੱਖ ਬੁਰੀ।ਰਾਤੀ ਸੁੱਤੇ ਖਾ ਕੇ ਸਵੇਰੇ ਫੇਰ ਖੜੀ।ਇਥੇ ਤਾਂ ਤਿੰਨ ਦਿਨਾਂ ਤੋਂ ਕੁਝ ਨਹੀਂीं ਖਾया।” “ਕੀ ਦੱਸਾਂ ਤੈਨੂੰ ਯਾਰ ਫਰੀਦਾ,ਰੋਟੀ ਬੰਦਾ ਖਾ ਜਾਂਦੀ भा।”
“ਕੂਰੇ” ਵਿਦੇਸ਼ ਵੱਲ ਜਾਂਦੇ ਪ੍ਰਵਾਸੀਆਂ ਦੀ ਸੰਤਾਪ ਸਫ਼ਰ-ਏ-ਦਾਸਤਾਨ ਹੈ। ਜੋ ਰੂਹ ਨੂੰ ਧੂੰਹ ਪਾਉਂਦੀ ਹੈ। ਜ਼ਮੀਨਾਂ ਤੇ ਮੋਹ ਦੇ ਰਿਸ਼ਤਿਆਂ ਨੂੰ ਨਾਲ ਲੈ ਚੱਲਦੀ ਇੱਕ ਮਨੁੱਖ ਦੀ ਉਹ ਕਹਾਣੀ,ਜੋ ਉਸਦਾ ਭਰਮ ਤੋੜਤੀ,ਉਸਨੂੰ ਪਿੰਡ ਵਾਪਸ ਮੋੜਦੀ ਹੈ।ਜਿੱਥੇ ਉਸਦਾ ਬੀਜਿਆ ਕਮਾਇਆ ਉਦਾਸਹੀਣ ਤੇ ਸੱਚ ਉਜਾਗਰ-ਚਿੱਤ ਹੁੰਦਾ ਹੈ।ਜਤਿੰਦਰ ਹਾਂਸ ਦੀਆਂ ਕਹਾਣੀਆਂ ਵਿੱਚ ਪੁਰਾਣੇ ਪੰਜਾਬ ਦੇ ਅਖਾਣ,ਮੁਹਾਵਰੇ,ਠੇਠ ਬੋਲੀ ਤੇ ਉਹੀ ਓਹਨਾਂ ਥਾਵਾਂ ਦਾ ਮੁਹਾਂਦਰਾ ਦਿਸਦਾ ਹੈ ਜੋ ਨੀਝ ਲਾ ਕੇ ਪੜਦੇ ਪਾਠਕ ਦੀਆਂ ਅੱਖਾਂ ਦੀ ਦਿੱਖ ਬਣ ਜਾਂਦਾ ਹੈ।’ਕਾਰੂ ਦਾ ਖਜ਼ਾਨਾ’ ਅਜਿਹੇ ਹੀ ਜ਼ਮੀਨਾਂ ਤੇ ਰਿਸ਼ਤਿਆਂ ਨਾਲ ਜੁੜੇ ਲੋਕਾਂ ਦੀ ਬਾਤ ਪਾਉਂਦੀ ਹੈ।
‘ਮਾਇਆ’ ਕਹਾਣੀ ਦੇ ਬੀਰੂ ਤੇ ਮੂਰਤੀ ਮੱਲ ਦੇ ਕਿਰਦਾਰ ਵੀ ਕਿਤੇ ਨਾ ਕਿਤੇ ‘ਕਾਰੂ ਦਾ ਖਜ਼ਾਨਾ’ ਦੇ ਬਿੰਦਰ ਮਾਮੇ ਦੀ ਬਿਰਤੀ ਵਾਲੇ ਹੀ ਹਨ।ਬੀਰੂ ਦੀ ਕੁੰਜੂਸੀ ਤੇ ਮਰੂਤੀ ਦਾ ਮਾਇਆ ਮੋਹ। ਕਿਤੇ ਨਾ ਕਿਤੇ ਅਜਿਹੇ ਬੰਦੇ ਸਾਡੇ ਆਸ-ਪਾਸ ਦੇ ਪਸਾਰੇ ਵਿੱਚੋਂ ਹੀ ਨਜ਼ਰ ਆਉਂਦੇ ਹਨ ਪਰ ਜਤਿੰਦਰ ਹਾਂਸ ਦਾ ਮੁਹਾਵਰਾ-“ਜਿਹਨੂੰ ਗੋਲ-ਗਲੂੰਡੀ ਮਾਰ ਕੇ ਸੋਣਾ ਆ ਗਿਆ।ਦੁਨੀਆਂ ਦੀ ਕੋटी ਵੀ ਚਾਦਰ ਉਹਦੇ ਮੇਚ ਆ ਸਕਦੀ ਹੈ।” ਕਮਾਲ ਦਾ ਜੀਵਨ ਤੱਤ ਹੈ।
‘ਡਾਇਣ’ ਅਕਸਰ ਪੜ੍ਹੀਆਂ-ਸੁਣੀਆ ਅਖਬਾਰਾਂ, ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿੱਚੋਂ ਉਪਜੀ ਵੱਡੀ ਕਹਾਣੀ ਹੈ,ਜੋ ਪਿਆਰ-ਇਸ਼ਕ ‘ਚ ਪੈ ਕੇ ਕਤਲ ਕਰਨ ਵਾਲੇ ਲੋਕਾਂ ਦੇ ਪਿਛਿਓ ਪਏ ਉਜਾੜੇ ਦੀ ਦਾਸਤਾਨ ਹੈ।ਕਹਾਣੀ ਦਾ ਪਲਾਟ ਵੱਡਾ ਹੈ,ਘਟਨਾਵਾਂ ਬਹੁਤ ਜਲਦੀ ਨਾਲ ਵਾਪਰਦੀਆਂ ਹਨ।ਬੇਸ਼ਕ ਜਤਿੰਦਰ ਹਾਂਸ ਇੱਕ ਲਾਈਨ ਵਿੱਚ ਹੀ ਅਸਰਦਾਰ ਤਰੀਕੇ ਨਾਲ ਗੱਲ ਨਿਬੇੜਨ ਵਿੱਚ ਮਾਹਿਰ ਹੈ ਪਰ ਜੇ ਇਸ ਨੂੰ ਨਾਵਲ ਵਿਧਾ ਵਿੱਚ ਲਿਖਦਾ ਤਾਂ ਇੰਨੇ ਸਾਰੇ ਕਿਰਦਾਰਾਂ ਦੇ ਬਦਲਦੇ ਮਤਲਬੀ ਰੂਪ ਹੋਰ ਜ਼ਿਆਦਾ ਵਿਸਥਾਰ ਨਾਲ ਬਿਆਨ ਹੁੰਦੇ।
‘ਅੱਗ ਦੀ ਲਾਟ’ ਕਹਾਣੀ ਉਮਰ ਤੇ ਸਮੇ ਨਾਲ ਪਿੱਛੇ ਬੀਤ ਗਈ ਜਵਾਨੀ ਤੋਂ ਅਗਲੀ ਉਮਰ ਦੇ ਪੜਾਅ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੀ ਹੈ।ਔਰਤ ਦੇ ਅੰਦਰ ਭਾਵਨਾਤਮਿਕ ਰੂਪ ‘ਚ ਕੀ ਕੁਝ ਸੁਲਗਦਾ ਹੈ, ਓਹਨਾਂ ਦੇ ਵਰਨਣ ਵਿਸਥਾਰ ਵਿੱਚ ਕਹਾਣੀ ਜਿੰਮੇਵਾਰੀ,ਭਾਵਨਾਵਾਂ ਨੂੰ ਠੇਸ,ਉਦਾਸੀ ਤੇ ਮੁਰਝਾਈਆਂ ਸੱਧਰਾਂ ਦੀ ਤਸਵੀਰ ਪੇਸ਼ ਕਰਦੀ ਹੈ।ਅਖੀਰ ਵਿੱਚ ਜੀਣ ਦਾ ਆਸਮਾਨ ਬਣ ਉਠਦੀ,ਆਸਵੰਦ ਸੁਨੇਹਾ ਦਿੰਦੀ ਹੈ।ਇਹ ਕਹਾਣੀ ਪੜ੍ਹਦਿਆਂ ਏਸ ਉਮਰਾਂ ਦੇ ਪੁੜਾਅ ਦੇ ਲੋਕਾਂ ਨੂੰ ਆਪਣੇ ਆਪ ਦੀ ਕਹਾਣੀ ਮਹਿਸੂਸ ਹੁੰਦੀ ਹੈ ਕਿਉਂਕਿ ਇਹ ਆਪਣੇ ਆਪ ਦੀ ਹੀ ਗੱਲ ਲੱਗਦੀ ਹੈ। ਕਿਤਾਬ ਦੇ ਆਖਰੀ ਦੋ ਕੁ ਪੰਨਿਆਂ ਵਿੱਚ ਜਤਿੰਦਰ ਸਿੰਘ ਹਾਂਸ ਦੀ ਪਰਿਵਾਰਿਕ ਤੇ ਹੋਰ ਨਿੱਜੀ ਜਾਣਕਾਰੀ ਦੇ ਇਲਾਵਾ ਓਹਦੀਆਂ ਪੁਸਤਕਾਂ ਅਤੇ ਮਾਣ-ਸਨਮਾਨ,ਪ੍ਰਾਪਤੀਆਂ ਦਾ ਵੇਰਵਾ ਵੀ ਅੰਕਿਤ ਹੈ, ਜੋ ਉਸਦਾ ਸਾਹਿਤਕ ਕੱਦ ਦਰਸਾਉਂਦਾ ਹੈ।
ਜਤਿੰਦਰ ਸਿੰਘ ਹਾਂਸ ਦਾ ਕਹਾਣੀ ਸੰਗ੍ਰਹਿ ‘ਵਾਇਰਲ ਗਰਲ’ ਦੀਆਂ ਸਾਰੀਆਂ ਕਹਾਣੀਆਂ ਆਪਣਾ ਅਲੱਗ ਰੰਗ ਹੀ ਪੇਸ਼ ਕਰਦੀਆਂ ਹਨ ਤੇ ਪੜਦਿਆਂ ਬਹੁਤ ਰੋਚਕਤਾ ਬਣਾਈ ਰੱਖਦੀਆਂ ਹਨ।ਵਿਸ਼ੇ ਨਿਵੇਕਲੇ ਤੇ ਲਿਖਣ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ,ਦਿਲ ਲਾ ਕੇ ਪੂਰੀ ਤਵੱਜੋ ਨਾਲ ਪੜਨ ਵਾਲੇ ਪਾਠਕ ਦੀ ਸਾਹਿਤਕ ਭੁੱਖ ਪੂਰਤੀ ਦੇ ਨਾਲ ਗਿਆਨ ‘ਚ ਵੀ ਵਾਧਾ ਕਰਦੀਆਂ ਹਨ।ਮੈਂ ਦਿਲ ਤੋਂ ਇਸ ਕਿਤਾਬ ‘ਵਾਇਰਲ ਗਰਲ’ ਦਾ ਇੱਕ ਪਾਠਕ ਵਜੋਂ ਖੂਬਸੂਰਤ ਪੁਸਤਕ ਹੋਣ ਦੀ ਹਾभी ਭਰਦਾ ਹੋਇਆ ਪੰਜਾਬੀ ਸਹਿਤ ਦੁਨੀਆ ਵਿੱਚ’ਜੀ ਆਇਆ ਨੂੰ ਆਖਦਾ ਹਾਂ ਤੇ ਪੜ੍ਹਨ-ਸਾਂਭਣ ਦੀ ਅਪੀਲ ਵੀ ਕਰਦਾ ਹਾਂ। ਆਸ ਤੇ ਦੁਆ ਹੈ ਕਿ ਜਤਿੰਦਰ ਸਿੰਘ ਹਾਂਸ ਇਵੇਂ ਹੀ ਖੂਬਸੂਰਤ ਕਹਾਣੀਆਂ ਲਿਖਦਾ ਰਹੇ ਤੇ ਅਸੀਂ ਓਹਨਾਂ ਨੂੰ ਪੜਦੇ ਰਹੀਏ।

ਜੋਰਾਵਰ
587-437-7805