ਸੰਦੀਪ ਕੌਰ ਰੁਹਵ ਦੇ ਪਲੇਠੇ ਕਾਵਿ-ਸੰਗ੍ਰਿਹ ‘ਕੰਧਾਂ ਦੇ ਓਹਲੇ’ ਤੋਂ ਬਾਦ ਅੱਗੜ ਪਿੱਛੜ ਦੋ ਕਹਾਣੀ ਸੰਗ੍ਰਿਹ ‘ਇੱਕ ਲੱਪ ਮੁਹੱਬਤ ਅਤੇ ‘ਚੁੱਪ! ਬੱਸ ਕੁਝ ਬੋਲੀਂ ਨਾ’ ਛਪ ਕੇ ਤਿਆਰ ਹੋਏ ਹਨ। ਭਾਵਪੂਰਤ ਕਵਿਤਾਵਾਂ ਦੀ ਕਵਿੱਤਰੀ ਇਨ੍ਹਾਂ ਕੁੱਝ ਮਿੰਨੀ ਅਤੇ ਬਾਕੀ ਛੋਟੀਆਂ ਕਹਾਣੀਆਂ ਨਾਲ ਕਹਾਣੀਕਾਰ ਦੀ ਕਤਾਰ ਵਿੱਚ ਵੀ ਸ਼ਾਮਲ ਹੋ ਗਈ ਹੈ। ਇਸ ਲਈ ਲੇਖਿਕਾ ਵਧਾਈ ਦੀ ਪਾਤਰ ਹੈ।
‘ਇੱਕ ਲੱਪ ਮੁਹੱਬਤ’ ਕਹਾਣੀ ਸੰਗ੍ਰਿਹ ਜਨਵਰੀ 2025 ਵਿੱਚ ਛਪਿਆ। ਇਸ ਪੇਪਰ ਬੈਕ ਕਿਤਾਬ ਦੀਆਂ 120 ਕੁ ਪੰਨਿਆਂ ਵਿੱਚ ਸਿਮਟੀਆਂ ਛੋਟੀਆਂ ਤੇਰਾਂ ਕਹਾਣੀਆਂ, ਜਵਾਨੀ ਪਹਿਰੇ ਦੋ ਦਿਲਾਂ ਵਿੱਚ ਇੱਕ ਦੂਜੇ ਲਈ ਪੁੰਗਰਦੇ ਮੁਹੱਬਤ ਦੇ ਅਹਿਸਾਸ, ਇਨ੍ਹਾਂ ਪਿਆਰ ਪਰੁੰਨੇ ਦਿਲਾਂ ਲਈ ਸਮਾਜ ਰੂਪੀ ਝਨਾਂ ਪਾਰ ਕਰਨ ਦੀ ਚੁਨੌਤੀਆਂ ਅਤੇ ਆਪਣਿਆਂ ਦੇ ਮਾਰੂਥਲ ਵਰਗੇ ਰਵੱਈਏ ਨੂੰ ਮੋਹ ਨਾਲ ਬਦਲਣ ਦਾ ਔਖਾ ਕੰਮ, ਸਮਾਜ ਵਿੱਚ ਮੁਹੱਬਤ ਕਰਨਾ ਤਾਂ ਦੂਰ ਕਹਿਣਾ ਵੀ ਨਾ-ਬਖਸ਼ਣ ਯੋਗ ਗੁਨਾਹ ਸਮਝਿਆ ਜਾਣਾ, ਮੁਹੱਬਤ ਦੇ ਰਿਸ਼ਤੇ ਨੂੰ ਘਟੀਆ, ਖਾਨਦਾਨ ਦੀ ਆਬਰੂ ਤੇ ਲਗਿਆ ਕਲੰਕ ਤੇ ਨਜਾਇਜ਼ ਆਖਿਆ ਜਾਣਾ, ਇੱਕ ਲੱਪ ਮੁਹੱਬਤ ਕਰਨ ਵਾਲੇ ਜਾਂ ਇਸ ਦੀ ਚਾਹਤ ਰੱਖਣ ਵਾਲੇ ਚੜ੍ਹਦੀ ਉਮਰ ਦੇ ਨੌਜੁਆਨ ਮੁੰਡੇ-ਕੁੜੀਆਂ ਦੇ ਮਾਸੂਮ ਜਜ਼ਬਾਤਾਂ ਦਾ ਉਲੇਖ ਕਰਦੀਆਂ ਹਨ।
ਲੇਖਿਕਾ ਮੁਤਾਬਕ ਇਨ੍ਹਾਂ ਮੁਹੱਬਤੀ ਕਹਾਣੀਆਂ ਦਾ ਅਗਾਜ਼ ਪਿੰਡ ਦੀ ਭੀੜੀ ਜਿਹੀ ਗਲੀ ਵਿਚੋਂ ਹੁੰਦਾ, ਸਾਉਣ ਦੀਆਂ ਬਹਾਰਾਂ ਨਾਲ ਜੁਆਨ ਹੋਈ ਮੁਹੱਬਤ ਜੇਠ ਹਾੜ ਦੀਆਂ ਲੂਅ ਦੇ ਥਪੇੜਿਆਂ ਨਾਲ ਅਕਸਰ ਮਿੱਟੀ ਵਿੱਚ ਰਲ ਜਾਣ ਦੀ ਹੋਣੀ ਬਣ ਗੁਜ਼ਰਦੀ ਹੈ। ਕਦੇ ਇਹ ਮੁਹੱਬਤੀ ਗੰਧ ਸ਼ਹਿਰ ਦੇ ਕਿਸੇ ਗੁੰਮਨਾਮ ਜਿਹੇ ਮੁੱਹਲੇ ਦੀ ਛੱਤ ਤੋਂ ਹੁੰਦੀ ਹੋਈ ਗਲੀ ਮੁਹੱਲਿਆਂ ਨੂੰ ਗਾਹੁੰਦੀ ਹੋਈ ਦੁਨੀਆਂ ਦੇ ਤਿੱਖੇ ਵਾਰ ਨਾ ਸਹਾਰਦੀ ਗੁੰਮਨਾਮੀ ਦੀ ਮੌਤ ਮਰ ਜਾਣ ਦਾ ਸੰਤਾਪ ਹੰਢਾਉਂਦੀ ਹੈ। ਅਕਸਰ ਜਵਾਨੀ ਪਹਿਰੇ ਕਾਲਜ ਯੂਨੀਵਰਸਿਟੀਆਂ ਦੇ ਕਲਾਸ-ਰੂਮ ਵਿੱਚ ਪਹਿਲੀ ਨਜ਼ਰੇ ਉਗਮੀ ਮੁਹੱਬਤ, ਖੁੱਲ੍ਹੇ ਲਾਅਨ ਵਿੱਚ ਬੂਟਿਆਂ ਵਾਂਗ ਵਧੀ ਫੁੱਲੀ ਮੁਹੱਬਤ ਕਾਲਜ ਦੇ ਮੇਨ ਗੇਟ ਤੇ ਆਖਰੀ ਅਲਵਿਦਾ ਆਖ ਦਮ ਤੋੜ ਦੇਂਦੀ ਹੈ।

ਇਸੇ ਤਰ੍ਹਾਂ ਦੀ ਲੱਪ ਕੁ ਮੁਹੱਬਤ ਹੰਢਾਉਂਦੇ ਜਵਾਨ ਦਿੱਲਾਂ ਦੀਆਂ ਕਹਾਣੀਆਂ ਹਨ ‘ਬ੍ਰੇਕ ਅੁਪ’ ਆਪਾਂ ਫਿਰ ਮਿਲਾਂਗੇ’ ‘ਪਹਿਲਾ ਤੇ ਆਖਰੀ ਖਤ’ ‘ਅੜੀ’ ‘ਦੋਸਤੀ ਵਾਲੀ ਮੁੱਹਬਤ’ ‘ਅੰਜ਼ਾਮ’ ਤੇ ਬਾਕੀ ਦੀਆਂ ਕਹਾਣੀਆਂ। ਰੂਹਵ ਦਾ ਕਵਿੱਤਰੀ ਹੋਣਾ ਇਨ੍ਹਾਂ ਕਹਾਣੀਆਂ ਨੂੰ ਕਾਵਿਕ ਮੁਹਾਂਦਰਾ ਪ੍ਰਦਾਨ ਕਰ ਹੋਰ ਵੀ ਭਾਵਪੂਰਤ ਬਣਾ ਦੇਂਦਾ ਹੈ। ਜਿੰਵੇਂ :
‘ਮੁਹੱਬਤ ਵਰਗੀ ਮਹਿੰਗੀ ਸ਼ੈਅ ਖਰੀਦ ਬੈਠੇ
ਹਿਜਰਾਂ ਦੀ ਕਿਸ਼ਤ ਹੁਣ ਪੈ ਰਹੀ ਭਰਨੀ
ਮੁਹੱਬਤ ਤਾਂ ਤੇਰੇ ਨਾਲ ਅੱਜ ਵੀ ਐ
ਪਰ ਅੜੀ ਵੀ ਆ ਕਿ ਹੁਣ ਗੱਲ ਨਹੀਂ ਕਰਨੀ।’
‘ਅੜੀ’ ਕਹਾਣੀ ਵਿੱਚ ਛੋਟੀ ਜਿਹੀ ਗਲਤਫ਼ਹਿਮੀ ਕਾਰਨ ਮੁੱਹਬੱਤ ਦਾ ਰਿਸ਼ਤਾ ਵਲੂੰਧਰਿਆ ਜਾਂਦਾ ਤੇ ਆਸ਼ਕ ਦਾ ਦਿਲ ਖੱਟਾ ਹੋ ਸਦਾ ਲਈ ਦਿਲ ਦਾ ਬੂਹਾ ਭੇੜ ਲੈਂਦਾ ਹੈ, ਉਸ ਕੈਫ਼ੀਅਤ ਨੂੰ ਇਹ ਕਾਵਿ-ਟੋਟਾ ਬਾਖੂਬੀ ਬਿਆਨਦਾ।
ਇੰਜ ਹੀ ਅੰਜ਼ਾਮ’ ਕਹਾਣੀ ਦੀ ਸਮਾਪਤੀ ਇਨ੍ਹਾਂ ਪੰਕਤੀਆਂ ਨਾਲ ਹੋਣਾ:
‘ਮੁਹੱਬਤ ’ਚ ਸਭ ਮਰਦੇ ਹੀ ਰਹਿੰਦੇ,
ਮੁਹੱਬਤ ਵਿੱਚ ਕੋਈ ਜਿਉਂਦਾ ਕਿਉਂ ਨਹੀਂ?
ਐ ਮੁਹਬੱਤ! ਅੰਜ਼ਾਮ ਤੇਰਾ ਖੁਸ਼ਨੁਮਾ ਕਦੇ ਦੱਸ ਹੁੰਦਾ ਕਿਉਂ ਨਹੀਂ?’
ਅੱਧਖਿੜੀ ਮੁਹੱਬਤ ਦੇ ਦੁਖਾਂਤਾਂ ਦਾ ਅੰਜ਼ਾਮ ‘ਇੱਕ ਲੱਪ ਮੁਹੱਬਤ’ ਕਿਤਾਬ ਦਾ ਹਾਸਲ ਹੋ ਨਿਬੜਦਾ ਹੈ।
‘ਇਸ ਸੰਸਾਰ ਦੀਆਂ ਤਮਾਮ ਅਧੂਰੀਆਂ ਤੇ ਮੁਕੰਮਲ ਮਹੁੱਬਤਾਂ ਦੇ ਨਾਂਅ’ ਨੂੰ ਸਮਰਪਤ ਇਸ ‘ਇੱਕ ਲੱਪ ਮੁਹੱਬਤ’ ਨਾਂ ਦਾ ਵਿਸਥਾਰ ਕਿਤਾਬ ਦੇ ਕਵਰ ਦੇ ਪਿਛਲੇ ਪਾਸੇ ਲਿਖੀ ਆਪਣੀ ਨਜ਼ਮ ਨਾਲ ਕਰਦੀ ਸੰਦੀਪ ਰੂਹਵ ਇਸ ਨੂੰ ਹੋਰ ਕਾਵਿਕ ਖੂਬਸੂਰਤੀ ਪ੍ਰਦਾਨ ਕਰਦੀ ਹੈ।
‘ਵਕਤ ਨੇ ਆਪਣੀ ਮੁਹੱਬਤ ਨੂੰ
ਤੋੜ ਮਰੋੜ ਕੇ ਮੇਰੀ ਝੋਲੀ ਵਿੱਚ ਸੁੱਟਿਆ
ਮੈਂ ਉਸੇ ਦੀ ਇੱਕ ਲੱਪ ਭਰੀ ਤੇ
ਸ਼ਬਦਾਂ ਦੀ ਜ਼ਮੀਨ ਤੇ ਖਿਲਾਰ ਦਿੱਤੀ
ਵੇਖ ਲੈ! ਜਿੱਥੇ-ਜਿੱਥੇ ਆਪਣੀ ਮੁਹੱਬਤ ਦੇ ਕਿਣਕੇ ਡਿੱਗੇ
ਉੱਥੇ-ਉੱਥੇ ਮੁਹੱਬਤ ਦੀਆਂ ਬੇਅੰਤ
ਕਵਿਤਾਵਾਂ-ਕਹਾਣੀਆਂ ਉੱਘ ਪਈਆਂ।
ਸੋ ਕਵਿੱਤਰੀ ਸੰਦੀਪ ਰੂਹਵ ਵਲੋਂ ਰਚਿਤ ਮੁਹੱਬਤੀ ਕਹਾਣੀਆਂ ਨੂੰ ਦਿੱਤਾ ਕਾਵਿਕ-ਅੰਦਾਜ਼ ਇਨ੍ਹਾਂ ਨੂੰ ਹੋਰ ਵੀ ਖੂਬਸੂਤ ਬਣਾਉਂਦਾ ਹੈ। ਸੰਦੀਪ ਕੌਰ ਰੂਹਵ ਦੇ ਇਸ ਪਲੇਠੇ ਕਹਾਣੀ-ਸੰਗ੍ਰਿਹ ਨੂੰ ਪੰਜਾਬੀ ਸਹਿਤ ਦੇ ਵਿਹੜੇ ਵਿੱਚ ਜੀ ਆਇਆਂ!
—-0—
ਚੁੱਪ! ਬੱਸ ਕੁਝ ਬੋਲੀਂ ਨਾ
ਸੰਦੀਪ ਰੂਹਵ ਦਾ ਦੂਸਰਾ ਕਾਹਾਣੀ ਸੰਗ੍ਰਿਹ ‘ਚੁੱਪ! ਬੱਸ ਕੁਝ ਬੋਲੀ ਨਾ’ ਇਸੇ ਸਾਲ ਦੇ ਫਰਵਰੀ ਦੇ ਮਹੀਨੇ’ ‘ਪੰਜਾਬੀ ਕਵੀ ਪਬਲੀਕੇਸ਼ਨ’ ਮੋਗਾ ਵਲੋਂ ਛਾਪਿਆ ਗਿਆ। ਇਹ ਪੇਪਰ ਬੈਕ ਕਹਾਣੀ-ਸੰਗ੍ਰਿਹ ਦੇ ਸੌ ਕੁ ਪੰਨਿਆਂ ਵਿੱਚ ਮਿੰਨੀ ਤੇ ਛੋਟੀਆਂ ਰਲਵੀਆਂ ਮਿਲਵੀਆਂ ਕੁੱਲ 21 ਕਹਾਣੀਆਂ ਹਨ।
ਇਨ੍ਹਾਂ ਕਹਾਣੀਆਂ ਵਿੱਚ ਲੇਖਿਕਾ ਆਲੇ ਦੁਆਲੇ ਵਾਪਰਦੇ ਹਾਲਾਤਾਂ, ਵਾਪਰ ਰਹੀਆਂ ਤੇ ਵਾਪਰ ਚੁੱਕੀਆਂ ਅੱਖੀਂ ਡਿਠੀਆਂ ਜਾਂ ਸੁਣੀਆਂ ਘਟਨਾਵਾਂ ਨੂੰ ਇਸ ਦਾ ਵਿਸ਼ਾ ਬਣਾਉਂਦੀ ਹੈ। ‘ਚੁੱਪ’ ਸ਼ਬਦ ਆਪਣੇ ਆਪ ਵਿੱਚ ਹੀ ਕੁੱਝ ਨਾ ਬੋਲ ਸਕਣ ਦੀ ਹਿੰਮਤ, ਖ਼ੌਫ਼, ਅੰਤਰ-ਦਵੰਧ ਜਾਂ ਕੋਈ ਬਾਹਰੀ ਦਬਾਅ ਦਰਸਾਉਂਦਾ ਹੈ, ਜੋ ਧੁਰ ਅੰਦਰ ਤੱਕ ਚੀਕ ਬਣ ਕੁਲਬੁਲਾਉਂਦੇ ਸ਼ਬਦ ਤਾਂ ਹਨ, ਪਰ ਮੰੂਹੋਂ ਬਾਹਰ ਨਹੀਂ ਨਿਕਲਦੇ। ਇਹ ਬਾਹਰੀ ਸਮਾਜਕ ਕਾਰਨਾਂ ਦਾ ਨਤੀਜਾ ਤਾਂ ਹੁੰਦਾ ਹੀ ਹੈ, ਪਰ ਵਿਅਕਤੀ ਦੀ ਆਪਣੀ ਅਸਮਰਥਾ ਵੀ ਜ਼ਾਹਿਰ ਕਰਦਾ ਹੈ।

ਸੰਦੀਪ ਰੂਹਵ ਨੇ ਸਮਾਜ ਦੇ ਕੋਹਜਾਂ, ਰੋਕਾਂ, ਬੰਦਿਸ਼ਾਂ, ਤੇ ਅੰਧ-ਵਿਸ਼ਵਾਸੀ ਰੀਤੀ-ਰਿਵਾਜ਼ਾ ਦੁਆਰਾ ਦਿੱਤੇ ਰਿਸਦੇ ਜ਼ਖ਼ਮਾਂ ਨੂੰ ਇਨ੍ਹਾਂ ਕਹਾਣੀਆਂ ਵਿੱਚ ਬਿਆਨਿਆ ਹੈ। ਖੂਨ ਦੇ ਰਿਸ਼ਤਿਆਂ ਵਿੱਚ ਪੈਣ ਵਾਲੇ ਮਗੋਰਿਆਂ ਕਾਰਨ ਬਣੀਆਂ ਦੂਰੀਆਂ, ਕੰਮਕਾਜੀ ਦਫ਼ਤਰਾਂ ਵਿੱਚ ਕੁਲੀਗਜ਼ ਵਲੋਂ ਹੋਣ ਵਾਲੀ ਕਿਰਦਾਰਕੁਸ਼ੀ, ਘਰ ਵਿੱਚ ਦੂਜੀ ਧੀ ਦਾ ਜੰਮਣਾ ਤੇ ਬਾਪ ਦੀ ਪੱਗ ਦੇ ਢਿਲਕੇ ਹੋਏ ਲੜ, ਗਰੀਬ ਦੀ ਧੀ ਦਾ ਆਪਣੇ ਬੱਚਿਆਂ ਖਾਤਰ ਘਰਵਾਲੇ ਤੇ ਸੱਸ ਦੀ ਮਾਰ-ਕੁੱਟ ਤੇ ਦੁਰ-ਦੁਰ ਸਹਿੰਦੇ ਰਹਿਣਾ, ਦਰੋਪਦੀ ਦੇ ਚੀਰਹਰਨ ਤੇ ਸੀਤਾ ਨਾਲ ਹੋਣ ਵਾਲੀ ਵਧੀਕੀ ਤੇ ਤਾਂ ਰੋਸ ਜ਼ਾਹਿਰ ਕਰਨਾ ਪਰ ਆਪਣੀ ਘਰਵਾਲੀ ਦੀ ਮਾਂ-ਭੈਣ ਦੇ ਸਾਹਮਣੇ ਬੇਇਜ਼ਤੀ ਕਰ ਧੌਲ-ਧੱਪਾ ਵੀ ਕਰ ਦੇਣਾ, ਮਾਪਿਆਂ ਦਾ ਆਰਥਿਕ ਬੋਝ ਹੌਲਾ ਕਰਨ ਲਈ ਕੁੜੀਆਂ ਦਾ ਆਈਲੈਟਸ ਕਰ ਵਿਦੇਸ਼ ਆ ਮੁਸੀਬਤਾਂ ਝਲਣਾ, ਵਿਦੇਸ਼ ਜਾ ਵੱਸੀਆਂ ਕੁੜੀਆਂ ਦਾ ਆਪਣਿਆਂ ਤੋਂ ਦੂਰ ਹੋ ਸਿਸਕਣਾ, ਕੁੱਝ ਪਹਿਲੂ ਹਨ, ਜਿਨ੍ਹਾਂ ਵੱਲ ਲੇਖਿਕਾ ਖਾਸ ਤੌਰ ਤੇ ਧਿਆਨ ਦੁਆਉਂਦੀ ਹੈ। ਵਿਸ਼ੇਸ਼ ਤੌਰ ਤੇ ‘ਦੂਰ ਦੇ ਰਿਸ਼ਤੇਦਾਰ’ ਕਹਾਣੀ ਵਿੱਚ ਘਰ ਦੀ ਧੀ ਦੇ ਤੁਰ ਜਾਣ ਤੋਂ ਬਾਦ ਮਾਮੇ ਭਾਣਜੇ ਦੇ ਰਿਸ਼ਤੇ ਵਿਚਲੀ ਦੂਰੀ ਦਾ ਬਣ ਜਾਣਾ, ਮਾਮੇ ਦੇ ਅੰਦਰ ਪਸਰੀ ‘ਚੁੱਪ’ ਸਚਮੱਚ ਹੀ ਬਹਤ ਵੱਡਾ ਦੁਖਾਂਤ ਪ੍ਰਤੀਤ ਹੁੰਦੀ ਹੈ।
ਪੇਂਡੂ ਪਰਿਪੇਖ ਵਿੱਚ ਉਸਰੀਆਂ ਕੁੱਝ ਕਹਾਣੀਆਂ, ਜਿੰਵੇਂ ਜੰਗਲੀ ਫੁੱਲ, ਮਾਂ ਹੁੰਦੀ ਏ ਮਾਂ, ਅਪਸ਼ਗਨ, ਪਛਤਾਵੇ, ਦੂਰ ਦੇ ਰਿਸ਼ਤੇਦਾਰ, ਵਿੱਚ ਚੁੱਪ ਰਹਿਣ ਦੀ ਬੇਵਸੀ ਤੇ ਮਜ਼ਬੂਰੀ ਪਰਤੱਖ ਜ਼ਾਹਿਰ ਹੁੰਦੀ ਹੈ, ਪਰ ‘ਚੀਰਹਰਣ’ ਕਹਾਣੀ ਵਿੱਚ ਵਿਦੇਸ਼ ਦੇ ਕੈਲਗਰੀ ਸ਼ਹਿਰ ਵਿੱਚ ਰਹਿ ਰਹੀ ਸੰਗੀਤ ਦਾ ਪਤੀ ਸਾਰਿਆਂ ਸਾਹਮਣੇ ਦਰੋਪਦੀ ਦੇ ਚੀਰਹਰਨ ਦੀ ਨਿਖੇਧੀ ਤਾਂ ਕਰਦਾ ਪਰ ਆਪਣੀ ਘਰਵਾਲੀ ਦੀ ਇੱਜ਼ਤ ਤੇ ਸਵੈਮਾਣ ਆਪਣੀ ਮਾਂ ਤੇ ਭੈਣ ਦੇ ਸਾਹਮਣੇ ਉਸ ਦਾ ਗੁੱਟ ਮਰੋੜ ਕੇ ਲੀਰੋ ਲੀਰ ਕਰ ਚੁੱਕਾ ਹੁੰਦਾ ਹੈ। । ਸੰਗੀਤ ਆਪਣੇ ਅੰਦਰ ਦੱਬੀ ਇਸ ਖ਼ੌਫ਼ਨਾਕ ਚੁੱਪ ਨੂੰ ਤੋੜ ਕੜਕਵੀਂ ਅਵਾਜ਼ ਵਿੱਚ ਬੋਲ ਉੱਠਦੀ ਹੈ, ‘ਮਰਦਾਂ ਨੂੰ ਕਦੋਂ ਤੋਂ ਪ੍ਰਵਾਹ ਹੋਈ ਆ ਔਰਤ ਦੀ ਇੱਜ਼ਤ ਤੇ ਮਾਣ ਮਰਿਆਦਾ ਦੀ? ਸਿਰਫ਼ ਦੇਹ ਤੋਂ ਲੀੜਿਆਂ ਦਾ ਲਾਹੁਣਾ ਹੀ ਚੀਰ-ਹਰਣ ਨਹੀਂ ਹੁੰਦਾ, ਆਵਦੀ ਤੀਵੀਂ ਦੀ ਸਾਰੇ ਟੱਬਰ ਸਾਹਮਣੇ ਬੇਇਜ਼ੱਤੀ ਕਰਨਾ, ਆਵਦੀ ਔਰਤ ਦੇ ਸਵੈਮਾਣ ਨੂੰ ਲੀਰਾਂ ਦੀ ਖਿਦੋ ਸਮਝ ਖਾਨਦਾਨ ਦੇ ਪੈਰਾਂ ’ਚ ਰੋਲਣਾ, ਚੀਰ-ਹਰਣ ਤੋਂ ਘੱਟ ਨਹੀਂ ਹੁੰਦਾ। ਇੱਕ ਪਤਨੀ ਦੀ ਜਦੋਂ ਇੱਜ਼ਤ-ਆਬਰੂ ਲਹਿੰਦੀ ਆ ਤਾਂ ਬੇਇਜ਼ੱਤੀ ਸਿਰਫ਼ ਤੀਵੀਂ ਦੀ ਨਹੀਂ ਹੁੰਦੀ, ਉਹਦੇ ਮਰਦ ਦੀ ਇੱਜ਼ਤ ਵੀ ਧੇਲੇ ਦੀ ਰਹਿ ਜਾਂਦੀ ਆ।’ ਸਥਾਪਤ ਸਮਾਜਿਕ ਭ੍ਰਾਂਤੀਆਂ ਨੂੰ ਤੋੜਨ ਦਾ ਜੇਰਾ ਹੈ। ਇਹ ਸ਼ਾਇਦ ਸਥਾਨ, ਮਾਹੌਲ ਤੇ ਪ੍ਰਸਥਿਤੀਆਂ ਦਾ ਬਦਲਾਅ ਹੈ ਜੋ ‘ਬੱਸ ਕੁਝ ਬੋਲੀ ਨਾ’ ਦਾ ਤਲਿਸਮ ਤੋੜਨ ਦਾ ਹੌਸਲਾ ਬਣਦਾ ਹੈ। ‘ਕਿਰਦਾਰਕੁਸ਼ੀ’ ਕਹਾਣੀ ਵਿੱਚ ਵੀ ‘ਮੈਂ ‘ਪਾਤਰ ਵਲੋਂ ਦਫ਼ਤਰ ਵਿੱਚ ਇੱਕ ਸਾਂਵਲੀ ਜਿਹੀ , ਮਿਲਾਪੜੇ ਸੁਭਾਅ ਵਾਲੀ ਸਮਾਰਟ ਕੁੜੀ ਸਿਮਰਨ ਦੀ ਜਦੋਂ ਕਿਰਦਾਰਕੁਸ਼ੀ ਹੁੰਦੀ ਹੈ ਤਾਂ ਉਹ ਵਿਰੋਧ ਵਜੋਂ ਉੱਠ ਕੇ ਚਲੇ ਜਾਂਦੀ ਹੈ। ਲੇਖਿਕਾ ਇਸੇ ਤਰ੍ਹਾਂ ਦੇ ਹੋਰ ਯਤਨ ਦਰਸਾ ਕੇ ਗਲਤ ਕਦਰਾਂ ਕੀਮਤਾਂ ਦਾ ਵਿਰੋਧ ਕਰ ਉਨ੍ਹਾਂ ਨੂੰ ਬਦਲਣ ਦਾ ਉਪਰਾਲਾ ਕਰਦੀ ਨਜ਼ਰ ਆਉਂਦੀ ਹੈ।
ਸੰਦੀਪ ਰੂਹਵ ਦੀਆਂ ਲਿਖਤਾਂ ਵਿੱਚ ‘ਨਵੀਂ ਵਿਉਲੀ, ਸਲਾਭੇ ਲੀੜੇ, ਸਬਾਤ, ਹਵਾ ਦੇ ਝਖੇੜੇ, ਖੱਟੇ ਫੁੱਲ, ਓਕ, ਖੇਸੀ, ਬੰਨ-ਸੁੱਬ, ਝਵੂਲੀ ਵਾਲੇ ਕਾਂਟੇ, ਸਿਉਣੇ ਦੀਆਂ ਟੰੂਮਾਂ, ਕੰਤ, ਘਚੱਲ, ਬੋਲ ਮਾਰਨਾ (ਅਵਾਜ਼ਾਂ ਮਾਰਨਾ), ਕੱਖ ਲਿਆਉਣਾ,’ ਵਰਗੇ ਪੇਂਡੂ ਰਹਿਤਲ ਦੇ ਸ਼ਬਦਾਂ ਦੀ ਵਰਤੋਂ ਜਿਥੇ ਲੇਖਣੀ ਨੂੰ ਰੌਚਕ ਬਣਾਉਂਦਾ ਹੈ ਉੱਥੇ ਇਨ੍ਹਾਂ ਨੂੰ ਸੰਭਾਲਣ ਦਾ ਉਪਰਾਲਾ ਵੀ ਪ੍ਰਤੀਤ ਹੁੰਦਾ ਹੈ।
ਸੰਦੀਪ ਰੂਹਵ ਦੀਆਂ ਕਹਾਣੀਆਂ ਖੂਹ ਦੇ ਪਾਣੀ ਦੇ ਵਗਦੇ ਖਾਲ਼ ਦੇ ਪਾਣੀ ਵਾਂਗ ਧੀਮੀ ਤੋਰੇ ਤੁਰਦੀਆਂ ਹਨ, ਉਹ ਆਪ ਹਰ ਕਹਾਣੀ ਸੁਣਾੳਂਦੀ ਲਗਦੀ ਹੈ। ਛੇਤੀ ਹੀ ਇਹਦੀਆਂ ਕਹਾਣੀਆਂ ਸਮੁੰਦਰ ਦੀਆਂ ਅਠਖੇਲੀਆਂ ਕਰਦੀਆਂ ਲਹਿਰਾਂ ਵਾਂਗ ਆਪਣੇ ਆਪ ਬੋਣ ਲਗ ਪੈਣਗੀਆਂ, ਉਮੀਦ ਹੀ ਨਹੀਂ ਪੱਕਾ ਵਿਸ਼ਵਾਸ ਹੈ। ਸੰਦੀਪ ਰੂਹਵ ਦੇ ਕਹਾਣੀ-ਸੰਗ੍ਰਿਹ ਦੀ ਆਮਦ ਪੰਜਾਬੀ ਸਾਹਿਤ ਵਿੱਚ ਇੱਕ ਹੋਰ ਸ਼ੁਭ ਸ਼ਗਨ ਹੈ। ਖੁਸ਼ਆਮਦੀਦ!
ਗੁਰਚਰਨ ਕੌਰ ਥਿੰਦ
ਫੋਨ: 403-402-9635