ਗੁਰਚਰਨ ਕੌਰ ਥਿੰਦ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਦੇ 105 ਡੀ ਕਮਰੇ ਵਿੱਚ, ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸਭਾ ਦੇ ਸੀਨੀਅਰ ਮੈਂਬਰ ਜੁਗਿੰਦਰ ਪੁਰਬਾ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਅੱਜ ਦੀ ਮੀਟਿੰਗ ਦੀ ਕਾਰਵਾਈ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਅੱਠ ਮਾਰਚ ਨੂੰ ਲੰਘ ਚੁੱਕੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਗੱਲਬਾਤ ਨਾਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ 1909 ਵਿੱਚ ਪਹਿਲੀ ਵਾਰ ਨਿਊਯਾਰਕ ਵਿੱਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵਲੋਂ ਔਰਤਾਂ ਦਾ ਇਹ ਦਿਵਸ ਐਲਾਨਿਆ ਗਿਆ ਅਤੇ ਅਗਲੇ ਸਾਲ ਹੀ ਕੋਪਨਹੈਗਨ ਵਿੱਚ ਕਮਿਊਨਿਸਟ ਐਕਟਿਿਵਸਟ ਕਲਾਰਾ ਜੈਟਕਿਨ ਵਲੋਂ ਇਸ ਦਿਨ ਨੂੰ ‘ਕੰਮਕਾਰੀ ਔਰਤਾਂ’ ਨੂੰ ਸਮਰਪਿਤ ਦਿਨ ਵਜੋਂ ਮਨਾਉਣ ਦਾ ਸੁਝਾਅ ਪੇਸ਼ ਹੋਇਆ। ਉਪਰੰਤ ਯੂਰਪ, ਸੋਵੀਅਤ ਯੂਨੀਅਨ ਤੇ ਹੋਰ ਦੇਸ਼ਾਂ ਸਮੇਤ ਯੂਨਾਈਟਡ ਨੇਸ਼ਨਜ਼ ਨੇ ਵੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਲਗਪਗ ਸੌ ਸਾਲ ਤੋਂ ਔਰਤਾਂ ਦੀ ਸਮਾਜਿਕ, ਰਾਜਨੀਤਕ, ਆਰਥਿਕ ਤੇ ਨਿੱਜੀ ਅਜ਼ਾਦੀ ਦੇ ਹੱਕਾਂ ਲਈ ਮਨਾਏ ਜਾਣ ਤੋਂ ਬਾਦ ਵੀ ਇਸ ਦਿਹਾੜੇ ਨੂੰ ਹਰ ਸਾਲ ਚੇਤੇ ਕਰਨ ਦੀ ਲੋੜ ਪੈ ਰਹੀ ਹੈ, ਕਿਉਂਕਿ ਔਰਤਾਂ ਦੀ ਸਥਿਤੀ ਸੁਧਾਰ ਵੱਲ ਘੱਟ ਤੇ ਨਿਘਾਰ ਵੱਲ ਜ਼ਿਆਦਾ ਜਾ ਰਹੀ ਹੈ। ਇਹ ਦਿਹਾੜਾ ਵਧਾਈ ਸਾਂਝੀ ਕਰਨ ਦਾ ਨਹੀਂ ਹੈ ਬਲਕਿ ਇਸ ਦੀ ਲੋੜ ਨੂੰ ਸਮਝਣਾ ਜ਼ਰੂਰੀ ਹੈ। ਮਸਲਾ ਇਕਵੈਲੇਟੀ ਦਾ ਨਹੀਂ ਬਲਕਿ ਇਕਵਿਟੀ ਦਾ ਹੈ, ਭਾਵ ਕਿਸ ਖੇਤਰ ਵਿੱਚ, ਕਿਸ ਨੂੰ ਕਿਸ ਤਰ੍ਹਾਂ ਦੀ ਤੇ ਕਿੰਨੀ ਸਪੋਰਟ ਮੁਹੱਈਆ ਕਰਨ ਦੀ ਲੋੜ ਹੈ, ਇਸ ਨੂੰ ਤਰਜੀਹ ਦਿੱਤੀ ਜਾਵੇ। ਔਰਤ ਮਰਦ ਦੀ ਲਫ਼ਜ਼ੀ ਬਰਾਬਰੀ ਦੀ ਦੌੜ ਕਾਰਨ ਸਮਾਜਿਕ ਤੇ ਸਭਿਆਚਾਰਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਨੇ ਪਰਿਵਾਰਕ ਢਾਂਚੇ ਨੂੰ ਢਾਅ ਲਾਈ ਹੈ। ਘਰ ਵਿੱਚ ਮਾਂ-ਧੀ-ਭੈਣ ਦੀ ਇੱਜ਼ਤ ਤਾਂ ਸਾਰੇ ਕਰਦੇ ਹਨ, ਜਦੋਂ ਸੜਕ ਕਿਨਾਰੇ ਖੜੀ ਜਾਂ ਜਾ ਰਹੀ ਔਰਤ ਨੂੰ ਚੀਜ਼ ਨਾ ਸਮਝਕੇ ਔਰਤ ਦਾ ਸਤਿਕਾਰਤ ਦਰਜਾ ਮਿਲ ਗਿਆ ਤਾਂ ਫਿਰ ਸਾਨੂੰ ਅਜਿਹੇ ਦਿਹਾੜੇ ਮਨਾਉਣ ਦੀ ਜ਼ਰੂਰਤ ਹੀ ਨਹੀਂ ਰਹੇਗੀ। ਉਪਰੰਤ ਗੁਰਬਾਣੀ, ਗੁਰਦੀਸ਼ ਗਰੇਵਾਲ, ਬਲਜਿੰਦਰ ਕੌਰ ਧਾਲੀਵਾਲ, ਚਰਨਜੀਤ ਕੌਰ ਅਤੇ ਕਿਰਨ ਕਲਸੀ ਨੇ ਇਸ ਦਿਹਾੜੇ ਨਾਲ ਸਬੰਧਤ ਰਚਨਾਵਾਂ ਸਾਂਝੀਆਂ ਕੀਤੀਆਂ। ਸੰਤੋਸ਼ ਚੀਮਾ, ਅਮਰਜੀਤ ਸੱਗੂ ਤੇ ਕੁੱਝ ਹੋਰ ਭੈਣਾਂ ਨੇ ਵੀ ਆਪਣੇ ਢੰਗ ਨਾਲ ਹਾਜ਼ਰੀ ਲੁਆਈ।


ਅੱਜ ਦੀ ਮੀਟਿੰਗ ਵਿੱਚ ਗੁਰਿੰਦਰ ਬਰਾੜ ਐਮ.ਐਲ.ਏ. ਦੀ ਹਾਜ਼ਰੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਰਹੀ। ਸਭਾ ਦੀਆਂ ਮੈਂਬਰਾਂ ਨੇ ਉਨ੍ਹਾਂ ਨਾਲ ਕੈਲਗਰੀ ਦੇ ਨਾਰਥ ਈਸਟ ਖਿੱਤੇ ਸਬੰਧੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਇੱਥੇ ਲੈਟਰ ਬਾਕਸ ਦੇ ਤਾਲਿਆਂ ਦਾ ਟੁੱਟਣਾ, ਬੈਂਕ ਦੇ ਏ.ਟੀ.ਐਮ. ਤੋਂ ਬਜ਼ੁਰਗਾਂ ਨੂੰ ਚਾਕੂ ਵਿਖਾ ਪੈਸੇ ਲੈਣ ਦੀ ਘਟਨਾ, ਤੁਰੀਆਂ ਜਾਂਦੀਆਂ ਔਰਤਾਂ ਤੋਂ ਹੱਥਾਂ, ਬਾਹਵਾਂ ਵਿੱਚ ਪਾਏ ਸੋਨੇ ਨੂੰ ਹਥਿਆਉਣ ਦੀਆਂ ਘਟਨਾਵਾਂ, ਸ਼ਰੇਆਮ ਕਾਰਾਂ ਦਾ ਚੋਰੀ ਹੋਣਾ, ਅੰਦਰਲੀਆਂ ਗਲੀਆਂ ਵਿੱਚ ਬੇਤਹਾਸ਼ਾ ਤੇਜ਼ ਗੱਡੀਆਂ ਚਲਾਉਣਾ, ਘਰਾਂ ਦੇ ਗਰਾਜਾਂ ਵਿੱਚ ਬੈਠ ਬੇਲੋੜਾ ਖਰੂਦ ਪਾਉਣਾ ਆਦਿ ਸ਼ਾਮਲ ਹਨ। ਜਦੋਂ ਪੁਲਿਸ ਕੋਲ ਇਸ ਸਬੰਧੀ ਫੋਨ ਕੀਤਾ ਜਾਂਦਾ ਤਾਂ ਨਤੀਜੇ ਸੰਤੋਸ਼ ਜਨਕ ਨਹੀਂ ਹੁੰਦੇ। ਜੇਕਰ ਇਸ ਹਿੱਸੇ ਵਿੱਚ ਪੁਲਿਸ ਦੀ ਪੈਟਰੋਲੰਿਗ ਵਧਾਉਣ ਦੀ ਗੱਲ ਆਖੀ ਜਾਵੇ ਤਾਂ ਸ਼ਹਿਰ ਵਿੱਚ ਪੁਲਿਸ ਦੀ ਗਿਣਤੀ ਘੱਟ ਹੋਣ ਦੀ ਗੱਲ ਸਾਹਮਣੇ ਆ ਖਲੋਂਦੀ ਹੈ। ਸੋ ਇਸ ਤਰ੍ਹਾਂ ਮੈਂਬਰਾਂ ਵਲੋਂ ਬੜੀ ਸੰਜੀਦਗੀ ਨਾਲ ਇਸ ਹਿੱਸੇ ਦੇ ਲਾਅ ਐਂਡ ਆਰਡਰ ਦੀ ਸਥਿਤੀ ਵੱਲ ਧਿਆਨ ਦੁਆਇਆ ਗਿਆ ਅਤੇ ਇਸ ਸਬੰਧੀ ਪ੍ਰੋਵਿੰਸ ਵਲੋਂ ਲੋੜੀਂਦੇ ਕਦਮ ਉਠਾਉਣ ਦੀ ਮੰਗ ਕੀਤੀ ਗਈ।
‘ਹੀਲ ਟੱਚ ਕੇਅਰ ਹੋਮ ਕੰਪਨੀ’ ਵਲੋਂ ਖੁਸ਼ਮਨ ਕੌਰ ਸ਼ਾਮਲ ਹੋਏ ਅਤੇ ਵਿਸਥਾਰ ਵਿੱਚ ਇਸ ਕੰਪਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵੱਧਦੀ ਉਮਰ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋੜੀਂਦੇ ਵਿਟਾਮਨ ਦੀ ਯੋਗ ਵਰਤੋਂ ਬਾਰੇ ਸੁਚੇਤ ਕੀਤਾ। ਇੱਕ ਸੰਸਥਾ ਵਲੋਂ ਬੜੇ ਔਖੇ ਸਮੇਂ ਵਿਚੋਂ ਗੁਜ਼ਰ ਰਹੀ ਜਸਮੀਤ ਕੌਰ ਨੂੰ ਇਸ ਸਭਾ ਨਾਲ ਜੋੜਿਆ ਗਿਆ ਸੀ। ਉਹ ਅੱਜ ਮੀਟਿੰਗ ਵਿੱਚ ਆਈ ਤਾਂ ਸਭ ਭੈਣਾਂ ਨੇ ਉਸ ਦੀ ਦਿਲੋਂ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਸ ਨੂੰ ਉਸ ਦੇ ਨਾਲ ਖੜੇ ਹੋਣ ਦਾ ਅਹਿਸਾਸ ਕਰਵਾਇਆ। ਉਸੇ ਸਮੇਂ ਭੈਣਾਂ ਵਲੋਂ ਦਿਲ ਖੋਲ੍ਹ ਕੇ ਉਸ ਦੀ ਮਾਇਕ ਸਹਾਇਤਾ ਕੀਤੀ ਗਈ ਤਾਂ ਜੋ ਉਹ ਹਾਲ ਦੀ ਘੜੀ ਆਪਣੇ ਕੁੱਝ ਬਿੱਲ ਤਾਰ ਸਕੇ। ‘ਹੀਲ ਟੱਚ ਕੇਅਰ ਹੋਮ ਕੰਪਨੀ’ ਵਲੋਂ ਉਸ ਨੂੰ ਉਸੇ ਵੇਲੇ ਨੌਕਰੀ ਦੀ ਪੇਸ਼ਕਸ਼ ਕਰ ਦਿੱਤੀ ਗਈ ਜੋ ਕਿ ਅਤਿ ਪ੍ਰਸ਼ੰਸਾਯੋਗ ਗੱਲ ਰਹੀ। ਇੰਜ ਅੱਜ ਦੀ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਨੂੰ ਸਮਰਪਿਤ ਇਹ ਮੀਟਿੰਗ ਬਹੁਤ ਭਾਵਪੂਰਤ ਹੋ ਨਿਬੜੀ।
ਰਿਪੋਰਟ ਕਰਤਾ
ਗੁਰਚਰਨ ਕੌਰ ਥਿੰਦ
ਫੋਨ: 403-402-9635