Get Adobe Flash player

ਪੰਜਾਬੀ ਸਾਹਿਤ ਵਿੱਚ ਕਹਾਣੀ ਦਾ ਮਹੱਤਵਪੂਰਨ ਸਥਾਨ ਹੈ।ਫਿਰ ਚਾਹੇ ਉਹ ਦੇਸ਼ ਵੱਸਦੇ ਕਹਾਣੀਕਾਰਾਂ ਵੱਲੋ ਲਿਖੀ ਜਾਵੇ ਜਾਂ ਪ੍ਰਵਾਸ ਵਿੱਚ,ਉਸਦਾ ਧਰਾਤਲ ਓਹੀ ਹੈਂ, ਸਮਾਜਿਕ ਕਦਰਾ-ਕੀਮਤਾਂ, ਪਰਿਵਾਰਿਕ ਰਿਸ਼ਤੇ ਤੇ ਭਾਵਨਾਤਮਿਕ ਵਿਸ਼ਲੇਸ਼ਣ। ਬੇਸ਼ੱਕ ਸਮੇਂ ਦੇ ਬਦਲਾਓ ਨਾਲ ਕਹਾਣੀ ਵਿਸ਼ਿਆਂ ਚ ਤਬਦੀਲੀ ਆਈ ਹੈ ਪ੍ਰੰਤੂ ਪੇਂਡੂ ਜੀਵਨ ਪੰਜਾਬੀ ਕਹਾਣੀ ਦਾ ਅਨਿੱਖੜਵਾਂ ਆਧਾਰ ਰਿਹਾ ਹੈ।ਇਸੇ ਗੱਲ ਦੀ ਹਾਮੀ ਸਾਹਿਤਕਾਰ ਰਵਿੰਦਰ ਰੁਪਾਲ ਕੌਲਗੜ੍ਹ ਵੀ ਭਰਦਾ ਹੈ।ਜਿਸ ਦਾ ਸਾਹਿਤ ਨਾਤਾ ਕਈ ਦਹਾਕੇ ਪੁਰਾਣਾ ਹੈ। ਜਿਸ ਦਰਮਿਆਨ ਅਨੇਕਾਂ ਸਾਹਿਤਕ ਵਿਨੰਗੀਆਂ ਦੀਆਂ ਕਿਤਾਬਾਂ ਨਾਲ ਸਾਹਿਤ ਜਗਤ ਵਿੱਚ ਨਾਮਜਦਗੀ ਕਰਵਾਉਂਦਾ ਰਿਹਾ ਹੈਂ।ਬੇਸ਼ੱਕ ਕਹਾਣੀ ਵਿਧਾ ਵਿੱਚ ‘ਨਿਆਈ ਵਾਲਾ ਟੱਕ’ ਤੋਂ ਬਾਅਦ ‘ਸ਼ਾਇਦ…ਮੈਨੂੰ ਪਛਾਣ ਲੈਣ’ ਉਸਦਾ ਦੂਜਾ ਕਹਾਣੀ ਸੰਗ੍ਰਹਿ ਹੈ। ਉਸਨੇ ਕਿਤਾਬ ਦੇ ਮੁੱਢਲੇ ਪੰਨਿਆਂ ਵਿੱਚ ਆਪਣੇ ਵੱਲੋਂ ਲਿਖੇ ਸ਼ਬਦਾਂ ਵਿੱਚ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੇ ਵਾਕ ‘ਪੰਜਾਬੀ ਕਹਾਣੀ ਹਰ ਦਹਾਕੇ ਕਰਵੱਟ ਲੈਦੀ ਹੈ’ ਹਵਾਲੇ ਨਾਲ ਇਹ ਗੱਲ ਕਹੀ ਹੈ ਅਤੇ ਆਪਣੀਆਂ ਲਿਖਤਾਂ ਨਾਲ ਅਕਹਾਣੀ ਅਤੇ ਅਸਾਹਿਤਕ ਨਾਲੋਂ ਅ ਤੋੜਨ ਦੀ ਗੱਲ ਵੀ ਕੀਤੀ ਹੈ।ਜਿਸ ‘ਚ ਉਹ ਕਾਮਯਾਬ ਵੀ ਹੋ ਰਿਹਾ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਹਾਣੀ ਕਹਿਣ ਦੀ ਜੁਗਤ ਤਾਂ ਰਵਿੰਦਰ ਰੁਪਾਲ ਕੌਲਗੜ੍ਹ ਕੋਲ ਕਮਾਲ ਦੀ ਹੈ, ਉਹ ਕਹਾਣੀ ਲਿਖਣੀ ਇੰਝ ਸ਼ੁਰੂ ਕਰਦਾ ਹੈ ਕਿ ਪਹਿਲੀਆਂ ਹੀ ਲਾਈਨਾਂ ਪੜਦਾ ਪਾਠਕ ਉਤਸਕ ਹੋ ਜਾਂਦਾ ਹੈ ਕਿ ਕਿਸ ਮਸਲੇ ‘ਤੇ,ਕਿਸਦੀ,ਕੀ ਗੱਲ ਹੋ ਰਹੀ ਹੈ ਤੇ ਕੀ ਵਾਪਰ ਗਿਆ।ਫਿਰ ਮੜਕ ਨਾਲ ਕਹਾਣੀ ਅੱਗੇ ਕਦਮ ਦਰ ਕਦਮ ਅਖੀਰ ਵੱਲ ਵਧਦੀ ਹੈ।ਕਹਾਣੀਆਂ ਬਾਰੇ ਜ਼ਿਆਦਾ ਵਿਸਥਾਰ ਉਜਾਗਰ ਕਰਨਾ ਯਕ਼ੀਨਨ ਪਾਠਕ ਦੀ ਉਤਸੁਕਤਾ ਘੱਟ ਕਰ ਸਕਦਾ ਹੈ ਕਿਉਂਕਿ ਜੇ ਪਹਿਲਾਂ ਹੀ ਕਹਾਣੀ ਕਥਾ ਦਾ ਸਾਰ ਵਿਸਥਾਰ ਹੋ ਜਾਏ ਤਾਂ ਪਾਠਕ ਦਾ ਪੜਨ ਸਵਾਦ ਬੇ-ਸਵਾਦ ਹੋ ਜਾਂਦਾ ਹੈ। ਇੱਕ ਪੰਛੀ ਝਾਤ ਕਹਾਣੀਆਂ ਨੂੰ ਕੁਝ ਇਸ ਤਰ੍ਹਾਂ ਘੋਖਦੀ ਹੈ ਕਿ ਕਹਾਣੀ ਸੰਗ੍ਰਹਿ ‘ਸ਼ਾਇਦ…ਮੈਨੂੰ ਪਛਾਣ ਲੈਣ’ ਦੇ ਕਹਾਣੀਆਂ ਦੇ ਵਿਸ਼ੇ ਨਿਵੇਕਲੇ ਹਨ।ਬਹੁਤੇ ਲੇਖਕ ਅਜਿਹੇ ਵਿਸ਼ੇ ਚੁਣਨ ਦਾ ਮਾਦਾ ਵੀ ਨਹੀਂ ਰੱਖਦੇ,ਜਿਵੇੰ ਕਿ ਮਰਦ ਔਰਤ ਦੇ ਠੰਡੇ ਬਿਸਤਰੇ ਤੋਂ ਉਠੇ ਮੱਸਲੇ ਮਸਾਲਾ ਬਣ ਕਿਵੇਂ ਗ੍ਰਸਤੀ ਜੀਵਨ ਨੂੰ ਤਹਿਸ-ਨਹਿਸ ਕਰਦੇ ਹਨ।ਅਜਿਹਾ ਕਈ ਮੌਕੇ ਵਾਪਰਦਾ ਹੈਂ ‘ਉਦੋਂ ਮੈਨੂੰ ਹੀ ਸਮਝ ਲੈਣਾ’, ‘ਅੰਤਿਕਾ ਖਾਲੀ’, ‘ਲਾੜੀ’, ‘ਲਟਾ ਲਟ ਬਲਦੀ ਅੱਗ’, ‘ਬਿੰਦੀਆਂ ਚਮਕੇਗੀ’, ‘ਭੁੱਬਲ ਦੀ ਅੱਗ’ ਕਹਾਣੀਆਂ ਔਰਤ ਦੇ ਅੰਦਰ ਸੁਲਗਦੇ ਜਜ਼ਬਾਤਾਂ,ਅਰਮਾਨਾਂ ਦੀ ਟੁੱਟ ਭੱਜ,ਨਿਰਾਸ਼ਾ ਤੇ ਭਾਵਨਾਤਮਿਕ ਰਿਸ਼ਤਿਆਂ ਦੇ ਬੰਧਨਾਂ ਦਾ ਵਰਨਣ ਕਰਦੀਆਂ ਹਨ। ਇਹਨਾਂ ਕਹਾਣੀਆਂ ਦੀਆਂ ਨਾਇਕਾਂਵਾਂ ਹਰਜੀਤ, ਰਾਜ, ਧੰਨੋ, ਰਜਨੀ ਆਦਿ ਜਿੱਥੇ ਅੰਦਰੋਂ ਅੰਦਰੀ ਰਿਝਦੀਆਂ ਨਜ਼ਰ ਆਉਂਦੀਆਂ ਹਨ।ਉੱਥੇ ਹੀ ਇਹ ਸੰਤਾਪ ‘ਤਿਲਕਦਾ ਅੜਕਦਾ ਹੱਥ’ ਦੀ ਰੀਤੀ ਅੰਦਰ ਲਾਵੇ ਵਾਂਗ ਬਗਾਵਤੀ ਰੂਪ ਹੈ ਤੇ ਜੋਸ਼ ਬਣ ਬਾਹਰ ਨਿਕਲਦਾ ਹੈ।ਇਹੀ ਲਾਵਾ ‘ਕਾਲਾ ਦੁੱਧ’ ਦੀ ਦੀਪੀ ਦੇ ਨਾਲ ਬਗਾਵਤ ਬਣ ਮਰਦ ਰੂਪ ਚ ਘੋਲੇ ਤੇ ਅੰਦਰ ਵੀ ਮੱਘਦਾ ਹੈ ਅਤੇ ਆਪਣੇ ਅੰਦਰ ਦੇ ਸ਼ੋਰ ਨੂੰ ਖਤਮ ਕਰਨ ਲਈ ਕਿਸੇ ਨਤੀਜੇ ਗੱਲ ਨਿਬੇੜਨ ਲਈ ਅੜਦਾ ਹੈ।
 ‘ਅਗੇ ਕਹਾਣੀ ਨਹੀਂ ਹੈ’ ਅੱਜ ਦੇ ਸਮਾਜ ਦਾ ਬੜਾ ਚਿੰਤਨ ਵਿਸ਼ਾ ਹੈ ਤੇ ਲੇਖਕ ਨੇ ਕਾਫੀ ਜਾਣਕਾਰੀ ਇਕੱਤਰ ਕਰਕੇ ਲਿਖਿਆ ਹੈ,ਜੋ ਕਿ ‘ਲੇਡੀ ਵਾਸ਼ਰੂਮ’ ਕਹਾਣੀ ਵਿੱਚ ਕਿਸੇ ਹੋਰ ਹੀ ਰੂਪ ਵਿੱਚ ਉਘੜ ਕੇ ਸਾਹਮਣੇ ਆਉਂਦਾ ਹੈ ਤੇ ਕਿਰਦਾਰ ਦੀ ਮਾਨਸਿਕਤਾ ਦਰਸਾਉਂਦਾ ਹੈ।ਕਹਾਣੀਆਂ ਵਿੱਚੋਂ ਕਿਰਦਾਰਾਂ ਦੇ ਹਾਲਾਤਾਂ ਦਾ ਖਾਲੀਪਨ ਕੂਕਦਾ ਹੈ।ਕਿਤੇ ਨਾ ਕਿਤੇ ਸਾਰੇ ਕਿਰਦਾਰ ਇੱਕ ਦੂਜੇ ਦੇ ਨਾਲ ਮਿਲਦੀਆਂ ਜੁਲਦੀਆਂ ਭਾਵਨਾਵਾਂ ਦੀ ਹਾਮੀ ਭਰਦੇ ਹਨ।
            ‘ਸ਼ਾਇਦ…ਮੈਨੂੰ ਪਛਾਣ ਲੈਣ’ ਜੋ ਕਿਤਾਬ ਨਾਮ ਦੀ ਮੁੱਖ ਕਹਾਣੀ ਹੈ ਅਤੇ ਕਹਾਣੀ ਦਾ ਕਿਰਦਾਰ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਵੀ ਆਸ ਨਾਲ ਬੱਝਾ ਹੋਇਆ ਹੈ।ਇਸੇ ਲੜੀ ਵਿੱਚ ‘ਲੀਹ’ ਕਹਾਣੀ ਦਾ ਨੇਤਰ ਸਿੰਘ ਵੀ ਹੈ ਜਿਸਨੂੰ ਪੰਜਾਬ ਦੇ ਕਿਸਾਨਾਂ ਦੀਆਂ ਦੁਸ਼ਵਾਰੀਆਂ ਸਾਹਮਣੇ ਆਪਣੀ ਮੁਸ਼ਕਿਲ ਛੋਟੀ ਲੱਗਦੀ ਹੈ ਤੇ ਉਹ ਨਵੀਂ ਵਿਚਾਰਧਾਰਾ ਨਾਲ ਮੁੜ ਸੁਰਜੀਤ ਹੋ ਉੱਠਦਾ ਹੈ ਇਸੇ ਤਰ੍ਹਾਂ ‘ਬਾਹਵਾਂ’ ਕਹਾਣੀ ਦਾ ਗੁਰਮੇਲ ਵੀ ਹੈ।ਜਿਸਨੂੰ ਰਿਸ਼ਤਿਆਂ ਦੀ ਗੰਢ ਮੁੜ ਬੱਝ ਜਾਣ ਉੱਤੇ ਹੌਸਲੇ ਦੀ ਖਮਾਰੀ ਚੜ੍ ਆਉਂਦੀ ਹੈ।
     ਵੈਸੇ ਤਾਂ ਹਰ ਕਹਾਣੀ ਵਿੱਚ ਸੰਵਾਦ ਹੈ, ਜੋ ਰੋਚਕ ਹੋਣ ਦੇ ਨਾਲ ਨਾਲ ਕਹਾਣੀ ਨੂੰ ਵੀ ਅਗੇ ਤੋਰਦਾ ਹੈਂ ਪਰ ਕਈ ਕਹਾਣੀਆਂ ਵਿੱਚਲੇ ਮੁਹਾਵਰੇ ਵੱਡੀ ਗੱਲ ਕਰਦੇ ਹਨ ਜਿਵੇਂ ਕਿ ‘ਬੰਦਾ ਕਿੰਨਾ ਵੀ ਤਕੜਾ ਹੋਵੇ,ਗਿੱਚੀ ਦੇ ਵਾਰ ਤੋਂ ਨਹੀਂ ਉੱਠਦਾ ਹੁੰਦਾ।ਇਹੀ ਤਾਂ ਪਿੱਠ ਪਿੱਛੇ ਵਾਰ ਹੁੰਦਾ।’
    ‘ ਜਦ ਹਿੰਦੀ ਬੋਲਣ ਵਾਲਿਆਂ ਨੇ ਜੱਟਾਂ ਦਾ ਬਾਪੂ ਹੋਰਾਂ ਤੋਂ ਸੀਰੀਪੁਣਾ ਖੋਹਿਆ।ਉਦੋਂ ਤੋਂ ਹੀ ਉਹ ਹਿੰਦੀ ਬੋਲਣ ਵਾਲਿਆਂ ਤੋਂ ਭੜਕ ਜਾਂਦਾ ਹੈ।ਗੱਲ ਤਾਂ ਦੁੱਖਦੀ ਹੈ ਕਿਸੇ ਦਾ ਰੁਜ਼ਗਾਰ ਚਲੇ ਜਾਣਾ।’
       ਰਵਿੰਦਰ ਰੁਪਾਲ ਕੌਲਗੜ੍ਹ ਨਿਰੰਤਰ ਨਿਰਵਿਘਨ ਲਿਖ ਰਿਹਾ ਹੈ।ਸੋਸ਼ਲ ਮੀਡੀਆ ਤੇ ਅਖਬਾਰਾਂ ਮੈਗਜ਼ੀਨਾਂ ਰਾਹੀਂ ਚਰਚਾ ਵਿੱਚ ਰਹਿੰਦਾ ਹੈ। ਸਾਹਿਤਕ ਮੀਟਿੰਗਾਂ ਵਿੱਚ ਵੀ ਸਰਗਰਮ ਰਹਿੰਦਾ ਹੈ। ਰਵਿੰਦਰ ਰੁਪਾਲ ਕੌਲਗੜ੍ਹ ਇਵੇਂ ਹੀ ਸਾਹਿਤਕ ਰਾਹਾਂ ਦਾ ਪਾਂਧੀ ਬਣ ਕਦਮ ਦਰ ਕਦਮ ਤੁਰਿਆ ਰਹੇ। ਇਹਨਾਂ ਹੀ ਸ਼ੁੱਭ ਕਾਮਨਾ ਨਾਲ ਕਹਾਣੀ ਸੰਗ੍ਰਹਿ ‘ਸ਼ਾਇਦ… ਮੈਨੂੰ ਪਛਾਣ ਲੈਣ’ ਲਈ ਬਹੁਤ ਬਹੁਤ ਮੁਬਾਰਕਬਾਦ।

ਜੋਰਾਵਰ
587-437-7805