
ਡਾ.ਮੁਖਤਿਆਰ ਸਿੰਘ ਬੱਡੂਵਾਲੀਆ ਕੈਲਗਰੀ : ਮਿਤੀ 13-9 -2025 ਨੂੰ ਇੰਕਾ ਸੀਨੀਅਰ ਸੋਸਾਇਟੀ ਕੈਲਗਰੀ ਅਤੇ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਅਤੇ ਜੋਰਾ ਸਿੰਘ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਜੋਰਾ ਸਿੰਘ ਧਾਲੀਵਾਲ ਇੰਕਾ ਸੀਨੀਅਰ ਸੋਸਾਇਟੀ ਦੇ ਸੀਨੀਅਰ ਮੈਂਬਰ ਹਨ। ਸਭ ਤੋਂ ਪਹਿਲਾਂ ਸਰਦਾਰ ਮੇਜਰ ਸਿੰਘ ਧਾਲੀਵਾਲ ਨੇ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ, ਜਿਸ ਵਿੱਚ ਡਾ. ਬਲਵਿੰਦਰ ਕੌਰ ਬਰਾੜ, ਸਰਦਾਰ ਬਿੱਕਰ ਸਿੰਘ ਸੰਧੂ ਅਤੇ ਗੁਰੂ ਨਾਨਕ ਪੀਸ ਫਾਊਂਡੇਸ਼ਨ ਦੇ ਡਾ. ਬੱਲ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਅੰਮ੍ਰਿਤ ਬੱਲ ਸ਼ਾਮਲ ਸਨ। ਰੇਡੀਓ ਰੈੱਡ ਐੱਫ ਐੱਮ ਕੈਲਗਰੀ ਦੇ ਹੋਸਟ ਸ੍ਰੀ ਰਿਸ਼ੀ ਨਾਗਰ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਇਹ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਉਹਨਾਂ ਨੂੰ ਸਮਾਜਕ ਕੰਮਾਂ ਪ੍ਰਤੀ ਸੁਹਿਰਦ ਹੋਣ ਦੀ ਜਿੰਮੇਵਾਰੀ ਵੀ ਸਿਖਾਉਂਦੇ ਹਨ। ਡਾਕਟਰ ਬਰਾੜ ਉਹਨਾਂ ਦੇ ਚੰਗੇ ਅਧਿਆਪਕਾਂ ਚੋਂ ਇੱਕ ਹਨ ਜਿਨ੍ਹਾਂ ਆਪਣੀਆਂ ਚੰਗੀਆਂ ਲਿਖਤਾਂ ਨਾਲ ਸਮਾਜ ਨੂੰ ਸੇਧ ਦਿੱਤੀ ਅਤੇ ਉਹਨਾਂ ਦੇ ਸਨਮਾਨ ਮਿਲਣ ਤੇ ਵਧਾਈ ਦਿੱਤੀ। ਇਹਨਾਂ ਤੋਂ ਬਾਅਦ ਡਾ. ਹਰਭਜਨ ਸਿੰਘ ਢਿੱਲੋਂ ਨੇ ਮੈਡਮ ਬਰਾੜ ਦੇ ਸੁਭਾਅ ਪ੍ਰਤੀ ਅਤੇ ਆਪਣੀ ਜਾਣ ਪਛਾਣ ਦੀ ਪਹਿਲੀ ਮੁਲਾਕਾਤ ਨੂੰ ਦਿਲਚਸਪ ਢੰਗ ਨਾਲ ਵਿਅੰਗ ਰੂਪ ਵਿੱਚ ਸਾਂਝਾ ਕੀਤਾ ਅਤੇ ਉਹਨਾਂ ਦੀਆਂ ਲਿਖਤਾਂ ਦੀ ਸਿਫਤ ਕੀਤੀ। ਡਾ. ਢਿੱਲੋਂ ਨੇ ਦੱਸਿਆ ਕਿ ਸ਼ਬਦ ਸਾਂਝ ਵੱਲੋਂ ਮੈਡਮ ਬਰਾੜ ਦੀ ਪ੍ਰਧਾਨਗੀ ਤਹਿਤ ਤਿੰਨ ਪੁਸਤਕਾਂ ਛਾਪੀਆਂ ਗਈਆਂ ਜੋ ਕਿ ਕਨੇਡੀਅਨ ਸਹਿਤ ਨਾਲ ਸੰਬੰਧਿਤ ਹਨ। ਉਹਨਾਂ ਚੌਥੀ ਕਿਤਾਬ ਅਗਲੇ ਸਾਲ ਆਉਣ ਦੀ ਗੱਲ ਵੀ ਕੀਤੀ ਅਤੇ ਸਨਮਾਨ ਮਿਲਣ ਤੇ ਉਹਨਾਂ ਨੂੰ ਬਹੁਤ ਬਹੁਤ ਬਹੁਤ ਵਧਾਈ ਦਿੱਤੀ। ਡਾ. ਸਰਬਜੀਤ ਕੌਰ ਜਵੰਧਾ ਨੇ ਡਾ. ਬਲਵਿੰਦਰ ਕੌਰ ਬਰਾੜ ਬਾਰੇ ਗੱਲ ਕਰਦਿਆਂ ਆਖਿਆ ਕਿ ਮੈਡਮ ਬਰਾੜ ਦੀਆਂ ਲਿਖਤਾਂ ਹਰੇਕ ਉਮਰ ਦੇ ਵਿਅਕਤੀ ਦੀ ਮਾਨਸਿਕਤਾ ਨਾਲ਼ ਸਾਂਝ ਪਾ ਲੈਂਦੀਆਂ ਹਨ। ਉਹਨਾਂ ਆਪਣੀਆਂ ਮੁਢਲੀਆਂ ਕਹਾਣੀਆਂ ਰਾਹੀਂ ਦਹਿਸ਼ਤ ਦੇ ਦੌਰ ਦੌਰਾਨ ਜ਼ੁਲਮ ਤੇ ਡਰ ਕਾਰਨ ਅੱਖਾਂ ਵਿਚ ਸੁੱਕ ਰਹੇ ਤੇ ਅਣਪੂੰਝੇ ਹੰਝੂਆਂ ਦਾ ਤਰਜ਼ਮਾ ਕੀਤਾ। ਉਸਨੇ ਕਿਹਾ ਕਿ ਮੈਡਮ ਬਰਾੜ ਦੱਬੀ ਘੁੱਟੀ ਭੁੱਬ ਨੂੰ ਸਹਿਜੇ ਹੀ ਸ਼ਬਦਾਂ ਵਿਚ ਢਾਲਕੇ ਪਾਠਕ ਦੇ ਮਨ ਨਾਲ ਸਾਂਝ ਪਾ ਲੈਂਦੇ ਹਨ। ਉਹ ਪੰਜਾਬ ਤੋਂ ਲੈ ਕੇ ਕੈਨੇਡਾ ਤਕ , ਨੌਜ਼ਵਾਨਾਂ ਤੋਂ ਬਜ਼ੁਰਗਾਂ ਤੱਕ ਹਰ ਇੱਕ ਦੀ ਸਮੱਸਿਆ ਬਾਰੇ ਗੱਲ ਵੀ ਕਰਦੇ ਹਨ ਤੇ ਉਸਦੇ ਹੱਲ ਲਈ ਢੁਕਵੇਂ ਸੁਝਾਅ ਵੀ ਦਿੰਦੇ ਹਨ। ਸਰਬਜੀਤ ਨੇ ਕਿਹਾ ਕੇ ਸੋਸ਼ਲ ਮੀਡਿਆ ਉੱਪਰ ਮੈਡਮ ਬਰਾੜ ਦੀ ਮਕਬੂਲੀਅਤ ਦਾ ਕਾਰਨ ਉਹਨਾਂ ਦਾ ਸਮੇਂ ਦੇ ਹਾਣ ਦੇ ਹੋਣਾ ਹੈ ਜਿਸ ਕਰਕੇ ਨਵੀਂ ਪੀੜ੍ਹੀ ਉਹਨਾਂ ਦੀਆਂ ਰੀਲਾਂ ਨੂੰ ਬਹੁਤ ਵੱਡਾ ਹੁੰਘਾਰਾ ਦਿੰਦੀ ਹੈ ਤੇ ਉਹ ਦੇਸ਼ਾਂ ਵਿਦੇਸ਼ਾ ਵਿਚ ਪੜ੍ਹੇ, ਸੁਣੇ ਤੇ ਸਤਿਕਾਰੇ ਜਾਂਦੇ ਹਨ। ਇਹਨਾਂ ਤੋਂ ਬਾਅਦ ਸੁਰਿੰਦਰ ਕੌਰ ਸੰਧੂ ਨੇ ਕੈਲਗਰੀ ਵੁਮੈਨ ਐਸੋਸੀਏਸ਼ਨ ਵੱਲੋਂ ਡਾਕਟਰ ਬਰਾੜ ਨੂੰ ਮਿਲਣ ਵਾਲੇ ਸਨਮਾਨ ਦੀ ਵਧਾਈ ਦਿੰਦਿਆਂ ਉਹਨਾਂ ਦੇ ਸੁਭਾਅ ਅਤੇ ਲਿਖਤਾਂ ਦਾ ਜ਼ਿਕਰ ਕੀਤਾ। ਇਹਨਾਂ ਤੋਂ ਬਾਅਦ ਸਤਪਾਲ ਕੌਸ਼ਲ ਨੇ ਡਾਕਟਰ ਬਰਾੜ ਨੂੰ ਸਨਮਾਨ ਦੀ ਵਧਾਈ ਦਿੰਦਿਆਂ ਹੋਇਆ ਦੱਸਿਆ ਕਿ ਬੇਸ਼ਕ ਮੈਂ ਸਾਹਿਤਕਾਰ ਨਹੀਂ ਰਿਹਾ ਪਰ ਕੁਝ ਨਾ ਕੁਝ ਪੜ੍ਹ ਕੇ ਸਭਾ ਦੇ ਸਾਹਿਤਕ ਸਮਾਗਮ ਵਿੱਚ ਹਾਜ਼ਰੀ ਲਵਾਉਂਦਾ ਹਾਂ। ਇਹਨਾਂ ਤੋਂ ਬਾਅਦ ਮਾਸਟਰ ਬਚਿੱਤਰ ਸਿੰਘ ਨੇ ਮੈਡਮ ਬਰਾੜ ਦੇ ਸੁਭਾਅ ਅਤੇ ਲਿਖਤਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਕਿਹਾ ਕਿ ਇਹਨਾਂ ਦੀਆਂ ਲਿਖਤਾਂ ਅਤੇ ਰੀਲਾਂ ਨਾਲ਼ ਅੱਜ ਦੁਨੀਆਂ ਭਰ ਵਿੱਚ ਇਹਨਾਂ ਦੀ ਪਛਾਣ ਬਣੀ ਹੋਈ ਹੈ। ਇਹਨਾਂ ਦੇ ਪੰਜਾਬੀ ਅਖਬਾਰ ਵਿੱਚ ਛਪਦੇ ਕਾਲਮ ਦੀ ਵੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਡਾ. ਬਲਵਿੰਦਰ ਕੌਰ ਬਰਾੜ ਨੇ ਸਨਮਾਨ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਇੰਕਾ ਸੀਨੀਅਰ ਸੋਸਾਇਟੀ ਅਤੇ ਗੁਰੂ ਨਾਨਕ ਪੀਸ ਫਾਊਂਡੇਸ਼ਨ ਦਾ ਸਨਮਾਨ ਕਰਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਜਦੋਂ ਤੁਸੀਂ ਆਪਣੇ ਬਾਰੇ ਸੁਣਦੇ ਹੋ ਤਾਂ ਚੰਗਾ ਲੱਗਦਾ ਹੈ ਅਤੇ ਹੋਰ ਵੀ ਜਿਆਦਾ ਲਿਖਣ ਨੂੰ ਮਨ ਕਰਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਆਦਮੀ ਦੀ ਸੋਚ ਹਮੇਸ਼ਾਂ ਹੀ ਸਮਾਜ ਨੂੰ ਉੱਚਾ ਚੁੱਕਣ ਅਤੇ ਸੇਧ ਦੇਣ ਵਾਲੀ ਹੋਣੀ ਚਾਹੀਦੀ ਹੈ। ਤੁਸੀਂ ਜੋ ਬੋਲਦੇ ਹੋ, ਸੋਚਦੇ ਹੋ ਉਸ ਵਿੱਚੋਂ ਬੰਦੇ ਦਾ ਵਿਅਕਤੀਤਵ ਸਾਫ਼ ਨਜ਼ਰ ਆਉਂਦਾ ਹੈ। ਮੈਡਮ ਬਰਾੜ ਤੋਂ ਬਾਅਦ ਮਾਸਟਰ ਬਚਿੱਤਰ ਸਿੰਘ ਨੇ ਆਪਣੀ ਰਵਾਇਤੀ ਕਵਿਸ਼ਰੀ ‘ਮਾਂ ਹੁੰਦੀ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ’ ਗਾ ਕੇ ਸਰੋਤਿਆਂ ਤੋਂ ਖੂਬ ਤਾੜੀਆਂ ਬਟੋਰੀਆਂ। ਅੰਤ ਵਿੱਚ ਇੰਕਾ ਸੀਨੀਅਰ ਸੋਸਾਇਟੀ ਦੇ ਕੁਆਰਡੀਨੇਟਰ ਸਰਦਾਰ ਬਿੱਕਰ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੋਨਾਂ ਸਨਮਾਨਤ ਸ਼ਖਸੀਅਤਾਂ ਡਾ. ਬਲਵਿੰਦਰ ਕੌਰ ਬਰਾੜ ਅਤੇ ਜੋਰਾ ਸਿੰਘ ਧਾਲੀਵਾਲ ਨੂੰ ਵਧਾਈ ਦਿੰਦਿਆਂ ਹੋਇਆ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਇਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਆਪ ਸਨਮਾਨਤ ਮਹਿਸੂਸ ਕਰ ਰਹੇ ਹਾਂ। ਸਟੇਜ ਦੀ ਕਾਰਵਾਈ ਡਾ. ਮੁਖਤਿਆਰ ਸਿੰਘ ਬੱਡੂਵਾਲੀਏ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਈ।