Get Adobe Flash player

ਤਰਕਸ਼ੀਲ ਸੁਸਾਇਟੀ ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਕਰਵਾਇਆ ਗਿਆ ਤਰਕਸ਼ੀਲ ਮੇਲਾ।

ਮੇਪਲ ਪੰਜਾਬੀ ਮੀਡੀਆ ਬਿਉਰੋ: ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਤਰਕਸ਼ੀਲ ਮੇਲਾ 16 ਅਗਸਤ 2025 ਸ਼ਨਿੱਚਰਵਾਰ ਨੂੰ ਚੈਸਟਰਮੇਅਰ ਦੇ ਰੈਕ   ਸੈਂਟਰ ਵਿਚ ਕਰਵਾਇਆ ਗਿਆ। ਇਹ ਮੇਲਾ ਮਰਹੂਮ ਤਰਕਸ਼ੀਲ ਸਾਥੀ ਡਾ ਬਲਜਿੰਦਰ ਸੇਖੋ ਦੀ ਯਾਦ ਨੂੰ ਸਮਰਪਿਤ ਸੀ। ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੇ ਪ੍ਰਧਾਨ ਬਲਦੇਵ ਰਹਿੰਪਾ ਜੀ ਵਿਸ਼ੇਸ਼ ਤੌਰ ਤੇ ਬਰੈਪਟਨ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਆਪਣੇ ਲੈਕਚਰ ਵਿਚ ਸਮਾਜ ਨੂੰ ਨਰੋਆ ਕਰਨ ਲਈ ਤਰਕਸ਼ੀਲ ਸੋਚ ਅਪਣਾਉਣ ਦੀ ਗੱਲ ਕਹੀ। ਸਾਰੇ ਪੋਰਗਾਰਮ ਦਾ ਪ੍ਰਬੰਧ ਸੁਸਾਇਟੀ ਦੇ ਮੈਂਬਰਾਂ ਵੱਲੋਂ ਬੜੇ ਵਧੀਆ ਢੰਗ ਨਾਲ ਕੀਤਾ ਗਿਆ। ਇਸ ਮੇਲੇ ਦਾ ਉਦੇਸ਼ ਸਮਾਜ ਵਿਚ ਇਹ ਚੇਤਨਾ ਪੈਦਾ ਕਰਨਾ ਹੈ ਕਿ ਕਿਸਮਤ ਜਾਂ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਨੂੰ ਮੰਨਣ, ਵਹਿਮ-ਭਰਮ ਕਾਰਨ ਬਹੁਤੇ ਲੋਕਾਂ ਦੀ ਮਿਹਨਤ ਦੀ ਕਮਾਈ ਕੁਝ ਵਿਹਲੜ ਹੜੱਪ ਜਾਂਦੇ ਹਨ। ਗੁਰਪ੍ਰੀਤ ਭਦੋੜ, ਬੀਰਬਲ ਭਦੌੜ ਅਤੇ ਬਲਦੇਵ ਭਦੌੜ ਵੱਲੋਂ ਹੱਥ ਦੀ ਸਫ਼ਾਈ ਦੇ ਜੌਹਰ ਦਿਖਾਕੇ ਜਾਦੂ ਟਰਿੱਕਾਂ ਦਾ ਸੱਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਕਿ ਇਹ ਸਭ ਕਿਵੇਂ ਹੁੰਦਾ ਹੈ। ਸਿਮਰਿਤਾ ਵੱਲੋਂ ਗਾਏ ਗਏ ਸੰਤ ਰਾਮ ਉਦਾਸੀ ਦੇ ਗੀਤਾਂ ਅਤੇ ਅਵਾਜ਼ ਨੂੰ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ ਅਤੇ ਖੁਸ਼ੀ ਵੀ ਹੋਈ ਕਿ ਸਾਡੇ ਕੋਲ ਅਹਿਜੇ ਕਲਾਕਾਰ ਹਨ ਜੋ ਗਾਇਕੀ ਵਿਚ ਤਾਂ ਪ੍ਰਪੱਕ ਹਨ ਹੀ ਨਾਲ ਹੀ ਉਸਾਰੂ ਸਮਾਜ ਵਿਚ ਯੋਗਦਾਨ ਪਾਉਣ ਨੂੰ ਤਰਜ਼ੀਹ ਦਿੰਦਿਆ ਵਧੀਆ ਅਤੇ ਲੋਕ ਪੱਖੀ ਗਾਇਕੀ ਨਾਲ ਜੁੜੇ ਹਨ। ਇਹਨਾਂ ਦਾ ਬਹੁਤ ਮਸ਼ਹੂਰ ਫੇਸਬੁੱਕ ਪੇਜ ਦੋਹਾਂ ਭੈਣਾਂ “ਰਮਨੀਕ ਅਤੇ ਸਿਮਰਿਤਾ” ਦੇ ਨਾਮ ਨਾਲ ਹੈ ਜਿਸਨੂੰ ਫਾਅਲੋ ਕਰਕੇ ਇਹਨਾਂ ਦੀ ਗਾਇਕੀ ਦਾ ਅਨੰਦ ਮਾਣਿਆ ਜਾ ਸਕਦਾ ਹੈ।

                                 ਇਸ ਤਰਕਸ਼ੀਲ ਮੇਲੇ ਦਾ ਮੁੱਖ ਅਕਾਰਸ਼ਨ ਦਵਿੰਦਰ ਦਮਨ ਦਾ ਲਿਖਿਆ ਨਾਟਕ’ਛਿਪਣ ਤੋਂ ਪਹਿਲਾਂ’ ਸੀ, ਜੋ ਅਦਾਕਾਰ ਅਤੇ ਨਿਰਦੇਸ਼ਕ ਡਾ ਸੁਰਿੰਦਰ ਸ਼ਰਮਾ ਜੀ ਦੀ ਅਗਵਾਈ ਵਿਚ ਪੇਸ਼ ਕੀਤਾ ਗਿਆ। ਨਾਟਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਉਸ ਸਮੇਂ ਨਾਲ ਸਬੰਧਤ ਹੈ ਜਦੋਂ ਉਹ ਫਾਂਸੀ ਚੱਕੀ ਵਿਚ ਕੈਦ ਸੀ। ਇਸ ਨਾਟਕ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਸਮਝਦਾਰ ਅਤੇ ਸਮੇਂ ਤੋਂ ਅਗਾਹ ਦੀ ਗੱਲ ਕਰਨ ਵਾਲਾ 23 ਸਾਲਾਂ ਨੌਜਵਾਨ ਸੀ ਅਤੇ ਉਸਦੀ ਇਸ ਪਰਪੱਕ ਅਤੇ ਉੱਚੀ ਸੋਚ ਦੇ ਪਿੱਛੇ ਸੀ ਉਸਾਰੂ ਸਾਹਿਤ ਜਿਸਨੇ ਉਸਨੂੰ ਨਿੱਕੀ ਉਮਰ ਵਿਚ ਹੀ ਇੰਨਾ ਸਮਝਦਾਰ ਬਣਾ ਦਿੱਤਾ ਕਿ ਉਸ ਲਈ ਅਜ਼ਾਦੀ ਦਾ ਅਰਥ ਸੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਬੰਦ ਹੋਣਾ। ਭਗਤ ਸਿੰਘ ਅਤੇ ਦੂਸਰੇ ਪਾਤਰਾਂ ਦਾ ਨਾਟਕ ਵਿਚ ਬਹੁਤ ਵਧੀਆ ਕੰਮ ਦੱਸਦਾ ਸੀ ਕਿ ਇਸ ਪਿੱਛੇ ਸੁਰਿੰਦਰ ਸ਼ਰਮਾ ਜੀ ਦੀ ਕਿੰਨੀ ਮਿਹਨਤ ਹੈ,ਬੜੇ ਲੰਮੇ ਸਮੇਂ ਤੋਂ ਉਸਾਰੂ ਸਮਾਜ ਦੇ ਸਰੋਕਾਰਾਂ ਨਾਲ ਜੁੜੇ ਸੁਰਿੰਦਰ ਸ਼ਰਮਾ ਜੀ ਅਦਾਕਾਰੀ, ਨਿਰਦੇਸ਼ਨਾ ਅਤੇ ਸਮਾਜ ਦੇ ਹਰ ਪੱਖ ਬਾਰੇ ਜਾਣਕਾਰੀ ਰੱਖਦੇ ਹਨ। ਉਹ ਕਿਸੇ ਕਲਾਕਰ ਨੂੰ ਦੇਖਕੇ ਹੀ ਦੱਸ ਦਿੰਦੇ ਹਨ ਕਿਸ ਕਲਾਕਰ ਲਈ ਕਿਹੜੇ ਪਾਤਰ ਦਾ ਰੋਲ ਸਹੀ ਬੈਠਦਾ ਹੈ। ਇਸ ਨਾਟਕ’ਛਿਪਣ ਤੋਂ ਪਹਿਲਾਂ’ ਵਿਚ ਉਹਨਾਂ ਦੀ ਅਦਾਕਾਰੀ ਨੇ ਬੋਧਾ ਸਿੰਘ ਜਿਸਨੂੰ ਭਗਤ ਸਿੰਘ ‘ਬੇਬੇ’ ਦੇ ਨਾਮ ਨਾਲ ਬਲਾਉਂਦਾ ਹੈ ਹਾਲ ਦੇ ਦਰਸ਼ਕਾ ਦਾ ਧਿਆਨ ਸਟੇਜ ਤੋਂ ਪਾਸੇ ਨਹੀਂ ਜਾਣ ਦਿੱਤਾ। ਕੁੱਲ ਮਿਲਾਕੇ ਇਹ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ। ਸਟੇਜ ਸੰਚਾਲਨ ਬੀਰਬਲ ਭਦੌੜ ਵੱਲੋਂ ਬਾਖੂਬੀ ਕੀਤਾ ਗਿਆ, ਤਰਕਸ਼ੀਲ ਸੁਸਾਇਟੀ ਦੇ ਹੋਰ ਕਾਰਜਕਾਰੀ ਮੈਂਬਰਾਂ ਜਸਵੀਰ ਸਿੰਘ ਆਹਲੂਵਾਲੀਆ,ਜਗਤਾਰ ਸਿੰਘ, ਨਵਤੇਜ ਧਾਲੀਵਾਲ, ਗੋਪਾਲ ਕਾਉਂਕੇ,ਲਖਵੀਰ ਸਿੰਘ, ਜਗਜੀਤ ਤੇਜਾ ਦਾ ਇਸ ਸਮਾਗਮ ਦੀ ਸਫਲਤਾ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਅਖੀਰ ਵਿਚ ਕੈਲਗਰੀ ਇਕਾਈ ਦੇ ਪ੍ਰਧਾਨ ਦਰਸ਼ਨ ਔਜਲਾ (403-606-6445)ਵੱਲੋਂ ਸਭ ਹਾਜਰ਼ੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।(ਰਿਪੋਰਟ : ਬਲਜਿੰਦਰ ਸੰਘਾ, ਫੋਟੋ ਸਰੋਤ: ਤਰਕਸ਼ੀਲ ਸੁਸਾਇਟੀ ਗਰੁੱਪ)