Get Adobe Flash player

ਡਾਕਟਰ ਮੁਖਤਿਆਰ ਸਿੰਘ (ਕੈਲਗਰੀ):- ਮਿਤੀ 26 -7- 2025 ਨੂੰ ਪੰਜਾਬੀ ਸਹਿਤ ਸਭਾ ਸ਼ਬਦ ਸਾਂਝ ਵੱਲੋਂ ਜਰਨੈਲ ਸਿੰਘ ਵਾਸੀ ਵੈਨਕੂਵਰ ਦੀਆਂ ਕਹਾਣੀਆਂ ਤੇ ਸੈਮੀਨਾਰ ਐਕਸ ਸਰਵਿਸਮੈਨ ਸੁਸਾਇਟੀ ਕੈਲਗਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਰਨੈਲ ਸਿੰਘ ਦੀਆਂ ਕਹਾਣੀਆਂ ਤੇ ਸ਼ਬਦ ਸਾਂਝ ਦੇ ਵਿਦਵਾਨ ਮੈਂਬਰਾਂ ਨੇ ਉਹਨਾਂ ਦੀਆਂ ਕਹਾਣੀਆਂ ਤੇ ਲਿਖੀ ਕਿਤਾਬ ‘ਦ੍ਰਿਸ਼ਟੀ, ਦ੍ਰਿਸ਼ਟੀਕੋਣ ਅਤੇ ਸਿਰਜਣਾ’ ਲੋਕ ਅਰਪਣ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੂੰ  ਕਹਾਣੀ ਦੇ ਖੇਤਰ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਸਭਾ ਦੇ ਸਰਗਰਮ ਮੈਂਬਰ ਅਤੇ ਰੇਡੀਓ ਰੈਡ ਐਫ ਐਮ ਦੇ ਕੈਲਗਰੀ ਦੇ ਹੋਸਟ ਸ਼੍ਰੀ ਰਿਸ਼ੀ ਨਾਗਰ ਨੇ ਵੱਡੀ ਗਿਣਤੀ ਵਿੱਚ ਪਹੁੰਚੇ  ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆ ਕਹਿੰਦਿਆਂ  ਉਹਨਾਂ ਦਾ ਧੰਨਵਾਦ ਕਰਦਿਆਂ ਸ਼ਬਦ ਸਾਂਝ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਉਸ ਤੋਂ ਬਾਅਦ ਸਭਾ ਦੇ ਫਾਇਨਾਂਸ ਸਕੱਤਰ ਡਾਕਟਰ ਹਰਭਜਨ ਸਿੰਘ ਢਿੱਲੋਂ  ਨੇ ਸਬਦ ਸਾਂਝ ਦੇ ਕੰਮਾਂ ਬਾਰੇ ਅਤੇ ਹੁਣ ਤੱਕ ਲਿਖੀਆਂ ਗਈਆਂ ਕਿਤਾਬਾਂ ਦਾ ਜ਼ਿਕਰ ਕਰਦਿਆਂ ਸਭਾ ਵੱਲੋਂ ਪਾਏ ਵੱਡੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਆਰਟੀਕਲਾਂ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਹਨਾਂ ਤੋਂ ਬਾਅਦ ਸਭਾ ਦੇ ਉਪ ਪ੍ਰਧਾਨ ਡਾਕਟਰ ਲਖਬੀਰ ਸਿੰਘ ਰਿਆੜ ਨੇ ਜਰਨੈਲ ਸਿੰਘ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੁਆਰਾ ਕੀਤੇ ਵੱਖ ਵੱਖ ਕਿੱਤਿਆਂ ਤੋਂ ਵੀ ਜਾਣੂ ਕਰਵਾਇਆ। ਡਾਕਟਰ ਲਖਬੀਰ ਸਿੰਘ ਰਿਆੜ ਨੇ ਜਰਨੈਲ ਸਿੰਘ ਦੇ ਸਾਹਿਤਿਕ ਸਫ਼ਰ ਬਾਰੇ ਵਿਸਥਾਰ ਨਾਲ ਦੱਸਦਿਆਂ ਉਹਨਾਂ ਨੂੰ ਵੱਖ-ਵੱਖ ਸਭਾਵਾਂ ਵੱਲੋਂ ਦਿੱਤੇ ਗਏ ਸਨਮਾਨਾਂ ਦਾ ਵੀ ਜ਼ਿਕਰ ਕੀਤਾ। ਇਹਨਾਂ ਤੋਂ ਬਾਅਦ ਸੁਖਮੰਦਰ ਸਿੰਘ ਗਿੱਲ ਨੇ ਆਪਣਾ ਬਹੁਤ ਹੀ ਪਿਆਰਾ ਗੀਤ ਹੁਣ ਨਾ ਬੀਜੋ ਰਫ਼ਲਾਂ ਦੁਨਾਲੀਆਂ ਗਾ ਕੇ ਆਪਣੀ ਹਾਜ਼ਰੀ ਲਵਾਈ। ਇਹਨਾਂ ਤੋਂ ਬਾਅਦ ਡਾਕਟਰ ਸਰਬਜੀਤ ਕੌਰ ਜਵੰਧਾ ਨੇ ਜਰਨੈਲ ਸਿੰਘ ਦੀਆਂ ਕਹਾਣੀਆਂ ਤੇ ਵਿਸਥਾਰ ਪੂਰਵਕ ਪੇਪਰ ਪੜ੍ਹਦਿਆਂ ਉਹਨਾਂ ਦੁਆਰਾ ਕਹਾਣੀ ਖੇਤਰ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਹਾਣੀਆਂ ਤੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਹਰੇਕ ਅਧਿਅਨ ਕਰਤਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਦੁਰਹਾਅ ਤੋਂ ਕਿਵੇਂ ਬਚਿਆ ਜਾਵੇ। ਕਿਉਂਕਿ ਇਹਨਾਂ ਦੀਆਂ ਰਚਨਾਵਾਂ ਉੱਪਰ ਪਹਿਲਾਂ ਹੀ ਬਹੁਤ ਕੰਮ ਹੋ ਚੁੱਕਾ ਹੈ ਅਤੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਰਚਨਾਵਾਂ ਦੀ ਚੋਣ ਵਿੱਚ ਦੁਹਰਾਅ ਹੋ ਸਕਦਾ ਹੈ ਪਰ ਅਧਿਅਨ ਵਿੱਚ ਨਹੀਂ ਕਿਉਂਕਿ ਹਰ ਲੇਖਕ ਦਾ ਆਪਣਾ ਨੁਕਤਾ-ਏ- ਨਿਗਾਹ, ਸਮਰੱਥਾ ਅਤੇ ਵਿਸ਼ੇਸ਼ਤਾ ਹੈ। ਉਹਨਾਂ ਦੀ ਹਰ ਇੱਕ ਕਹਾਣੀ ਦਾ ਜ਼ਿਕਰ ਕਰਦਿਆਂ ਖਾਸ ਕਰਕੇ ਉਹਨਾਂ ਦੇ ‘ਟਾਵਰਜ’ ਕਹਾਣੀ ਸੰਗ੍ਰਹਿ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਰਨੈਲ ਸਿੰਘ ਹੋਰਾਂ ਦੀ ਰਚਨਾ ਦ੍ਰਿਸ਼ਟੀ ਸਮਾਜਿਕ ਅਤੇ ਵਿਗਿਆਨਿਕ ਮਾਡਲਾਂ ਨੂੰ ਆਧਾਰ ਬਣਾ ਕੇ ਜੀਵਨ ਵਿਚਲੀ ਟੁੱਟ ਭੱਜ ਅਤੇ ਸਮਕਾਲੀ ਸਮੱਸਿਆਵਾਂ ਦੀ ਮਨੋਵਿਗਿਆਨਿਕ ਤੇ ਯਥਾਰਥਕ ਪੇਸ਼ਕਾਰੀ ਹੈ। ‘ਪਾਣੀ’ ਕਹਾਣੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪਾਣੀ ਸਮੁੱਚੀ ਦ੍ਰਿਸ਼ਟੀ ਦਾ ਆਧਾਰ ਹੈ ਇਹ ਸਭ ਤੋਂ ਉੱਤਮ ਹੈ। ਬਾਣੀ ਅਨੁਸਾਰ ‘ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭੁ ਕੋਇ’ ਦਾ ਜਿਕਰ ਕੀਤਾ। ਉਹਨਾਂ ਕਿਹਾ ਕਿ ਪਾਣੀ ਮਨੁੱਖ ਦੀ ਤ੍ਰਿਪਤੀ ਲਈ ਜਰੂਰੀ ਹੈ। ਦਰਿਆਵਾਂ ਤੇ ਸਮੁੰਦਰ ਦੀ ਰਵਾਨਗੀ ਮਨੁੱਖ ਅੰਦਰ ਸਕਾਰਤਮਕ ਨਜ਼ਰੀਆ ਸਿਰਜਣ ਦੇ ਨਾਲ ਉਸ ਦੇ ਅਗਾਂਹ ਵੱਲ ਤੁਰਨ ਦਾ ਪ੍ਰਤੀਕ ਹੈ। ਇਹਨਾਂ ਤੋਂ ਬਾਅਦ ਡਾਕਟਰ ਜਗਰੁਪ ਸੇਖੋਂ ਨੇ ਜਰਨੈਲ ਸਿੰਘ ਦੀ ਦੀਆਂ ਕਹਾਣੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਸਭਾ ਵੱਲੋਂ ਕੀਤੇ ਗਏ ਸਨਮਾਨ ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਕਹਾਣੀ ਖੇਤਰ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਇਹਨਾਂ ਤੋਂ ਬਾਅਦ ਮਾਸਟਰ ਬਚਿੱਤਰ ਸਿੰਘ ਗਿੱਲ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਕਵੀਸ਼ਰੀ ‘ਬਚ ਲੋ ਜੇ ਬਚ ਸਕਦੇ ਇਹਨਾਂ ਠੱਗ ਲੁਟੇਰਿਆਂ ਤੋਂ’ ਗਾ ਕੇ ਖੂਬ ਪ੍ਰਸੰਸਾ ਖੱਟੀ। ਇਹਨਾਂ ਤੋਂ ਬਾਅਦ ਸਰਦਾਰ ਜਰਨੈਲ ਸਿੰਘ ਨੇ ਆਪਣੇ ਕਹਾਣੀ ਸਫਰ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਕਹਾਣੀ ਕਿਵੇਂ ਲਿਖਦੇ ਹਨ। ਉਹਨਾਂ ਦਾ ਸਮੁੱਚਾ ਆਧਾਰ ਚਾਰ ਅਸੂਲਾਂ ਤੇ ਕੇਂਦਰਿਤ ਹੈ ਜਿਸ ਵਿੱਚ ਸੰਘਰਸ਼, ਸਹਿਜਤਾ, ਸੰਤੁਲਨ ਅਤੇ ਸੰਪੂਰਨਤਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਸਿਰਫ 12 ਜਮਾਤਾਂ ਹੀ ਪਾਸ ਕਰ ਸਕੇ। ਬਾਕੀ ਦੀ ਪੜ੍ਹਾਈ ਉਹਨਾਂ ਨੇ ਨੌਕਰੀ ਦੌਰਾਨ ਕੀਤੀ। ਅੰਗਰੇਜ਼ੀ ਅਤੇ ਐਮ ਏ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ ਵਿਹਾਰ ਕੋਰਸ ਰਾਹੀਂ ਪੂਰੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪੜ੍ਹਨ ਦੀ ਰੁਚੀ ਆਪਣੇ ਘਰ ਵਿੱਚੋਂ ਹੀ ਲੱਗੀ। ਨੌਕਰੀ ਕਰਦਿਆਂ ਉਹਨਾਂ ਨੇ ਕਈ ਨਾਵਲ ਪੜ੍ਹੇ ਤੇ ਉਹਨਾਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਨਾਵਲ ਸੰਯੋਗ ਵਿਜੋਗ ਲਿਖਿਆ। ਪਰ ਐਮ ਏ ਕਰਦਿਆਂ ਉਹਨਾਂ ਨੇ ਕਈ ਲੇਖਕਾਂ ਦੀਆਂ ਕਹਾਣੀਆਂ ਪੜ੍ਹੀਆਂ ਤੇ ਉਹਨਾਂ ਦਾ ਝੁਕਾਅ ਕਹਾਣੀ ਖੇਤਰ ਵੱਲ ਹੋ ਗਿਆ। ਜਿਸ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਕਹਾਣੀ ‘ਚਾਬੀ’ ਲਿਖੀ। ਉਸ ਤੋਂ ਬਾਅਦ ਉਹਨਾਂ ਦਾ ਸਫਰ ਅੱਜ ਤੱਕ ਨਿਰੰਤਰ ਜਾਰੀ ਹੈ। ਉਹਨਾਂ ਤੋਂ ਬਾਅਦ ਪ੍ਰੋਫੈਸਰ ਸਿਕੰਦਰ ਖਾਨ ਨੇ ਆਪਣੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸਮੂਹ ਮੈਂਬਰਾਂ ਅਤੇ ਆਏ ਹੋਏ ਸਾਹਿਤਕ ਪ੍ਰੇਮੀਆਂ ਨੂੰ ਉਸ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਅੰਤ ਵਿੱਚ ਸਭਾ ਦੀ ਪ੍ਰਧਾਨ ਡਾਕਟਰ ਬਲਵਿੰਦਰ ਕੌਰ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਰਦਾਰ ਜਰਨੈਲ ਸਿੰਘ ਦੇ ਕਹਾਣੀ ਜਗਤ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਭਰਪੂਰ ਪ੍ਰਸੰਸਾ ਕੀਤੀ।ਸਾਹਿਤਕ ਪ੍ਰੇਮੀਆਂ ਦਾ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣ ਲਈ ਧੰਨਵਾਦ ਕੀਤਾ। ਸਟੇਜ ਦੀ ਸੇਵਾ ਡਾਕਟਰ ਮੁਖਤਿਆਰ ਸਿੰਘ ਨੇ ਬਾਖੂਬੀ ਨਿਭਾਈ।