Get Adobe Flash player

ਕੋਈ ਵੀ ਚੇਤਨ ਮਨੁੱਖ ਜਦੋਂ ਮਨੁੱਖ ਦੀ ਹੋਂਦ ਤੋਂ ਹੁਣ ਤੱਕ ਦਾ ਸਫਰ ਦੇਖਦਾ ਹੈ ਤਾਂ ਉਹ ਸਮੇਂ ਦੇ ਵੱਖ ਵੱਖ ਪੜਾਵਾਂ, ਦੇਸ਼ ਅਤੇ ਵਿਦੇਸ਼, ਵਿਸ਼ਵਾਸਾਂ ਅਤੇ ਅੰਧਵਿਸ਼ਵਾਸਾਂ, ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਪੱਖਾਂ ਤੋਂ ਪੜਚੋਲ ਕਰਦਾ ਹੈ। ‘ਮੌਜੂਦਾ ਸਮੇਂ ਦਾ ਸੱਚ’ਵੀ ਸਤਿਕਾਰਤ ਹਸਤੀ ਜਸਵੰਤ ਜ਼ੀਰਖ ਦੇ ਵੱਖ ਵੱਖ ਸਮੇਂ ਤੇ ਲਿਖੇ 19 ਲੇਖਾ ਦਾ ਸੰਗ੍ਰਹਿ ਹੈ। ਸਾਰੇ ਲੇਖ ਉਪਰੋਤਕ ਵਿਸਿ਼ਆ ਦੀ ਚੀਰ-ਫਾੜ ਬਹੁਤ ਹੀ ਸੰਜੀਦਾ, ਗੰਭੀਰ ਅਰਥ-ਭਰਭੂਰ ਪਰ ਸੌਖੀ ਸ਼ਬਦਾਵਲੀ ਵਿਚ ਕਰਦੇ ਹਨ। ਲੋਕਾਂ ਨੂੰ ਜਾਗਣ ਅਤੇ ਸੁਚੇਤ ਹੋਣ ਦਾ ਹੋਕਾ ਦਿੰਦੇ ਹੋਏ ਦੇਸ਼ ਦੁਨੀਆਂ ਨੂੰ ਮਨੁੱਖ ਦੇ ਰਹਿਣਯੋਗ ਬਣਾਉਣ ਲਈ ਵਿਗਿਆਨਿਕ ਨਜ਼ਰੀਆਂ ਅਪਣਾਉਣ ਲਈ ਮਾਰਗ ਦਰਸ਼ਨ ਕਰਦੇ ਹਨ। ਉਹਨਾਂ ਅਨੁਸਾਰ ਸਿਆਸਤਦਾਨਾਂ ਅਤੇ ਧਰਮ ਦੇ ਨਾਮ ਹੇਠ ਛੁਪੇ ਪਾਖੰਡੀ ਬਾਬਿਆਂ ਨੇ ਲੋਕ ਚੇਤਨਾ ਨੂੰ  ਬਹੁਤ ਢਾਅ ਲਾਈ ਹੈ। ਇਹ ਬਾਬੇ ਲੋਕਾਂ ਨੂੰ ਕਿਸਮਤਵਾਦੀ ਬਣਾਕੇ ਰੱਖਦੇ ਹਨ ਅਤੇ ਜਿਸ ਨਾਲ ਲੋਕ ਆਪਣੀ ਗਰੀਬੀ ਅਤੇ ਹੋਰ ਮਾੜੀਆਂ ਹਾਲਤਾਂ ਲਈ ਆਪਣੇ ਕਰਮਾਂ ਨੂੰ ਦੋਸ਼ੀ ਮੰਨਦੇ ਹਨ, ਸਿਆਸਤਾਦਾਨਾਂ ਅਤੇ ਸਰਕਾਰਾਂ ਨੂੰ ਇਹ ਗੱਲ ਬਹੁਤ ਠੀਕ ਬੈਠਦੀ ਹੈ, ਕਿੳਂਕਿ ਲੋਕ ਕਿਸੇ ਸਰਾਕਰਾਂ ਉੱਪਰ ਹੱਕ ਸੱਚ ਦਾ ਕੰਮ ਕਰਨ ਦਾ ਏਕੇ ਨਾਲ ਦਬਾਅ ਪਾਉਣ ਦੀ ਬਜਾਇ ਇਹਨਾਂ ਸਾਧਾਂ ਦੇ ਡੇਰਿਆਂ ਵਿਚ ਆਪਣੇ ਦੁੱਖਾਂ ਅਤੇ ਗਰੀਬੀ ਤੋਂ ਛੁਟਕਾਰੇ ਲਈ ਪਾਠ ਪੂਜਾ ਵਿਚ ਲੱਗੇ ਰਹਿੰਦੇ ਹਨ। ਸਿਆਸਤਦਾਨ ਬੜੀ ਚਲਾਕੀ ਨਾਲ ਇਹਨਾਂ ਦੇ ਡੇਰਿਆਂ ਉੱਪਰ ਸਮੇਂ-ਸਮੇਂ ਮੱਥੇ ਰਗੜਦੇ ਤੇ ਚੜਾਵੇ ਦਿੰਦੇ ਹਨ ਜਿਸ ਨਾਲ ਥੋੜਾ ਬਹੁਤਾ ਵਿਰੋਧ ਕਰਨ ਵਾਲੇ ਲੋਕ ਵੀ ਦਬਾਅ ਹੇਠ, ਜਾਂ ਕੱਚੀ ਸਮਝ ਹੇਠ ਇਹ ਸੋਚਕੇ ਕਿ ਜੇਕਰ ਇੱਥੇ ਵੱਡੇ ਵੱਡੇ ਨੇਤਾ ਸ਼ਰਧਾ ਰੱਖਦੇ ਹਨ ਤਾਂ ਜਰੂਰ ਕੋਈ ਕਰਾਮਾਤੀ ਬਾਬੇ ਹਨ ਅਤੇ ਉਹਨਾਂ ਦੇ ਮਗਰ ਲੱਗ ਜਾਂਦੇ ਹਨ। ਸਿਰਫ਼ ਗਿਣਤੀ ਦੇ ਚੇਤਨ ਲੋਕ ਹੀ ਪਿੱਛੇ ਰਹਿ ਜਾਂਦੇ ਜੋ ਚਾਹੁੰਦੇ ਹੋਏ ਵੀ ਅਜਿਹੇ ਗੱਠਜੋੜਾ ਦਾ ਭਾਡਾਂ ਨਹੀਂ ਭੰਨ ਸਕਦੇ। ਲੇਖਕ ਸਿਆਸਤਦਾਨਾਂ ਅਤੇ ਬਾਬਿਆਂ ਦੇ ਗਠਜੋੜ ਨੂੰ ਸਮਝਣ ਲਈ ਹਰ ਮਨੁੱਖ ਨੂੰ ਬਹੁਤੇ ਲੇਖਾ ਵਿਚ ਹਨਾਂ ਦੇ ਕਾਰਨ ਦੱਸਕੇ ਸੁਚੇਤ ਹੋਣ ਅਤੇ ਇਹ ਦਬਾਅ ਸਰਕਾਰਾਂ ਤੇ ਬਣਾਉਣ ਲਈ ਕਹਿੰਦਾ ਹੈ ਕਿ ਇਸਦਾ ਹੱਲ ਇਹੀ ਹੈ ਵੋਟਾਂ ਲੈਣ ਸਾਧਾਂ ਦੇ ਡੇਰਿਆਂ ਵੱਲ ਜਾਣ ਵਾਲੇ ਸਿਆਸਤਦਾਨਾਂ ਦੀ ਮਾਨਤਾ ਰੱਦ ਹੋਣ ਦੇ ਕਾਨੂੰਨ ਬਣਾਏ ਜਾਣ।

                                  ਧਰਮਾਂ ਦੇ ਨਾਮ ਉੱਪਰ ਸਿਆਸਤ ਕਰਦੇ ਸਿਆਸੀ ਲੋਕਾਂ ਅਤੇ ਅੰਧਵਵਿਸ਼ਵਸਾਂ ਦਾ ਗਲਬਾ ਲਾਹੁਣ ਲਈ ਲੇਖਕ ਵਾਰਵਾਰ ਹਰ ਲੇਖ ਵਿਚ ਲੋਕਾਂ ਨੂੰ ਸੁਚੇਤ ਹੋਣ ਦਾ ਹੋਕਾ ਦਿੰਦਾ ਹੈ। ਇਸ ਲਈ ਉਹ ਧਰਮਾਂ ਦੇ ਨਾਮ ਉੱਪਰ ਲੋਕਾਂ ਨੂੰ ਵੰਡਕੇ ਹੁਣ ਤੱਕ ਹੋਈਆਂ ਕਤਲੋਗਾਰਤਾਂ, ਧਾਰਮਿਕ ਭਾਵਨਾਵਾਂ ਭਟਾਕਾਉਣ ਦੇ ਨਾਮ ਤੇ ਲਾਈਆਂ ਕਾਨੂੰਨੀ ਧਾਰਵਾਂ, ਧਰਮਾਂ ਦੇ ਗਲਬੇ ਹੇਠ ਵਿਗਿਆਨੀਆਂ ਉੱਪਰ ਕੀਤੇ ਅੱਤਿਆਚਾਰ ਬਾਰੇ ਚਾਨਣਾ ਪਾਉਂਦਾ ਹੈ। ਪਰ ਦੂਸਰੇ ਪਾਸੇ ਇਸ ਦੇ ਬਾਵਜੂਦ ਵਿਗਿਆਨ ਦੁਆਰਾ ਕੀਤੇ ਅਣਗਿਣਤ ਪ੍ਰਯੋਗ ਜੋ ਸੱਚ ਸਿੱਧ ਹੋਏ ਅਤੇ ਲੋਕ ਕੁਦਰਤ ਦੇ ਉਹ ਰਹੱਸ ਜਾਣ ਸਕੇ ਜਿਹਨਾਂ ਨੂੰ ਦੇਖਕੇ ਪਹਿਲਾ ਉਹ ਡਰ ਜਾਇਆ ਕਰਦੇ ਸਨ ਦਾ ਹਵਾਲਾ ਦੇ ਕੇ ਆਪਣੀ ਬੁੱਧੀ ਨੂੰ ਤਰਾਸ਼ਣ ਅਤੇ ਅੰਧਵਿਸ਼ਵਾਸ਼ੀ ਬਣਕੇ ਹਰ ਗੱਲ ਉੱਪਰ ਭਰੋਸਾ ਕਰਨ ਦੀ ਬਜਾਇ ਵਿਗਿਆਨਿਕ ਨਜ਼ਰੀਏ ਨਾਲ ਸਮਾਜ ਦੀ ਹਰ ਸਥਿਤੀ ਨੂੰ ਸਮਝਣ ਲਈ ਕਹਿੰਦਾ ਹੈ। ਉਸ ਅਨੁਸਾਰ ਜਦੋਂ ਲੋਕ ਸੁਚੇਤ ਹੋ ਗਏ ਤਾਂ ਫਿਰ ਕੋਈ ਵੀ ਦੇਸ਼ ਦਾ ਚੌਕੀਦਾਰ ਤੂਹਾਨੂੰ ਕਰੋਨਾਂ ਵਰਗੀਆਂ ਮਹਾਮਾਰੀਆਂ ਦਾ ਇਲਾਜ ਭਾਂਡੇ ਖੜਕਾਕੇ ਕਰਨ ਨੂੰ ਨਹੀਂ ਕਹੇਗਾ ਅਤੇ ਨਾ ਹੀ ਗਰੀਬੀ, ਸਿੱਖਿਆ ਸਿਹਤ ਸਹੂਲਤਾਂ, ਬੇਰੁਜ਼ਗਾਰੀ, ਮਹਿੰਗਾਈ ਲਈ ਸਿਆਤਦਾਨ ਖੋਖਲੇ ਵਾਅਦੇ ਕਰਨਗੇ। ਪਰ ਇਸ ਸਭ ਲਈ ਲੋਕਾਂ ਨੂੰ ਇਕੱਠੇ ਹੋਣਾ ਪਵੇਗਾ। ਪਰ ਲੋਕ ਇਕੱਠੇ ਤਾਂ ਹੀ ਹੋ ਸਕਦੇ ਹਨ ਜੇਕਰ ਉਹ ਧਰਮਾਂ, ਜਾਤਾਂ ਤੋਂ ਉੱਪਰ ਉੱਠਕੇ ਵਿਹਲੜ ਪੁਜਰੀਆਂ ਦੇ ਪੈਰੀ ਪੈਣ ਦੀ ਬਜਾਇ ਵਿਗਿਆਨਿਕ ਨਜ਼ਰੀਆਂ ਅਪਣਾਕੇ ਇਕੱਠੇ ਹੋਕੇ ਮੁੱਦੇ ਵਿਚਾਰਨਗੇ। ਸਾਂਝੀ ਖੇਤੀ, ਸਾਂਝੇ ਕਾਰੋਬਾਰ ਲੋਕਾਂ ਨੂੰ ਇਕੱਠੇ ਕਰ ਸਦੇ ਹਨ ਲੇਖਕ ਇਸ ਪਾਸੇ ਤੁਰਨ ਦਾ ਰਾਹ ਦੱਸਦਾ ਹੈ।

 ਬਲਜਿੰਦਰ ਸੰਘਾ      

                                           ਬੇਨਤੀ ਕਰਦਾ ਹਾਂ ਕਿ ਬੜੀ ਸਰਲ, ਸਪੱਸ਼ਟ ਅਤੇ ਆਮ ਬੰਦੇ ਦੇ ਸਮਝ ਆਉਣ ਵਾਲੇ ਲੇਖ ਦਾ ਇਹ ਸੰਗ੍ਰਹਿ ਜਿਹਨਾਂ ਦੇ ਅਰਥ ਗੰਭੀਰ ਹਨ ਸਾਨੂੰ ਸਭ ਨੂੰ ਪੜਨਾ,ਵਿਚਾਰਨਾ ਅਤੇ ਇਹਨਾਂ ਰਾਹਾਂ ਦੇ ਰਾਹੀ ਬਣਨਾ ਚਾਹੀਦਾ ਹੈ। ਸਤਿਕਾਰਤ ਜਸਵੰਤ ਜ਼ੀਰਖ ਨੂੰ ਚੇਤਨਾਂ ਪ੍ਰਕਾਸ਼ਨ ਵੱਲੋਂ ਛਾਪੀ ਇਸ ਕਿਤਾਬ ਦੀ ਬਹੁਤ ਬਹੁਤ ਵਧਾਈ।                                                                                                                                           

                                      

                                                                                                                                                          

                www.maplepunjabimedia.com