Get Adobe Flash player

ਕੈਲਗਰੀ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ 5 ਜੁਲਾਈ, 2025 ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਪੰਜਾਬੀ ਦੀ ਸਥਾਪਿਤ ਲੇਖਕਾ ਗੁਰਚਰਨ ਕੌਰ ਥਿੰਦ ਦੀ ਨਵਪ੍ਰਕਾਸ਼ਿਤ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਲੋਕ ਅਰਪਣ ਕੀਤੀ ਗਈ। ਇਹ ਉਨ੍ਹਾਂ ਦੀ ਸੰਨ 2023 ਦੇ ਫਰਵਰੀ ਮਹੀਨੇ ਲਹਿੰਦੇ ਪੰਜਾਬ ਦੀ 14 ਦਿਨ ਦੀ ਯਾਤਰਾ ਦਾ ਸੁਚਿੱਤਰ ਸਫ਼ਰਨਾਮਾ ਹੈ। ਬਲਵਿੰਦਰ ਕੌਰ ਬਰਾੜ, ਜੋ ਇਸ ਕਿਤਾਬ ਦੇ ਮੁਖ-ਬੰਦ ਦੇ ਰਚੇਤਾ ਹਨ, ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦੇ ਨਾਲ ਨਾਲ ਆਪਣੀ ਲਹਿੰਦੇ ਪੰਜਾਬ ਦੀ ਸੰਖੇਪ ਫੇਰੀ ਦੇ ਤਜਰਬੇ ਅਤੇ ਅਨੁਭਵ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਫ਼ਰਨਾਮੇ ਵਿੱਚ ਵਿਸ਼ੇਸ਼ ਤੌਰ ਤੇ ਮੁਲਾਕਾਤਾਂ ਵਾਲਾ ਹਿੱਸਾ ਅਤਿ ਅਹਿਮ ਹੈ। ਇਸ ਵਿੱਚ ਲਹਿੰਦੇ ਪੰਜਾਬ ਦੀਆਂ ਨਾਮਵਰ ਹਸਤੀਆਂ ਆਸ਼ਿਕ ਰਹੀਲ, ਈਸਾਨ ਬਾਜਵਾ, ਬਾਬਾ ਨਜ਼ਮੀ, ਦੀਪ ਸਾਈਦਾ ਅਤੇ ਅਹਿਮਦ ਰਜ਼ਾ ਪੰਜਾਬੀ ਨਾਲ  ਲੇਖਿਕਾ ਦੁਆਰਾ ਪੰਜਾਬੀ ਨੈਸ਼ਨਲ  ਟੀ.ਵੀ. ਲਈ ਕੀਤੀਆਂ ਮੁਲਾਕਾਤਾਂ ਦਾ ਹਰਫ਼-ਬਹਰਫ਼ ਅੱਖਰੀਕਰਨ ਸ਼ਾਮਲ ਹੈ ਜੋ ਲਹਿੰਦੇ ਪੰਜਾਬ ਦੀ ਮਾਨਸਿਕਤਾ, ਹਾਲਾਤਾਂ ਤੇ ਪ੍ਰਸਥਿਤੀਆਂ ਤੇ ਬਾਖ਼ੂਬੀ ਝਾਤ ਪਵਾਉਂਦਾ ਹੈ।

ਬਲਜਿੰਦਰ ਸੰਘਾ ਜੀ ਨੇ ਆਪਣੇ ਪਰਚੇ ਵਿੱਚ ਇਸ ਕਿਤਾਬ ਵਿੱਚ ਵਰਨਣ ਕੀਤੇ ਗਏ ਉਧਰਲੇ ਪਾਸੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ, ਸਭਿਆਚਾਰਕ ਤੇ ਸਮਾਜਿਕ ਹਾਲਾਤਾਂ ਦਾ ਬੀਤੇ ਸਮਿਆਂ ਦੇ ਪਰਿਪੇਖ ਅਤੇ ਅਜੋਕੇ ਸਮੇਂ ਦੇ ਸੰਦਰਭ ਵਿੱਚ ਸਾਂਸਕ੍ਰਿਤਕ ਕਦਰਾਂ ਕੀਮਤਾਂ ਦਾ ਤੁਲਨਾਤਮਿਕ ਵਿਸ਼ਲੇਸ਼ਣ ਬਹੁਤ ਹੀ ਭਾਵਪੂਰਤ ਢੰਗ ਨਾਲ ਕੀਤਾ। ਆਪਣੇ ਪਰਚੇ ਵਿੱਚ ਉਨ੍ਹਾਂ ਦੱਸਿਆ ਕਿ ਆਪਣੀ ਮਾਂ-ਬੋਲੀ ਦਾ ਆਦਰ ਸਤਿਕਾਰ ਕਰਨਾ ਅਤੇ ਉਸਨੂੰ ਜਿਉਂਦਾ ਰਖਣ ਲਈ ਪੜ੍ਹਨਾ-ਲਿਖਣਾ ਸਿੱਖਣਾ ਜਿਤਨਾ ਜ਼ਰੂਰੀ ਹੈ ਉਨਾ ਹੀ ਮਹੱਤਵਪੂਰਨ ਜਿਸ ਸਥਾਨ ਤੇ ਆਪਾਂ ਰਹਿੰਦੇ ਹਾਂ ਉਥੋਂ ਦੀਆਂ ਲੋੜਾਂ ਅਨੁਸਾਰ ਉਸ ਥਾਂ ਦੀ ਬੋਲੀ ਨੂੰ ਅਪਣਾਉਣਾ ਹੈ। ਜਸਵਿੰਦਰ ਸਿੰਘ ਰੁਪਾਲ ਜੀ ਨੇ, 14 ਦਿਨ ਦੀ ਯਾਤਰਾ ਦੇ ਇਸ ਸਫ਼ਰਨਾਮੇ ਬਾਰੇ 14 ਨੁਕਤੇ ਉਭਾਰੇ। ਉਨ੍ਹਾਂ ਕਿਹਾ ਕਿ ਇਸ ਸਫ਼ਰਨਾਮੇ ਵਿੱਚ ਲੇਖਿਕਾ ਨੇ ਨਿੱਜੀ ਯਾਦਾਂ, ਮੁਹੱਬਤੀ ਸਾਂਝ, ਵੰਡ ਦਾ ਦੁਖਾਂਤ, ਸਭਿਆਚਾਰਕ ਸਾਂਝ, ਅਦਬੀ ਸਾਂਝ, ਪੰਜਾਬੀ ਬੋਲੀ, ਹਿੰਦ-ਪਾਕ ਸਮੱਸਿਆਵਾਂ, ਵਾਤਾਵਰਣ ਅਤੇ ਇਸਤ੍ਰੀ ਜਾਤੀ ਦੀ ਦਸ਼ਾ ਦੇ ਨਾਲ ਨਾਲ ਉੱਥੋਂ ਦੇ ਇਤਿਹਾਸਕ ਪੱਖ, ਆਰਥਿਕ ਪੱਖ, ਵਿਿਦਅਕ ਪੱਖ ਨੂੰ ਆਪਣੇ ਵਿਲੱਖਣ ਸਾਹਿਤਕ ਅੰਦਾਜ਼ ਵਿੱਚ ਕਲਮਬੱਧ ਕੀਤਾ ਹੈ। ਇਸ ਤਰ੍ਹਾਂ ਇਹ ਸਫ਼ਰਨਾਮਾ ਐਨਾ ਰੌਚਕ ਬਣ ਗਿਆ ਹੈ ਕਿ ਲਗਾਤਰ ਪੜ੍ਹ ਕੇ ਮੁਕਾਉਣ ਨੂੰ ਜੀਅ ਕਰਦਾ ਹੈ।

ਗੁਰਦੀਸ਼ ਗਰੇਵਾਲ ਨੇ ਕਿਤਾਬ ਅੰਦਰ 14 ਦਿਨਾਂ ਦੇ ਸਫ਼ਰ ਨੂੰ ਤਸਵੀਰਾਂ ਨਾਲ ਦਰਸਾਉਣ ਦੇ ਪਹਿਲੂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇੰਜ ਲਗਦਾ ਜਿਵੇਂ ਕਿਤਾਬ ਪੜ੍ਹਦਿਆਂ ਅਸੀਂ ਉਨ੍ਹਾਂ ਥਾਵਾਂ, ਘਟਨਾਵਾਂ ਦੇ ਨਾਲ ਨਾਲ ਚਲ ਰਹੇ ਹੋਈਏ। ਗੁਰਚਰਨ ਕੌਰ ਥਿੰਦ ਨੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਦੇ ਸੱਦੇ ਤੇ ਪਹੁੰਚੇ ਖਾਸ ਮਹਿਮਾਨਾਂ, ਸਭਾ ਦੇ ਮੈਂਬਰਾਂ ਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੀ ਆਇਆਂ ਆਖਿਆ ਅਤੇ ਸਭ ਦਾ ਭਰਵੀਂ ਹਾਜ਼ਰੀ ਲਈ ਧੰਨਵਾਦ ਕੀਤਾ। ਉਨ੍ਹਾਂ ਬਾਰਡਰ ਵਾਲੀ ਲਕੀਰ ਪਾਰ ਕਰ ਪਰਲੇ ਪਾਸੇ ਪੈਰ ਧਰਨ ਵੇਲੇ ਅਤੇ 14 ਦਿਨ ਬਾਦ ਵਾਪਸ ਮੁੜਨ ਸਮੇਂ ਦੇ ਭਾਵੁਕ ਪਲਾਂ, ਅੱਖੀਂ ਵੇਖੀਆਂ ਕੁੱਝ ਅਹਿਮ ਘਟਨਾਵਾਂ, ਅਹਿਮ ਤੇ ਆਮ ਲੋਕਾਂ ਨਾਲ ਮੇਲ-ਗੇਲ, ਨਿੱਜੀ ਅਹਿਸਾਸਾਂ ਤੇ ਅਨੁਭਵਾਂ ਦੀ ਸਾਂਝ ਪਾਈ। ਉਪਰੰਤ ਪ੍ਰਧਾਨਗੀ ਮੰਡਲ, ਸਭਾ ਦੇ ਐਗਜ਼ੈਕਟਿਵ ਮੈਂਬਰਾਂ ਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ।

ਗੁਰਦਿਆਲ ਸਿੰਘ ਖਹਿਰਾ ਜੀ ਅਤੇ ਗੁਰਮੀਤ ਸਿੰਘ ਤੰਬੜ ਜੀ ਹੁਰਾਂ ਵੀ ਆਪਣੀਆਂ ਲਹਿੰਦੇ ਪੰਜਾਬ ਦੀਆਂ ਫੇਰੀਆਂ ਨੂੰ ਸਾਂਝਾ ਕੀਤਾ। ਸੰਯੋਗ ਹੀ ਸੀ ਕਿ ਲਹੌਰ ਦੀ ਕੋਰਟ ਵਿੱਚ ਬਤੌਰ ਵਕੀਲ ਕੰਮ ਕਰ ਚੁੱਕੇ ਵਕੀਲ ਸਈਦ ਵੜੈਚ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਹ ਇਸ ਕਿਤਾਬ ਬਾਰੇ ਚਰਚਾ ਸੁਣ ਇਹ ਕਹਿਣੋਂ ਨਾ ਰਹਿ ਸਕੇ ਕਿ ਸਾਨੂੰ ਲੋਕਾਂ ਨੂੰ ਆਪਣੇ ਪੰਜਾਬ ਬਾਰੇ ਇਨੀ ਅਵੇਅਰਨੈੱਸ ਨਹੀਂ ਜਿਨੀ ਬਾਰੀਕੀ ਨਾਲ ਤੁਸੀਂ ਇਸ ਨੂੰ ਵੇਖਿਆ ਤੇ ਲਿਿਖਆ ਹੈ। ਉਨ੍ਹਾਂ ਇਸ ਕਿਤਾਬ ਦਾ ਸ਼ਾਹਮੁੱਖੀ ਰੁਪਾਂਤਰਣ ਪੜ੍ਹਨ ਦੀ ਇੱਛਾ ਜ਼ਾਹਿਰ ਕੀਤੀ। ਇਸ ਦਾ ਸ਼ਾਹਮੁੱਖੀ ਰੂਪਾਂਤਰਣ ਲਹੌਰ ਵਿੱਚ ਛੱਪ ਚੁੱਕਾ ਹੈ ਅਤੇ ਸੰਨ 2024 ਦੀ ਨਵੰਬਰ ਮਹੀਨੇ ਦੀ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਰੀਲੀਜ਼ ਕਰ ਦਿੱਤਾ ਗਿਆ ਹੈ।ਅੱਜ ਦੀ ਮੀਟਿੰਗ ਵਿੱਚ ਚੰਡੀਗੜ੍ਹ ਤੋਂ ਕੈਲਗਰੀ ਆਏ ਬਲਦੀਪ ਕੌਰ ਸੰਧੂ ਵੀ ਸ਼ਾਮਲ ਹੋਏ। ਇਨ੍ਹਾਂ ਦਾ ਮੀਡੀਆ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਹੈ। ਉਨ੍ਹਾਂ ਨੇ ਆਪਣੇ ‘ਰੰਗ ਐਫ ਐਮ’ ਚੈਨਲ ਦੁਆਰਾ ਨਾਮਵਰ ਸ਼ਖ਼ਸ਼ੀਅਤਾ ਦੀਆਂ ਮੁਲਾਕਾਤਾਂ ਤੇ ਹੋਰ ਸਭਿਆਚਾਰਕ ਪ੍ਰੋਗਰਾਮਾਂ ਦਾ ਵੇਰਵਾ ਦੇਂਦੇ ਮੀਡੀਆ ਨੂੰ ਦਰਪੇਸ਼ ਚੁਨੌਤੀਆਂ ਦੀ ਗੱਲ ਕੀਤੀ। ਉਨ੍ਹਾਂ ਨੂੰ ਸਭਾ ਵਲੋਂ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

ਲੇਖਿਕਾ ਦੇ ਪਰਿਵਾਰ ਵਲੋਂ ਪਰੋਸੇ ਗਏ ਚਾਹ ਪਾਣੀ ਦਾ ਸਭ ਨੇ ਆਨੰਦ ਮਾਣਿਆ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਜੀ ਨੇ ਲੇਖਿਕਾ ਨੂੰ ਉਨ੍ਹਾਂ ਦੀ ਕਿਤਾਬ ਦੇ ਲੋਕ ਅਰਪਣ ਦੀ ਵਧਾਈ ਦਿੱਤੀ ਅਤੇ ਸਭ ਹਾਜ਼ਰੀਨ ਦਾ ਉਨ੍ਹਾਂ ਦੀ ਭਰਵੀਂ ਸ਼ਮੂਲੀਅਤ ਲਈ ਧੰਨਵਾਦ ਕੀਤਾ। ਅੱਜ ਦੇ ਸਮਾਗਮ ਦੀ ਕਾਰਵਾਈ ਸਹਿ-ਸਕੱਤਰ ਅਮਨਪ੍ਰੀਤ ਸਿੰਘ ਨੇ ਨਿਭਾਈ।