Get Adobe Flash player

ਹਰਚਰਨ ਪਰਹਾਰ : ਪ੍ਰੈਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 14ਵਾਂ ਸੋਹਣ ਮਾਨ ਯਾਦਗਾਰੀ ਸਲਾਨਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਮੋਮਬੱਤੀਆਂ ਜਗਾ ਕੇ ਕਾਲਖਾਂ ਤੇ ਹਨੇਰਿਆਂ ਨੂੰ ਚੀਰ ਕੇ ਚਾਨਣ ਬੰਡਣ ਦਾ ਸੁਨੇਹਾ ਦਿੱਤਾ ਗਿਆ। ਉਦਘਾਟਨ ਦੀ ਰਸਮ ਪ੍ਰਧਾਨ ਬੀਬੀ ਜਸਵਿੰਦਰ ਕੌਰ ਮਾਨ, ਵਿੱਤ ਸਕੱਤਰ ਕਮਲਪ੍ਰੀਤ ਪੰਧੇਰ, ਗੋਪਾਲ ਕਉਂਕੇ, ਨਵਕਿਰਨ ਢੁੱਡੀਕੇ, ਕਮਲ ਸਿੱਧੂ, ਕੁਸਮ ਸ਼ਰਮਾਂ, ਗੁਰਸ਼ਰਨ ਢੁੱਡੀਕੇ, ਹਰਕੀਰਤ ਧਾਲੀਵਾਲ, ਜਸਪਾਲ ਹੰਸਰਾ, ਹਰਕੇਸ਼ ਚੌਧਰੀ, ਰਿਸ਼ੀ ਨਾਗਰ, ਸੁਖਵੀਰ ਗਰੇਵਾਲ, ਹਰਚਰਨ ਪਰਹਾਰ ਆਦਿ ਨੇ ਅਦਾ ਕੀਤੀ ਅਤੇ ਸੋਹਣ ਮਾਨ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਉਪਰੰਤ ਕੈਲਗਰੀ ਦੇ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨੇ ਕਮਲਪ੍ਰੀਤ ਪੰਧੇਰ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ “ਜੰਗਲ ਆਇਆ ਸ਼ਹਿਰ” ਪੇਸ਼ ਕੀਤਾ, ਨਾਟਕ ਆਪਣਾ ਸੰਦੇਸ਼ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਕਿ ਮਨੁੱਖ ਦੇ ਲਾਲਚ ਨੇ ਸਮਾਜ ਨੂੰ ਜੰਗਲ਼ ਬਣਾ ਲਿਆ ਹੈ। ਇੱਕ ਐਸਾ ਜੰਗਲ ਜਿਸ ਜੰਗਲ਼ ਵਿੱਚ ਇਨਸਾਨੀਅਤ ਮਰ ਰਹੀ ਹੈ। ਬੱਚਿਆਂ ਨੇ ਕਮਾਲ ਦੀ ਪੇਸ਼ਕਾਰੀ ਕੀਤੀ।

ਨਾਟਕ ਤੋਂ ਤਰੁੰਤ ਬਾਅਦ ਕੈਲਗਰੀ ਦੀਆਂ ਧੀਆਂ ਜੋਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਪਰਿਵਾਰ ਨਾਲ ਵੀ ਜੁੜੀਆਂ ਹੋਈਆਂ ਹਨ, ਜਿਹਨਾਂ ਵਿੱਚ ਪ੍ਰਭਲੀਨ ਗਰੇਵਾਲ ਹਾਕੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਕਰਕੇ ਅਤੇ ਜੁਸਲੀਨ ਸਿੱਧੂ, ਅਰਸ਼ਬੀਰ ਸਿੱਧੂ, ਸੁਖਮਨੀ ਸਿੱਧੂ ਨੂੰ ਰੈਸਲਿੰਗ ਦੇ ਖੇਤਰ ਵਿੱਚ ਨਾਮਣਾ ਖੱਟਣ ਕਰਕੇ ਸਨਮਾਨਿਤ ਕੀਤਾ ਗਿਆ। ਇਹਨਾਂ ਬੱਚੀਆਂ ਨੂੰ ਸਨਮਾਨਿਤ ਕਰਨ ਲਈ ਜਸਵਿੰਦਰ ਕੌਰ ਮਾਨ, ਗੁਰਦੀਪ ਕੌਰ ਪਰਹਾਰ, ਗੁਰਚਰਨ ਕੌਰ ਥਿੰਦ, ਨਵਕਿਰਨ ਢੁੱਡੀਕੇ, ਕਮਲਪ੍ਰੀਤ ਪੰਧੇਰ, ਕਮਲ ਗਰੇਵਾਲ ਨੇ ਭਾਗ ਲਿਆ।

ਸਮਾਗਮ ਅੱਗੇ ਵੱਧ ਰਿਹਾ ਸੀ ਪ੍ਰੋਗਰੈਸਿਵ ਕਲਾ ਮੰਚ ਦੇ ਕਲਾਕਾਰਾਂ ਨੇ ਕੌਰੀਓਗ੍ਰਾਫੀ “ਗੁਆਂਢਣੇ” ਪੇਸ਼ ਕੀਤੀ। ਸਮਾਰਾਜੀ ਦੇਸ਼ ਨਿਹੱਕੀ ਜੰਗਾਂ ਲਾਉਂਦੇ ਹਨ। ਜਿਸ ਵਿੱਚ ਆਮ ਲੋਕਾਂ ਦੇ ਘਰ ਬਰਬਾਦ ਹੁੰਦੇ ਹਨ। ਆਮ ਲੋਕ ਮਰਦੇ ਹਨ। ਇਹ ਨਿੱਹਕੀ ਜੰਗਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਹ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ। ਇਸ ਕੌਰੀਓਗ੍ਰਾਫੀ ਵਿੱਚ ਨਵਕਿਰਨ ਢੁੱਡੀਕੇ, ਹਰਪ੍ਰੀਤ ਕੌਰ, ਕਮਲ ਸਿੱਧੂ, ਸਫ਼ਲ ਸ਼ੇਰ ਨੇ ਕਮਾਲ ਦੀ ਐਕਟਿੰਗ ਨਾਲ ਸਭ ਦਾ ਮਨ ਮੋਹ ਲਿਆ। ਇਸ ਕੌਰੀਓਗ੍ਰਾਫੀ ਦਾ ਨਿਰਦੇਸ਼ਨ ਹਰਕੇਸ਼ ਚੌਧਰੀ ਜੀ ਨੇ ਕੀਤਾ।

ਇਸ ਤੋਂ ਬਾਅਦ ਗ਼ਦਰੀ ਸ਼ਹੀਦ ਬੀਬੀ ਗੁਲਾਬ ਕੌਰ ਯਾਦਗਾਰੀ ਐਵਾਰਡ ਬੀਬੀ ਸੁਰਿੰਦਰ ਕੌਰ ਢੁੱਡੀਕੇ ਨੂੰ ਅਰਪਿਤ ਕੀਤਾ ਗਿਆ। ਬੀਬੀ ਸੁਰਿੰਦਰ ਕੌਰ ਢੁੱਡੀਕੇ ਦਾ ਸਮੁੱਚਾ ਜੀਵਨ ਲੋਕ ਲਹਿਰ ਨੂੰ ਸਮੱਰਪਿਤ ਰਿਹਾ ਹੈ। ਉਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਇਸਤਰੀ ਵਿੰਗ ਦੇ ਲੀਡਰ ਕਾਰਕੁੰਨ ਹਨ। ਉਹਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਜਸਵਿੰਦਰ ਕੌਰ ਮਾਨ, ਹਰਕੇਸ਼ ਚੌਧਰੀ ਪ੍ਰਧਾਨ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ। ਉੱਘੇ ਚਿੰਤਕ ਹਰਚਰਨ ਪਰਹਾਰ, ਰਿਸ਼ੀ ਨਾਗਰ ਹੋਸਟ ਰੈੱਡ.ਐੱਫ.ਐਮ.ਰੇਡੀਓ, ਸੁਖਵੀਰ ਗਰੇਵਾਲ, ਕਮਲਪ੍ਰੀਤ ਪੰਧੇਰ, ਡਾਕਟਰ ਐਸ. ਐਸ. ਥਿੰਦ ਅਤੇ ਸ਼ਤੀਸ਼ ਸੱਚਦੇਵਾ ਐਡਮਿੰਟਨ ਨੇ ਨਿਭਾਈ।

ਇਸਦੇ ਨਾਲ ਹੀ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵੱਲੋਂ ਸ੍ਰੀ ਰਿਸ਼ੀ ਨਾਗਰ ਜੀ ਨੂੰ ਆਪਣੀ ਮਾਤਾ ਜੀ ਦੀ ਯਾਦ ਵਿੱਚ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਨੂੰ ਆਰਥਿਕ ਸਹਿਯੋਗ ਦੇਣ ਕਰਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਸਵੰਤ ਜੀਰਖ ਜੀ ਦੀ ਕਿਤਾਬ “ਮੌਜੂਦਾ ਸਮੇਂ ਦਾ ਸੱਚ” ਤੇ ਬਲਜਿੰਦਰ ਸੰਘਾ ਜੀ ਨੇ ਪੇਪਰ ਪੜ੍ਹਿਆ ਅਤੇ ਇਸ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਵੀ ਅਦਾ ਕੀਤੀ ਗਈ। ਪੁਸਤਕ ਰੀਲੀਜ਼ ਦੀ ਰਸਮ ਉੱਘੇ ਵਕੀਲ ਤਰਨਜੀਤ ਔਜਲਾ, ਗੁਰਨਾਮ ਸਿੰਘ ਮਾਨ, ਨਵਤੇਜ ਸਿੰਘ, ਮਾਸਟਰ ਜਗਮੀਤ ਪੰਧੇਰ, ਕਮਲਪ੍ਰੀਤ ਪੰਧੇਰ ਆਦਿ ਨੇ ਅਦਾ ਕੀਤੀ।

ਪ੍ਰੋਗਰਾਮ ਦੇ ਸਿਖਰ ਤੇ ਇਸ ਸਮਾਗਮ ਦਾ ਪ੍ਰਮੁੱਖ ਨਾਟਕ “ਬੇੜੀਆਂ ਲੱਗੇ ਸੁਪਨੇ” ਪੇਸ਼ ਕੀਤਾ ਗਿਆ। ਨਾਟਕ ਨੂੰ ਲਿਖਣ ਤੇ ਨਿਰਦੇਸ਼ਿਤ ਕਰਨ ਦੀ ਜ਼ਿੰਮੇਵਾਰੀ ਸ੍ਰੀ ਹਰਕੇਸ਼ ਚੌਧਰੀ ਜੀ ਨੇ ਨਿਭਾਈ। ਨਾਟਕ ਨੇ ਡੰਕੀ ਲਗਾ ਕੇ ਵਿਦੇਸ਼ ਵਿੱਚ ਵੱਸਣ ਦੇ ਸੁਪਨੇ ਲੈਕੇ ਜਾਂਦੇ ਨੌਜਵਾਨਾਂ ਦੇ ਜੀਵਨ ਨਾਲ ਹੋ ਰਹੇ ਖਿਲਵਾੜ ਦੀ ਕਹਾਣੀ ਨੂੰ ਬੜੇ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ। ਦਰਸ਼ਕਾਂ ਨੇ ਨਾਟਕ ਨੂੰ ਬੇਹੱਦ ਪਿਆਰ ਦਿੱਤਾ। ਨਾਟਕ ਦੀ ਪੇਸ਼ਕਾਰੀ ਮੌਕੇ ਦਰਸ਼ਕਾਂ ਨੇ ਸੂਖਮਭਾਵੀ ਅੰਦਾਜ਼ ਦਾ ਪ੍ਰਗਟਾਵਾ ਕੀਤਾ। ਨਾਟਕ ਵਿੱਚ ਅੰਮ੍ਰਿਤ ਪਾਲ, ਦਿਲਪ੍ਰੀਤ ਸਿੰਘ, ਅਮਰਜੀਤ ਗਿੱਲ, ਕਮਲ ਸਿੱਧੂ, ਵਿਜੈ ਸੱਚਦੇਵਾ, ਕਰਨਵੀਰ ਮੁੱਲਾਂਪੁਰ, ਅਮਰਵੀਰ ਕੌਰ, ਹਰਪ੍ਰੀਤ ਕੌਰ, ਗੁਨੀਵ ਗਿੱਲ, ਗੁਰਸ਼ਰਨ ਰਤਨ, ਸੁਖਮਨੀ ਸਿੱਧੂ ਆਦਿ ਨੇ ਬਹੁਤ ਹੀ ਭਾਵਨਾਤਮਿਕ ਅਦਾਕਾਰੀ ਦੇ ਨਾਲ ਦਰਸ਼ਕਾਂ ਨੂੰ ਕੀਲ ਲਿਆ।

ਨਾਟਕ ਟੀਮ ਦਾ ਸਨਮਾਨ ਗੁਰਦਿਆਲ ਸਿੰਘ ਖਹਿਰਾ, ਜਰਨੈਲ ਤੱਗੜ, ਰਿਸ਼ੀ ਨਾਗਰ, ਹਰਚਰਨ ਪਰਹਾਰ, ਕਮਲਪ੍ਰੀਤ ਪੰਧੇਰ, ਨਵਕਿਰਨ ਢੁੱਡੀਕੇ ਨੇ ਕੀਤਾ। ਨਾਟਕ ਲਈ ਤਕਨੀਕੀ ਸਹਿਯੋਗ ਆਨੀਆਂ ਪਾਲ ਨੇ ਮਿਊਜ਼ਕ ਅਤੇ ਲਾਇਟਿੰਗ ‘ਤੇ ਸਾਹਿਬ ਪੰਧੇਰ ਅਤੇ ਸੈੱਟ ਬਣਾਉਣ ਦੀ ਜ਼ਿੰਮੇਵਾਰੀ ਰੁਪਿੰਦਰਪਾਲ ਪੰਧੇਰ, ਜਸ਼ਨ ਗਿੱਲ ਨੇ ਨਿਭਾਈ। ਇਸ ਤਰ੍ਹਾਂ ਇਹ ਸਮਾਗਮ ਆਪਣੀ ਵਿਲੱਖਣ ਛਾਪ ਛੱਡ ਗਿਆ। ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਕਮਲਪ੍ਰੀਤ ਪੰਧੇਰ ਨੇ ਬਾਖੂਬੀ ਨਿਭਾਈ। ਸਮੁੱਚਾ ਸਮਾਗਮ ਮਾਸਟਰ ਭਜਨ ਸਿੰਘ ਜੀ ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਨਾਲ ਸਫ਼ਲਤਾ ਨਾਲ ਨੇਪਰੇ ਚੜਿਆ।

Screenshot