Get Adobe Flash player

ਕੈਲਗਰੀ:ਸਮਾਜ ਸੇਵਾ ਵਿੱਚ ਉੱਘਾ ਨਾਂ ਕਮਾਉਣ ਵਾਲੇ ਕੈਲਗਰੀ ਦੇ ਡਾ. ਜੰਗ ਬਹਾਦਰ ਸਿੰਘ ਸਿੱਧੂ ਨੇ ਕੈਲਗਰੀ ਦੇ ਮੈਕਾਲ ਹਲਕੇ ਤੋਂ jjj1ਪ੍ਰੋਗਰੈਸਿਵ ਕੰਜ਼ਰਵੇਟਿਵ(ਪੀ.ਸੀ.) ਪਾਰਟੀ ਦੀ ਨਾਮਜ਼ਦਗੀ (ਨੌਮੀਨੇਸ਼ਨ)ਲਈ ਕਾਗਜ਼ ਭਰ ਕੇ ਚੋਣ ਲੜਨ ਦਾ ਬਕਾਇਦਾ ਐਲਾਨ ਕਰ ਦਿੱਤਾ ਹੈ।ਸ੍ਰੀ  ਸਿੱਧੂ ਨੇ  ਭਾਵੇਂ ਚੋਣ ਸਰਗਰਮੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਨਾਮਜ਼ਦਗੀ ਚੋਣ ਲਈ ਬਕਾਇਦਾ ਐਲਾਨ ਐਤਵਾਰ ਦੀ ਸ਼ਾਮ ਪੰਜਾਬੀ ਭਾਈਚਾਰੇ ਦੇ ਭਰਵੇਂ ਇੱਕਠ ਦੌਰਾਨ ਕੀਤਾ।ਇਹ ਚੋਣ ੬ ਅਪਰੈਲ ਨੂੰ ਨਾਰਥ ਈਸਟ ਸਪੋਰਟਸ ਕੰਪਲੈਕਸ (68 ਸਟਰੀਟ) ਦੁਪਹਿਰ 12 ਵਜੇ ਤੋਂ ਸ਼ਾਮੀਂ 7 ਵਜੇ ਤੱਕ ਹੋਵੇਗੀ।
       ਕੈਲਗਰੀ ਦੇ ਲਵਲੀ ਬੈਂਕੁਟ ਹਾਲ ਵਿੱਚ ਹੋਏ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਪੰਜਾਬੀ ਭਾਈਚਾਰੇ ਤੋਂ ਇਲਾਵਾ ਪਾਕਿਸਤਾਨ, ਫਿਲਪਾਈਨਜ਼,ਸ੍ਰੀ ਲੰਕਾ ਅਤੇ ਹੋਰ ਏਸ਼ਿਆਈ ਮੂਲ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।ਜੰਗ ਬਹਾਦਰ ਸਿੰਘ ਨੇ ਵੱਖਰੀ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰੀ ਦੀ ਡਿਗਰੀ ਬੀ.ਏ.ਐਮ.ਐਸ. ਕੀਤੀ ਅਤੇ ਕਾਲਜ ਦੀ ਸਟੂਡੈਂਟਸ ਵੈਲਫੇਅਰ ਕੌਂਸਿਲ ਦੀ ਲਗਾਤਾਰ ਪੰਜ ਸਾਲ ਪ੍ਰਧਾਨਗੀ ਕਰਨ ਦਾ ਮੌਕਾ ਵੀ ਮਿਲਿਆ।ਉਹਨਾਂ ਦੱਸਿਆ ਕਿ 1999 ਤੋਂ ਉਹ ਪੀ.ਸੀ. ਪਾਰਟੀ ਦੇ ਸਰਗਰਮ ਮੈਂਬਰ ਹਨ। ਮੈਕਾਲ ਹਲਕੇ ਤੋਂ ਪੀ.ਸੀ. ਪਾਰਟੀ ਦੇ ਡੈਲੀਗੇਟ ਹੋਣ ਕਰਕੇ ਉਹਨਾਂ ਨੂੰ ਪਾਰਟੀ ਦੀਆਂ ਕਨਵੈਨਸ਼ਨਾਂ ਵਿੱਚ ਸ਼ਾਮਲ ਹੋ ਕੇ ਹਲਕੇ ਦੀਆਂ ਮੰਗਾਂ ਉਭਾਰਨ ਦਾsidhi1 ਮੌਕਾ ਮਿਲਦਾ ਹੈ ।          
                  ਸਮਾਜ ਸੇਵੀ ਕੰਮਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੱਸਿਆ ਕਿ ਅਲਬਰਟਾ ਚਿਲਡਰਨ ਹਸਪਤਾਲ ਵਿੱਚ ਗੁਰੁ ਨਾਨਕ ਆਈ ਕਲਿਨਿਕ(ਅੱਖਾਂ ਦਾ ਵਾਰਡ) ਸਥਾਪਿਤ ਕਰਨ ਮੌਕੇ ਹੋਈ ਫੰਡ-ਰੇਜ਼ਿੰਗ ਵਿੱਚ  ਉਹਨਾਂ   ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।ਕੈਲਗਰੀ ਦੀ ਇੰਕਾ ਸੁਸਾਇਟੀ ਨੂੰ ਜਗ੍ਹਾ ਮੁੱਹਈਆ ਕਰਵਾਉਣ ਤੋਂ ਬਾਅਦ ਉਹਨਾਂ ਦੇ ਮਨ ਨੂੰ ਸਤੁੰਸ਼ਟੀ ਮਿਲੀ ।
     ਬਤੌਰ ਖੇਡ ਪ੍ਰੋਮੋਟਰ ਨਿਭਾਈ ਸੇਵਾ ਬਾਰੇ ਸ੍ਰੀ ਸਿੱਧੂ ਨੇ ਦੱਸਿਆ ਕਿ ਕੈਲਗਰੀ ਵਿੱਚ ਹੁੰਦੇ ਬੱਚਿਆਂ ਦੇ  ਹਾਕੀ, ਫੁੱਟਬਾਲ, ਅਥਲੈਟਿਕਸ ਅਤੇ ਕ੍ਰਿਕਟ ਟੂਰਨਾਮੈਂਟ ਸਪਾਂਸਰ ਕੀਤੇ ਅਤੇ ਮੈਕਾਲ ਲਾਇਨਜ਼ ਕਲੱਬ ਦਾ ਪ੍ਰਧਾਨ ਥਾਪਿਆ ਗਿਆ।ਪਰਿਵਾਰਿਕ ਜ਼ਿੰਦਗੀ ਬਾਰੇ  ਉਹਨਾਂ ਦੱਸਿਆ ਕਿ  ਆਪਣੀ ਪਤਨੀ ਮਨਜਿੰਦਰ ਅਤੇ ਦੋ ਬੱਚਿਆਂ ਨਾਲ਼ ਖ਼ੁਸ਼ਗਵਾਰ ਪਰਿਵਾਰਿਕ ਜ਼ਿੰਦਗੀ ਬਤੀਤ ਕਰ ਰਹੇ।ਉਹਨਾਂ ਉਮੀਦ ਪ੍ਰਗਟ ਕੀਤੀ  ਕਿ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਵੋਟਰ ਉਹਨਾਂ ਨੂੰ  ਨੌਮੀਨੇਟ(ਨਾਮਜ਼ਦ) ਕਰਨਗੇ।ਉਹਨਾਂ ਵੋਟਰਾਂ ਨਾਲ ਵਾਅਦਾ ਕੀਤਾ  ਕਿ ਉਹ ਮੈਕਾਲ ਹਲਕੇ ਦੀ ਤਰੱਕੀ ਲਈ ਅਲਬਰਟਾ ਅਸੈਂਬਲੀ ਵਿੱਚ ਆਵਾਜ਼ ਬੁਲੰਦ ਕਰਨਗੇ । 
    ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਜੰਗ ਬਹਾਦਰ ਦੀ ਬਤੌਰ ਚੰਗਾ ਇਨਸਾਨ ਦੇ ਤੌਰ ਪੰਜਾਬੀ ਭਾਈਚਾਰੇ ਵਿੱਚ ਵਿਚਰਨ ਦੀ ਪ੍ਰਸੰਸ਼ਾ ਕੀਤੀ।ਗਗਨ ਬੁੱਟਰ ਨੇ ਕਿਹਾ ਕਿ ਮੈਕਾਲ ਹਲਕੇ ਦੀ ਚੋਣ ਲਈ ਪੀ.ਸੀ ਪਾਰਟੀ ਵਲੋਂ ਸ੍ਰੀ ਸਿੱਧੂ ਵਰਗਾ ਸਹੀ ਉਮੀਦਵਾਰ ਭੇਜਣ ਦਾ ਮੌਕਾ ਸੂਝਵਾਨ ਵੋਟਰਾਂ ਕੋਲ ਹੈ।ਬੁਲਾਰੇ ਸਰਬਜੀਤ ਸਿੰਘ ਰੰਧਾਵਾ ਨੇ ਉਮੀਦਵਾਰ ਜੰਗ ਬਹਾਦਰ ਸਿੰਘ ਦੁਆਰਾ ਭਾਰਤ ਵਿੱਚ ਕੀਤੇ ਸਮਾਜ ਸੇਵੀ ਕੰਮਾਂ ਉੱਪਰ ਚਾਨਣਾ ਪਾਇਆ।
            ਇੰਕਾ ਸੁਸਾਇਟੀ ਵਲੋਂ ਬਿੱਕਰ ਸਿੰਘ ਸੰਧੂ ਨੇ ਕਿਹਾ ਕਿ ਜੰਗ ਬਹਾਦਰ ਕੋਲ ਹਲਕੇ ਦੇ ਵਿਕਾਸ ਲਈ ਯੋਜਨਾਵਾਂ ਦੀ ਲੰਮੀ ਲਿਸਟ ਹੈ। ਗੁਰਮੇਲ ਸਿੰਘ ਖਾਲਸਾ ਨੇ ਅਪੀਲ ਕੀਤੀ ਕਿ ਉਹ ਪੰਜਾਬੀ ਭਾਈਚਾਰੇ ਦੀ ਆਵਾਜ਼ ਦੇ ਤੌਰ ਤੇ ਸ੍ਰੀ ਸਿੱਧੂ ਨੂੰ ਅਲਬਰਟਾ ਅਸੈਂਬਲੀ ਵਿੱਚ ਭੇਜਣ। ਗੁਰਨਾਮ ਸਿੰਘ ਨੇ ਸਰੋਤਿਆਂ ਦੀਆਂ ਬਾਹਾਂ ਖੜੀਆਂ ਕਰਾ ਕੇ ਸ੍ਰੀ ਸਿੱਧੂ ਦੇ ਹੱਕ ਵਿੱਚ ਭੁਗਤਣ ਦਾ ਵਾਅਦਾ ਕਰਾਇਆ। ਜੰਗ ਬਹਾਦਰ ਸਿੰਘ ਸਿੱਧੂ ਦੇ ਹਮਾਇਤੀ ਸਵਰਨ ਸਿੰਘ ਸਿੱਧੂ (ਚੂਹੜਚੱਕ) ਨੇ ਉਲੀਵਰ ਤੋਂ ਆ ਕੇ ਹਾਜ਼ਰੀ ਭਰੀ।ਗੁਰਦੇਵ ਸਿੰਘ ਪੂੰਨੀ ਅਤੇ ਰਾਕੇਸ਼ ਜਸਵਾਲ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।ਮੰਚ ਸੰਚਾਲਨ ਰੇਸ਼ਮ ਸਿੰਘ ਸਿੱਧੂ(ਚੂਹੜਚੱਕ) ਨੇ ਬਾਖ਼ੂਬੀ ਕੀਤਾ।